ਭਾਰਤ ਪਰਿਵਾਰ ਹੈ : ਭਵਿੱਖ ਬਹੁਤ ਉੱਜਵਲ
Thursday, Feb 05, 2026 - 04:36 PM (IST)
ਜਦੋਂ ਮੈਂ 2013 ’ਚ ਅਮਰੀਕਾ ’ਚ ਇਜ਼ਰਾਈਲ ਦਾ ਰਾਜਦੂਤ ਬਣਿਆ, ਤਾਂ ਮੈਂ ਅਤੇ ਮੇਰੀ ਪਤਨੀ 5 ਬੱਚਿਆਂ ਨਾਲ ਵਾਸ਼ਿੰਗਟਨ ਡੀ. ਸੀ. ਪਹੁੰਚੇ, ਜਿਨ੍ਹਾਂ ਦੀ ਉਮਰ 10 ਸਾਲ ਤੋਂ ਘੱਟ ਸੀ। ਇਨ੍ਹਾਂ ’ਚ ਇਕ 2 ਸਾਲ ਦਾ ਲੜਕਾ ਅਤੇ 4 ਮਹੀਨੇ ਦੀ ਇਕ ਬੱਚੀ ਵੀ ਸ਼ਾਮਲ ਸੀ।
ਅਸੀਂ ਇਕ ‘ਓ ਪੇਅਰ’ (ਦੇਖਭਾਲ ਸਹਾਇਕ) ਨਿਯੁਕਤ ਕਰਨ ਦੀ ਉਮੀਦ ਕਰ ਰਹੇ ਸੀ, ਤਾਂ ਜੋ ਮੇਰੀ ਪਤਨੀ ਰਾਜਦੂਤ ਦੀ ਪਤਨੀ ਹੋਣ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਅ ਸਕੇ। ਇਨ੍ਹਾਂ ਜ਼ਿੰਮੇਵਾਰੀਆਂ ’ਚ ਸਾਡੇ ਸਰਕਾਰੀ ਨਿਵਾਸ ’ਤੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨਾ, ਵਾਸ਼ਿੰਗਟਨ ਡੀ. ਸੀ. ’ਚ ਵੱਖ-ਵੱਖ ਸਮਾਗਮਾਂ ’ਚ ਭਾਗ ਲੈਣਾ ਅਤੇ ਰਾਜਧਾਨੀ ਤੋਂ ਬਾਹਰ ਦੀਆਂ ਯਾਤਰਾਵਾਂ ’ਚ ਮੇਰੇ ਨਾਲ ਜਾਣਾ ਸ਼ਾਮਲ ਸੀ।
ਸਾਡੇ ਦੂਤਾਵਾਸ ’ਚ ਮੇਰੇ ਇਕ ਸਹਿਕਰਮੀ ਨੇ ਮੈਨੂੰ ਦੱਸਿਆ ਕਿ ਉਸ ਦੇ ਭਾਰਤੀ ‘ਓ ਪੇਅਰ’ ਦੀ ਭੈਣ, ਹੇਲੇਨ ਨਾਂ ਦੀ ਇਕ ਔਰਤ, ਵੀ ਅਮਰੀਕਾ ਆ ਕੇ ਕੰਮ ਕਰਨ ’ਚ ਦਿਲਚਸਪੀ ਰੱਖਦੀ ਹੈ। ਹਾਲਾਂਕਿ ਮੇਰੀ ਪਤਨੀ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਘਰ ਲਿਆਉਣ ਨੂੰ ਲੈ ਕੇ ਚਿੰਤਤ ਸੀ, ਫਿਰ ਵੀ ਅਸੀਂ ਹੇਲੇਨ ’ਤੇ ਭਰੋਸਾ ਕਰਨ ਦਾ ਫੈਸਲਾ ਲਿਆ।
ਹੇਲੇਨ ਸਾਡੇ ਲਈ ਸੱਚਮੁੱਚ ਕਿਸੇ ਵਰਦਾਨ ਤੋਂ ਘੱਟ ਸਾਬਤ ਨਹੀਂ ਹੋਈ-ਉਹ ਇਕ ਬੁੱਧੀਮਾਨ, ਦਿਆਲੂ ਅਤੇ ਭਰੋਸੇਮੰਦ ਔਰਤ ਸੀ, ਜਿਸ ਨੇ ਸਾਡੇ ਬੱਚਿਆਂ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਉਹ ਉਨ੍ਹਾਂ ਦੇ ਆਪਣੇ ਹੋਣ। ਬਹੁਤ ਜਲਦੀ ਹੀ ਮੇਰੀ ਪਤਨੀ ਨੂੰ ਇੰਨਾ ਵਿਸ਼ਵਾਸ ਹੋ ਗਿਆ ਕਿ ਉਹ ਬੱਚਿਆਂ ਨੂੰ ਪੂਰੀ ਤਰ੍ਹਾਂ ਹੇਲੇਨ ਦੀ ਸਮਰੱਥ ਦੇਖਰੇਖ ’ਚ ਛੱਡਣ ਲੱਗੀ। ਹੇਲੇਨ ਨੇ ਸਾਡੇ ਪਰਿਵਾਰ ਦੀ ਸਭ ਤੋਂ ਸਖ਼ਤ ਆਲੋਚਕ, ਮੇਰੀ ਮਾਂ, ਦਾ ਵੀ ਸਨਮਾਨ ਅਤੇ ਵਿਸ਼ਵਾਸ ਹਾਸਲ ਕਰ ਲਿਆ, ਜੋ ਉਸ ਦੀ ਕਾਰਜ-ਨੈਤਿਕਤਾ ਅਤੇ ਸੂਝਬੂਝ ਤੋਂ ਬਹੁਤ ਪ੍ਰਭਾਵਿਤ ਸੀ।
ਪਰ ਸਮੇਂ ਦੇ ਨਾਲ, ਹੇਲੇਨ ਲਈ ਆਪਣੇ ਪਤੀ ਵਿਨੈ ਅਤੇ ਆਪਣੀ ਬੇਟੀ ਰੌਸ਼ਨੀ ਤੋਂ ਦੂਰ ਰਹਿਣਾ ਹੋਰ ਮੁਸ਼ਕਲ ਹੁੰਦਾ ਗਿਆ। ਰੌਸ਼ਨੀ ਸਿਰਫ਼ 12 ਸਾਲ ਦੀ ਸੀ, ਜਦੋਂ ਹੇਲੇਨ ਭਾਰਤ ਛੱਡ ਕੇ ਅਮਰੀਕਾ ਆਈ ਸੀ, ਤਾਂ ਜੋ ਆਪਣੀ ਬੇਟੀ ਲਈ ਇਕ ਬਿਹਤਰ ਭਵਿੱਖ ਯਕੀਨੀ ਬਣਾ ਸਕੇ। ਜਦੋਂ ਵਿਨੈ ਨੂੰ ਰਾਜਦੂਤ ਦੇ ਨਿਵਾਸ ’ਚ ਇਕ ਖਾਲੀ ਅਹੁਦਾ ਮਿਲਿਆ, ਤਾਂ ਹੇਲੇਨ ਦੀ ਕੁਝ ਹੱਦ ਤੱਕ ਘਰ ਦੀ ਯਾਦ ਘੱਟ ਹੋਈ। ਫਿਰ ਵੀ ਆਪਣੀ ਬੇਟੀ ਤੋਂ ਵਿਛੋੜਾ ਪੀੜਾਦਾਇਕ ਬਣਿਆ ਰਿਹਾ, ਭਾਵੇਂ ਕਿ ਉਸ ਦਾ ਕੰਮ ਰੌਸ਼ਨੀ ਦੀ ਨਰਸਿੰਗ ਸਿੱਖਿਆ ਦਾ ਖਰਚਾ ਚੁੱਕਣ ’ਚ ਸਹਾਇਕ ਹੋ ਰਿਹਾ ਸੀ।
ਜਦੋਂ 2021 ’ਚ ਵਾਸ਼ਿੰਗਟਨ ’ਚ ਮੇਰਾ 7 ਸਾਲਾਂ ਤੋਂ ਵੱਧ ਦਾ ਕਾਰਜਕਾਲ ਖ਼ਤਮ ਹੋਇਆ, ਤਾਂ ਅਸੀਂ ਹੇਲੇਨ ਨੂੰ ਪੁੱਛਿਆ ਕਿ ਕੀ ਉਹ ਇਜ਼ਰਾਈਲ ਪਰਤ ਕੇ ਮੇਰੀ ਮਾਂ ਦੀ ਦੇਖਭਾਲ ’ਚ ਸਾਡੀ ਸਹਾਇਤਾ ਕਰਨ ਲਈ ਤਿਆਰ ਹੋਵੇਗੀ, ਜਿਨ੍ਹਾਂ ਨੂੰ ਸਟ੍ਰੋਕ ਆਇਆ ਸੀ? ਹੇਲੇਨ ਨੇ ਇਕ ਵਾਰ ਫਿਰ ਸਹਿਮਤੀ ਦਿੱਤੀ ਅਤੇ ਇਸ ਤਰ੍ਹਾਂ ਫਿਰ ਤੋਂ ਆਪਣੇ ਪਰਿਵਾਰ ਤੋਂ ਦੂਰ ਹੋ ਗਈ।
ਸਾਡੇ ਬੱਚਿਆਂ ਦੀ 7 ਸਾਲਾਂ ਤੱਕ ਦੇਖਭਾਲ ਕਰਨ ਤੋਂ ਬਾਅਦ, ਹੇਲੇਨ ਨੇ ਅਗਲੇ 4 ਸਾਲਾਂ ਤੱਕ ਮੇਰੀ ਮਾਂ ਦੀ ਸੇਵਾ ਕੀਤੀ, ਜਿਨ੍ਹਾਂ ਦਾ ਪਿਛਲੇ ਸਾਲ ਮਈ ’ਚ ਦਿਹਾਂਤ ਹੋ ਗਿਆ। ਮੈਂ ਹਮੇਸ਼ਾ ਇਸ ਗੱਲ ਲਈ ਸ਼ੁਕਰਗੁਜ਼ਾਰ ਰਹਾਂਗਾ ਕਿ ਹੇਲੇਨ ਨੇ ਮੇਰੀ ਮਾਂ ਦੇ ਅੰਤਿਮ ਸਾਲਾਂ ’ਚ ਉਨ੍ਹਾਂ ਨੂੰ ਕਿੰਨੀ ਸ਼ਾਨ ਅਤੇ ਸਨਮਾਨ ਨਾਲ ਸੰਭਾਲਿਆ। 11 ਸਾਲਾਂ ਤੱਕ ਹੇਲੇਨ ਸਾਡੇ ਪਰਿਵਾਰ ਦਾ ਹਿੱਸਾ ਸੀ।
ਇਸ ਲਈ ਜਦੋਂ ਹੇਲੇਨ ਨੇ ਸਾਨੂੰ ਰੌਸ਼ਨੀ ਦੇ ਵਿਆਹ ਲਈ ਭਾਰਤ ਸੱਦਾ ਦਿੱਤਾ, ਤਾਂ ਸਾਡੇ ਮਨ ’ਚ ਕੋਈ ਸ਼ੱਕ ਨਹੀਂ ਸੀ ਕਿ ਅਸੀਂ ਜ਼ਰੂਰ ਉੱਥੇ ਜਾ ਕੇ ਉਨ੍ਹਾਂ ਦੇ ਨਾਲ ਇਸ ਉਤਸਵ ’ਚ ਸ਼ਾਮਲ ਹੋਵਾਂਗੇ। ਇਸੇ ਤਰ੍ਹਾਂ ਮੈਂ, ਮੇਰੀ ਪਤਨੀ ਅਤੇ ਸਾਡੇ 3 ਬੱਚੇ ਕਰਨਾਟਕ ਦੇ ਅਮਟਾਡੀ ਪਿੰਡ ਪਹੁੰਚੇ-ਇਸ ਅਨੋਖੇ ਦੇਸ਼ ਦੀ ਆਪਣੀ ਪਹਿਲੀ ਯਾਤਰਾ ’ਤੇ। ਉਸ 10 ਦਿਨਾਂ ਦੀ ਯਾਤਰਾ ’ਚ ਕਈ ਅਭੁੱਲ ਅਨੁਭਵ ਸ਼ਾਮਲ ਸਨ-ਤਾਜ ਮਹਿਲ ਦੀ ਬੇਮਿਸਾਲ ਸ਼ਾਨ, ਕੂਰਗ ਦੇ ਹਰੇ-ਭਰੇ ਕੌਫ਼ੀ ਬਾਗਾਨ, ਰਾਜਸਥਾਨ ’ਚ ਟਾਈਗਰ ਸਫਾਰੀ, ਮੰਗਲੁਰੂ ਦੀ ਮਨਮੋਹਕ ਜੈਲਕਸ਼ਮੀ ਸਾੜ੍ਹੀ ਦੀ ਦੁਕਾਨ ਅਤੇ ਹਰ ਜਗ੍ਹਾ ਮਿਲੇ ਅਨੋਖੇ ਤੇ ਨਿੱਘੇ ਲੋਕ।
ਮੈਨੂੰ ਸੀਨੀਅਰ ਭਾਰਤੀ ਅਧਿਕਾਰੀਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ, ਜਿਨ੍ਹਾਂ ’ਚ ਤੁਹਾਡੇ ਤਜਰਬੇਕਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਤੁਹਾਡੇ ਅਣਥੱਕ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਸ਼ਾਮਲ ਸਨ। ਅਸੀਂ ਭਾਰਤ ਅਤੇ ਇਜ਼ਰਾਈਲ ਵਿਚਾਲੇ ਮਹਾਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ’ਤੇ ਚਰਚਾ ਕੀਤੀ, ਜੋ ਨਾ ਸਿਰਫ਼ ਦੋ ਆਧੁਨਿਕ ਰਾਸ਼ਟਰ ਹਨ, ਸਗੋਂ ਦੋ ਪ੍ਰਾਚੀਨ ਸੱਭਿਅਤਾਵਾਂ ਵੀ ਹਨ। ਅਸੀਂ ਅੱਤਵਾਦ ਨਾਲ ਲੜਨ ਅਤੇ ਨਵੀਂ ਟੈਕਨਾਲੋਜੀ ਨੂੰ ਅੱਗੇ ਵਧਾਉਣ ’ਚ ਸਹਿਯੋਗ ਨੂੰ ਗੂੜ੍ਹਾ ਕਰਨ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ’ਚ ਭਾਰਤ ਅਤੇ ਇਜ਼ਰਾਈਲ ਵਿਚਾਲੇ ਰਣਨੀਤਕ ਸਾਂਝੇਦਾਰੀ ਬੇਮਿਸਾਲ ਰੂਪ ’ਚ ਫੈਲੇਗੀ।
ਪਰ ਭਾਰਤ ਦੀ ਮੇਰੀ ਪਹਿਲੀ ਯਾਤਰਾ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਅਮਟਾਡੀ ’ਚ ਬਿਤਾਇਆ ਗਿਆ ਸਮਾਂ ਸੀ, ਜਿਸ ਦੀ ਸ਼ੁਰੂਆਤ ਵੀਰਵਾਰ ਰਾਤ ‘ਰੋਸੇ’ ਸਮਾਰੋਹ ਨਾਲ ਹੋਈ ਅਤੇ ਅਗਲੇ ਐਤਵਾਰ ਵਿਆਹ ਸਮਾਰੋਹ ਨਾਲ ਸਮਾਪਤ ਹੋਈ। ਅਸੀਂ ਇੰਨੇ ਸਾਰੇ ਵੱਖ-ਵੱਖ ਰੀਤੀ-ਰਿਵਾਜ ਦੇਖੇ ਕਿ ਸਭ ਦਾ ਹਿਸਾਬ ਰੱਖਣਾ ਮੁਸ਼ਕਲ ਸੀ, ਪਰ ਇਕ ਗੱਲ ਹਰ ਰਸਮ ’ਚ ਸਪੱਸ਼ਟ ਰੂਪ ’ਚ ਉੱਭਰ ਕੇ ਸਾਹਮਣੇ ਆਈ-ਪਰਿਵਾਰ ਦੀ ਕੇਂਦਰੀ ਭੂਮਿਕਾ। ਜਦੋਂ ਸੈਂਕੜੇ ਲੋਕ ਰੌਸ਼ਨੀ ’ਤੇ ਨਾਰੀਅਲ ਦਾ ਦੁੱਧ ਪਾਉਂਦੇ ਹੋਏ ਆਪਣਾ ਆਸ਼ੀਰਵਾਦ ਦੇ ਰਹੇ ਸਨ, ਉਦੋਂ ਮੈਨੂੰ ਮਹਿਸੂਸ ਹੋਇਆ ਕਿ ਇਹ ਸਿਰਫ਼ 2 ਵਿਅਕਤੀਆਂ ਦਾ ਵਿਆਹ ਨਹੀਂ, ਸਗੋਂ 2 ਪਰਿਵਾਰਾਂ ਅਤੇ 2 ਭਾਈਚਾਰਿਆਂ ਦਾ ਮਿਲਾਪ ਸੀ।
ਮੈਨੂੰ ਪਤਾ ਹੈ ਕਿ ਭਾਰਤ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨੀ ਹੈ। ਉਸ ਨੇ ਵਿਕਾਸ ਦੀ ਗਤੀ ਨਾਲ ਤਾਲਮੇਲ ਰੱਖਣ ਲਈ ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨਾ ਹੈ। ਉਸ ਨੇ ਇਹ ਯਕੀਨੀ ਬਣਾਉਣਾ ਹੈ ਕਿ ਇਕ ਪੜ੍ਹੇ-ਲਿਖੇ, ਮਿਹਨਤੀ ਅਤੇ ਉੱਦਮੀ ਕਾਰਜਬਲ ਨੂੰ ਅਜਿਹੇ ਚੰਗੇ ਮੌਕੇ ਮਿਲਣ, ਜਿਸ ਨਾਲ ਉਸ ਦੀ ਪ੍ਰਤਿਭਾਸ਼ਾਲੀ ਮਨੁੱਖੀ ਪੂੰਜੀ ਦੇਸ਼ ਦੀਆਂ ਸੀਮਾਵਾਂ ਦੇ ਅੰਦਰ ਹੀ ਬਣੀ ਰਹੇ। ਉਸ ਨੇ ਪ੍ਰਦੂਸ਼ਣ ਘਟਾਉਣਾ ਹੈ, ਗਰੀਬੀ ਦੂਰ ਕਰਨੀ ਹੈ ਅਤੇ ਉਨ੍ਹਾਂ ਅਣਗਿਣਤ ਸਮੱਸਿਆਵਾਂ ਨਾਲ ਨਜਿੱਠਣਾ ਹੈ, ਜਿਨ੍ਹਾਂ ਦਾ ਸਾਹਮਣਾ ਇਕ ਤੇਜ਼ ਗਤੀ ਨਾਲ ਵਿਕਸਿਤ ਹੋ ਰਿਹਾ ਰਾਸ਼ਟਰ ਕਰਦਾ ਹੈ।
ਫਿਰ ਵੀ ਮੈਂ ਭਾਰਤ ਦਾ ਭਵਿੱਖ ਬਹੁਤ ਉੱਜਵਲ ਦੇਖਦਾ ਹਾਂ ਅਤੇ ਇਸ ਦਾ ਕਾਰਨ ਉਹੀ ਹੈ ਜੋ ਮੈਂ ਰੌਸ਼ਨੀ ਦੇ ਵਿਆਹ ’ਚ ਦੇਖਿਆ। ਪਰਿਵਾਰ, ਜੋ ਹਰ ਮਜ਼ਬੂਤ ਸਮਾਜ ਦੀ ਮੂਲ ਇਕਾਈ ਹੈ, ਦੁਨੀਆ ਦੇ ਕਈ ਹਿੱਸਿਆਂ ’ਚ ਦਬਾਅ ਹੇਠ ਹੈ ਪਰ ਭਾਰਤ ’ਚ ਪਰਿਵਾਰ ਹਾਲੇ ਵੀ ਮਜ਼ਬੂਤ ਹੈ।
ਪਰਿਵਾਰ ਹੀ ਉਹ ਕਾਰਨ ਹੈ ਜਿਸ ਨੇ ਹੇਲੇਨ ਵਰਗੀ ਔਰਤ ਨੂੰ ਸਾਲਾਂ ਤੱਕ ਵਿਦੇਸ਼ ’ਚ ਕੰਮ ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਉਹ ਆਪਣੀ ਬੇਟੀ ਨੂੰ ਬਿਹਤਰ ਭਵਿੱਖ ਦੇ ਸਕੇ। ਪਰਿਵਾਰ ਹੀ ਉਹ ਅਾਧਾਰ ਹੈ, ਜਿਸ ਨੇ ਹੇਲੇਨ ਦੇ ਭੈਣ-ਭਰਾਵਾਂ ਅਤੇ ਰਿਸ਼ਤੇਦਾਰਾਂ ਨੂੰ ਅੱਗੇ ਵਧ ਕੇ ਰੌਸ਼ਨੀ ਦੀ ਪਰਵਰਿਸ਼ ’ਚ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ, ਜਦੋਂ ਉਸ ਦੀ ਮਾਂ ਦੂਰ ਸੀ। ਇਹੀ ਉਹ ਸ਼ਕਤੀ ਹੈ ਜੋ ਅਟੁੱਟ ਸਬੰਧਾਂ ਅਤੇ ਸਦੀਵੀ ਮੁੱਲਾਂ ਨੂੰ ਜਨਮ ਦਿੰਦੀ ਹੈ, ਜੋ ਮਜ਼ਬੂਤ ਭਾਈਚਾਰਿਆਂ ਅਤੇ ਸਫਲ ਰਾਸ਼ਟਰਾਂ ਦਾ ਨਿਰਮਾਣ ਕਰਦੀ ਹੈ।
ਕਈ ਲੋਕ ਇਸ ਗੱਲ ’ਤੇ ਬਹਿਸ ਕਰਦੇ ਹਨ ਕਿ 21ਵੀਂ ਸਦੀ ਅਮਰੀਕੀ ਸਦੀ ਹੋਵੇਗੀ ਜਾਂ ਚੀਨੀ ਸਦੀ। ਆਉਣ ਵਾਲੇ ਦਹਾਕਿਆਂ ’ਚ ਜੇਕਰ ਭਾਰਤ ਇਨ੍ਹਾਂ ਦੋਵਾਂ ਦੇ ਪਰਛਾਵੇਂ ਤੋਂ ਉੱਭਰ ਕੇ ਸਾਹਮਣੇ ਆਵੇ, ਤਾਂ ਇਸ ’ਚ ਹੈਰਾਨੀ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਅਮਟਾਡੀ ਵਰਗੀਆਂ ਥਾਵਾਂ ਅਤੇ ਹੇਲੇਨ ਵਰਗੇ ਲੋਕਾਂ ਕਾਰਨ ਹੋਵੇਗਾ। ਇਹ ਇਸ ਲਈ ਹੋਵੇਗਾ ਕਿਉਂਕਿ ਪਰਿਵਾਰ ’ਚ ਰਚੀ-ਵਸੀ ਇਕ ਪ੍ਰਾਚੀਨ ਸੱਭਿਅਤਾ, ਜੋ ਭਵਿੱਖ ਨੂੰ ਅਪਣਾਉਣ ਲਈ ਦ੍ਰਿੜ੍ਹ ਸੰਕਲਪ ਹੈ, ਅਜਿਹਾ ਰਾਸ਼ਟਰ ਹੈ ਜਿਸ ਲਈ ਸੰਭਾਵਨਾਵਾਂ ਦੀ ਕੋਈ ਸੀਮਾ ਨਹੀਂ ਹੈ।
-ਰੌਨ ਡਰਮਰ
