ਭਾਰਤ ਗਣਰਾਜ ਦੇ ਸਰਬਧਰਮ ਦਾ ਮੂਲ ਮੰਤਰ ਹੈ ਸੈਕੂਲਰਵਾਦ

Wednesday, Jan 28, 2026 - 05:08 PM (IST)

ਭਾਰਤ ਗਣਰਾਜ ਦੇ ਸਰਬਧਰਮ ਦਾ ਮੂਲ ਮੰਤਰ ਹੈ ਸੈਕੂਲਰਵਾਦ

ਭਾਰਤ ਗਣਰਾਜ ਦੇ ਸਰਬਧਰਮ ਦਾ ਮੂਲ ਮੰਤਰ ਹੈ ਸੈਕੂਲਰਵਾਦ ਭਾਰਤ ਗਣਰਾਜ ਦੀ ਸਥਾਪਨਾ 76 ਸਾਲ ਪਹਿਲਾਂ ਹੋਈ ਸੀ ਪਰ ਉਸ ਦੇ ਸਰਬਧਰਮ ਦੀ ਨੀਂਹ ਕੋਈ 3,000 ਸਾਲ ਪਹਿਲਾਂ ਰੱਖੀ ਜਾ ਚੁੱਕੀ ਸੀ। ਅੱਜ ਦਾ ਭਾਰਤ ਗਣਰਾਜ ‘ਭਾਰਤਵਰਸ਼’, ‘ਹਿੰਦੁਸਤਾਨ’ ਅਤੇ ‘ਇੰਡੀਆ’ ਦੀਆਂ ਧਾਰਾਵਾਂ ਦਾ ਤ੍ਰਿਵੇਣੀ ਸੰਗਮ ਹੈ। ਭਾਰਤੀ ਸੱਭਿਅਤਾ ਦੀ ਇਸ ਯਾਤਰਾ ਦੇ ਹਰ ਪੜਾਅ ਦੇ ਅਵਸ਼ੇਸ਼ ਸਾਡੀ ਭਾਈਚਾਰਕ ਅਵਚੇਤਨ ’ਚ ਮੌਜੂਦ ਹਨ। ਇਸ ਲਈ ਭਾਰਤ ਗਣਰਾਜ ਦਾ ਸਰਬਧਰਮ ਜੜ੍ਹ ਅਤੇ ਸਦੀਵੀ ਨਹੀਂ ਹੈ, ਉਹ ਅੰਦਰੂਨੀ ਅਤੇ ਬਾਹਰੀ ਦੋਵਾਂ ਕਿਸਮਾਂ ਦੀ ਸਰਗਰਮੀ ਨਾਲ ਪ੍ਰਵਾਹਿਤ ਹੁੰਦਾ ਹੈ। ਸਾਡਾ ਸਰਬਧਰਮ ਪ੍ਰਵਾਹਮਾਨ ਹੈ।

ਇਸ ਲਈ ਭਾਰਤ ਦੇ ਸਰਬਧਰਮ ਦੀ ਭਾਲ ਪ੍ਰਾਚੀਨ ਭਾਰਤ ਦੀਆਂ ਕਈ ਸਨਾਤਮ ਕਦਰਾਂ-ਕੀਮਤਾਂ ’ਚ ਨਹੀਂ ਕੀਤੀ ਜਾ ਸਕਦੀ। ਭਾਰਤ ਦਾ ਸਰਬਧਰਮ ਰਸਮੀ ਦਸਤਾਵੇਜ਼ਾਂ, ਲਿਖਤੀ ਆਦਰਸ਼ਾਂ, ਸਥਾਪਿਤ ਵਿਚਾਰਧਾਰਾਵਾਂ ਦੀ ਭਾਸ਼ਾ ਜਾਂ ਸੰਸਥਾਗਤ ਧਾਰਮਿਕ ਪੋਥੀਆਂ ’ਚ ਨਹੀਂ ਸਗੋਂ ਅੰਦੋਲਨਾਂ ਦੀ ਭਾਸ਼ਾ ’ਚ ਮਿਲੇਗਾ। ਸਭ ਤੋਂ ਪਹਿਲਾਂ ਬੋਧੀ ਅਤੇ ਜੈਨ ਧਰਮ ਦਰਸ਼ਨ, ਫਿਰ ਸੂਫੀ ਅਤੇ ਭਗਤੀ ਪਰੰਪਰਾ ਅਤੇ ਆਧੁਨਿਕ ਯੁੱਗ ’ਚ ਰਾਸ਼ਟਰੀ ਅੰਦੋਲਨ ਨੇ ਸਥਾਪਤ ਸੱਤਾ ਨੂੰ ਚੁਣੌਤੀ ਦਿੱਤੀ, ਸੱਭਿਅਤਾ ਦੇ ਮੁੱਲ ਬੋਧ ਨੂੰ ਫਰੋਲਿਆ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਸਰਬਧਰਮ ਨੂੰ ਮੁੜ ਪਰਿਭਾਸ਼ਿਤ ਕੀਤਾ ਗਿਆ। ਇਨ੍ਹਾਂ ਧਾਰਮਿਕ, ਸਮਾਜਿਕ ਅਤੇ ਸਿਆਸੀ ਅੰਦੋਲਨਾਂ ਨੂੰ ਸਮਝ ਕੇ ਅਸੀਂ ਮੋਟੇ ਤੌਰ ’ਤੇ 4 ਸੂਤਰ ਪਛਾਣ ਸਕਦੇ ਹਾਂ, ਜੋ ਭਾਰਤ ਗਣਰਾਜ ਦੇ ਸਰਬਧਰਮ ਨੂੰ ਪਰਿਭਾਸ਼ਿਤ ਕਰਦੇ ਹਨ।

ਸਰਬਧਰਮ ਦਾ ਪਹਿਲਾ ਸੂਤਰ ਮੈਤਰੀ ਤੋਂ ਸ਼ੁਰੂ ਹੋ ਕੇ ਸੁਲਹ-ਏ-ਕੁਲ ਦੇ ਵਿਚਾਰ ’ਚੋਂ ਲੰਘਦੇ ਹੋਏ ਆਧੁਨਿਕ ਸੈਕੂਲਰਵਾਦ ਜਾਂ ਸਰਬਧਰਮ ਸਮਭਾਵ ਦੀ ਧਾਰਨਾ ਤੱਕ ਪਹੁੰਚਦਾ ਹੈ। ਸੈਕੂਲਰਵਾਦ ਦੀ ਸਮਕਾਲੀਨ ਬਹਿਸ ’ਚ ਅਕਸਰ ਦੋਵਾਂ ਧਿਰਾਂ ਮੰਨ ਕੇ ਚੱਲਦੀਆਂ ਹਨ ਕਿ ਧਰਮਨਿਰਪੱਖਤਾ ਇਕ ਨਵਾਂ ਵਿਚਾਰ ਹੈ, ਇਕ ਨਵੀਂ ਸਮੱਸਿਆ ਦਾ ਨਵਾਂ ਹੱਲ ਪਰ ਭਾਰਤੀ ਸੱਭਿਅਤਾ ਦੇ ਨਜ਼ਰੀਏ ਤੋਂ ਦੇਖੀਏ ਤਾਂ ਨਾ ਇਹ ਸਮੱਸਿਆ ਨਵੀਂ ਹੈ ਅਤੇ ਨਾ ਹੀ ਇਸ ਦਾ ਇਹ ਹੱਲ ਨਵਾਂ ਹੈ। ਵੱਖ-ਵੱਖ ਮਤ, ਪੰਥ, ਫਿਰਕੇ, ਸਿਲਸਿਲੇ ਦਾ ਸਹਿਹੋਂਦ ਭਾਰਤੀ ਸੱਭਿਅਤਾ ਦੇ ਪ੍ਰਮੁੱਖ ਲੱਛਣਾਂ ’ਚੋਂ ਇਕ ਰਿਹਾ ਹੈ। ਇਸ ਲਈ ਇੱਥੇ ਸਮਾਜ ਅਤੇ ਸਰਕਾਰ ਦੋਵੇਂ ਪਾਸੇ ਇਸ ਸਹਿਹੋਂਦ ਨੂੰ ਮਹਿਜ਼ ਇਕ ਅਵਸਥਾ ਜਾ ਮਜਬੂਰੀ ਦੀ ਬਜਾਏ ਇਕ ਆਦਰਸ਼ ਦੇ ਰੂਪ ’ਚ ਵਿਕਸਤ ਕਰਨ ਦੇ ਯਤਨ ਵੀ ਸ਼ੁਰੂ ਤੋਂ ਹੋਏ ਹਨ। ਮੈਤਰੀ ਦੀ ਧਾਰਨਾ ਸ਼ੁਰੂ ਤੋਂ ਹੀ ਸਾਡੇ ਸੱਭਿਅਤਾ ਦੇ ਸਰਬਧਰਮ ਨੂੰ ਨਿਰੂਪਿਤ ਕਰਦੀ ਰਹੀ ਹੈ।

ਮੈਤਰੀ ਨੂੰ ਅਕਸਰ ਸਮਰਾਟ ਅਸ਼ੋਕ ਜਾਂ ਫਿਰ ਗੌਤਮ ਬੁੱਧ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਹ ਸਹੀ ਵੀ ਹੈ ਅਤੇ ਬੋਧ ਦਰਸ਼ਨ ਨੇ ਇਕ ਪੂਰਵਗਾਮੀ ਵਿਚਾਰ ਨੂੰ ਵਿਕਸਤ ਕੀਤਾ। ਰਿਗਵੇਦ ’ਚ ਮਿੱਤਰ ਦੇਵਤਾ ਸੰਧੀ, ਤਾਲਮੇਲ ਅਤੇ ਭਾਈਚਾਰੇ ਦੇ ਪ੍ਰਤੀਕ ਹਨ। ਛਾਨਦੋਗਯ ਉਪਨਿਸ਼ਦ ’ਚ ਮਿੱਤਰ ਸਦਭਾਵਨਾ ਦਾ ਪ੍ਰਤੀਕ ਬਣ ਜਾਂਦੇ ਹਨ। ਇਸ ਦਾ ਵਿਸਥਾਰ ਕਰਦੇ ਹੋਏ ਗੌਤਮ ਬੁੱਧ ਮੈਤਰੀ (ਪਾਲੀ ’ਚ ‘ਮੇਤਾ’) ਨੂੰ ਇਕ ਆਦਰਸ਼ ਵਜੋਂ ਸਥਾਪਿਤ ਕਰਦੇ ਹਨ, ਸਮਰਾਟ ਅਸ਼ੋਕ ਦੇ ਸ਼ਿਲਾਲੇਖਾਂ ਨੇ ਮੈਤਰੀ ਨੂੰ ਇਕ ਸਮਾਜਿਕ ਅਤੇ ਸਿਆਸੀ ਆਦਰਸ਼ ਦੇ ਰੂਪ ’ਚ ਸਥਾਪਤ ਕੀਤਾ। ਅਦਵੇਸ਼, ਅਹਿੰਸਾ ਅਤੇ ਸਨੇਹ ਦੇ ਵਿਚਾਰ ਨੂੰ ਅਸ਼ੋਕ ਨੇ ਭਾਈਚਾਰਕ ਸਦਭਾਵ ਨਾਲ ਜੋੜਿਆ, ਖੁਦ ਬੋਧੀ ਹੁੰਦੇ ਹੋਏ ਵੀ ਅਸ਼ੋਕ ਦੇ ਸ਼ਿਲਾਲੇਖ ਸਾਰੇ ਸ਼੍ਰਮਣ (ਵੱਖ-ਵੱਖ ਬੋਧ, ਜੈਨ, ਆਜੀਵਿਕਾ ਅਤੇ ਹੋਰ ਸਧੂਕੜ ਭਾਈਚਾਰੇ) ਅਤੇ ਬ੍ਰਾਹਮਣ (ਵੈਦਿਕ ਧਰਮ ਦਾ ਪਾਲਣ ਕਰਨ ਵਾਲੇ) ਮਤ ਦਾ ਸਨਮਾਨ ਕਰਨ ਦਾ ਹੁਕਮ ਦਿੰਦੇ ਹਨ। ਸਰਬਧਰਮ ਭਾਵ ਨੂੰ ਸ਼ਾਸਕੀ ਨੀਤੀ ਅਤੇ ਸੰਜਮ ਨੂੰ ਸਮਾਜਿਕ ਆਦਰਸ਼ ਵਜੋਂ ਸਥਾਪਿਤ ਕਰਕੇ ਅਸ਼ੋਕ ਨੇ ਉਸ ਵਿਚਾਰ ਦੀ ਨੀਂਹ ਰੱਖੀ ਜਿਸ ਨੂੰ ਅੱਜ ਅਸੀਂ ਪੰਥ ਨਿਰਪੱਖਤਾ ਕਹਿੰਦੇ ਹਾਂ।

ਅਕਬਰ ਦੀ ਸੁਲਹ-ਏ-ਕੁੱਲ ਦੀ ਨੀਤੀ ਨੇ ਸਰਬਧਰਮ ਸਮਭਾਵ ਦੀ ਉਸ ਨੀਤੀ ਦਾ ਵਿਸਥਾਰ ਕੀਤਾ ਜਿਸ ਦੀ ਨੀਂਹ ਅਸ਼ੋਕ ਨੇ ਰੱਖੀ ਸੀ। ਬਾਦਸ਼ਾਹ ਦਾ ਧਾਰਮਿਕ ਰੁਝਾਨ ਜੋ ਵੀ ਹੋਵੇ, ਪ੍ਰਜਾ ਨੂੰ ਆਪਣੀ ਧਾਰਮਿਕ ਮਾਨਤਾ, ਉਪਾਸਨਾ ਅਤੇ ਰਸਮਾਂ-ਰਿਵਾਜਾਂ ਦੀ ਪੂਰੀ ਛੋਟ ਹੋਵੇਗੀ। ਜਬਰੀ ਧਰਮ-ਪਰਿਵਰਤਨ ਨਹੀਂ ਹੋਵੇਗਾ, ਸੂਬੇ ਵਲੋਂ ਧਾਰਮਿਕ ਮਾਮਲਿਆਂ, ਸੰਸਥਾਵਾਂ ਅਤੇ ਯੱਗ ’ਚ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਪ੍ਰਸ਼ਾਸਨਿਕ ਨਿਯਮ ਅਤੇ ਕਾਨੂੰਨ ਕਿਸੇ ਇਕ ਮਜ਼੍ਹਬ ਦੇ ਨਹੀਂ ਹੋਣਗੇ। ਕਿਸੇ ਵੀ ਪੰਥ, ਫਿਰਕੇ ਅਤੇ ਮਜ਼੍ਹਬ ਨਾਲ ਵਿਤਕਰਾ ਨਹੀਂ ਹੋਵੇਗਾ ਅਤੇ ਸੂਬਾ ਸਾਰੇ ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਨੂੰ ਸਰਪ੍ਰਸਤੀ ਅਤੇ ਗ੍ਰਾਂਟਾਂ ਪ੍ਰਦਾਨ ਕਰੇਗਾ। ਜ਼ਾਹਿਰ ਹੈ ਕਿ ਅਕਬਰ ਦੀ ਨੀਤੀ ਆਧੁਨਿਕ ਅਰਥ ’ਚ ਸੈਕੂਲਰ ਨਹੀਂ ਸੀ, ਹੋ ਨਹੀਂ ਸਕਦੀ ਸੀ। ਮੁੱਦੇ ਦੀ ਗੱਲ ਇਹ ਹੈ ਕਿ ਅਕਬਰ ਨੇ ਭਾਰਤ ਦੇ ਸਰਬਧਰਮ ਨੂੰ ਪਛਾਣ ਲਿਆ ਸੀ।

ਸਾਡੇ ਸੰਵਿਧਾਨ ਦੀ ਧਰਮਨਿਰਪੱਖਤਾ ਅਸ਼ੋਕ ਅਤੇ ਅਕਬਰ ਦੀ ਨੀਤੀ ਦਾ ਵਿਸਥਾਰ ਭਰ ਹੈ। ਸਮਕਾਲੀਨ ਭਾਰਤ ’ਚ ‘ਸੈਕੂਲਰ’ ਦੀ ਇਸ ਅਰਥ ’ਚ ਵਰਤੋਂ ਹੁੰਦੀ ਹੈ। ‘ਸੈਕੂਲਰਵਾਦ’ ਅਤੇ ‘ਧਰਮਨਿਰਪੱਖਤਾ’ ਦਾ ਆਮ ਮਤਲਬ ਹੈ ਸਾਰੇ ਧਰਮ-ਫਿਰਕਿਆਂ ਨੂੰ ਇਕ ਨਜ਼ਰ ਨਾਲ ਦੇਖਣਾ ਅਤੇ ਕਿਸੇ ਵੀ ਫਿਰਕੇ ਦੇ ਗਲਬੇ ਦਾ ਵਿਰੋਧ ਕਰਨਾ ਪਰ ਸ਼ਬਦਾਂ ਦੇ ਇਤਿਹਾਸ ਅਤੇ ਉਨ੍ਹਾਂ ਦੇ ਅਰਥ ਦੇਖੀਏ ਤਾਂ ਇਸ ਨੀਤੀ ਨੂੰ ਸਮਝਣ ਲਈ ਨਾ ਤਾਂ ‘ਧਰਮਨਿਰਪੱਖਤਾ’ ਸਹੀ ਸ਼ਬਦ ਹੈ ਅਤੇ ਨਾ ਹੀ ਯੂਰਪੀ ਅਰਥ ’ਚ ਸੈਕੂਲਰਵਾਦ। ਸ਼ਬਦ ਜੋ ਵੀ ਹੋਣ ਸਾਡੀ ਚੁਣੌਤੀ ਲਗਭਗ ਉਹੀ ਹੈ ਜੋ ਅਸ਼ੋਕ ਅਤੇ ਅਕਬਰ ਦੀ ਸੀ। ਸਾਡੀ ਚੁਣੌਤੀ ਹੈ ਵੱਖ-ਵੱਖ ਮਤ ਅਤੇ ਧਾਰਮਿਕ ਪੈਰੋਕਾਰਾਂ ਵਿਚ ਸਮਾਨਤਾ ਸਥਾਪਤ ਕਰਨਾ ਅਤੇ ਸਰਬਉੱਚਤਾ, ਨਫ਼ਰਤ ਅਤੇ ਹਿੰਸਾ ਨੂੰ ਰੋਕਣਾ।

ਇਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਸਾਨੂੰ ਮੈਤਰੀ ਅਤੇ ਸੁਲਹ-ਏ-ਕੁਲ ਦੇ ਰਸਤੇ ’ਤੇ ਚੱਲਦੇ ਹੋਏ ਸਰਬਧਰਮ ਸਮਭਾਵ ਨੂੰ ਪਰਿਭਾਸ਼ਿਤ ਕਰਨਾ ਹੋਵੇਗਾ। ਇਹ ਇਕ ਸਵਦੇਸ਼ੀ ਦ੍ਰਿਸ਼ਟੀਕੋਣ ਹੈ ਜੋ ਧਾਰਮਿਕਤਾ ਦਾ ਸਤਿਕਾਰ ਕਰਦਾ ਹੈ। ਇਹ ਦ੍ਰਿਸ਼ਟੀਕੋਣ ਧਰਮ ਪ੍ਰਤੀ ਨਿਰਪੱਖ ਨਹੀਂ ਹੈ, ਕਿਉਂਕਿ ਧਰਮ ਨੈਤਿਕਤਾ ਦਾ ਸਰੋਤ ਹੈ ਪਰ ਇਹ ਕਿਸੇ ਵੀ ਪੰਥ ਜਾਂ ਫਿਰਕੇ ਪ੍ਰਤੀ ਨਿਰਲੇਪ ਜਾਂ ਨਿਰਪੱਖ ਹੈ। ਮੈਤਰੀ ਭਾਵ ਤੋਂ ਉਪਜੀ ਇਹ ਦ੍ਰਿਸ਼ਟੀ ਸਾਰੇ ਧਾਰਮਿਕ ਭਾਈਚਾਰਿਆਂ ਪ੍ਰਤੀ ਸਮਭਾਵ ਰੱਖਦੀ ਹੈ। ਧਾਰਮਿਕ ਵਿਚਾਰ ਅਤੇ ਵਿਹਾਰ ਵੰਨ-ਸੁਵੰਨਤਾ ਸਾਡੀ ਸੱਭਿਅਤਾ ਦੀ ਵਿਰਾਸਤ ਹੈ। ਇਸ ਲਈ ਸੂਬਾ ਸੱਤਾ ਦੀ ਜ਼ਿੰਮੇਵਾਰੀ ਧਾਰਮਿਕ-ਅਚਾਰ-ਵਿਹਾਰ ਨੂੰ ਰੋਕਣਾ ਨਹੀਂ ਸਗੋਂ ਧਾਰਮਿਕ ਗਲਬੇ ਨੂੰ ਰੋਕਣਾ ਹੈ। ਵੱਖ-ਵੱਖ ਫਿਰਕਿਆਂ ’ਚ ਆਪਸੀ ਵਿਸ਼ਵਾਸ ਅਤੇ ਸਨਮਾਨ ਦਾ ਰਿਸ਼ਤਾ ਬਣਾਉਣਾ ਹੈ ਅਤੇ ਜਿੱਥੇ ਲੋੜ ਹੋਵੇ ਉਥੇ ਧਾਰਮਿਕ ਭਾਈਚਾਰੇ ਦੇ ਅੰਦਰ ਸ਼ੋਸ਼ਣ ਨੂੰ ਰੋਕਣਾ ਵੀ ਹੈ।

ਇਸ ਸਰਬਧਰਮ ਦੇ ਅਨੁਸਾਰ ਬਣਿਆ ਹੈ ਭਾਰਤੀ ਸੰਵਿਧਾਨ। ਸੰਵਿਧਾਨ ਦੇ ਮੁੱਖਬੰਧ ’ਚ ‘ਸੈਕੂਲਰਿਜ਼ਮ’ ਕਦੋਂ ਅਤੇ ਕਿਉਂ ਪਾਇਆ ਗਿਆ, ਇਹ ਬਹਿਸ ਵਿਅਰਥ ਹੈ। ਸੱਚ ਇਹ ਹੈ ਕਿ ਮੂਲ ਸੰਵਿਧਾਨ ਦੀ ਮੁੱਢਲੀ ਵਿਵਸਥਾ ਸਰਬਧਰਮ ਸਮਭਾਵ ਦੇ ਅਨੁਸਾਰ ਸੀ। ਇਸ ਅਰਥ ’ਚ ਸਰਬਧਰਮ ਸਮਭਾਵ ਸਿਰਫ ਇਕ ਸੰਵਿਧਾਨਿਕ ਵਿਵਸਥਾ ਨਹੀਂ ਹੈ, ਇਹ ਇਕ ਸਮਝਦਾਰ ਨੀਤੀ ਨਹੀਂ ਹੈ, ਇਹ ਸਾਡੀ ਸੱਭਿਅਤਾ ਦੀਆਂ ਮੁੱਢਲੀਆਂ ਕਦਰਾਂ-ਕੀਮਤਾਂ ’ਚੋਂ ਇਕ ਹੈ। ਇਹ ਭਾਰਤ ਦੇਸ਼ ਨੂੰ ਬਚਾਈ ਰੱਖਣ ਦੀ ਲਾਜ਼ਮੀ ਸ਼ਰਤ ਹੈ, ਜਾਂ ਤਾਂ ਭਾਰਤ ਸਰਬਧਰਮ ਸਮਭਾਵ ਦੇ ਰਸਤੇ ’ਤੇ ਰਹੇਗਾ ਜਾਂ ਫਿਰ ਭਾਰਤ ਰਹੇਗਾ ਹੀ ਨਹੀਂ। ਇਹ ਭਾਰਤ ਗਣਰਾਜ ਦੇ ਸਰਬਧਰਮ ਦਾ ਪਹਿਲਾ ਸੂਤਰ ਹੈ।

-ਯੋਗੇਂਦਰ ਯਾਦਵ


author

Harpreet SIngh

Content Editor

Related News