ਪੰਜਾਬ ਕਾਂਗਰਸ ਦੀ ‘ਨਵੀਂ ਇਕਜੁੱਟਤਾ’ : ਹੁਣ ਨਜ਼ਰਾਂ 2027 ’ਤੇ
Thursday, Feb 19, 2026 - 05:44 PM (IST)
ਪੰਜਾਬ ਦੀ ਸਿਆਸਤ ਦੇ ਉਤਾਰ-ਚੜ੍ਹਾਅ ਭਰੇ ਅਖਾੜੇ ’ਚ ਭਾਰਤੀ ਰਾਸ਼ਟਰੀ ਕਾਂਗਰਸ ਨੇ ਦਬਾਅ ਵਿਚਕਾਰ ਇਕਜੁੱਟ ਹੋਣ ਦੀ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ; ਠੀਕ ਉਸੇ ਤਰ੍ਹਾਂ ਜਿਵੇਂ ਕੋਈ ਪਰਿਵਾਰ ਤੂਫ਼ਾਨ ਦੇ ਦੌਰਾਨ ਇਕੱਠੇ ਖੜ੍ਹਾ ਹੋ ਜਾਂਦਾ ਹੈ। ਇਹ ਪੂਰੀ ਕਹਾਣੀ ਇਕ ਵਾਰ ਫਿਰ 16 ਫਰਵਰੀ, 2026 ਨੂੰ ਸਾਹਮਣੇ ਆਈ; ਜਦੋਂ ਪੰਜਾਬ ਕਾਂਗਰਸ ਦੇ ਪ੍ਰਮੁੱਖ ਨੇਤਾ ਰਣਨੀਤਕ ਮੀਟਿੰਗਾਂ ਲਈ ਚੰਡੀਗੜ੍ਹ ’ਚ ਪ੍ਰਤਾਪ ਸਿੰਘ ਬਾਜਵਾ ਦੇ ਘਰ ਇਕੱਠੇ ਹੋਏ।
ਪੰਜਾਬ ਵਿਧਾਨ ਸਭਾ ’ਚ ਮੌਜੂਦਾ ਵਿਰੋਧੀ ਧਿਰ ਦੇ ਨੇਤਾ ਬਾਜਵਾ ਵੱਲੋਂ ਆਯੋਜਿਤ ਇਸ ਸਭਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕਜੁੱਟਤਾ ਦਾ ਇਕ ਸ਼ਕਤੀਸ਼ਾਲੀ ਸੰਕੇਤ ਦਿੱਤਾ।
ਬਾਜਵਾ; ਜੋ ਅਪ੍ਰੈਲ 2022 ਤੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲ ਰਹੇ ਇਕ ਤਜਰਬੇਕਾਰ ਸਿਆਸਤਦਨ ਹਨ; ਨੇ ਹਾਲੀਆ ਅੰਦਰੂਨੀ ਕਲੇਸ਼ ਦੇ ਵਿਚਕਾਰ ਮਤਭੇਦਾਂ ਨੂੰ ਸੁਲਝਾਉਣ ਲਈ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ। ਹਾਜ਼ਰ ਲੋਕਾਂ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੂਰਬੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਸਰਕਾਰੀਆ, ਓਮ ਪ੍ਰਕਾਸ਼ ਸੋਨੀ ਅਤੇ ਜਸਬੀਰ ਸਿੰਘ ਡਿੰਪਾ ਵਰਗੀਆਂ ਕਈ ਸ਼ਖਸੀਅਤਾਂ ਸ਼ਾਮਲ ਸਨ। ਇਹ ਬੈਠਕ ਪਾਰਟੀ ਦੇ ਇਤਿਹਾਸਕ ਪੈਟਰਨ ਨੂੰ ਦੁਹਰਾਉਂਦੀ ਹੈ— ਜਦੋਂ ਦਾਅ ਉਚੇ ਹੁੰਦੇ ਹਨ, ਤਾਂ ਅੰਦਰੂਨੀ ਵਿਰੋਧਤਾ ਇਕਜੁੱਟਤਾ ’ਚ ਬਦਲ ਜਾਂਦੀ ਹੈ।
ਜੇਕਰ 2024 ਦੀਆਂ ਲੋਕ ਸਭਾ ਚੋਣਾਂ ’ਤੇ ਨਜ਼ਰ ਮਾਰੀਏ, ਜਿੱਥੇ ਪੰਜਾਬ ਦੀਆਂ 13 ਸੰਸਦੀ ਸੀਟਾਂ ’ਤੇ ਸਖਤ ਮੁਕਾਬਲਾ ਸੀ, ਤਾਂ ਟਿਕਟ ਵੰਡ ਦੇ ਦੌਰਾਨ ਕਾਂਗਰਸ ਦੇ ਦਾਅਵੇਦਾਰਾਂ ’ਚ ਤਿੱਖੀ ਝੜਪ ਹੋਈ ਸੀ ਪਰ ਇਕ ਵਾਰ ਜਦੋਂ ਹਾਈਕਮਾਂਡ ਨੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਦਿੱਤਾ, ਤਾਂ ਉਹ ਇਕਜੁੱਟ ਹੋ ਗਏ ਅਤੇ 7 ਸੀਟਾਂ ਹਾਸਲ ਕੀਤੀਆਂ, ਜੋ ਕਿ ਸਭ ਤੋਂ ਵੱਧ ਗਿਣਤੀ ਸੀ। ਆਮ ਆਦਮੀ ਪਾਰਟੀ (ਆਪ) ਨੂੰ 3, ਸ਼੍ਰੋਮਣੀ ਅਕਾਲੀ ਦਲ ਨੂੰ 1 ਅਤੇ ਆਜ਼ਾਦ ਉਮੀਦਵਾਰਾਂ ਨੂੰ 2 ਸੀਟਾਂ ਮਿਲੀਆਂ; ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹਿਆ।
ਇਹ ਜਿੱਤ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਯਾਦ ਦਿਵਾਉਂਦੀ ਹੈ, ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਨੇ 117 ’ਚੋਂ 77 ਸੀਟਾਂ ’ਤੇ ਜਿੱਤ ਹਾਸਲ ਕਰ ਕੇ ਸਰਕਾਰ ਬਣਾਈ ਸੀ। ਕੈਪਟਨ ਅਮਰਿੰਦਰ ਸਿੰਘ; ਜੋ ਕਾਂਗਰਸ ਵੱਲੋਂ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ (2002-07 ਅਤੇ 2017-21) ਰਹੇ; ਉਨ੍ਹਾਂ ਨੇ ਨਵਜੋਤ ਸਿੱਧੂ ਨਾਲ ਵਿਵਾਦ ਅਤੇ ਖੁਦ ਨੂੰ ਦਰਕਿਨਾਰ ਕੀਤੇ ਜਾਣ ਤੋਂ ਬਾਅਦ ਸਤੰਬਰ 2021 ’ਚ ਪਾਰਟੀ ਛੱਡ ਦਿੱਤੀ ਸੀ। ਉਨ੍ਹਾਂ ਨੇ ਅਕਤੂਬਰ 2021 ’ਚ ‘ਪੰਜਾਬ ਲੋਕ ਕਾਂਗਰਸ’ ਬਣਾਈ; 2022 ਦੀਆਂ ਚੋਣਾਂ ਲਈ ਭਾਜਪਾ ਨਾਲ ਗੱਠਜੋੜ ਕੀਤਾ; ਅਤੇ ਫਿਰ 19 ਸਤੰਬਰ, 2022 ਨੂੰ ਆਪਣੀ ਪਾਰਟੀ ਦਾ ਭਾਜਪਾ ’ਚ ਵਿਲੈ ਕਰ ਦਿੱਤਾ ਅਤੇ ਅਧਿਕਾਰਤ ਤੌਰ ’ਤੇ ਉਨ੍ਹਾਂ ’ਚ ਸ਼ਾਮਲ ਹੋ ਗਏ।
‘ਡਿਨਰ ਡਿਪਲੋਮੇਸੀ’ (ਭੋਜਨ ਦੀ ਰਾਜਨੀਤੀ) ਭਾਰਤੀ ਰਾਜਨੀਤੀ ’ਚ ਇਕ ਸਮੇਂ ਤੋਂ ਮਾਨਤਾ ਪ੍ਰਾਪਤ ਰਣਨੀਤੀ ਹੈ, ਜੋ ਜਨਤਕ ਚਕਾਚੌਂਧ ਤੋਂ ਦੂਰ ਗੱਠਜੋੜ ਬਣਾਉਣ ਅਤੇ ਦਰਾਰਾਂ ਨੂੰ ਭਰਨ ਲਈ ਸਾਂਝੇ ਭੋਜਨ ਦੀ ਆਤਮੀਅਤਾ ਦਾ ਲਾਭ ਉਠਾਉਂਦੀ ਹੈ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਲੋਚਕਾਂ ਨੂੰ ਪੰਜਾਬੀ ਪਕਵਾਨਾਂ, ਜਿਵੇਂ ਕਿ ਮੱਖਣ ਵਾਲਾ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ’ਤੇ ਸੱਦਾ ਦੇ ਕੇ ਇਸ ਪ੍ਰੋਗਰਾਮ ਨੇ ਇਕਜੁੱਟਤਾ ਦਾ ਇਕ ਅਜਿਹਾ ਨੈਰੇਟਿਵ ਬੁਣਿਆ ਜੋ ਗੁੱਟਬੰਦੀ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ। ਇਹ ਨੇਤਾਵਾਂ ਦੇ ਮਨੁੱਖੀ ਪੱਖ ਨੂੰ ਸਾਹਮਣੇ ਲਿਆ ਕੇ ਕੰਮ ਕਰਦਾ ਹੈ, ਜਿਸ ਨਾਲ ‘ਆਫ-ਦਿ-ਰਿਕਾਰਡ’ ਗੱਲਬਾਤ ਦੇ ਜ਼ਰੀਏ ਹੰਕਾਰ ਨੂੰ ਸੁਲਝਾਉਣ ਅਤੇ ਰਣਨੀਤੀ ਬਣਾਉਣ ’ਚ ਮਦਦ ਮਿਲਦੀ ਹੈ; ਜਦਕਿ ਲੀਕ ਹੋਈਆਂ ਤਸਵੀਰਾਂ ਜਾਂ ਬਿਆਨ ਮੀਡੀਆ ’ਚ ‘ਸਭ ਠੀਕ ਹੈ’ ਦੀ ਕਹਾਣੀ ਨੂੰ ਪੁਖ਼ਤਾ ਕਰਦੇ ਹਨ, ਜਿਸ ਨਾਲ ਵਰਕਰਾਂ ਦਾ ਮਨੋਬਲ ਅਤੇ ਵੋਟਰਾਂ ਦਾ ਵਿਸ਼ਵਾਸ ਵਧਦਾ ਹੈ।
ਭੋਜ ਦੌਰਾਨ ਛਣ ਕੇ ਆਈਆਂ ਗੱਲਾਂ ਨੇ ਮਾਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ। ਹਲਕੀ-ਫੁਲਕੀ ਗੱਪਸ਼ੱਪ ਹੋਈ, ਜਿਵੇਂ ਵੜਿੰਗ ਦੇ ਅੰਦਾਜ਼ ’ਤੇ ਚੁਟਕਲੇ ਅਤੇ ਚੰਨੀ ਵੱਲੋਂ ਵਿਰੋਧੀ ਧਿਰ ਦੀ ਸੀਟ ਨੂੰ ਲੈ ਕੇ ਕੀਤਾ ਗਿਆ ਮਜ਼ਾਕ। ਇਹ ਸਭ ਚੰਗੇ ਹਾਸੇ-ਮਜ਼ਾਕ ’ਚ ਹੋਇਆ, ਜਿਸ ਨਾਲ ਪੁਰਾਣੇ ਤਣਾਅ ਨੂੰ ਘੱਟ ਕਰਨ ’ਚ ਮਦਦ ਮਿਲੀ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਅਜਿਹੀ ਦੋਸਤਾਨਾ ਗੱਲਬਾਤ ਦਿਖਾਉਂਦੀ ਹੈ ਕਿ ਕਿਵੇਂ ਇਕ ਸਾਧਾਰਨ ਭੋਜਨ ਝਗੜਿਆਂ ਨੂੰ ਦੋਸਤੀ ’ਚ ਬਦਲ ਸਕਦਾ ਹੈ ਅਤੇ ਪਾਰਟੀ ਦੀਆਂ ਭਵਿੱਖ ਦੀਆਂ ਲੜਾਈਆਂ ਲਈ ਇਕਜੁੱਟਤਾ ਦੀ ਇਕ ਮਜ਼ਬੂਤ ਕਹਾਣੀ ਲਿਖ ਸਕਦਾ ਹੈ।
ਅੱਜ, 2022 ’ਚ ਚੁਣੀ ਗਈ ਪੰਜਾਬ ਵਿਧਾਨ ਸਭਾ ’ਚ ਕਾਂਗਰਸ 16 ਸੀਟਾਂ ਦੇ ਨਾਲ ਅਧਿਕਾਰਤ ਵਿਰੋਧੀ ਧਿਰ ਹੈ, ਜਦਕਿ ‘ਆਪ’ ਕੋਲ 94 ਸੀਟਾਂ ਦਾ ਭਾਰੀ ਬਹੁਮਤ ਹੈ। ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ’ਤੇ ਇਕਜੁੱਟਤਾ ਦਾ ਹਾਲੀਆ ਪ੍ਰਦਰਸ਼ਨ ਕਿਸੇ ਵੀ ਸੱਤਾ-ਵਿਰੋਧੀ ਲਹਿਰ (ਐਂਟੀ-ਇਨਕੰਬੈਂਸੀ) ਦਾ ਲਾਭ ਉਠਾਉਣ ਦੇ ਪਾਰਟੀ ਦੇ ਸੰਕਲਪ ਨੂੰ ਦਰਸਾਉਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜਿਵੇਂ-ਜਿਵੇਂ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਣਗੀਆਂ, ਇਹ ਨਵੀਂ ਇਕਜੁੱਟਤਾ ਅੰਤਰ ਨੂੰ ਪੂਰਨ ਅਤੇ ‘ਆਪ’ ਦੇ ਗੜ੍ਹ ਨੂੰ ਸਖਤ ਚੁਣੌਤੀ ਦੇਣ ’ਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
ਜਿਵੇਂ ਕਿ ਬਾਜਵਾ ਦੀ ਡਿਨਰ ਡਿਪਲੋਮੇਸੀ ਉਜਾਗਰ ਕਰਦੀ ਹੈ, ਜਦੋਂ ‘ਦਬਾਅ ਵਧਦਾ ਹੈ’ ਤਾਂ ਪੰਜਾਬ ਕਾਂਗਰਸ ਘੜੀ ਦੀ ਸੂਈ ਦੀ ਵਾਂਗ ਇਕੱਠੀ ਖੜ੍ਹੀ ਹੋ ਜਾਂਦੀ ਹੈ। ਹੁਣ ਸਾਰਿਆਂ ਦੀਆਂ ਨਿਗਾਹਾਂ 2027 ’ਤੇ ਟਿਕੀਆਂ ਹਨ, ਜਿੱਥੇ ਇਹ ਇਕਜੁੱਟਤਾ ਸੱਤਾ ’ਚ ਜੇਤੂ ਵਾਪਸੀ ਦੀ ਸਕ੍ਰਿਪਟ ਲਿਖ ਸਕਦੀ ਹੈ ਅਤੇ ਰਾਜ ਦੇ ਸਿਆਸੀ ਸਿੰਘਾਸਨ ’ਤੇ ਫਿਰ ਤੋਂ ਦਾਅਵਾ ਕਰ ਸਕਦੀ ਹੈ। ਆਉਣ ਵਾਲਾ ਸਾਲ ਇਹ ਪ੍ਰੀਖਣ ਕਰੇਗਾ ਕਿ ਕੀ ਕਾਂਗਰਸ ਅੰਦਰੂਨੀ ਇਕਜੁੱਟਤਾ ਨੂੰ ਚੋਣ ਗਤੀ ’ਚ ਬਦਲ ਸਕਦੀ ਹੈ ਅਤੇ ਪੰਜਾਬ ਦੀ ਰਾਜਨੀਤੀ ’ਚ ਆਪਣਾ ਇਤਿਹਾਸਕ ਪ੍ਰਭਾਵ ਵਾਪਸ ਲਿਅਾ ਸਕਦੀ ਹੈ।
-ਰਵਿੰਦਰ ਸਿੰਘ ਰੌਬਿਨ
