ਨੌਜਵਾਨ ਪੀੜ੍ਹੀ ਦਾ ਸੰਸਕਾਰਾਂ ਤੋਂ ਦੂਰ ਹੋਣਾ ਚਿੰਤਾਜਨਕ

Sunday, Dec 21, 2025 - 06:00 PM (IST)

ਨੌਜਵਾਨ ਪੀੜ੍ਹੀ ਦਾ ਸੰਸਕਾਰਾਂ ਤੋਂ ਦੂਰ ਹੋਣਾ ਚਿੰਤਾਜਨਕ

ਸੰਸਕਾਰ ਕਿਸੇ ਵੀ ਸਮਾਜ ਦੀ ਆਤਮਾ ਹੁੰਦੇ ਹਨ। ਇਹ ਸਾਨੂੰ ਸਿਰਫ ਚੰਗਾ, ਬੁਰਾ ਪਛਾਣਨਾ ਹੀ ਨਹੀਂ ਸਿਖਾਉਂਦੇ ਸਗੋਂ ਪਰਿਵਾਰ, ਸਮਾਜ ਅਤੇ ਰਾਸ਼ਟਰ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਕਰਵਾਉਂਦੇ ਹਨ। ਭਾਰਤੀ ਸੰਸਕ੍ਰਿਤੀ ਵਿਸ਼ਵ ਦੀਆਂ ਸਭ ਤੋਂ ਪ੍ਰਾਚੀਨ ਸੰਸਕ੍ਰਿਤੀਆਂ ’ਚੋਂ ਇਕ ਹੈ ਜਿੱਥੇ ‘ਵਸੂਧੈਵ ਕੁਟੁੰਬਕਮ’, ‘ਮਾਤ੍ਰ ਦੇਵੋ ਭਵ’, ‘ਪਿਤ੍ਰ ਦੇਵੋ ਭਵ’ ਵਰਗੇ ਆਦਰਸ਼ ਜੀਵਨ ਦਾ ਮਾਰਗਦਰਸ਼ਨ ਕਰਦੇ ਹਨ ਪਰ ਅੱਜ ਦੇ ਆਧੁਨਿਕ ਅਤੇ ਭੌਤਿਕਵਾਦੀ ਯੁੱਗ ’ਚ ਭਾਰਤ ਸਮੇਤ ਹਿਮਾਚਲ ਪ੍ਰਦੇਸ਼ ’ਚ ਵੀ ਸੰਸਕਾਰਾਂ ਦਾ ਪੱਧਰ ਲਗਾਤਾਰ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਇਕ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਹੈ।

ਭਾਰਤ ’ਚ ਸੰਸਕਾਰਾਂ ਦੀ ਪਰੰਪਰਾ ਪਰਿਵਾਰ ਤੋਂ ਸ਼ੁਰੂ ਹੁੰਦੀ ਸੀ। ਬਚਪਨ ਤੋਂ ਹੀ ਬੱਚਿਆਂ ਨੂੰ ਵੱਡਿਆਂ ਦਾ ਸਨਮਾਨ, ਸੱਚ ਬੋਲਣਾ, ਸੰਜਮ, ਸਹਿਣਸ਼ੀਲਤਾ ਅਤੇ ਪਰਉਪਕਾਰ ਵਰਗੇ ਗੁਣ ਸਿਖਾਏ ਜਾਂਦੇ ਸਨ ਪਰ ਅੱਜ ਸੰਯੁਕਤ ਪਰਿਵਾਰਾਂ ਦਾ ਟੁੱਟਣਾ, ਸਿੰਗਲ ਪਰਿਵਾਰਾਂ ਦਾ ਵਧਣਾ ਅਤੇ ਮਾਤਾ-ਪਿਤਾ ਦਾ ਬਹੁਤ ਜ਼ਿਆਦਾ ਰੁਝੇਵਿਆਂ ਭਰਿਆ ਜੀਵਨ ਬੱਚਿਆਂ ਨੂੰ ਸੰਸਕਾਰ ਦੇਣ ’ਚ ਅੜਿੱਕਾ ਬਣ ਰਿਹਾ ਹੈ।

ਮੋਬਾਈਲ ਫੋਨ, ਇੰਟਰਨੈੱਟ ਅਤੇ ਸੋਸ਼ਲ ਮੀਡੀਆ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਸੋਚ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਉਹ ਖਿਆਲੀ ਦੁਨੀਆ ’ਚ ਜ਼ਿਆਦਾ ਸਮਾਂ ਗੁਜ਼ਾਰਨ ਲੱਗੇ ਹਨ, ਜਿਸ ਨਾਲ ਅਸਲੀ ਮਨੁੱਖੀ ਸੰਵੇਦਨਾਵਾਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ।

ਸੰਸਕਾਰਾਂ ਦੇ ਡਿੱਗਦੇ ਪੱਧਰ ਦਾ ਇਕ ਪ੍ਰਮੁੱਖ ਕਾਰਨ ਸਿੱਖਿਆ ਪ੍ਰਣਾਲੀ ’ਚ ਨੈਤਿਕ ਸਿੱਖਿਆ ਦੀ ਕਮੀ ਵੀ ਹੈ। ਅੱਜ ਦੀ ਸਿੱਖਿਆ ਮੁੱਖ ਤੌਰ ’ਤੇ ਰੋਜ਼ਗਾਰ ਅਤੇ ਮੁਕਾਬਲਾ ਕੇਂਦਰਿਤ ਹੋ ਗਈ ਹੈ। ਸਕੂਲਾਂ, ਕਾਲਜਾਂ ’ਚ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਭਾਰਤੀ ਸੰਸਕ੍ਰਿਤੀ ’ਤੇ ਆਧਾਰਿਤ ਸਿੱਖਿਆ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਹੈ। ਵਿਦਿਆਰਥੀ ਡਿਗਰੀ ਤਾਂ ਹਾਸਲ ਕਰ ਲੈਂਦੇ ਹਨ, ਪਰ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਸਮਝ ਕਮਜ਼ੋਰ ਰਹਿ ਜਾਂਦੀ ਹੈ।

ਕਈ ਵਾਰ ਫਿਲਮਾਂ, ਵੈੱਬ ਸੀਰੀਜ਼ ਅਤੇ ਟੀ. ਵੀ. ਪ੍ਰੋਗਰਾਮਾਂ ’ਚ ਹਿੰਸਾ, ਅਸ਼ਲੀਲਤਾ ਅਤੇ ਅਨੈਤਿਕ ਵਿਵਹਾਰ ਨੂੰ ਸਮਾਨ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਿੱਧਾ ਪ੍ਰਭਾਵ ਨੌਜਵਾਨਾਂ ਦੇ ਵਿਵਹਾਰ ’ਤੇ ਪੈਂਦਾ ਹੈ। ਉਹ ਉਹੀ ਅਪਣਾਉਣ ਲੱਗਦੇ ਹਨ ਜੋ ਉਹ ਸਕਰੀਨ ’ਤੇ ਦੇਖਦੇ ਹਨ। ਹਿਮਾਚਲ ਵਰਗੇ ਸ਼ਾਂਤ ਅਤੇ ਸੰਸਕ੍ਰਿਤਕ ਤੌਰ ’ਤੇ ਖੁਸ਼ਹਾਲ ਰਾਜ ’ਚ ਵੀ ਇਹ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਹੈ।

ਸੰਸਕਾਰਾਂ ’ਚ ਗਿਰਾਵਟ ਦਾ ਅਸਰ ਸਮਾਜ ’ਚ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਬਜ਼ੁਰਗਾਂ ਪ੍ਰਤੀ ਅਣਗਹਿਲੀ, ਮਹਿਲਾਵਾਂ ਨਾਲ ਗੈਰ-ਸਨਮਾਨਜਨਕ ਵਿਵਹਾਰ, ਵਧਦੀ ਅਸਹਿਣਸ਼ੀਲਤਾ ਅਤੇ ਸਮਾਜਿਕ ਰਿਸ਼ਤਿਆਂ ’ਚ ਸਵਾਰਥ ਦੀ ਭਾਵਨਾ ਇਸ ਦਾ ਪ੍ਰਮਾਣ ਹਨ। ਪਰਿਵਾਰਕ ਝਗੜੇ, ਅਪਰਾਧਾਂ ’ਚ ਵਾਧਾ ਅਤੇ ਮਾਨਸਿਕ ਤਣਾਅ ਵੀ ਇਸ ਦਾ ਨਤੀਜਾ ਹਨ।

ਜੇਕਰ ਪਰਿਵਾਰ, ਸਿੱਖਿਆ ਸੰਸਥਾਵਾਂ ਅਤੇ ਸਮਾਜ ਮਿਲ ਕੇ ਯਤਨ ਕਰਨ ਤਾਂ ਸੰਸਕਾਰਾਂ ਨੂੰ ਪੁਨਰਜੀਵਿਤ ਕੀਤਾ ਜਾ ਸਕਦਾ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਸਮਾਂ ਗੁਜ਼ਾਰਨ, ਉਨ੍ਹਾਂ ਨੂੰ ਸਹੀ-ਗਲਤ ਦਾ ਫਰਕ ਸਮਝਾਉਣ ਅਤੇ ਖੁਦ ਆਦਰਸ਼ ਬਣਨ। ਸਕੂਲਾਂ ’ਚ ਨੈਤਿਕ ਸਿੱਖਿਆ, ਯੋਗ ਧਿਆਨ ਅਤੇ ਭਾਰਤੀ ਸੰਸਕ੍ਰਿਤੀ ਨਾਲ ਜੁੜੇ ਵਿਸ਼ਿਆਂ ਨੂੰ ਜ਼ਰੂਰੀ ਬਣਾਇਆ ਜਾਣਾ ਚਾਹੀਦਾ ਹੈ।

ਹਿਮਾਚਲ ਪ੍ਰਦੇਸ਼ ’ਚ ਸਥਾਨਕ ਪਰੰਪਰਾਵਾਂ, ਲੋਕ ਸੱਭਿਆਚਾਰ ਅਤੇ ਤਿਉਹਾਰਾਂ ਨੂੰ ਉਤਸ਼ਾਹ ਦੇ ਕੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਿਆ ਜਾ ਸਕਦਾ ਹੈ। ਪੰਚਾਇਤਾਂ, ਸਮਾਜਿਕ ਸੰਗਠਨਾਂ ਅਤੇ ਧਾਰਮਿਕ ਸੰਸਥਾਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਸਮਾਜ ’ਚ ਸਾਕਾਰਾਤਮਕ ਕਦਰਾਂ-ਕੀਮਤਾਂ ਦਾ ਪ੍ਰਚਾਰ ਕਰਨ। ਮੀਡੀਆ ਨੂੰ ਵੀ ਚਾਹੀਦਾ ਹੈ ਕਿ ਜ਼ਿੰਮੇਵਾਰ ਸਮੱਗਰੀ ਪੇਸ਼ ਕਰੇ ਜੋ ਸਮਾਜ ਨੂੰ ਸੇਧ ਦੇਵੇ ਨਾ ਕਿ ਭੁਲੇਖੇ ’ਚ ਪਾਏ।

ਸਿੱਟਾ : ਕਿਹਾ ਜਾ ਸਕਦਾ ਹੈ ਕਿ ਭਾਰਤ ਅਤੇ ਹਿਮਾਚਲ ਪ੍ਰਦੇਸ਼ ’ਚ ਡਿੱਗਦੇ ਸੰਸਕਾਰ ਦਾ ਪੱਧਰ ਇਕ ਗੰਭੀਰ ਸਮਾਜਿਕ ਚੁਣੌਤੀ ਹੈ। ਸੰਸਕਾਰ ਸਿਰਫ ਅਤੀਤ ਦੀ ਧਰੋਹਰ ਨਹੀਂ ਸਗੋਂ ਭਵਿੱਖ ਦੀ ਨੀਂਹ ਹਨ। ਜੇਕਰ ਅਸੀਂ ਸਮੇਂ ਸਿਰ ਉਸ ਵੱਲ ਧਿਆਨ ਨਾ ਦਿੱਤਾ ਤਾਂ ਸਮਾਜਿਕ ਤਾਣਾ-ਬਾਣਾ ਕਮਜ਼ੋਰ ਹੋ ਜਾਵੇਗਾ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਧੁਨਿਕਤਾ ਅਤੇ ਪਰੰਪਰਾ ਦੇ ਵਿਚਾਲੇ ਸੰਤੁਲਨ ਬਣਾਉਂਦੇ ਹੋਏ ਆਪਣੇ ਸੰਸਕਾਰਾਂ ਨੂੰ ਸੰਭਾਲੀ ਰੱਖੀਏ ਅਤੇ ਅਗਲੀ ਪੀੜ੍ਹੀ ਨੂੰ ਇਕ ਮਜ਼ਬੂਤ ਨੈਤਿਕ ਅਤੇ ਸੰਵੇਦਨਸ਼ੀਲ ਸਮਾਜ ਦਾ ਤੋਹਫਾ ਦੇਈਏ।

ਪ੍ਰੋ. ਮਨੋਜ ਡੋਗਰਾ


author

Rakesh

Content Editor

Related News