‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!

Thursday, Apr 23, 2026 - 03:47 AM (IST)

‘ਜਹਾਜ਼ਾਂ ’ਚ ਯਾਤਰੀਆਂ ਵਲੋਂ’ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਗੁੰਡਾਗਰਦੀ!

ਕਿਸੇ ਸਮੇਂ ਹਵਾਈ ਯਾਤਰਾ ਪੂਰੀ ਤਰ੍ਹਾਂ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਕੁਝ ਸਮੇਂ ਤੋਂ ਉਡਾਣਾਂ ਦੇ ਦੌਰਾਨ ਨਸ਼ੇ ’ਚ ਧੁੱਤ ਕੁਝ ਯਾਤਰੀਆਂ ਵਲੋਂ ਹੰਗਾਮਾ, ਸਿਗਰਟਨੋਸ਼ੀ, ਔਰਤਾਂ ਅਤੇ ਕਰੂ ਮੈਂਬਰਾਂ ਨਾਲ ਛੇੜਛਾੜ, ਅਸੱਭਿਅਕ ਵਿਵਹਾਰ ਅਤੇ ਕੁੱਟਮਾਰ ਦੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀਅਾਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 9 ਅਪ੍ਰੈਲ, 2025 ਨੂੰ ‘ਏਅਰ ਇੰਡੀਆ’ ਦੀ ਦਿੱਲੀ-ਬੈਂਕਾਕ ਫਲਾਈਟ ’ਚ ਇਕ ਯਾਤਰੀ ਨੇ ਮਹਿਲਾ ਯਾਤਰੀ ਨਾਲ ਬਦਸਲੂਕੀ ਕੀਤੀ। ਏਅਰਲਾਈਨ ਨੇ ਇਸ ਨੂੰ ‘ਅਨਰੂਲੀ ਬਿਹੇਵੀਅਰ’ ਦੇ ਰੂਪ ’ਚ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

* 14 ਮਈ, 2025 ਨੂੰ ‘ਪਰਥ’ ਤੋਂ ‘ਸਿੰਗਾਪੁਰ’ ਜਾ ਰਹੇ ‘ਸਿੰਗਾਪੁਰ ਏਅਰਲਾਈਨਜ਼’ ਦੇ ਜਹਾਜ਼ ’ਚ ਇਕ ਏਅਰ ਹੋਸਟੈੱਸ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ‘ਰਜਤ’ ਨਾਂ ਦੇ ਇਕ ਭਾਰਤੀ ਯਾਤਰੀ ਨੂੰ 3 ਮਹੀਨੇ ਜੇਲ ਦੀ ਸਜ਼ਾ ਸੁਣਾਈ ਗਈ।

* 28 ਜੂਨ, 2025 ਨੂੰ ‘ਏਅਰ ਇੰਡੀਆ’ ਦੀ ਅੰਮ੍ਰਿਤਸਰ-ਦਿੱਲੀ ਉਡਾਣ ’ਚ ਨਸ਼ੇ ’ਚ ਧੁੱਤ ਇਕ ਯਾਤਰੀ ਨੇ ਕੈਬਿਨ ਕਰੂ ਅਤੇ ਸਹਿ-ਯਾਤਰੀਆਂ ਨਾਲ ਗਾਲੀ-ਗਲੋਚ ਅਤੇ ਹੱਥੋਪਾਈ ਕੀਤੀ। ਜਹਾਜ਼ ਦੇ ਦਿੱਲੀ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।

* 29 ਜੁਲਾਈ, 2025 ਨੂੰ ਦੁਬਈ ਤੋਂ ਮੁੰਬਈ ਆ ਰਹੇ ‘ਸਪਾਈਸ ਜੈੱਟ’ ਦੇ ਜਹਾਜ਼ ’ਚ ‘ਮੁਰਤਜ਼ਾ ਰਜ਼ਾਲੀ ਖਾਨ’ ਨਾਂ ਦਾ ਇਕ ਯਾਤਰੀ ਜਹਾਜ਼ ਦੇ ਟਾਇਲਟ ’ਚ ਈ-ਸਿਗਰੇਟ ਪੀਂਦੇ ਫੜਿਆ ਗਿਆ।

* 1 ਅਗਸਤ, 2025 ਨੂੰ ‘ਇੰਡੀਗੋ’ ਦੀ ਮੁੰਬਈ ਤੋਂ ਕੋਲਕਾਤਾ ਜਾ ਰਹੀ ਫਲਾਈਟ ’ਚ ਇਕ ਯਾਤਰੀ ਨੇ ਆਪਣੇ ਸਹਿ-ਯਾਤਰੀ ਨੂੰ ਥੱਪੜ ਮਾਰ ਦਿੱਤਾ। ਯਾਤਰੀ ਨੂੰ ਕੋਲਕਾਤਾ ਪਹੁੰਚਣ ’ਤੇ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ‘ਇੰਡੀਗੋ’ ਨੇ ਉਸ ’ਤੇ ਕੁਝ ਸਮੇਂ ਤੱਕ ਆਪਣੇ ਜਹਾਜ਼ਾਂ ’ਚ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ।

* 1 ਅਗਸਤ, 2025 ਨੂੰ ਹੀ ‘ਇੰਡੀਗੋ’ ਦੀ ਬੈਂਗਲੁਰੂ-ਵਾਰਾਣਸੀ ਫਲਾਈਟ ’ਚ ‘ਮੁਹੰਮਦ ਅਦਨਾਨ’ ਨਾਂ ਦੇ ਯਾਤਰੀ ਨੇ ‘ਵਾਰਾਣਸੀ’ ’ਚ ਜਹਾਜ਼ ਦੀ ਲੈਂਡਿੰਗ ਤੋਂ ਠੀਕ ਪਹਿਲਾਂ ਐਮਰਜੈਂਸੀ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਫੜੇ ਜਾਣ ’ਤੇ ਉਸ ਨੇ ਦਾਅਵਾ ਕੀਤਾ ਕਿ ਉਸ ’ਤੇ ‘ਭੂਤ’ ਦਾ ਸਾਇਆ ਹੈ।

* 1 ਸਤੰਬਰ, 2025 ਨੂੰ ‘ਇੰਡੀਗੋ’ ਦੀ ਦਿੱਲੀ-ਕੋਲਕਾਤਾ ਫਲਾਈਟ ’ਚ ਇਕ ਯਾਤਰੀ ਨੇ ਸ਼ਰਾਬ ਦੇ ਨਸ਼ੇ ’ਚ ਕੈਬਿਨ ਕਰੂ ਨਾਲ ਬਦਸਲੂਕੀ ਕੀਤੀ ਅਤੇ ਹੋਰਨਾਂ ਯਾਤਰੀਆਂ ਨੂੰ ਪਰੇਸ਼ਾਨ ਕੀਤਾ। ਉਹ ਸਿਗਰੇਟ ਪੀਣ ਲਈ ‘ਜਹਾਜ਼ ਤੋਂ ਬਾਹਰ’ ਜਾਣ ਦੀ ਜ਼ਿੱਦ ਕਰ ਰਿਹਾ ਸੀ ਅਤੇ ਬਾਅਦ ’ਚ ਧਾਰਮਿਕ ਨਾਅਰੇ ਲਗਾਉਣ ਲੱਗਾ।

* 16 ਦਸੰਬਰ, 2025 ਨੂੰ ਹੈਦਰਾਬਾਦ ਦੇ ‘ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ’ ਉੱਤੇ 2 ਵੱਖ-ਵੱਖ ਘਟਨਾਵਾਂ ’ਚ ਯਾਤਰੀਆਂ ਨੂੰ ਜਹਾਜ਼ ’ਚ ਮਹਿਲਾ ਸਹਿ-ਯਾਤਰੀਆਂ ਦੇ ਯੌਨ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

*14 ਫਰਵਰੀ, 2026 ਨੂੰ ‘ਇੰਡੀਗੋ’ ਦੀ ਹਨੋਈ-ਕੋਲਕਾਤਾ ਫਲਾਈਟ ’ਚ ਇਕ ਮਹਿਲਾ ਸਹਿ-ਯਾਤਰੀ ਨਾਲ ਛੇੜਛਾੜ ਦੇ ਦੋਸ਼ ਹੇਠ ‘ਮੁਹੰਮਦ ਅਬਦੁਰ ਰਹਿਮਾਨ’ ਨਾਂ ਦੇ ਵਿਅਕਤੀ ਨੂੰ ਕੋਲਕਾਤਾ ਹਵਾਈ ਅੱਡੇ ’ਤੇ ਗ੍ਰਿਫਤਾਰ ਕੀਤਾ ਗਿਆ।

* 7 ਮਾਰਚ, 2026 ਨੂੰ ਦਿੱਲੀ ਤੋਂ ਗੋਆ ਜਾ ਰਹੇ ‘ਅਕਾਸਾ ਏਅਰ’ ਦੇ ਇਕ ਜਹਾਜ਼ ਦੇ ਟਾਇਲਟ ’ਚ ਇਕ ਯਾਤਰੀ ਬੀੜੀ ਪੀਣ ਦੇ ਦੋਸ਼ ਹੇਠ ਫੜਿਆ ਗਿਆ। ਅਧਿਕਾਰੀਆਂ ਨੇ ਉਸ ਦੇ ਕੋਲੋਂ ਇਕ ਲਾਈਟਰ ਵੀ ਬਰਾਮਦ ਕੀਤਾ।

* 17 ਮਾਰਚ, 2026 ਨੂੰ ‘ਸਿੰਗਾਪੁਰ ਏਅਰਲਾਈਨਜ਼’ ਦੀ ‘ਬੈਂਕਾਕ’ ਤੋਂ ‘ਸਿੰਗਾਪੁਰ’ ਜਾ ਰਹੀ ਫਲਾਈਟ ਦੇ ਦੌਰਾਨ ‘ਆਕਾਸ਼ ਤਿਵਾਰੀ’ ਨਾਂ ਦੇ ਯਾਤਰੀ ਨੂੰ ਇਕ ਏਅਰ ਹੋਸਟੈੱਸ ਨਾਲ ਛੇੜਛਾੜ ਅਤੇ ਬਦਸਲੂਕੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।

*17 ਅਪ੍ਰੈਲ, 2026 ਨੂੰ ਸਿੰਗਾਪੁਰ ਤੋਂ ਪਰਥ ਜਾ ਰਹੀ ‘ਸਕੂਟ ਏਅਰਲਾਈਨਜ਼’ ਦੀ ਫਲਾਈਟ ’ਚ ‘ਸੁਧੀਰ ਕੁਮਾਰ’ ਨਾਂ ਦੇ ਇਕ ਯਾਤਰੀ ਨੂੰ ਮਹਿਲਾ ਸਹਿ-ਯਾਤਰੀ ਦੇ ਯੌਨ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ‘ਸੁਧੀਰ ਕੁਮਾਰ’ ਨੇ ਮਹਿਲਾ ਸਹਿ-ਯਾਤਰੀ ਨਾਲ ਗੈਰ-ਸਹਿਮਤੀ ਵਾਲੀਆਂ ਹਰਕਤਾਂ ਕੀਤੀਆਂ ਅਤੇ ਪੀੜਤਾ ਦੁਆਰਾ ਸ਼ਿਕਾਇਤ ਕਰਨ ’ਤੇ ਉਸ ਨੂੰ ਦੂਜੀ ਸੀਟ ’ਤੇ ਸ਼ਿਫਟ ਕੀਤਾ ਗਿਆ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜਕੱਲ ਜਹਾਜ਼ ਯਾਤਰਾਵਾਂ ਵੀ ਖਰੂਦੀ ਲੋਕਾਂ ਦੀਆਂ ਸ਼ਰਾਰਤਾਂ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰੀਆਂ ਹੀ ਨਹੀਂ, ਸਗੋਂ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਵੀ ਖ਼ਤਰੇ ’ਚ ਪੈਂਦੀ ਦਿਖਾਈ ਦੇਣ ਲੱਗੀ ਹੈ। ਹਵਾਬਾਜ਼ੀ ਕੰਪਨੀਆਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਨੂੰ ਅਜਿਹੇ ਖਰੂਦੀ ਯਾਤਰੀਆਂ ’ਤੇ ਯਾਤਰਾ ਲਈ ਪਾਬੰਦੀ ਲਾਉਣ ਦੇ ਨਾਲ-ਨਾਲ ਇਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News