ਸਾਵਰਕਰ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ ਵਿਵਾਦ
Tuesday, Feb 17, 2026 - 05:00 PM (IST)
ਹਿੰਦੂ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਨੇ ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਅਤੇ ਭਾਜਪਾ ਵਿਚਾਲੇ ਚੱਲ ਰਹੀ ਸਿਆਸੀ ਬਹਿਸ ਨੂੰ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਵਿਚਾਰਾਂ, ਵਿਸ਼ਵਾਸਾਂ ਅਤੇ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਡੂੰਘੇ ਮਤਭੇਦ ਸਾਹਮਣੇ ਆਏ ਹਨ।
ਇਸ ਮੁੱਦੇ ਨੇ ਪਹਿਲੀ ਵਾਰ 2019 ’ਚ ਵੱਡਾ ਸਿਆਸੀ ਤੂਲ ਫੜਿਆ, ਜਦੋਂ ਭਾਜਪਾ ਦੀ ਮਹਾਰਾਸ਼ਟਰ ਇਕਾਈ ਨੇ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਸਿਫਾਰਸ਼ ਕੀਤੀ, ਜਦਕਿ ਕਾਂਗਰਸ ਨੇ ਇਸ ’ਤੇ ਤਿੱਖਾ ਹਮਲਾ ਕੀਤਾ। ਇਹ ਮੰਗ 2024 ’ਚ ਵੀ ਫਿਰ ਤੋਂ ਉੱਠੀ, ਜਦੋਂ ਸ਼ਿਵ ਸੈਨਾ (ਯੂ. ਬੀ. ਟੀ.) ਮੁਖੀ ਉਧਵ ਠਾਕਰੇ ਨੇ ਸਵਾਲ ਕੀਤਾ ਕਿ ਸਾਵਰਕਰ ਨੂੰ ਭਾਰਤ ਰਤਨ ਪੁਰਸਕਾਰ ਕਿਉਂ ਨਹੀਂ ਦਿੱਤਾ ਗਿਆ।
ਸਾਵਰਕਰ ਕੌਣ ਹਨ ਅਤੇ ਉਹ ਵਿਵਾਦਤ ਕਿਉਂ ਹਨ ?
1883 ’ਚ ਨਾਸਿਕ ਦੇ ਕੋਲ ਭਗੂਰ ’ਚ ਦਾਮੋਦਰ ਅਤੇ ਰਾਧਾਬਾਈ ਸਾਵਰਕਰ ਦੇ ਘਰ ਜਨਮੇ, ਉਨ੍ਹਾਂ ਦੀ ਸ਼ੁਰੂਆਤੀ ਜ਼ਿੰਦਗੀ ਸਰਵਾਈਵਲ ਅਤੇ ਵਿਹਾਰਕ ਚੋਣਾਂ ਨਾਲ ਭਰੀ ਸੀ, ਜਿਵੇਂ ਕਿ ਅੰਗਰੇਜ਼ਾਂ ਨਾਲ ਗੱਲਬਾਤ ਕਰਨਾ ਅਤੇ ਦਇਆ ਪਟੀਸ਼ਨਾਂ ਦਾਇਰ ਕਰਨਾ, ਜਿਸ ਨੇ ਉਨ੍ਹਾਂ ਦੀ ਗੁੰਝਲਦਾਰ ਵਿਰਾਸਤ ਨੂੰ ਆਕਾਰ ਦਿੱਤਾ। ਬਹੁਤ ਸਾਰੇ ਲੋਕ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਿਰੋਧ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਅੰਡੇਮਾਨ ਦੀ ਸੈਲੂਲਰ ਜੇਲ ਤੋਂ ਅੰਗਰੇਜ਼ਾਂ ਨੂੰ ਦਇਆ ਪਟੀਸ਼ਨਾਂ ਲਿਖੀਆਂ ਸਨ। ਆਲੋਚਕਾਂ ਦਾ ਮੰਨਣਾ ਹੈ ਕਿ ਇਹ ਪਟੀਸ਼ਨਾਂ ਸਾਲਾਂ ਦੀ ਕੁਰਬਾਨੀ ਨਾਲੋਂ ਜ਼ਿਆਦਾ ਕਮਜ਼ੋਰੀ ਦਿਖਾਉਂਦੀਆਂ ਹਨ।
ਟਾਰਚਰ ਖ਼ਤਮ ਕਰ ਕੇ ਨਾਰਮਲ ਜ਼ਿੰਦਗੀ ’ਚ ਪਰਤਣਾ ਇਨਸਾਨ ਦੀ ਇਕ ਸੁਭਾਵਿਕ ਇੱਛਾ ਹੈ। ਸਾਵਰਕਰ ਨੇ ਸ਼ਹੀਦ ਬਣਨ ਦੀ ਬਜਾਏ ਜ਼ਿੰਦਾ ਰਹਿਣਾ ਚੁਣਿਆ। ਉਨ੍ਹਾਂ ਦਾ ਮੰਨਣਾ ਸੀ ਕਿ ਇਕ ਜ਼ਿੰਦਾ ਕ੍ਰਾਂਤੀਕਾਰੀ, ਭਾਵੇਂ ਉਸ ’ਤੇ ਪਾਬੰਦੀਆਂ ਲਾਈਆਂ ਗਈਆਂ ਹੋਣ, ਅੰਡੇਮਾਨ ’ਚ ਮਰੇ ਹੋਏ ਹੀਰੋ ਨਾਲੋਂ ਦੇਸ਼ ਲਈ ਜ਼ਿਆਦਾ ਕਰ ਸਕਦਾ ਹੈ। ਸਾਵਰਕਰ ਨੇ ਬ੍ਰਿਟਿਸ਼ ਸਰਕਾਰ ਨੂੰ ਆਪਣੀਆਂ ਲਿਖੀਅਾਂ ਪਟੀਸ਼ਨਾਂ ’ਚ ਮੁਆਫ਼ੀ ਨਹੀਂ ਮੰਗੀ। ਇਕ ਕਾਬਲ ਵਕੀਲ ਹੋਣ ਦੇ ਨਾਤੇ, ਉਨ੍ਹਾਂ ਨੇ ਕੈਦੀਆਂ ਦੀ ਸਥਿਤੀ ’ਤੇ ਸਫ਼ਾਈ ਮੰਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਡਰਾਉਣੀ ਜਗ੍ਹਾ ’ਤੇ ਬਿਨਾਂ ਇਹ ਜਾਣੇ ਕਿ ਉਨ੍ਹਾਂ ਨੂੰ ਆਮ ਕੈਦੀ ਮੰਨਿਆ ਜਾਂਦਾ ਹੈ ਜਾਂ ਪੋਲੀਟੀਕਲ ਕੈਦੀ, ਕੈਦ ਕਰ ਦਿੱਤਾ ਗਿਆ ਸੀ। ਸਾਵਰਕਰ ਨੂੰ ਇਸ ਸ਼ਰਤ ’ਤੇ ਰਿਹਾਅ ਕੀਤਾ ਗਿਆ ਕਿ ਉਹ ਸਿਆਸਤ ’ਚ ਸ਼ਾਮਲ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਰਤਨਾਗਿਰੀ ਜ਼ਿਲੇ ’ਚ ਹੀ ਰਹਿਣਾ ਹੋਵੇਗਾ।
ਸਾਵਰਕਰ ਨੇ ਖੁਦ ਨੂੰ ਇਕ ਸਮਾਜ ਸੁਧਾਰਕ ਦੇ ਤੌਰ ’ਤੇ ਪੇਸ਼ ਕੀਤਾ ਜੋ ਛੂਤਛਾਤ ਨੂੰ ਖ਼ਤਮ ਕਰਨ ਲਈ ਸਮਰਪਿਤ ਸਨ, ਇਸ ਮੁੱਦੇ ’ਤੇ ਉਨ੍ਹਾਂ ਨੇ ਬਹੁਤ ਕੰਮ ਕੀਤਾ। ਹਾਲਾਂਕਿ, ਉਨ੍ਹਾਂ ਨੇ ਕ੍ਰਾਂਤੀਕਾਰੀ ਅੰਦੋਲਨ ਲਈ ਭੂਮੀਗਤ ਸਮਰਥਨ ਵੀ ਬਣਾਈ ਰੱਖਿਆ। ਉਨ੍ਹਾਂ ਨੇ ਰਤਨਾਗਿਰੀ ’ਚ ਪਤਿਤ ਪਾਵਨ ਨਾਂ ਦਾ ਇਕ ਮੰਦਰ ਬਣਵਾਇਆ, ਜੋ ਸਾਰੇ ਭਾਈਚਾਰਿਆਂ ਅਤੇ ਜਾਤਾਂ ਦੇ ਲੋਕਾਂ ਲਈ ਖੁੱਲ੍ਹਾ ਸੀ। ਇਸ ਪਹਿਲ ਨਾਲ ਉੱਚੀ ਜਾਤ ਦੇ ਹਿੰਦੂ ਪਰੇਸ਼ਾਨ ਹੋ ਗਏ। ਹਾਲ ਹੀ ’ਚ ਨਹਿਰੂ ਆਰਕਾਈਵ ਤੋਂ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਨੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਵਿਨਾਇਕ ਦਾਮੋਦਰ ਸਾਵਰਕਰ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਭਾਰਤ ਰਤਨ ਨਾ ਦੇਣ ਦੀ ਸਲਾਹ ਦਿੱਤੀ ਸੀ। ਇਹ ਗੱਲ ਸਾਵਰਕਰ ਦੀ ਵਿਰਾਸਤ ਅਤੇ ਇਸ ਤੋਂ ਪੈਦਾ ਹੋਏ ਸਿਆਸੀ ਮਤਭੇਦਾਂ ਨੂੰ ਲੈ ਕੇ ਚੱਲ ਰਹੀ ਬਹਿਸ ਨੂੰ ਹੋਰ ਗੂੜ੍ਹਾ ਕਰਦੀ ਹੈ।
ਜੂਨ, 1963 ’ਚ, ਨਹਿਰੂ ਨੇ ਲਿਖਿਆ, ‘‘ਮੈਂ ਤੁਹਾਡਾ ਉਹ ਪੱਤਰ ਵਾਪਸ ਕਰ ਰਿਹਾ ਹਾਂ ਜਿਸ ’ਚ ਸ਼੍ਰੀ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ’ਚ ਯੋਗਦਾਨ ਦਿੱਤਾ ਸੀ ਲੇਕਿਨ ਬਾਅਦ ’ਚ ਉਹ ਵਿਵਾਦਾਂ ’ਚ ਆ ਗਏ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਸੁਝਾਅ ਮੰਨਣਾ ਚਾਹੀਦਾ ਹੈ।’’
ਜਦਕਿ ਉਸ ਸਮੇਂ ਦੇ ਕਈ ਸੁਧਾਰਕਾਂ ਨੇ ਹਿੰਦੂ ਧਰਮ ਦੇ ਢਾਂਚੇ ਦੇ ਅੰਦਰ ‘ਅਛੂਤਾਂ’ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ, ਸਾਵਰਕਰ ਇਕ ਤਰਕਵਾਦੀ ਸਨ, ਜੋ ਇਸ ਢਾਂਚੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਸਿਰਫ ਉਪਦੇਸ਼ ਨਹੀਂ ਦਿੱਤੇ, ਉਨ੍ਹਾਂ ਨੇ ਆਪਣੀਆਂ ਮਾਨਤਾਵਾਂ ਦੇ ਸਮਰਥਨ ਲਈ ਕਦਮ ਵੀ ਚੁੱਕੇ।
ਉਨ੍ਹਾਂ ਨੇ ਪਤਿਤ ਪਾਵਨ ਮੰਦਰ ਬਣਵਾਇਆ, ਜੋ ਭਾਰਤ ਦੇ ਉਨ੍ਹਾਂ ਪਹਿਲੇ ਮੰਦਰਾਂ ’ਚੋਂ ਇਕ ਸੀ, ਜਿੱਥੇ ਸਾਰੀਆਂ ਜਾਤਾਂ ਦੇ ਲੋਕਾਂ ਦਾ ਸਵਾਗਤ ਕੀਤਾ ਜਾਂਦਾ ਸੀ, ਜਿਨ੍ਹਾਂ ’ਚ ਉਸ ਸਮੇਂ ਅਛੂਤ ਮੰਨੇ ਜਾਣ ਵਾਲੇ ਲੋਕ ਵੀ ਸ਼ਾਮਲ ਸਨ। ਇਕ ਦਲਿਤ ਪੁਜਾਰੀ ਨੂੰ ਨਿਯੁਕਤ ਕਰ ਕੇ ਅਤੇ ਅੰਤਰ-ਜਾਤੀ ਖਾਣੇ ਅਤੇ ਵਿਆਹ ਨੂੰ ਉਤਸ਼ਾਹਤ ਕਰ ਕੇ, ਉਨ੍ਹਾਂ ਨੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਮਕਸਦ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਨਮਾਨ ਜਗਾਉਣਾ, ਬਰਾਬਰੀ ਨੂੰ ਉਤਸ਼ਾਹਤ ਕਰਨਾ ਅਤੇ ਸਮਾਜਿਕ ਸੁਧਾਰ ਨੂੰ ਹੁਲਾਰਾ ਦੇਣਾ ਸੀ।
ਜਨਤਕ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਸਾਵਰਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ’ਤੇ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ। ਫਿਰ ਵੀ, 10 ਫਰਵਰੀ, 1949 ਨੂੰ, ਜੱਜ ਆਤਮਾ ਚਰਨ ਦੀ ਪ੍ਰਧਾਨਗੀ ਵਾਲੀ ਲਾਲ ਕਿਲੇ ਦੀ ਸਪੈਸ਼ਲ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ। ਸਾਰੇ ਸਬੂਤਾਂ ਦੀ ਸਮੀਖਿਆ, ਜਿਸ ’ਚ ਅਪਰੂਵਰ ਦਿਗੰਬਰ ਬਡਗੇ ਦੀ ਗਵਾਹੀ ਵੀ ਸ਼ਾਮਲ ਹੈ, ਇਸ ’ਚ ਸ਼ਾਮਲ ਕਾਨੂੰਨੀ ਪ੍ਰਕਿਰਿਆ ਨੂੰ ਰੇਖਾਂਕਿਤ ਕੀਤਾ ਗਿਆ ਹੈ।
ਇੰਡੀਅਨ ਐਵੀਡੈਂਸ ਐਕਟ ਦੇ ਤਹਿਤ, ਕਿਸੇ ਸਾਥੀ ਦੇ ਸਬੂਤ ਨੂੰ ਭਰੋਸੇਮੰਦ ਹੋਣ ਲਈ ਸੁਤੰਤਰ ਸਬੂਤਾਂ ਨਾਲ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਪ੍ਰੌਸੀਕਿਊਸ਼ਨ ਇਹ ਦੇਣ ’ਚ ਨਾਕਾਮ ਰਿਹਾ। ਸਾਵਰਕਰ ਦੇ ਪੋਤੇ, ਰਾਜੇਂਦਰ ਸਾਵਰਕਰ ਨੇ ਕੇਂਦਰ ਸਰਕਾਰ ਤੋਂ ਆਪਣੇ ਦਾਦਾ ਦੇ ‘ਸੁਤੰਤਰਵੀਰ’ ਟਾਈਟਲ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਇਹ ਮੋਹਨਦਾਸ ਕਰਮਚੰਦ ਗਾਂਧੀ ਨੂੰ ਦਿੱਤੇ ਗਏ ‘ਮਹਾਤਮਾ’ ਟਾਈਟਲ ਵਰਗਾ ਹੋਵੇਗਾ।
ਕਈ ਲੋਕ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਿਰੋਧ ਕਰਦੇ ਹਨ। ਇਨ੍ਹਾਂ ’ਚ ਕਾਂਗਰਸ ਪਾਰਟੀ, ਲੈਫਟ ਪਾਰਟੀਆਂ ਅਤੇ ਕੁਝ ਵਿਰੋਧੀ ਗਰੁੱਪ ਸ਼ਾਮਲ ਹਨ। ਸ਼ਿਵ ਸੈਨਾ ਲੰਬੇ ਸਮੇਂ ਤੋਂ ਇਸ ਸਨਮਾਨ ਲਈ ਜ਼ੋਰ ਦੇ ਰਹੀ ਹੈ ਅਤੇ ਭਾਜਪਾ ਵੀ ਇਸ ਦਾ ਸਮਰਥਨ ਕਰਦੀ ਹੈ। ਵਾਜਪਾਈ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ, ਉਨ੍ਹਾਂ ਨੇ ਸਾਵਰਕਰ ਨੂੰ ਇਹ ਸਨਮਾਨ ਦੇਣ ’ਤੇ ਵਿਚਾਰ ਕੀਤਾ ਪਰ ਇਸ ਦੇ ਵਿਰੁੱਧ ਫੈਸਲਾ ਕੀਤਾ। ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਸ਼ਿਵ ਸੈਨਾ ਭਾਜਪਾ ਤੋਂ ਇਹ ਮਾਨਤਾ ਦੇਣ ਦੀ ਬੇਨਤੀ ਕਰਦੀ ਰਹੀ ਹੈ ਪਰ ਪਿਛਲੇ 11 ਸਾਲਾਂ ’ਚ ਅਜਿਹਾ ਨਹੀਂ ਹੋਇਆ।
ਸਾਵਰਕਰ ਦੇ ਕਈ ਸਮਰਥਕ ਹਨ ਪਰ ਕਈ ਵਿਰੋਧੀ ਵੀ ਹਨ। ਕੌਣ ਜਿੱਤੇਗਾ, ਇਹ ਸਵਾਲ ਮਿਲੀਅਨ ਡਾਲਰ ਦਾ ਸਵਾਲ ਹੋ ਸਕਦਾ ਹੈ ਪਰ ਜੇਕਰ ਮੋਦੀ ’ਚ ਸਿਆਸੀ ਇੱਛਾ ਸ਼ਕਤੀ ਹੈ, ਤਾਂ ਅਸੀਂ ਜਲਦੀ ਹੀ ਵੀਰ ਸਾਵਰਕਰ ਨੂੰ ਇਹ ਖਿਤਾਬ ਦਿੰਦੇ ਹੋਏ ਸੁਣ ਸਕਦੇ ਹਾਂ।
-ਕਲਿਆਣੀ ਸ਼ੰਕਰ
