ਮੋਬਾਈਲ ਦੀ ਦੁਨੀਆ ਰੰਗੀਨ, ਪਰ ਹੱਦ ’ਚ ਹੀ ਚੰਗਾ
Monday, Mar 02, 2026 - 04:34 PM (IST)
ਪਿਛਲੇ ਲੇਖ ’ਚ ਮੈਂ ਛੋਟੇ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਬਾਰੇ ਲਿਖਿਆ ਸੀ, ਅੱਜ ਮੈਂ 5-15 ਸਾਲ ਤੱਕ ਦੇ ਬੱਚਿਆਂ ਬਾਰੇ ਲਿਖ ਰਹੀ ਹਾਂ, ਜੋ ਮੋਬਾਈਲ ਦੇ ਇੰਨੇ ਆਦੀ ਹੋ ਚੁੱਕੇ ਹਨ ਕਿ ਖੇਡਣਾ-ਕੁੱਦਣਾ ਤਾਂ ਦੂਰ ਦੀ ਗੱਲ, ਘਰ ਦੇ ਇਕ ਕੋਨੇ ’ਚ ਬੈਠ ਕੇ ਮੋਬਾਈਲ ’ਤੇ ਗੇਮ ਖੇਡਣ ਅਤੇ ਜਿੱਤਣ ਨੂੰ ਹੀ ਆਪਣੀ ਬਹੁਤ ਵੱਡੀ ਉਪਲਬਧੀ ਮੰਨਦੇ ਹਨ। ਬੱਚੇ ਉਮਰ ਤੋਂ ਪਹਿਲਾਂ ਹੀ ਜਵਾਨ ਹੋ ਰਹੇ ਹਨ, ਉਨ੍ਹਾਂ ਨੂੰ ਉਹ ਸਭ ਪਤਾ ਹੈ, ਜੋ ਉਨ੍ਹਾਂ ਨੂੰ ਇਸ ਉਮਰ ’ਚ ਨਹੀਂ ਪਤਾ ਹੋਣਾ ਚਾਹੀਦਾ। ਇਹੀ ਕਾਰਨ ਹੈ ਕਿ ਸਮਾਜ ’ਚ ਅੱਜ ਜੇਕਰ ਦੇਖਿਆ ਜਾਵੇ ਤਾਂ ਆਪਣੇ ਵੱਡਿਆਂ ਲਈ ਅਪਮਾਨ, ਮਾਰ-ਕੁੱਟ, ਧੋਖਾਧੜੀ ਸਭ ਕੁਝ ਇਸ ਮੋਬਾਈਲ ਦੀ ਹੀ ਦੇਣ ਹੈ।
ਬੱਚਿਆਂ ਨੂੰ ਆਨਲਾਈਨ ਕਲਾਸਾਂ ਲਈ ਮੋਬਾਈਲ ਦੇਣ ਦੀ ਸ਼ੁਰੂਆਤ ਸਕੂਲ ਤੋਂ ਹੀ ਕੀਤੀ ਜਾਂਦੀ ਹੈ। ਹੌਲੀ-ਹੌਲੀ ਬੱਚੇ ਇਸ ਨੂੰ ਆਪਣੀ ਆਦਤ ਬਣਾ ਲੈਂਦੇ ਹਨ ਅਤੇ ਮਾਂ-ਬਾਪ ਵੀ ਮਜਬੂਰ ਹੋ ਜਾਂਦੇ ਹਨ। ਬੱਚਿਆਂ ’ਚ ਹੁਣ ਉਹ ਸਿੱਖਣ-ਖੇਡਣ ਦਾ ਉਤਸ਼ਾਹ ਹੌਲੀ-ਹੌਲੀ ਖ਼ਤਮ ਹੋ ਰਿਹਾ ਹੈ। ਕਿਸੇ ਵੀ ਚੀਜ਼ ਦੀ ਲੋੜ ਤੋਂ ਵੱਧ ਵਰਤੋਂ ਵਿਨਾਸ਼ ਵੱਲ ਹੀ ਲੈ ਕੇ ਜਾਂਦੀ ਹੈ। ਭਾਰਤ ’ਚ ਮੋਬਾਈਲ ਦੀ ਬਹੁਤ ਜ਼ਿਆਦਾ ਵਰਤੋਂ ਕਾਰਨ ਬੱਚਿਆਂ ’ਚ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ। ਜ਼ਿਆਦਾ ਸਕ੍ਰੀਨ ਸਮੇਂ ਕਾਰਨ ਬੱਚਿਆਂ ’ਚ ਇਕਾਗਰਤਾ ਦੀ ਕਮੀ, ਮਾਨਸਿਕ ਥਕਾਵਟ ਅਤੇ ਡਿਪ੍ਰੈਸ਼ਨ ਵਰਗੀਆਂ ਸਮੱਸਿਆਵਾਂ ਗੰਭੀਰ ਰੂਪ ਲੈ ਰਹੀਆਂ ਹਨ।
ਬੱਚੇ ਹੀ ਕੱਲ ਦਾ ਭਵਿੱਖ ਹਨ। ਜੇਕਰ ਇਸ ਸਭ ਨੂੰ ਨਾ ਰੋਕਿਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੋਬਾਈਲ ਦਾ ਇਹ ਜ਼ਹਿਰ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਤੋਂ ਦੂਰ ਅਤੇ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਕਰ ਸਕਦਾ ਹੈ। ਇਨ੍ਹਾਂ ਸਭ ਵਿਸ਼ਿਆਂ ਨੂੰ ਦੇਖਦੇ ਹੋਏ ਕੁਝ ਦੇਸ਼ਾਂ ਨੇ ਨੌਜਵਾਨਾਂ ਅਤੇ ਬੱਚਿਆਂ ਲਈ ਇੰਟਰਨੈੱਟ, ਖਾਸ ਕਰਕੇ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਫੇਸਬੁੱਕ, ਇੰਸਟਾਗ੍ਰਾਮ, ਟਿਕ-ਟੌਕ, ਸਨੈਪਚੈਟ, ਟਵਿੱਟਰ, ਯੂ-ਟਿਊਬ ਵਰਗੇ ਪਲੇਟਫਾਰਮ ਸ਼ਾਮਲ ਹਨ। ਇਕ-ਦੂਜੇ ਤੋਂ ਵਧੀਆ ਦਿਸਣ ਦੀ ਦੌੜ ’ਚ ਆਪਣੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ’ਤੇ ਪਾ ਕੇ ਕਿੰਨੇ ਹੀ ਗੰਭੀਰ ਹਾਲਾਤ ਨੂੰ ਸੱਦਾ ਦਿੱਤਾ ਜਾਂਦਾ ਹੈ, ਜਿਸ ਨਾਲ ਪੈਸੇ ਅਤੇ ਸਮੇਂ ਦੀ ਤਾਂ ਦੁਰਵਰਤੋਂ ਹੁੰਦੀ ਹੀ ਹੈ, ਪਰ ਸਰੀਰਕ ਅਤੇ ਮਾਨਸਿਕ ਮਾੜੇ ਪ੍ਰਭਾਵ ਵੀ ਝੱਲਣੇ ਪੈ ਜਾਂਦੇ ਹਨ, ਜਿਸ ਨਾਲ ਬੱਚਿਆਂ ’ਚ ਚਿੜਚਿੜਾਪਨ, ਤਣਾਅ ਅਤੇ ਇਕੱਲਾਪਣ ਵਧ ਜਾਂਦਾ ਹੈ।
ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ’ਤੇ ਨਿਗਰਾਨੀ ਰੱਖਣ। ਸਕੂਲ ’ਚ ਵੀ ਅਤੇ ਘਰਾਂ ’ਚ ਵੀ ਉਨ੍ਹਾਂ ਨੂੰ ਖੇਡ-ਕੁੱਦ, ਪੁਸਤਕਾਂ ਪੜ੍ਹਨ ਅਤੇ ਰਚਨਾਤਮਕ ਗਤੀਵਿਧੀਆਂ ਲਈ ਪ੍ਰੇਰਿਤ ਕਰਨ। ਸਰਕਾਰ ਅਤੇ ਸਮਾਜ ਦੋਵਾਂ ਦੀ ਹੀ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸਹੀ ਦਿਸ਼ਾ ’ਚ ਇੰਟਰਨੈੱਟ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਅਤੇ ਇਸ ’ਚ ਮਾਂ-ਬਾਪ ਅਤੇ ਟੀਚਰ ਦੀ ਜ਼ਿਆਦਾ ਹਿੱਸੇਦਾਰੀ ਰਹੇਗੀ। ਸ਼ੁਰੂ ਤੋਂ ਹੀ ਸਕੂਲਾਂ ’ਚ ਬੱਚਿਆਂ ਨੂੰ ਖੇਡਣ ਅਤੇ ਪੁਸਤਕਾਂ ਪੜ੍ਹਨ ਵੱਲ ਧਿਆਨ ਦੇਣਾ ਸਿਖਾਇਆ ਜਾਣਾ ਚਾਹੀਦਾ ਹੈ।
ਬੱਚਾ ਤਾਂ ਫੁੱਲ ਵਾਂਗ ਕੋਮਲ ਹੈ, ਉਸ ਨੂੰ ਆਨਲਾਈਨ ਕਲਾਸਾਂ ਦਾ ਸਹਾਰਾ ਦੇ ਕੇ ਮੋਬਾਈਲ ਵਰਗੇ ਜ਼ਹਿਰ ਤੋਂ ਦੂਰ ਰੱਖਣਾ ਹੋਵੇਗਾ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਹੌਲੀ-ਹੌਲੀ ਜਿਵੇਂ-ਜਿਵੇਂ ਉਹ ਵੱਡਾ ਹੁੰਦਾ ਜਾਵੇਗਾ, ਆਪਣਾ ਇੰਨਾ ਸਰੀਰਕ ਅਤੇ ਮਾਨਸਿਕ ਨੁਕਸਾਨ ਕਰ ਚੁੱਕਾ ਹੋਵੇਗਾ, ਜਿਸ ਨੂੰ ਕਦੇ ਵੀ ਸੁਧਾਰਿਆ ਨਹੀਂ ਜਾ ਸਕਦਾ। ਅੱਤ ਹਰ ਚੀਜ਼ ਦੀ ਮਾੜੀ ਹੁੰਦੀ ਹੈ। ਅੱਲ੍ਹੜਾਂ ਨੂੰ ਵੀ ਇਹ ਗੱਲ ਸਮਝਣੀ ਹੋਵੇਗੀ। ਮੋਬਾਈਲ ਦੀ ਦੁਨੀਆ ਰੰਗੀਨ ਸਹੀ, ਪਰ ਹੱਦ ’ਚ ਹੀ ਚੰਗਾ ਹੈ। ਬੱਚਿਆਂ ਅਤੇ ਅੱਲ੍ਹੜਾਂ ਦਾ ਸਮਾਂ ਅਨਮੋਲ ਹੈ, ਇਸ ਲਈ ਸੰਤੁਲਨ ਹੀ ਚੰਗਾ ਹੈ।
—ਸਵਿਤਾ ਪੱਬੀ
