ਸਮਰਪਣ ਦੇ ਨਾਲ ਇਨਸਾਨੀਅਤ ਅਤੇ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਰਾਸ਼ਟਰੀ ਸਵੈਮ-ਸੇਵਕ ਸੰਘ

Thursday, Feb 26, 2026 - 04:15 PM (IST)

ਸਮਰਪਣ ਦੇ ਨਾਲ ਇਨਸਾਨੀਅਤ ਅਤੇ ਰਾਸ਼ਟਰ ਦੀ ਸੇਵਾ ’ਚ ਸਮਰਪਿਤ ਰਾਸ਼ਟਰੀ ਸਵੈਮ-ਸੇਵਕ ਸੰਘ

ਭਾਰਤ ਦੇ ਸਨਾਤਨ ’ਚ ਆਪਣੀ ਆਹੂਤੀ ਪਾਉਂਦੇ ਹੋਏ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਆਦਿ ਸਰਸੰਘਚਾਲਕ ਡਾ. ਹੇਡਗੇਵਾਰ ਨੇ ਸਾਲ 1925 ’ਚ ਸੰਘ ਕਾਰਜ ਸ਼ੁਰੂ ਕੀਤਾ, ਜੋ ਹੁਣ ਆਪਣੇ ਸ਼ਤਾਬਦੀ ਵਰ੍ਹੇ ’ਚ ਪ੍ਰਵੇਸ਼ ਕਰ ਚੁੱਕਾ ਹੈ। ਸੰਘ ਅੱਜ ਵੀ ਉਸੇ ਭਾਵ ਅਤੇ ਸਮਰਪਣ ਦੇ ਨਾਲ ਇਨਸਾਨੀਅਤ ਅਤੇ ਰਾਸ਼ਟਰ ਦੀ ਸੇਵਾ ਕਰ ਰਿਹਾ ਹੈ, ਜਿਸ ਕਲਪਨਾ ਦੇ ਨਾਲ ਉਸ ਦੀ ਨੀਂਹ ਰੱਖੀ ਗਈ ਸੀ। 17 ਅਪ੍ਰੈਲ, 1926 ਨੂੰ ਸੰਗਠਨ ਨੂੰ ਆਪਣਾ ਨਾਂ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਮਿਲਿਆ। ਨਵੰਬਰ 1929 ’ਚ ਡਾ. ਹੇਡਗੇਵਾਰ ਨੂੰ ਸਰਸੰਘਚਾਲਕ ਨਿਯੁਕਤ ਕੀਤਾ ਗਿਆ।

ਹੁਣ ਤੱਕ ਦੇ ਇਨ੍ਹਾਂ 100 ਵਰ੍ਹਿਆਂ ’ਚ ਸੰਗਠਨ ਦੇ ਇੰਨਾ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਬਣਨ ਦੇ ਸਫ਼ਰ ’ਚ ਨਿਰਸਵਾਰਥ ਸੇਵਾ ਦੇ ਜੀਵੰਤ ਪ੍ਰਤੀਕ ਆਰ. ਐੱਸ. ਐੱਸ. ਨੇ ਭਾਰਤ ਦੀ ਸਮਾਜਿਕ ਨੀਂਹ ਨੂੰ ਮਜ਼ਬੂਤ ਕਰਨ, ਉਸ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ, ਕਮਜ਼ੋਰ ਵਰਗਾਂ ਨੂੰ ਸ਼ਕਤੀਸ਼ਾਲੀ ਬਣਾਉਣ ’ਚ ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਹੋਏ ਭਾਰਤੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਨੂੰ ਸੰਜੋ ਕੇ ਰੱਖਿਆ ਹੈ।

ਆਜ਼ਾਦੀ ਅੰਦੋਲਨ : ਆਜ਼ਾਦੀ ਲਈ ਸੰਘਰਸ਼ ਦੇ ਕਾਲ ਖੰਡ ’ਚ ਖਿਲਾਫਤ ਅੰਦੋਲਨ, ਨਾਮਿਲਵਰਤਨ ਅਤੇ ਨਮਕ ਸਤਿਆਗ੍ਰਹਿ, ਸਭ ’ਚ ਆਦਿ ਸਰਸੰਘਚਾਲਕ ਡਾ. ਹੇਡਗੇਵਾਰ ਨੇ ਸਵੈਮ-ਸੇਵਕਾਂ ਦੇ ਨਾਲ ਵੱਧ-ਚੜ੍ਹ ਕੇ ਹਿੱਸਾ ਲਿਆ। ਨਾਮਿਲਵਰਤਨ ਅੰਦੋਲਨ ਅਤੇ ਨਮਕ ਸੱਤਿਆਗ੍ਰਹਿ ਦੌਰਾਨ ਡਾ. ਹੇਡਗੇਵਾਰ 2 ਵਾਰ ਜੇਲ ਵੀ ਗਏ। ਦੇਸ਼ ਦੀ ਪੂਰਨ ਆਜ਼ਾਦੀ ਦਾ ਸੁਝਾਅ ਡਾ. ਹੇਡਗੇਵਾਰ ਨੇ ਹੀ ਕਾਂਗਰਸ ਨੂੰ ਦਿੱਤਾ ਸੀ, ਜੋ ਕਿ ਕਾਂਗਰਸ ਨੇ 9 ਸਾਲ ਬਾਅਦ ਸਾਲ 1929 ਦੇ ਲਾਹੌਰ ਇਜਲਾਸ ’ਚ ਮੰਨਿਆ। ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤੇ ਜਾਣ ’ਤੇ ਡਾ. ਹੇਡਗੇਵਾਰ ਨੇ ਉਦੋਂ ਸੰਘ ਦੀਆਂ ਸਾਰੀਆਂ ਸ਼ਾਖਾਵਾਂ ’ਚ ਕਾਂਗਰਸ ਦਾ ਸਵਾਗਤ ਕਰਨ ਦਾ ਐਲਾਨ ਕੀਤਾ ਸੀ।

ਵੰਡ ਅਤੇ ਸੰਘ : 1947 ’ਚ ਜਦੋਂ ਭਾਰਤ ਦੀ ਆਜ਼ਾਦੀ ਦੇ ਨਾਲ-ਨਾਲ ਵੰਡ ਦੀ ਤ੍ਰਾਸਦੀ ਨਾਲ ਵਿਆਪਕ ਜਾਨੀ ਨੁਕਸਾਨ ਹੋਇਆ ਅਤੇ ਲੱਖਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਸੀ, ਤਤਕਾਲੀ ਸਥਿਤੀ ’ਚ ਸੰਘ ਦੇ ਨਿਰਸਵਾਰਥ ਸੇਵਕਾਂ ਨੇ ਘਰੋਂ ਬੇਘਰ ਹੋਏ ਲੋਕਾਂ ਦੇ ਮੁੜ-ਵਸੇਬੇ ’ਚ ਅਨੋਖਾ ਯੋਗਦਾਨ ਦਿੱਤਾ।

ਵੰਡ ਤੋਂ ਪਹਿਲਾਂ ਵੀ ਦੂਜੇ ਸਰਸੰਘਚਾਲਕ ਸ੍ਰੀ ਗੋਲਵਲਕਰ ਨੇ ਪੰਜਾਬ ਦੇ ਹਿੰਸਾਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਉੱਥੇ ਲੋਕਾਂ ਨੂੰ ਆਤਮ-ਰੱਖਿਆ ਅਤੇ ਰਾਹਤ ਕਾਰਜਾਂ ਲਈ ਸੰਗਠਿਤ ਕੀਤਾ। ਆਜ਼ਾਦੀ ਦੇ ਸਮੇਂ ਵੀ ਸੰਘ ਨੇ ਘੱਟਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਰੱਖਿਆ ’ਚ ਮਦਦ ਕੀਤੀ। ਮਾਰਚ, 1947 ’ਚ ਜਦੋਂ ਮੁਸਲਿਮ ਲੀਗ ਵੱਲੋਂ ਉਕਸਾਈ ਗਈ ਭੀੜ ਸ੍ਰੀ ਹਰਿਮੰਦਰ ਸਾਹਿਬ ਵੱਲ ਵਧੀ, ਤਾਂ ਤਲਵਾਰਾਂ-ਡਾਂਗਾਂ ਨਾਲ ਲੈਸ ਸਵੈਮ-ਸੇਵਕਾਂ ਨੇ ਨਾ ਸਿਰਫ਼ ਉਸ ਦਾ ਸਾਹਮਣਾ ਕੀਤਾ, ਸਗੋਂ ਉਸ ਨੂੰ ਪਿੱਛੇ ਹਟਣ ’ਤੇ ਮਜਬੂਰ ਕੀਤਾ। 3 ਦਿਨ ਬਾਅਦ ਜਦੋਂ ਇਕ ਹੋਰ ਗਿਣਿਆ-ਮਿੱਥਿਆ ਹਮਲਾ ਸ੍ਰੀ ਹਰਿਮੰਦਰ ਸਾਹਿਬ ’ਤੇ ਹੋਇਆ, ਤਦ ਵੀ ਸਵੈਮ-ਸੇਵਕਾਂ ਨੇ ਮਨੁੱਖੀ ਘੇਰਾ ਬਣਾ ਕੇ ਗੁਰੂ ਘਰ ਦੀ ਰੱਖਿਆ ਕੀਤੀ ਅਤੇ ਹਮਲਾਵਰਾਂ ਨੂੰ ਭਜਾਇਆ।

1984 ’ਚ ਜਦੋਂ ਸਿੱਖ ਵਿਰੋਧੀ ਦੰਗੇ ਭੜਕੇ ਅਤੇ ਹਜ਼ਾਰਾਂ ਸਿੱਖਾਂ ਦਾ ਕਤਲ ਕੀਤਾ ਗਿਆ, ਤਦ ਸੰਘ ਸਵੈਮ-ਸੇਵਕ ਸਿੱਖਾਂ ਦੀ ਰੱਖਿਆ ਲਈ ਸਭ ਤੋਂ ਅੱਗੇ ਸਨ। ਲੇਖਕ ਖੁਸ਼ਵੰਤ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹਿੰਦੂ-ਸਿੱਖ ਏਕਤਾ ਬਣਾਈ ਰੱਖਣ ’ਚ ਸੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ।

ਭਾਰਤ ਦਾ ਏਕੀਕਰਨ ਅਤੇ ਸੰਘ : ਜਦੋਂ ਪਾਕਿਸਤਾਨ ਸਮਰਥਿਤ ਕਬਾਇਲੀ ਹਮਲਾਵਰਾਂ ਨੇ ਜੰਮੂ-ਕਸ਼ਮੀਰ ’ਤੇ ਹਮਲਾ ਕੀਤਾ, ਤਾਂ ਸਰਦਾਰ ਪਟੇਲ ਨੇ ਮਹਾਰਾਜਾ ਹਰੀ ਸਿੰਘ ਨੂੰ ਰਲੇਵੇਂ ਲਈ ਤਿਆਰ ਕਰਨ ਹੇਠ ਦੂਜੇ ਸਰਸੰਘਚਾਲਕ ਗੁਰੂ ਜੀ ਦੀ ਮਦਦ ਮੰਗੀ। ਗੁਰੂ ਜੀ ਨੇ ਸ੍ਰੀਨਗਰ ਜਾ ਕੇ ਹਰੀ ਸਿੰਘ ਨੂੰ ਤੁਰੰਤ ਰਲੇਵੇਂ ਲਈ ਮਨਾਉਣ ਦਾ ਯਤਨ ਕੀਤਾ। ਆਰ. ਐੱਸ. ਐੱਸ. ਸਵੈਮ- ਸੇਵਕਾਂ ਨੇ 1947-48 ਦੇ ਯੁੱਧ ਦੌਰਾਨ ਫ਼ੌਜ ਦੀ ਸਹਾਇਤਾ ਕੀਤੀ। ਨਾਲ ਹੀ ਮੀਰਪੁਰ ਅਤੇ ਮੁਜ਼ੱਫਰਾਬਾਦ ਤੋਂ ਭੱਜੇ ਪਨਾਹਗੀਰਾਂ ਲਈ ਰਾਹਤ ਕਾਰਜਾਂ ਦੇ ਪ੍ਰਬੰਧ ਸੰਭਾਲੇ। 1954 ’ਚ ਸਵੈਮ-ਸੇਵਕਾਂ ਨੇ ਦਾਦਰਾ ਅਤੇ ਨਗਰ ਹਵੇਲੀ ਨੂੰ ਪੁਰਤਗਾਲੀ ਸ਼ਾਸਨ ਤੋਂ ਮੁਕਤ ਕਰਵਾਉਣ ’ਚ ਮੋਹਰੀ ਭੂਮਿਕਾ ਨਿਭਾਈ। ਪੁਰਤਗਾਲੀ ਫੌਜੀਆਂ ਦੀ ਗੋਲੀਬਾਰੀ ’ਚ ਕਈ ਸਵੈਮ-ਸੇਵਕਾਂ ਨੇ ਜਾਨਾਂ ਵਾਰ ਦਿੱਤੀਆਂ।

ਐਮਰਜੈਂਸੀ ਅਤੇ ਸੰਘ : ਐਮਰਜੈਂਸੀ ਦੇ ਵਿਰੁੱਧ ਲੱਖਾਂ ਸਵੈਮ-ਸੇਵਕ ਸੰਗਠਿਤ ਹੋ ਕੇ ਸੰਵਿਧਾਨ ਦੀ ਰੱਖਿਆ ਲਈ ਖੜ੍ਹੇ ਹੋਏ। ਉਸ ਸਮੇਂ ਜਦੋਂ ਲੋਕਾਂ ਅਤੇ ਸੰਸਥਾਵਾਂ ਨੂੰ ਸਿਰਫ ਝੁਕਣ ਲਈ ਕਿਹਾ ਜਾਂਦਾ ਸੀ, ਉਦੋਂ ਸੰਘ ਦੇ ਅਣਗਿਣਤ ਵਰਕਰ ਤਾਨਾਸ਼ਾਹੀ ਦੇ ਵਿਰੁੱਧ ਖੜ੍ਹੇ ਹੋਏ ਅਤੇ ਲੋਕਾਂ ਨੂੰ ਇਕ ਲੋਕਤੰਤਰਿਕ ਬਦਲ ਪ੍ਰਦਾਨ ਕਰਨ ਲਈ ਕੰਮ ਕੀਤਾ।

ਆਰ. ਐੱਸ. ਐੱਸ. ਅਤੇ ਗਾਂਧੀ : ਸੰਘ ਨੂੰ ਮਹਾਤਮਾ ਗਾਂਧੀ ਜੀ ਦੇ ਨਾਂ ’ਤੇ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਹੈ। ਮਹਾਤਮਾ ਗਾਂਧੀ ਅਤੇ ਆਰ. ਐੱਸ. ਐੱਸ. ਦੇ ਵਿਚਕਾਰ ਕੁਝ ਵਿਚਾਰਧਾਰਕ ਮਤਭੇਦ ਜ਼ਰੂਰ ਰਹੇ ਪਰ ਕਦੇ ਵੈਰ ਦਾ ਭਾਵ ਨਹੀਂ ਰਿਹਾ। 1934 ’ਚ ਗਾਂਧੀ ਜੀ ਨੇ ਵਰਧਾ ’ਚ ਆਰ. ਐੱਸ. ਐੱਸ. ਦੇ ਇਕ ਕੈਂਪ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸੰਘ ਦੇ ‘ਅਨੁਸ਼ਾਸਨ, ਛੂਆ-ਛਾਤ ਦੀ ਪੂਰਨ ਅਣਹੋਂਦ ਅਤੇ ਉੱਚ ਸਾਦਗੀ’ ਦੀ ਸ਼ਲਾਘਾ ਕੀਤੀ। 16 ਸਤੰਬਰ, 1947 ਨੂੰ ਗਾਂਧੀ ਜੀ ਨੇ ਦਿੱਲੀ ’ਚ ਆਰ.ਐੱਸ.ਐੱਸ. ਦੀ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਸੰਘ ਦੀ ਸੇਵਾ ਅਤੇ ਬਲਿਦਾਨ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ। 30 ਜਨਵਰੀ, 1948 ਨੂੰ ਗਾਂਧੀ ਜੀ ਦੇ ਕਤਲ ਤੋਂ ਬਾਅਦ ਆਰ.ਐੱਸ.ਐੱਸ. ਨੇ ਸ਼ਰਧਾਂਜਲੀ ਵਜੋਂ ਆਪਣੀਆਂ ਸਾਰੀਆਂ ਸ਼ਾਖਾਵਾਂ 13 ਦਿਨਾਂ ਲਈ ਮੁਲਤਵੀ ਕਰ ਦਿੱਤੀਆਂ ਸਨ। ਅਜਿਹਾ ਸੰਘ ਦੇ ਇਤਿਹਾਸ ’ਚ ਸਿਰਫ਼ ਇਕ ਵਾਰ ਹੋਇਆ ਹੈ।

ਸੁਖਦੇਵ ਵਸ਼ਿਸ਼ਟ


author

Rakesh

Content Editor

Related News