ਪਾਕਿਸਤਾਨ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ, ਸਰਹੱਦ ’ਤੇ ਐਂਟੀ ਡਰੋਨ ਸਿਸਟਮ ਮਜ਼ਬੂਤ ਕਰਨ ਦੀ ਲੋੜ!

Friday, Dec 12, 2025 - 03:09 AM (IST)

ਪਾਕਿਸਤਾਨ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ, ਸਰਹੱਦ ’ਤੇ ਐਂਟੀ ਡਰੋਨ ਸਿਸਟਮ ਮਜ਼ਬੂਤ ਕਰਨ ਦੀ ਲੋੜ!

ਸੀਮਾ ਸੁਰੱਖਿਆ ਬਲ ਨੇ ਪਿਛਲੇ ਸਾਲ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਤੋਂ 270 ਡਰੋਨ ਫੜੇ ਸਨ ਅਤੇ ਇਨ੍ਹਾਂ ’ਚੋਂ ਵਧੇਰੇ ਡਰੋਨਾਂ ਰਾਹੀਂ ਹਥਿਆਰਾਂ ਦੀ ਖੇਪ ਪਾਕਿਸਤਾਨ ਵਲੋਂ ਭਾਰਤ ਭੇਜੀ ਗਈ ਸੀ।

ਇਸ ਸਾਲ ਹੁਣ ਤੱਕ ਸੀਮਾ ਸੁਰੱਖਿਆ ਬਲ ਨੇ 275 ਡਰੋਨ ਫੜੇ ਹਨ ਜਿਨ੍ਹਾਂ ਰਾਹੀਂ 200 ਦੇ ਲਗਭਗ ਹਥਿਆਰ ਭਾਰਤ ਭੇਜੇ ਗਏ ਸਨ। ਪਿਛਲੇ ਇਕ ਮਹੀਨੇ ’ਚ ਬੀ. ਐੱਸ. ਐੱਫ. ਅਤੇ ਪੁਲਸ ਵਲੋਂ ਫੜੇ ਗਏ ਹਥਿਆਰਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 11 ਨਵੰਬਰ, 2025 ਨੂੰ ਪੰਜਾਬ ਪੁਲਸ ਨੇ ਸਰਹੱਦ ਪਾਰੋਂ ਹਥਿਆਰ ਸਮੱਗਲ ਕਰਨ ਵਾਲੇ ਇਕ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਵੱਡੀ ਮਾਤਰਾ ’ਚ ਨਾਜਾਇਜ਼ ਹਥਿਆਰ ਜ਼ਬਤ ਕੀਤੇ।

* 28 ਨਵੰਬਰ ਨੂੰ ਸੁਰੱਖਿਆ ਬਲਾਂ ਨੇ ‘ਕਸ਼ਮੀਰ’ ਦੇ ‘ਪੁਲਵਾਮਾ’ ਜ਼ਿਲੇ ’ਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਉਥੋਂ ਦੋ ਹੈਂਡ ਗ੍ਰੇਨੇਡ, ਇਕ ਡੈਟੋਨੇਟਰ ਅਤੇ ਧਮਾਕਾਖੇਜ਼ ਸਮੱਗਰੀ ਆਦਿ ਬਰਾਮਦ ਕੀਤੇ।

* 30 ਨਵੰਬਰ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ 3 ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਇਕ ਸੈਮੀ ਆਟੋਮੈਟਿਕ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

* 1 ਦਸੰਬਰ ਨੂੰ ‘ਗੁਰਦਾਸਪੁਰ’ (ਪੰਜਾਬ) ਪੁਲਸ ਨੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਸਾਂਝੀ ਕਾਰਵਾਈ ’ਚ ਗੁਰਦਾਸਪੁਰ ਗ੍ਰੇਨੇਡ ਹਮਲੇ ਦੇ ਸਿਲਸਿਲੇ ’ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਚੀਨ ’ਚ ਬਣਿਆ ਹੈਂਡ ਗ੍ਰੇਨੇਡ ਅਤੇ 2 ਪਿਸਤੌਲ ਬਰਾਮਦ ਕੀਤੇ।

* 1 ਦਸੰਬਰ ਨੂੰ ਹੀ ‘ਅੰਮ੍ਰਿਤਸਰ’ ਕਮਿਸ਼ਨਰੇਟ ਪੁਲਸ ਨੇ ਪਾਕਿਸਤਾਨ ਤੋਂ ਭਾਰਤ ’ਚ ਹਥਿਆਰ ਸਮੱਗਲਿੰਗ ਮਾਡਿਊਲ ਦੇ 2 ਸਰਗਰਮ ਮੈਂਬਰਾਂ ਨੂੰ 7 ਆਧੁਨਿਕ ਪਿਸਤੌਲਾਂ ਨਾਲ ਗ੍ਰਿਫਤਾਰ ਕੀਤਾ।

* 2 ਦਸੰਬਰ ਨੂੰ ‘ਫਿਰੋਜ਼ਪੁਰ’ ਥਾਣਾ ਕੈਂਟ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ, ਇਕ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ।

* 6 ਦਸੰਬਰ ਨੂੰ ਬੀ. ਐੱਸ. ਐੱਫ. ਨੇ ਤਰਨਤਾਰਨ ਦੇ ਪਿੰਡ ‘ਕਿਲਗਾ’ ਦੇ ਨੇੜੇ ਇਕ ਖੇਤ ’ਚੋਂ 1 ਪਿਸਤੌਲ, 1 ਮੈਗਜ਼ੀਨ ਅਤੇ 4 ਕਾਰਤੂਸ ਬਰਾਮਦ ਕੀਤੇ।

* 7 ਦਸੰਬਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ‘ਡੋਡਾ’ ਜ਼ਿਲੇ ਦੇ ਸੰਘਣੇ ਜੰਗਲ ’ਚ ਇਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕਰ ਕੇ ਇਕ ਰਾਈਫਲ, ਉਸ ਦੀਆਂ 2 ਮੈਗਜ਼ੀਨਾਂ ਅਤੇ 20 ਰੌਂਦ ਬਰਾਮਦ ਕੀਤੇ।

* 7 ਦਸੰਬਰ ਨੂੰ ਹੀ ਕਾਊਂਟਰ ਇੰਟੈਲੀਜੈਂਸ, ‘ਅੰਮ੍ਰਿਤਸਰ’ (ਪੰਜਾਬ) ਨੇ ਪਾਕਿਸਤਾਨ ਸਮਰਥਿਤ ਹਥਿਆਰ ਸਮੱਗਲਿੰਗ ਮਾਡਿਊਲ ਦੇ ਇਕ ਮੈਂਬਰ ‘ਸੰਦੀਪ ਸਿੰਘ’ ਨੂੰ ਚਾਰ .30 ਬੋਰ ਪਿਸਤੌਲਾਂ (ਮੈਗਜ਼ੀਨ ਸਮੇਤ) ਅਤੇ ਇਕ 9 ਮਿਲੀਮੀਟਰ ਪਿਸਤੌਲ (ਮੈਗਜ਼ੀਨ ਸਮੇਤ) ਨਾਲ ਗ੍ਰਿਫਤਾਰ ਕੀਤਾ।

* 8 ਦਸੰਬਰ ਨੂੰ ਪੰਜਾਬ ਪੁਲਸ ਨੇ ਪਾਕਿਸਤਾਨ ਵਲੋਂ ਸੰਚਾਲਿਤ ਹਥਿਆਰ ਸਮੱਗਲਿੰਗ ਮਾਡਿਊਲ ਦੇ 6 ਮੈਂਬਰਾਂ ‘ਗੁਰਬੀਰ ਸਿੰਘ’, ‘ਗੁਰਪ੍ਰੀਤ ਸਿੰਘ’, ‘ਗੋਰਕਾ ਸਿੰਘ’, ‘ਰਾਜਵਿੰਦਰ ਸਿੰਘ’, ‘ਜਸਪਾਲ ਸਿੰਘ’ ਅਤੇ ਇਕ ਨਾਬਾਲਿਗ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 6 ਪਿਸਤੌਲ ਕਬਜ਼ੇ ’ਚ ਲਏ।

* 9 ਦਸੰਬਰ ਨੂੰ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ‘ਤਰਨਤਾਰਨ’ (ਪੰਜਾਬ) ’ਚ ਥਾਣਾ ‘ਖਾਲੜਾ’ ਦੇ ਸਰਹੱਦੀ ਇਲਾਕੇ ਦੇ ਪਿੰਡ ‘ਡੱਲ’ ’ਚ ਕਣਕ ਦੇ ਖੇਤਾਂ ’ਚ ਤਲਾਸ਼ੀ ਮੁਹਿੰਮ ਦੇ ਦੌਰਾਨ ‘ਡੀ. ਜੇ. ਆਈ. ਏਅਰ-3’ ਡਰੋਨ ਰਾਹੀਂ ਭੇਜੀ ਗਏ ਬਿਨਾਂ ਮੈਗਜ਼ੀਨ ਸਲਾਈਡ ਅਤੇ ਬੈਰਲ ਵਾਲੀ ਪਿਸਤੌਲ ਬਰਾਮਦ ਕੀਤੀ।

ਬੀ. ਐੱਸ. ਐੱਫ. ਦੀ ਵੈਸਟਰਨ ਕਮਾਂਡ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਸਤੀਸ਼ ਐੱਸ. ਖੰਡਾਰੇ ਦੇ ਅਨੁਸਾਰ ਸੀਮਾ ਸੁਰੱਖਿਆ ਬਲ ਨੇ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਭਾਰਤ-ਪਾਕਿ ਸਰਹੱਦ ’ਤੇ ਅਜਿਹੇ ਇਲਾਕਿਆਂ ਦੀ ਪਛਾਣ ਕੀਤੀ ਹੈ ਜਿੱਥੋਂ ਡਰੋਨ ਭਾਰਤ ਆ ਰਹੇ ਹਨ। ਸੀਮਾ ਸੁਰੱਖਿਆ ਬਲ ਇਨ੍ਹਾਂ ਇਲਾਕਿਆਂ ’ਚ ਐਂਟੀ ਡਰੋਨ ਸਿਸਟਮ ਨੂੰ ਵੱਧ ਮਜ਼ਬੂਤ ਕਰਨ ਲਈ ਕੰਮ ਕਰ ਰਿਹਾ ਹੈ।

ਭਾਰਤ-ਪਾਕਿ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਨੂੰ ਜਿੰਨੀ ਜਲਦੀ ਮਜ਼ਬੂਤ ਬਣਾਇਆ ਜਾਵੇਗਾ ਓਨੀ ਹੀ ਜਲਦੀ ਪਾਕਿਸਤਾਨ ਤੋਂ ਹੋ ਰਹੀ ਹਥਿਆਰਾਂ ਦੇ ਇਲਾਵਾ ਨਸ਼ੇ ਦੀ ਸਮੱਗਲਿੰਗ ਵੀ ਰੁਕ ਸਕੇਗੀ। ਇਸ ਲਈ ਇਸ ਕੰਮ ਨੂੰ ਜਲਦੀ ਪੂਰਾ ਕਰ ਕੇ ਦੇਸ਼ ਦੀ ਸਰਹੱਦ ਨੂੰ ਸੁਰੱਖਿਅਤ ਕਰਨਾ ਚਾਹੀਦਾ।

–ਵਿਜੇ ਕੁਮਾਰ
 


author

Inder Prajapati

Content Editor

Related News