ਹੁਣ ਸਪਾ ਸੈਂਟਰ, ਹੋਟਲ ਅਤੇ ਘਰ ਬਣਨ ਲੱਗੇ ਦੇਹ ਵਪਾਰ ਦੇ ਅੱਡੇ!

Friday, Apr 24, 2026 - 05:01 AM (IST)

ਹੁਣ ਸਪਾ ਸੈਂਟਰ, ਹੋਟਲ ਅਤੇ ਘਰ ਬਣਨ ਲੱਗੇ ਦੇਹ ਵਪਾਰ ਦੇ ਅੱਡੇ!

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਵੱਡੇ ਪੱਧਰ ’ਤੇ ਸਪਾ ਸੈਂਟਰਾਂ, ਹੋਟਲਾਂ ਅਤੇ ਘਰਾਂ ਤੱਕ ’ਚ ਦੇਹ ਵਪਾਰ ਕਰਾਏ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀਅਾਂ ਇਸੇ ਸਾਲ ਦੇ 4 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 1 ਜਨਵਰੀ, 2026 ਨੂੰ ਪੁਲਸ ਨੇ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ’ਚ ਇਕ ਰੈਸਟੋਰੈਂਟ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਉੱਥੋਂ 4 ਜੋੜਿਆਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ। ਉਨ੍ਹਾਂ ਕੋਲੋਂ ਇਤਰਾਜ਼ਯੋਗ ਸਮੱਗਰੀ ਤੋਂ ਇਲਾਵਾ ਲਗਜ਼ਰੀ ਗੱਡੀਆਂ, ਮੋਬਾਈਲ ਫੋਨ ਅਤੇ ਪਛਾਣ ਪੱਤਰ ਵੀ ਜ਼ਬਤ ਕੀਤੇ ਗਏ।

* 4 ਜਨਵਰੀ ਨੂੰ ਪੁਲਸ ਨੇ ‘ਪ੍ਰਯਾਗਰਾਜ’ (ਉੱਤਰ ਪ੍ਰਦੇਸ਼) ਦੇ ‘ਕੀਡਗੰਜ’ ’ਚ ਇਕ ਮਕਾਨ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰ ਕੇ ਉੱਥੋਂ 4 ਮਹਿਲਾਵਾਂ ਤੇ 5 ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ।

* 18 ਜਨਵਰੀ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ਕੈਂਟ ਪੁਲਸ ਨੇ ‘ਖਜੂਰੀ’ ’ਚ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਕਈ ਨੌਜਵਾਨਾਂ-ਮਹਿਲਾਵਾਂ ਨੂੰ ਇਤਰਾਜ਼ਯੋਗ ਹਾਲਤ ’ਚ ਫੜਿਆ।

* 21 ਫਰਵਰੀ ਨੂੰ ਪੁਲਸ ਨੇ ‘ਵਾਰਾਣਸੀ’ (ਉੱਤਰ ਪ੍ਰਦੇਸ਼) ’ਚ ‘ਨਗਵਾ ਅੱਸੀ ਮਾਰਗ’ ’ਤੇ ਸਥਿਤ ਹੋਟਲ ’ਚ ਦੇਹ ਵਪਾਰ ਦਾ ਪਰਦਾਫਾਸ਼ ਕਰ ਕੇ 3 ਲੜਕੀਆਂ ਨੂੰ ਰੈਸਕਿਊ ਕਰਨ ਤੋਂ ਇਲਾਵਾ ਹੋਟਲ ਦੇ ਮੈਨੇਜਰ, 2 ਦਲਾਲਾਂ ਅਤੇ 1 ਗਾਹਕ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।

* 6 ਅਪ੍ਰੈਲ ਨੂੰ ‘ਹਮੀਰਪੁਰ’ (ਹਿਮਾਚਲ) ਦੇ ‘ਟੀਆਲੇ ਦਾ ਘੱਟਾ’ ਖੇਤਰ ’ਚ ਸਥਿਤ ਇਕ ਹੋਟਲ ’ਚ ਥਾਣਾ ਸਦਰ ਪੁਲਸ ਦੀ ਟੀਮ ਨੇ ਛਾਪੇਮਾਰੀ ਕਰ ਕੇ ਦੇਹ ਵਪਾਰ ਦੇ ਅੱਡੇ ਤੋਂ ਅੰਮ੍ਰਿਤਸਰ (ਪੰਜਾਬ) ਦੀਆਂ 3 ਔਰਤਾਂ ਨੂੰ ਰੈਸਕਿਊ ਕੀਤਾ।

* 10 ਅਪ੍ਰੈਲ ਨੂੰ ‘ਬਾਘਾਪੁਰਾਣਾ’ (ਪੰਜਾਬ) ਪੁਲਸ ਨੇ ਮੋਗਾ ਦੇ ਇਕ ਸਪਾ ਸੈਂਟਰ ’ਤੇ ਛਾਪਾ ਮਾਰ ਕੇ ਦੇਹ ਵਪਾਰ ਦਾ ਪਰਦਾਫਾਸ਼ ਕਰ ਕੇ ਸਪਾ ਸੈਂਟਰ ਦੇ ਮਾਲਕ ਅਤੇ 4 ਕੁੜੀਆਂ ਨੂੰ ਗ੍ਰਿਫਤਾਰ ਕੀਤਾ।

* 13 ਅਪ੍ਰੈਲ ਨੂੰ ‘ਏਟਾ’ (ਯੂ.ਪੀ.) ਦੇ ਇਕ ਹੋਟਲ ’ਚ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ 3 ਲੜਕੀਆਂ ਨੂੰ ਰੈਸਕਿਊ ਕਰਨ ਤੋਂ ਇਲਾਵਾ 2 ਮਰਦਾਂ ਤੇ ਹੋਟਲ ਦੇ ਮੈਨੇਜਰ ਨੂੰ ਗ੍ਰਿਫਤਾਰ ਕਰ ਕੇ ਹੋਟਲ ਸੀਲ ਕਰ ਦਿੱਤਾ। ਪੁਲਸ ਨੇ ਲੜਕੀਆਂ ਨੂੰ ਮਹਿਲਾ ਥਾਣਾ ਤੇ ਮੈਨੇਜਰ ਨੂੰ ਜੇਲ ਭੇਜ ਦਿੱਤਾ। ਹੋਟਲ ’ਚ 500 ਰੁਪਏ ’ਚ ਕਮਰਾ ਦਿੱਤਾ ਜਾਂਦਾ ਅਤੇ ਪ੍ਰਤੀ ਗਾਹਕ ਤੋਂ 2 ਤੋਂ 3 ਹਜ਼ਾਰ ਰੁਪਏ ਤੱਕ ਲਏ ਜਾਂਦੇ ਸਨ। ਜ਼ਿਆਦਾਤਰ ਗਾਹਕ ਇਕ-ਦੋ ਘੰਟੇ ਤੱਕ ਹੀ ਉੱਥੇ ਰੁਕਦੇ ਸਨ।

* 14 ਅਪ੍ਰੈਲ ਨੂੰ ‘ਜ਼ੀਰਕਪੁਰ’ (ਪੰਜਾਬ) ’ਚ ਇਕ ਹੋਟਲ ’ਚ ਛਾਪਾ ਮਾਰ ਕੇ ਪੁਲਸ ਨੇ ਦੇਹ ਵਪਾਰ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰ ਕੇ ਉੱਥੋਂ 7 ਲੜਕੀਆਂ ਨੂੰ ਰੈਸਕਿਊ ਕਰ ਕੇ ਦੇਹ ਵਪਾਰ ਚਲਾਉਣ ਦੇ ਦੋਸ਼ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 15 ਅਪ੍ਰੈਲ ਨੂੰ ‘ਮੁਜ਼ੱਫਰਪੁਰ’ (ਬਿਹਾਰ) ਦੇ ‘ਗੜ੍ਹਾ’ ਥਾਣਾ ਖੇਤਰ ’ਚ ਹੋਟਲ ਅਤੇ ਉਸ ਦੇ ਨੇੜੇ ਸਥਿਤ ਇਕ ਬੰਦ ਪਏ ਪੈਟਰੋਲ ਪੰਪ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਹੋਟਲ ਮੈਨੇਜਰ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇੱਥੇ ਔਰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਜਬਰਨ ਇਸ ਧੰਦੇ ’ਚ ਧੱਕਿਆ ਜਾ ਰਿਹਾ ਸੀ।

* 22 ਅਪ੍ਰੈਲ ਨੂੰ ‘ਸਾਹਿਬਾਬਾਦ’ (ਉੱਤਰ ਪ੍ਰਦੇਸ਼) ’ਚ ਇਕ ਫਲੈਟ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ਦਾ ਪੁਲਸ ਨੇ ਪਰਦਾਫਾਸ਼ ਕਰ ਕੇ ਦੇਹ ਵਪਾਰ ਸੰਚਾਲਿਕਾ ‘ਗੀਤਾ’ ਅਤੇ ‘ਰਾਜਨ’ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਫਲੈਟ ਤੋਂ 2 ਲੜਕੀਆਂ ਨੂੰ ਰੈਸਕਿਊ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕਰਾਉਣ ਤੋਂ ਬਾਅਦ ਘਰ ਭੇਜ ਦਿੱਤਾ। ਰੈਸਕਿਊ ਕੀਤੀਆਂ ਗਈਆਂ ਲੜਕੀਆਂ ਨੇ ਪੁਲਸ ਨੂੰ ਦੱਸਿਆ ਕਿ ਗੀਤਾ ਨੇ ਰੁਪਇਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਦੇਹ ਵਪਾਰ ’ਚ ਧੱਕਿਆ ਸੀ।

* ਅਤੇ ਹੁਣ 22 ਅਪ੍ਰੈਲ ਨੂੰ ਹੀ ‘ਜਲੰਧਰ’ (ਪੰਜਾਬ) ’ਚ ਗੜ੍ਹਾ ਰੋਡ ’ਤੇ ਇਕ ਸਪਾ ਸੈਂਟਰ ’ਚ ਪੁਲਸ ਨੇ ਛਾਪਾ ਮਾਰ ਕੇ ਥਾਈਲੈਂਡ ਦੀਆਂ 3 ਲੜਕੀਆਂ, ਦਿੱਲੀ ਦੇ 2 ਗਾਹਕਾਂ ਅਤੇ ਸਪਾ ਸੈਂਟਰ ਦੇ ਕਾਊਂਟਰ ’ਤੇ ਬੈਠੇ ਮੈਨੇਜਰ ਨੂੰ ਗ੍ਰਿਫਤਾਰ ਕੀਤਾ। ਸਪਾ ਸੈਂਟਰ ਤੋਂ ਨਸ਼ਾ ਕਰਨ ਵਾਲੀ ਸਮੱਗਰੀ ਵੀ ਬਰਾਮਦ ਕੀਤੀ ਗਈ।

ਦੇਹ ਵਪਾਰ ਦੀਆਂ ਉਕਤ ਘਟਨਾਵਾਂ ਨੂੰ ਦੇਖਦੇ ਹੋਏ ਜਿੱਥੇ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ, ਉੱਥੇ ਹੀ ਇਸ ਨੂੰ ਅਪਣਾਉਣ ਲਈ ਮਜਬੂਰ ਹੋਣ ਵਾਲੀਆਂ ਲੜਕੀਆਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਅਤੇ ਇਸ ਧੰਦੇ ’ਚ ਆਉਣ ਦੇ ਪਿੱਛੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਕਦਮ ਉਠਾਉਣ ਦੀ ਵੀ ਲੋੜ ਹੈ।

—ਵਿਜੇ ਕੁਮਾਰ
 


author

Inder Prajapati

Content Editor

Related News