‘ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੇ ਸ਼ਿਕਾਰ ਸਰਕਾਰੀ ਹਸਪਤਾਲ’ ਜ਼ਿੰਦਾ ਮਰੀਜ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ!

Saturday, Apr 25, 2026 - 03:19 AM (IST)

‘ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੇ ਸ਼ਿਕਾਰ ਸਰਕਾਰੀ ਹਸਪਤਾਲ’ ਜ਼ਿੰਦਾ ਮਰੀਜ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ!

ਲੋਕਾਂ ਨੂੰ ਸਸਤਾ ਅਤੇ ਗੁਣਵੱਤਾਪੂਰਨ ਇਲਾਜ ਮੁਹੱਈਆ ਕਰਵਾਉਣਾ ਸਾਡੀ ਕੇਂਦਰ ਅਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਹੀ ਇਸ ’ਚ ਅਸਫਲ ਹੋ ਰਹੀਆਂ ਹਨ ਜੋ ਇਸੇ ਸਾਲ ਪਿਛਲੇ 2 ਮਹੀਨਿਆਂ ਦੌਰਾਨ ਸਾਹਮਣੇ ਆਈਆਂ ਸਰਕਾਰੀ ਹਸਪਤਾਲਾਂ ’ਚ ਮਾੜੀ ਵਿਵਸਥਾ ਅਤੇ ਲਾਪ੍ਰਵਾਹੀ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 16 ਮਾਰਚ ਨੂੰ ‘ਗੁਨਾ’ (ਮੱਧ ਪ੍ਰਦੇਸ਼) ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ 20 ਸਾਲਾ ਇਕ ਨੌਜਵਾਨ ਨੂੰ ਬਿਨਾਂ ਸਹੀ ਜਾਂਚ ਦੇ ਮ੍ਰਿਤਕ ਐਲਾਨ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਿਵੇਂ ਹੀ ਉਸ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਥੋੜ੍ਹੀ ਦੇਰ ਬਾਅਦ ਉਸ ਦੇ ਸਰੀਰ ’ਚ ਹਰਕਤ ਹੋਣ ਲੱਗੀ। ਹੋਸ਼ ਆਉਣ ’ਤੇ ਉਹ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਨਗਨ ਹਾਲਤ ’ਚ ਹੀ ਉੱਥੋਂ ਬਾਹਰ ਭੱਜਿਆ। ਉਸ ਨੇ ਕਿਹਾ ਕਿ ਜੇਕਰ ਉਸ ਨੂੰ ਸਮੇਂ ਸਿਰ ਹੋਸ਼ ਨਾ ਆਉਂਦੀ ਤਾਂ ਡਾਕਟਰ ਉਸ ਨੂੰ ਜ਼ਿੰਦਾ ਹੀ ਚੀਰ ਦਿੰਦੇ।

* 4 ਅਪ੍ਰੈਲ ਨੂੰ ‘ਅਲਵਰ’ (ਰਾਜਸਥਾਨ) ਦੇ ਜ਼ਿਲਾ ਹਸਪਤਾਲ ’ਚ ਇਲਾਜ ਲਈ ਲਿਆਂਦੀ ਗਈ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਡਾਕਟਰਾਂ ਨੇ 2 ਦਿਨ ਤੱਕ ਰੋਗੀ ਨੂੰ ‘ਜੈਪੁਰ’ ਰੈਫਰ ਕਰਨ ਦੀ ਉਨ੍ਹਾਂ ਦੀ ਮੰਗ ਨੂੰ ਅਣਸੁਣਿਆ ਕੀਤਾ।

* 12 ਅਪ੍ਰੈਲ ਨੂੰ ‘ਦਮੋਹ’ (ਮੱਧ ਪ੍ਰਦੇਸ਼) ਸਥਿਤ ‘ਹਟਾ ਸਿਵਲ ਹਸਪਤਾਲ’ ’ਚ ਡਾਕਟਰਾਂ ਦੀ ਲਾਪ੍ਰਵਾਹੀ ਦਾ ਇਕ ਗੰਭੀਰ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਔਰਤ ਦੀ ਡਲਿਵਰੀ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਪੇਟ ’ਚ ਇਕ ਕੱਪੜੇ ਦਾ ਟੁਕੜਾ ਛੱਡ ਦਿੱਤਾ ਅਤੇ ਛੁੱਟੀ ਦੇ ਕੇ ਘਰ ਭੇਜ ਦਿੱਤਾ ਪਰ 3 ਦਿਨ ਬਾਅਦ ਹੀ ਔਰਤ ਦੇ ਪੇਟ ’ਚ ਅਸਹਿ ਦਰਦ ਹੋਣ ’ਤੇ ਜਦੋਂ ਉਸ ਨੂੰ ਹਸਪਤਾਲ ’ਚ ਦੁਬਾਰਾ ਭਰਤੀ ਕੀਤਾ ਗਿਆ ਤਾਂ ਡਾਕਟਰਾਂ ਨੇ ਉਸ ਦੇ ਪੇਟ ’ਚ ਰਹਿ ਗਏ ਕੱਪੜੇ ਦਾ ਇਕ ਟੁਕੜਾ ਕੱਢਿਆ।

* 16 ਅਪ੍ਰੈਲ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ‘ਟ੍ਰਾਮਾ ਸੈਂਟਰ’ ’ਚ ਰੀੜ੍ਹ ਦੀ ਹੱਡੀ ’ਚ ਟਿਊਮਰ ਦਾ ਆਪ੍ਰੇਸ਼ਨ ਕਰਵਾਉਣ ਆਈ ਔਰਤ ਦੀ ਡਾਕਟਰਾਂ ਵੱਲੋਂ ਪੱਟ ਦੀ ਸਰਜਰੀ ਕਰ ਦੇਣ ਕਾਰਨ ਉਸ ਦੀ ਮੌਤ ਹੋ ਗਈ।

* 23 ਅਪ੍ਰੈਲ ਨੂੰ ‘ਛਪਰਾ’ (ਬਿਹਾਰ) ’ਚ ਸਦਰ ਹਸਪਤਾਲ ਦੀ ਮਹੀਨਿਆਂ ਤੋਂ ਖਰਾਬ ਪਈ ਲਿਫਟ ਕਾਰਨ ‘ਖੁਸ਼ੀ ਕੁਮਾਰੀ’ ਨਾਂ ਦੀ ਗਰਭਵਤੀ ਔਰਤ ਦੇ ਪਰਿਵਾਰ ਵਾਲੇ ਜਦੋਂ ਉਸ ਨੂੰ ਪੌੜੀਆਂ ਰਾਹੀਂ ਉੱਪਰ ਲੈ ਕੇ ਜਾ ਰਹੇ ਸਨ ਤਾਂ ਪਹਿਲੀ ਮੰਜ਼ਿਲ ਦੀਆਂ ਪੌੜੀਆਂ ’ਤੇ ਹੀ ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ।

* 23 ਅਪ੍ਰੈਲ ਨੂੰ ਹੀ ‘ਨਵਗਛੀਆ’ (ਬਿਹਾਰ) ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਮਜ਼ੋਰੀ ਅਤੇ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ ਇਕ ਔਰਤ ਨੂੰ ਐਂਟੀ ਰੈਬੀਜ਼ (ਕੁੱਤਿਆਂ ਦੇ ਕੱਟਣ ’ਤੇ ਲਗਾਇਆ ਜਾਣ ਵਾਲਾ) ਇੰਜੈਕਸ਼ਨ ਲਿਖ ਦਿੱਤਾ, ਪਰ ਸਮੇਂ ਸਿਰ ਹੀ ਇਸ ਦਾ ਪਤਾ ਚੱਲ ਗਿਆ। ਦੋਸ਼ ਹੈ ਕਿ ਜਦੋਂ ਉਹ ਸ਼ਿਕਾਇਤ ਲੈ ਕੇ ਦੁਬਾਰਾ ਸਬੰਧਤ ਡਾਕਟਰ ਕੋਲ ਪਹੁੰਚੀ ਤਾਂ ਉਸ ਨੇ ਪਰਚੀ ’ਤੇ ਲਿਖੀ ਦਵਾਈ ਨੂੰ ਕੱਟ ਦਿੱਤਾ ਅਤੇ ਕਿਹਾ ਕਿ ਨਹੀਂ ਲੈਣੀ ਤਾਂ ਨਾ ਲਓ।

* 23 ਅਪ੍ਰੈਲ ਨੂੰ ਹੀ ‘ਜਮੁਈ’ (ਬਿਹਾਰ) ’ਚ 102 ਐਂਬੂਲੈਂਸ ਸੇਵਾ ’ਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ। ਸਿਰ ’ਚ ਖੂਨ ਜਮ੍ਹਾ ਹੋਣ ਦੇ ਕਾਰਨ ਜਮੁਈ ਸਦਰ ਹਸਪਤਾਲ ਤੋਂ ਪਟਨਾ ਰੈਫਰ ਕੀਤੇ ਗਏ 75 ਸਾਲਾ ਰੋਗੀ ਦੀ ਰਸਤੇ ’ਚ ਹੀ ਐਂਬੂਲੈਂਸ ਦਾ ਤੇਲ ਖਤਮ ਹੋ ਜਾਣ ਨਾਲ ਸਮੇਂ ਸਿਰ ਹਸਪਤਾਲ ਨਾ ਪਹੁੰਚ ਸਕਣ ਕਾਰਨ ਤੜਫ-ਤੜਫ ਕੇ ਮੌਤ ਹੋ ਗਈ।

* 23 ਅਪ੍ਰੈਲ ਨੂੰ ਹੀ ‘ਬੈਂਗਲੁਰੂ’ (ਕਰਨਾਟਕ) ’ਚ ਕੁਝ ਸਮਾਂ ਪਹਿਲਾਂ ਇਕ ਹਸਪਤਾਲ ਵੱਲੋਂ ਇਕ ਜਿਊਂਦੇ ਵਿਅਕਤੀ ਨੂੰ ਆਧਾਰ ਕਾਰਡ ਨੰਬਰ ਨਾ ਹੋਣ ਦੇ ਕਾਰਨ ਇਲਾਜ ਤੋਂ ਇਨਕਾਰ ਕਰ ਕੇ ਮੁਰਦਾਘਰ ’ਚ ਭੇਜ ਦੇਣ ਦੀ ਘਟਨਾ ਦਾ ਨੋਟਿਸ ਲੈਂਦੇ ਹੋਏ ਤੇਲੰਗਾਨਾ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਗੰਭੀਰ ਬੀਮਾਰੀਆਂ ਤੋਂ ਪੀੜਤ ਰੋਗੀਆਂ ਦੇ ਇਲਾਜ ਦੇ ਮਾਮਲੇ ’ਚ ਰਾਜ ਸਰਕਾਰ ਦੀ ਮੈਡੀਕਲ ਨੀਤੀ ਦਾ ਵੇਰਵਾ ਮੰਗਿਆ ਹੈ।

ਇਹ ਕੁਝ ਉਦਾਹਰਣਾਂ ਦੇਸ਼ ਦੇ ਸਰਕਾਰੀ ਹਸਪਤਾਲਾਂ ’ਚ ਪਾਈ ਜਾ ਰਹੀ ਮਾੜੀ ਵਿਵਸਥਾ ਅਤੇ ਮਾੜੇ ਪ੍ਰਬੰਧ ਦੇ ਮੂੰਹ ਬੋਲਦੇ ਪ੍ਰਮਾਣ ਹਨ। ਇਸੇ ਸਾਲ 8 ਫਰਵਰੀ ਨੂੰ ਜਾਰੀ ਰਿਪੋਰਟ ਅਨੁਸਾਰ ਸਾਲ 2025 ’ਚ ਸਰਕਾਰੀ ਹਸਪਤਾਲਾਂ ’ਚ ਵੱਖ-ਵੱਖ ਪੱਧਰਾਂ ’ਤੇ ਮੈਡੀਕਲ ਲਾਪ੍ਰਵਾਹੀ ਦੇ ਕੁਲ 65000 ਮਾਮਲੇ ਦਰਜ ਕੀਤੇ ਗਏ ਹਨ।

ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ ’ਚ ਸਿਖਲਾਈ ਪ੍ਰਾਪਤ ਸਟਾਫ਼, ਦਵਾਈਆਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਅਤੇ ਸਟਾਫ਼ ਦੀ ਲਾਪ੍ਰਵਾਹੀ ਯਕੀਨਨ ਹੀ ਇਕ ਭਖਦੀ ਸਮੱਸਿਆ ਹੈ ਜਿਸ ਦਾ ਹੱਲ ਜਲਦੀ ਤੋਂ ਜਲਦੀ ਲੱਭਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ’ਚ ਅਣਸੁਖਾਵੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

—ਵਿਜੇ ਕੁਮਾਰ


author

Sandeep Kumar

Content Editor

Related News