‘ਵੰਦੇ ਮਾਤਰਮ’ ਦੇ ਵਿਰੋਧ ਦਾ ਸੱਚ
Thursday, Dec 18, 2025 - 05:00 PM (IST)
ਭਾਰਤ ਦੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਵਿਰੋਧ ਦਾ ਕਾਰਣ ਕੀ ਹੈ? ਅਤੇ ਕਥਿਤ ‘ਸੈਕੂਲਰ’ ਖੇਮਾ, ਜੋ ਕਿ ਖੱਬੇਪੱਖੀਆਂ, ਆਪੇ ਬਣੇ ਉਦਾਰਵਾਦੀਆਂ ਅਤੇ ਮੁਸਲਿਮ ਲੀਡਰਸ਼ਿਪ ਦੇ ਇਕ ਵਰਗ ਨੂੰ ਮਿਲਾ ਕੇ ਬਣਿਆ ਹੈ, ਉਸ ਦਾ ਦਾਅਵਾ ਹੈ ਕਿ ਵੰਦੇ ਮਾਤਰਮ ‘ਗੈਰ-ਇਸਲਾਮੀ’ ਹੈ। ਸੱਚ ਕੀ ਹੈ? ਦਰਅਸਲ, ਇਸ ਇਤਰਾਜ਼ ਦੀਆਂ ਜੜ੍ਹਾਂ ਇਸਲਾਮੀ ਅਵਧਾਰਨਾਵਾਂ ਦੀ ਬਜਾਏ ਭਾਰਤੀ ਉਪ-ਮਹਾਦੀਪ ਦੇ ਮੁਸਲਿਮ ਕੁਲੀਨ ਵਰਗ ’ਚ ਪਾਈ ਜਾ ਰਹੀ ਗੈਰ-ਇਸਲਾਮੀ ਸਨਾਤਨ ਸੱਭਿਅਤਾ ਦੇ ਪ੍ਰਤੀ ਡੂੰਘੀ ਨਫਰਤ ’ਚ ਮਿਲਦੀਆਂ ਹਨ। ਇਸੇ ਅੰਤਰੀਵ ਦੁਸ਼ਮਣੀ ਤੋਂ ਹੀ ਪਾਕਿਸਤਾਨ ਦਾ ਜਨਮ ਹੋਇਆ ਸੀ, ਜੋ ਅੱਜ ਵਿਸ਼ਵ ਦੇ ਇਸ ਭੂ-ਖੰਡ ’ਚ ਫਿਰਕੂ ਵੰਡਕਾਰੀ ਮਾਨਸਿਕਤਾ ਨੂੰ ਜ਼ਿੰਦਾ ਰੱਖੇ ਹੋਏ ਹੈ।
ਜਿਸ ਤਰ੍ਹਾਂ ਸੰਸਥਾਵਾਂ-ਵਿਅਕਤੀ ਸਮੇਂ ਦੇ ਨਾਲ ਬਦਲਦੇ ਹਨ, ਉਵੇਂ ਹੀ ਵਿਚਾਰ ਵੀ ਵਿਕਸਿਤ ਹੁੰਦੇ ਹਨ। ‘ਵੰਦੇ ਮਾਤਰਮ’ ਬੰਕਿਮ ਚੰਦਰ ਚੱਟੋਪਾਧਿਆਏ ਵਲੋਂ ਰਚਿਆ ਗੀਤ ਹੈ, ਜਿਸ ਨੂੰ ਪਹਿਲਾਂ 1875 ’ਚ ਆਜ਼ਾਦ ਕਵਿਤਾ ਦੇ ਰੂਪ ’ਚ ਲਿਖਿਆ ਗਿਆ, ਫਿਰ ਇਹ 1882 ’ਚ ‘ਆਨੰਦ ਮੱਠ’ ਨਾਵਲ ’ਚ ਸ਼ਾਮਲ ਹੋਇਆ। ਇਹ ਸਾਹਿਤ 1773 ਦੇ ‘ਸੰਨਿਆਸੀ ਵਿਦਰੋਹ’ ਉੱਤੇ ਆਧਾਰਿਤ ਹੈ ਜੋ ਬ੍ਰਿਟਿਸ਼ ਸ਼ਾਸਨ ਅਤੇ ਤਤਕਾਲੀ ਇਸਲਾਮੀ-ਵਿਵਸਥਾ ਦੇ ਵਿਰੁੱਧ ਸੀ। 20ਵੀਂ ਸਦੀ ਦੀ ਸ਼ੁਰੂਆਤ ਤੋਂ ਇਹ ਗੀਤ ਆਜ਼ਾਦੀ ਅੰਦੋਲਨ ਦਾ ਸਭ ਤੋਂ ਸ਼ਕਤੀਸ਼ਾਲੀ ਨਾਦ ਬਣ ਗਿਆ।
ਕਾਂਗਰਸ ਖੁਦ ਵੀ ਇਸ ਵਿਚਾਰਧਾਰਕ ਰੂਪਾਂਤਰਣ ਦੀ ਇਕ ਵੱਡੀ ਉਦਾਹਰਣ ਹੈ। 1885 ’ਚ ਅੰਗਰੇਜ਼ ਅਧਿਕਾਰੀ ਐਲਨ ਆਕਟੇਵੀਅਨ ਹਿਊਮ ਵਲੋਂ ਸਥਾਪਿਤ ਕਾਂਗਰਸ ਪਹਿਲੇ ਬ੍ਰਿਟਿਸ਼ ਰਾਜ ਦੀ ਸਥਿਰਤਾ ਅਤੇ 1857 ਵਰਗੇ ਵਿਦਰੋਹ ਨੂੰ ਰੋਕਣ ਦਾ ਚਲਾਕ ਉੱਦਮ ਸੀ ਪਰ ਇਕ ਪੀੜ੍ਹੀ ਦੇ ਅੰਦਰ ਵਿਸ਼ੇਸ਼ ਤੌਰ ’ਤੇ ਸਾਲ 1920 ਤੋਂ ਬਾਅਦ ਗਾਂਧੀ ਜੀ ਦੀ ਅਗਵਾਈ ’ਚ ਉਹੀ ਦਲ ਜਨ -ਆਧਾਰਿਤ ਰਾਸ਼ਟਰਵਾਦ ਦੀ ਸਭ ਤੋਂ ਵੱਡੀ ਧੁਰੀ ਬਣ ਗਿਆ। ਕੀ ਸਿਰਫ ਇਸ ਕਾਰਨ ਕਾਂਗਰਸ ਨੂੰ ਰੱਦ ਕੀਤਾ ਜਾ ਸਕਦਾ ਹੈ ਕਿ ਉਸ ਦੀ ਸਥਾਪਨਾ ਇਕ ਅੰਗਰੇਜ਼ ਨੇ ਬ੍ਰਿਟਿਸ਼ ਹਿੱਤਾਂ ਦੀ ਰੱਖਿਆ ਲਈ ਕੀਤੀ ਸੀ? ਜੇਕਰ ਨਹੀਂ, ਤਾਂ ਫਿਰ ‘ਵੰਦੇ ਮਾਤਰਮ’ ਦਾ ਵਿਰੋਧ ਉਸ ਦੇ ਮੂਲ ਸਾਹਿਤਕ ਸੰਦਰਭ ਦੇ ਨਾਂ ’ਤੇ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ?
ਸਾਲ 1896 ’ਚ ਕਾਂਗਰਸ ਦੇ ਕੋਲਕਾਤਾ ਇਜਲਾਸ ’ਚ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਇਸ ਗੀਤ ਨੂੰ ਪਹਿਲੀ ਵਾਰ ਗਾਇਆ। 1905 ਦੇ ਵਾਰਾਣਸੀ ਇਜਲਾਸ ’ਚ ਕਾਂਗਰਸ ਨੇ ਇਸ ਰਾਸ਼ਟਰੀ ਮੌਕਿਆਂ ’ਤੇ ਗਾਉਣ ਦਾ ਰਸਮੀ ਫੈਸਲਾ ਲਿਆ। ਸਾਲ 1907 ’ਚ ਮੈਡਮ ਭੀਕਾਜੀ ਕਾਮਾ ਨੇ ਦੇਸ਼ ਦੇ ਬਾਹਰ ਜਰਮਨੀ ’ਚ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ, ਜਿਸ ’ਤੇ ‘ਵੰਦੇ ਮਾਤਰਮ’ ਲਿਖਿਆ ਸੀ। 1909 ’ਚ ਵੀਰ ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ ‘ਵੰਦੇ ਮਾਤਰਮ’ ਬੋਲਦੇ ਹੋਏ ਫਾਂਸੀ ’ਤੇ ਚੜ੍ਹ ਗਏ। ਖਿਲਾਫਤ ਅੰਦੋਲਨ (1919-24) ਤੋਂ ਬਾਅਦ ਕੁਝ ਮੁਸਲਿਮ ਨੇਤਾਵਾਂ ਨੇ ਮਜ਼੍ਹਬੀ ਆਧਾਰ ’ਤੇ ਇਸ ਦੇ ਵਿਰੁੱਧ ਇਤਰਾਜ਼ ਉਠਾਉਣਾ ਸ਼ੁਰੂ ਕਰ ਦਿੱਤਾ। ਇਹ ਉਹੀ ਦੌਰ ਸੀ, ਜਦੋਂ ਬ੍ਰਿਟਿਸ਼ ਸਰਪ੍ਰਸਤੀ ’ਚ ਦੇਸ਼ ’ਚ ਵੱਖ-ਵੱਖ ਸ਼ਕਤੀਆਂ (ਦ੍ਰਵਿੜ ਅੰਦੋਲਨ ਸਮੇਤ) ਤੇਜ਼ੀ ਨਾਲ ਵਧ ਰਹੀਆਂ ਸਨ।
ਉਦੋਂ ਮੁਸਲਿਮ ਲੀਡਰਸ਼ਿਪ ਦਾ ਕਾਂਗਰਸ-ਵਿਰੋਧ ਸਿਰਫ ਵੰਦੇ ਮਾਤਰਮ ਤਕ ਸੀਮਿਤ ਨਹੀਂ ਸੀ। ਉਨ੍ਹਾਂ ਨੇ ਲੱਗਭਗ ਹਰ ਉਸਦਾ ਵਿਰੋਧ ਕੀਤਾ, ਜੋ ਭਾਰਤ ਦੀ ਸੱਭਿਅਤਾ ਵਾਲੀ ਭਿੰਨਤਾ ਅਤੇ ਸੰਸਕ੍ਰਿਤਿਕ ਆਤਮਾ ਦਾ ਪ੍ਰਤੀਕ ਰਿਹਾ। ਇਸ ’ਚ ਉਹ ਬਰਤਾਨੀਆ ਅਤੇ ਖੱਬੇਪੱਖੀਆਂ ਦੇ ਨਾਲ ਖੜੇ ਦਿਖਾਈ ਦਿੱਤੇ। ਆਪਣੇ ਪਹਿਲੇ ਲੇਖ ’ਚ ਮੈਂ ਪੀਰਪੁਰ ਕਮੇਟੀ ਰਿਪੋਰਟ ਦਾ ਜ਼ਿਕਰ ਕੀਤਾ ਸੀ। ਮਾਰਚ 1938 ’ਚ ਪ੍ਰਕਾਸ਼ਿਤ ਇਸ ਦਸਤਾਵੇਜ਼ ਦਾ ਰਸਮੀ ਨਾਂ ‘ਏ ਰਿਪੋਰਟ ਆਫ ਦਿ ਇਨਕੁਆਰੀ ਕਮੇਟੀ ਅਪੁਆਇਟਟੇਡ ਬਾਇ ਦਿ ਕੌਂਸਲ ਆਫ ਦਿ ਆਲ ਇੰਡੀਆ ਮੁਸਲਿਮ ਲੀਗ’ ਸੀ। ਇਹ ਪੀਰਪੁਰ ਰਿਪੋਰਟ ਦੇ ਨਾਂ ਨਾਲ ਇਸ ਲਈ ਪ੍ਰਸਿੱਧ ਹੋਈ ਕਿਉਂਕਿ ਇਸ ਦੇ ਰਚਨਾਕਾਰ ਮੁਸਲਿਮ ਲੀਗ ਨੇਤਾ ਰਾਜਾ ਮੁਹੰਮਦ ਮੇਹਦੀ ਆਫ ਪੀਰਪੁਰ ਸਨ। ਇਸ ਰਿਪੋਰਟ ’ਚ ਹਿੰਦੂ, ਹਿੰਦੂ ਫਿਰਕਾਪ੍ਰਸਤੀ ਅਤੇ ਕਾਂਗਰਸ, ਤਿੰਨਾਂ ਦਾ ਅਰਥ ਇਕ ਹੀ ਸੀ। ਇਸ ’ਚ ਹਿੰਦੀ ਭਾਸ਼ਾ ਦੀ ਵਰਤੋਂ, ਵੰਦੇ ਮਾਤਰਮ ਅਤੇ ਗਊ ਸੁਰੱਖਿਆ ਵਰਗੇ ਮੁੱਦਿਆਂ ਨੂੰ ਉਠਾਇਆ ਗਿਆ।
ਤਤਕਾਲੀ ਕਾਂਗਰਸ ਲੀਡਰਸ਼ਿਪ ਨੇ ਮੁਸਲਿਮ ਲੀਗ ਦੇ ਜ਼ਿਆਦਾਤਰ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਪਰ ਉਸ ਨੇ ਵਿਰੋਧ ਕਰਨ ਦੀ ਬਜਾਏ ਜਿਹਾਦੀ ਸ਼ਕਤੀਆਂ ਦੇ ਸਾਹਮਣੇ ਗੋਢੇ ਟੇਕ ਦਿੱਤੇ ਅਤੇ ਅਕਤੂਬਰ 1937 ’ਚ ਕਾਂਗਰਸ ਵਰਕਿੰਗ ਕਮੇਟੀ ਨੇ ਵੰਦੇ ਮਾਤਰਮ ਦਾ ਸੰਖੇਪ ਸੰਸਕਰਨ ਅਪਣਾ ਕੇ ਦੇਵੀ ਦੁਰਗਾ ਨਾਲ ਜੁੜੇ ਅੰਸ਼ ਹਟਾ ਦਿੱਤੇ। ਇਹ ਫੈਸਲਾ ਦੇਸ਼ ’ਤੇ ਭਾਰੀ ਪਿਆ। ਉਦੋਂ ਪੀਰਪੁਰ ਰਿਪੋਰਟ ਨੂੰ ਆਧਾਰ ਦੱਸ ਕੇ ਨੈਰੇਟਿਵ ਘੜਿਆ ਗਿਆ ਕਿ ਆਜ਼ਾਦ ਭਾਰਤ ’ਚ ਮੁਸਲਮਾਨਾਂ ਨੂੰ ਨਿਆਂ ਨਹੀਂ ਮਿਲੇਗਾ, ਇਸ ਲਈ ਪਾਕਿਸਤਾਨ ਜ਼ਰੂਰੀ ਹੈ। ਇਸੇ ਆਤਮਸਮਰਪਣ ਵਾਲੀ ਮਾਨਸਿਕਤਾ ਨਾਲ ਗ੍ਰਸਤ ਹੋ ਕੇ 10 ਸਾਲ ਬਾਅਦ ਜੂਨ 1947 ’ਚ ਕਾਂਗਰਸ ਨੇ ਵੰਡ ਵੀ ਸਵੀਕਾਰ ਕਰ ਲਈ।
ਕੀ ਵੰਡ ਤੋਂ ਬਾਅਦ ਖੰਡਿਤ ਭਾਰਤ’ ’ਚ ਵੱਸੇ ਮੁਸਲਿਮ ਭਾਈਚਾਰੇ ਦਾ ਦਿਲ ਬਦਲ ਗਿਆ। ਵਾਰ-ਵਾਰ ਨੈਰੇਟਿਵ ਘੜਿਆ ਜਾਂਦਾ ਹੈ ਕਿ ਮੌਜੂਦਾ ਭਾਰਤੀ ਮੁਸਲਮਾਨਾਂ ਨੇ ‘ਦੋ ਰਾਸ਼ਟਰ ਸਿਧਾਂਤ’ ਨੂੰ ਠੁਕਰਾ ਕੇ ਪਾਕਿਸਤਾਨ ਦੀ ਬਜਾਏ ਖੰਡਿਤ ਭਾਰਤ ਨੂੰ ਚੁਣਿਆ। ਜੇਕਰ ਇਹ ਸੱਚ ਹੈ, ਤਾਂ ਫਿਰ ਭਾਰਤੀ ਸੱਭਿਅਤਾ ਦਾ ਪ੍ਰਤੀਕ ਵੰਦੇ ਮਾਤਰਮ ਅੱਜ ਵੀ ਉਸੇ ਭਾਈਚਾਰੇ ਦੇ ਕੁਝ ਹਿੱਸਿਆਂ ਨੂੰ ਕਿਉਂ ਖਟਕਦਾ ਹੈ? ਇਹ ਕੌੜੀ ਸੱਚਾਈ ਹੈ ਕਿ ਪਾਕਿਸਤਾਨ ਦੀ ਮੰਗ ਉਦੋਂ ਬਿਹਾਰ, ਉੱਤਰ ਪ੍ਰਦੇਸ਼ ਅਤੇ ਬੰਗਾਲ ਦੇ ਮੁਸਲਿਮ ਕੁਲੀਨ ਵਰਗ ਨੇ ਕੀਤੀ ਸੀ, ਉਨ੍ਹਾਂ ’ਚੋਂ ਜ਼ਿਆਦਾਤਰ ਪਾਕਿਸਤਾਨ ਨਹੀਂ ਗਏ। ਉਨ੍ਹਾਂ ਨੇ ਇਥੇ ਹੀ ਰਹਿ ਕੇ ਜਿਹਾਦੀ ਨਕਾਬ ਉਤਾਰ ਕੇ ਖਾਦੀ ਪਹਿਨ ਲਈ ਅਤੇ ਉਸੇ ਕਾਂਗਰਸ ’ਚ ਸ਼ਾਮਲ ਹੋ ਗਏ, ਜਿਸ ਨੂੰ ਉਹ ਕਦੇ ‘ਗੈਰ-ਇਸਲਾਮੀ’ ਕਹਿੰਦੇ ਸਨ। ਪੀਰਪੁਰ ਰਿਪੋਰਟ ਦੇ ਲੇਖਕ ਰਾਜਾ ਮੇਹਦੀ ਦੇ ਬੇਟੇ ਸਈਅਦ ਅਹਿਮਦ ਮੇਹਦੀ ਵੀ ਬਾਅਦ ’ਚ ਕਾਂਗਰਸ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਵੀ ਬਣੇ। ਅਜਿਹੀਆਂ ਕਈ ਉਦਾਹਰਣਾਂ ਹਨ। ਕਿੰਨੀ ਵੱਡੀ ਤ੍ਰਾਸਦੀ ਹੈ ਕਿ ਆਜ਼ਾਦੀ ਤੋਂ ਪਹਿਲਾਂ ਜੋ ਮੁਸਲਿਮ ਨੇਤਾ ‘ਦੋ-ਰਾਸ਼ਟਰ ਸਿਧਾਂਤ’ ਦੇ ਝੰਡਾਬਰਦਾਰ ਸਨ, ਉਹ ਅੱਜ ਸੈਕੂਲਰਵਾਦ ਦੇ ‘ਪੈਰੋਕਾਰ’ ਹਨ।
ਭਾਰਤੀ ਉਪ-ਮਹਾਦੀਪ ’ਚ ਜੋ ਮੁਸਲਿਮ ਸਮੂ ‘ਵੰਦੇ ਮਾਤਰਮ’ ਦੇ ਵਿਰੋਧ ਦੇ ਪਿੱਛੇ ਮਜ਼੍ਹਬੀ ਕਾਰਣਾਂ ਦਾ ਹਵਾਲਾ ਦਿੰਦਾ ਹੈ, ਉਹ ਅਸਲ ’ਚ ਭੁਲੇਖਾਪਾਊ ਅਤੇ ਝੂਠਾ ਹੈ। ਵਿਸ਼ਵ ਦੇ ਇਸ ਖੇਤਰ ’ਚ ਮੁਸਲਮਾਨਾਂ ਦਾ ਇਕ ਵੱਡਾ ਹਿੱਸਾ ਪਾਕਿਸਤਾਨ ਨੂੰ ਇਸਲਾਮੀ ਪਛਾਣ ਦਾ ਪ੍ਰਤੀਕ ਮੰਨਦਾ ਹੈ ਪਰ ਪਾਕਿਸਤਾਨ ਨਾ ਤਾਂ ਇਸਲਾਮ ਦਾ ਰੱਖਿਅਕ ਹੈ, ਨਾ ਹੀ ‘ਉਮਾਹ’ ਦੇ ਪ੍ਰਤੀ ਵਫਾਦਾਰ। ਸੰਸਾਰਕ ਮੁਸਲਿਮ ਇਕਜੁਟਤਾ ਦੀ ਬਜਾਏ ਅਮਰੀਕਾ-ਇਜ਼ਰਾਈਲ ਦਾ ਪ੍ਰਤੱਖ-ਅਪ੍ਰਤੱਖ ਤੌਰ ’ਤੇ ਸਾਥ ਦਿੰਦੇ ਹੋਏ ਈਰਾਨ ’ਤੇ ਹਮਲੇ ਦਾ ਹਿੱਸੇਦਾਰ ਬਣਨਾ, ਗਾਜਾ ’ਤੇ ਅਮਰੀਕੀ ਪ੍ਰਸਤਾਵ ਨੂੰ ਸਵੀਕਾਰ ਅਤੇ ਆਪਣੇ ਦੇਸ਼ ’ਚ ਮੁਸਲਮਾਨਾਂ ਦੀ ਪਛਾਣ ਮਿਟਾਉਣ ਵਾਲੇ ਚੀਨ ਦੇ ਨਾਲ ਰਣਨੀਤਿਕ ਗੱਠਜੋੜ ਕਰਨਾ, ਪਾਕਿਸਤਾਨ ਅਤੇ ਉਸ ਨਾਲ ਹਮਦਰਦੀ ਰੱਖਣ ਵਾਲੇ ਵਰਗ ਦੇ ਦੋਹਰੇ ਚਰਿੱਤਰ ਨੂੰ ਉਜਾਗਰ ਕਰਦਾ ਹੈ।
ਇਹ ਤ੍ਰਾਸਦੀ ਹੈ ਕਿ ਜੋ ਮੁਸਲਿਮ ਸਮੂਹ ‘ਭਾਰਤ ਮਾਤਾ’ ਨੂੰ ਨਮਨ ਕਰਨ ਵਾਲੇ ‘ਵੰਦੇ ਮਾਤਰਾ’ ਦਾ ਵਿਰੋਧ ਕਰਦਾ ਹੈ ਲੱਗਭਗ ਉਹੀ ਮੰਦਿਰ ਤੋੜਣ ਅਤੇ ਅਣਗਿਣਤ ਹਿੰਦੂਆਂ-ਸਿੱਖਾਂ ਦਾ ਕਤਲੇਆਮ ਕਰਨ ਵਾਲੇ ਮੁਸਲਿਮ ਹਮਲਾਵਰਾਂ-ਬਾਬਰ ਅਤੇ ਔਰੰਗਜ਼ੇਬ, ਟੀਪੂ ਸੁਲਤਾਨ ਆਦਿ ਦਾ ਗੁਣਗਾਨ ਕਰਦਾ ਹੈ। ਕੀ ਇਸ ਚਿੰਤਨ ਦੀਆਂ ਜੜ੍ਹਾਂ ਭਾਰਤੀ ਸਨਾਤਨ ਸੰਸਕ੍ਰਿਤੀ ਦੇ ਪ੍ਰਤੀ ਨਫਰਤ ’ਚ ਨਹੀਂ ਲੁਕੀਆਂ? ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਕਥਨ ਕਿ 1937 ’ਚ ਕਾਂਗਰਸ ਨੇ ਵੰਡ ਦੇ ਬੀਜ ਬੀਜੇ-ਕੋਈ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਨਹੀਂ, ਸਗੋਂ ਇਤਿਹਾਸਕ ਸੱਚਾਈ ਹੈ।
ਬਲਬੀਰ ਪੁੰਜ
