ਸਰਕਾਰ ਨੇ 6 ਸਾਲਾਂ ’ਚ ਮਹਿਲਾ ਸਟਾਰਟਅਪਸ ’ਚ ਕੀਤਾ 3,100 ਕਰੋੜ ਰੁਪਏ ਤੋਂ ਵੱਧ ਨਿਵੇਸ਼
Sunday, Dec 14, 2025 - 04:34 PM (IST)
ਵਣਜ ਅਤੇ ਉਦਯੋਗ ਮੰਤਰਾਲਾ ਵਲੋਂ ਸਾਂਝੀ ਕੀਤੀ ਗਈ ਅਪਡੇਟ ਜਾਣਕਾਰੀ ਅਨੁਸਾਰ ਸਰਕਾਰ ਨੇ ਪਿਛਲੇ 6 ਸਾਲਾਂ ’ਚ ਦੇਸ਼ ਭਰ ’ਚ ਮਹਿਲਾ ਉੱਦਮਿਤਾ ਨੂੰ ਉਤਸ਼ਾਹ ਦੇਣ ਲਈ ਫੰਡ ਆਫ ਫੰਡਜ਼ ਫਾਰ ਸਟਾਰਟਅਪਸ (ਐੱਫ. ਐੱਫ. ਐੱਸ.), ਸਟਾਰਟਅਪਸ ਇੰਡੀਆ ਸੀਡ ਫੰਡ ਸਕੀਮ (ਐੱਸ. ਆਈ. ਐੱਸ. ਐੱਫ. ਐੱਸ.) ਅਤੇ ਕ੍ਰੈਡਿਟ ਗਾਰੰਟੀ ਸਕੀਮ ਫਾਰ ਸਟਾਰਟਅਪਸ (ਸੀ. ਜੀ. ਐੱਸ. ਐੱਸ.) ਸਮੇਤ ਆਪਣੀਆਂ ਤਿੰਨ ਯੋਜਨਾਵਾਂ ਰਾਹੀਂ ਮਹਿਲਾ ਲੀਡਰਸ਼ਿਪ ਵਾਲੇ ਸਟਾਰਟਅਪਸ ’ਚ 3,100 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਵੀ ਜ਼ਿਕਰ ਕੀਤਾ ਕਿ ਦੇਸ਼ ’ਚ ਦੋ ਲੱਖ ਤੋਂ ਵੱਧ ਸਰਕਾਰੀ ਮਾਨਤਾ ਪ੍ਰਾਪਤ ਸਟਾਰਟਅਪਸ ਹਨ ਪਰ ਇਨ੍ਹਾਂ ’ਚ ਲੱਗਭਗ 48 ਫੀਸਦੀ ਸਟਾਰਟਅਪਸ ’ਚ ਘੱਟੋ-ਘੱਟ ਇਕ ਮਹਿਲਾ ਡਾਇਰੈਕਟਰ ਜਾਂ ਹਿੱਸੇਦਾਰ ਹੈ। ਸ਼ੁੱਕਰਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ’ਚ ਉਨ੍ਹਾਂ ਨੇ ਕਿਹਾ ਕਿ ਇਕੱਲੇ 2025 ’ਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਟਾਰਟਅਪਸ ਦੀ ਗਿਣਤੀ 44,000 ਤੋਂ ਵੱਧ ਸੀ, ਜੋ 2016 ’ਚ ਸਟਾਰਟਅਪਸ ਇੰਡੀਆ ਪਹਿਲ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹੈ।
ਮਹਿਲਾ ਲੀਡਰਸ਼ਿਪ ਵਾਲੀਆਂ ਕੰਪਨੀਆਂ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਪਹਿਲੀ ਯੋਜਨਾ ਤਹਿਤ ਐੱਫ. ਐੱਸ. ਐੱਫ. ਤਹਿਤ ਸਮਰਥਿਤ ਬਦਲਵੇਂ ਨਿਵੇਸ਼ ਫੰਡਾਂ (ਏ. ਆਈ. ਐੱਫ.) ਨੇ ਕੈਲੰਡਰ ਸਾਲ 2020 ਤੋਂ 2025 (ਅਕਤੂਬਰ ਤੱਕ) ਦੌਰਾਨ 154 ਮਹਿਲਾ ਲੀਡਰਸ਼ਿਪ ਵਾਲੇ ਸਟਾਰਟਅਪਸ ’ਚ ਲੱਗਭਗ 2,838.9 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਫੰਡ ਦਾ ਸੰਚਾਲਨ ਸਮਾਲ ਇੰਡਸਟ੍ਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ ਵਲੋਂ ਕੀਤਾ ਜਾਂਦਾ ਹੈ, ਜੋ ਭਾਰਤੀ ਪ੍ਰਤੀਭੂਤੀ ਅਤੇ ਵਟਾਂਦਰਾ ਬੋਰਡ (ਐੱਸ. ਈ. ਵੀ. ਆਈ.) ’ਚ ਰਜਿਸਟਰਡ ਏ. ਆਈ. ਐੱਫ. ਨੂੰ ਪੂੰਜੀ ਪ੍ਰਦਾਨ ਕਰਦਾ ਹੈ, ਜੋ ਬਦਲੇ ’ਚ ਸਟਾਰਟਅਪਸ ’ਚ ਨਿਵੇਸ਼ ਕਰਦੇ ਹਨ।
ਸੂਬਾ ਵਾਰ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਿਰਫ ਕੈਲੰਡਰ ਸਾਲ 2025 ’ਚ ਮਹਾਰਾਸ਼ਟਰ (277.05 ਕਰੋੜ ਰੁਪਏ) ’ਚ ਮਹਿਲਾ ਲੀਡਰਸ਼ਿਪ ਵਾਲੀਆਂ ਕੰਪਨੀਆਂ ਨੂੰ ਸਭ ਤੋਂ ਜ਼ਿਆਦਾ ਨਿਵੇਸ਼ ਪ੍ਰਾਪਤ ਹੋਇਆ, ਉਸ ਤੋਂ ਬਾਅਦ ਕਰਨਾਟਕ (264.99 ਕਰੋੜ ਰੁਪਏ) ਅਤੇ ਗੋਆ (119.99 ਕਰੋੜ ਰੁਪਏ) ਦਾ ਸਥਾਨ ਰਿਹਾ।
ਗੋਇਲ ਨੇ ਦੱਸਿਆ ਕਿ ਐੱਫ. ਐੱਫ. ਐੱਸ. ਯੋਜਨਾ ਤਹਿਤ ਕੁਲ ਮਿਲਾ ਕੇ 1,350 ਤੋਂ ਵੱਧ ਸਟਾਰਟਅਪਸ ’ਚ 25,320 ਕਰੋੜ ਰੁਪਏ ਤੋਂ ਵੱਧ ਦੀ ਪੂੰਜੀ ਦਾ ਨਿਵੇਸ਼ ਕੀਤਾ ਗਿਆ ਹੈ।
ਉਦਿਸ਼ਾ ਸ਼੍ਰੀਵਾਸਤਵ
