ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ

Monday, Apr 20, 2026 - 03:03 AM (IST)

ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ

ਈਰਾਨ ਨੇ ਇਜ਼ਰਾਈਲ-ਲਿਬਨਾਨ ਅਤੇ ਅਮਰੀਕਾ-ਈਰਾਨ ਦੀ ਡੀਲ ਫਾਈਨਲ ਹੋ ਜਾਣ ਤੱਕ ਦੇ ਲਈ ‘ਸਟ੍ਰੇਟ ਆਫ ਹੋਰਮੁਜ਼’ ਖੋਲ੍ਹ ਦਿੱਤਾ ਜਾਂ ਇਸ ਮੋੜ ਨੇ ਦੁਨੀਆ ਦੇ ਮਹਾਸਾਗਰਾਂ ਅਤੇ ਆਪਸ ’ਚ ਜੁੜੇ ਗਲੋਬਲ ਵਪਾਰ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਵੱਲ ਫਿਰ ਤੋਂ ਦੁਨੀਆ ਦਾ ਧਿਆਨ ਖਿੱਚਿਆ ਹੈ।

ਪਰ ਚੀਨ ਦੇ ਸ਼ਾਸਕਾਂ ਨੇ ਤਾਂ ਇਹ ਗੱਲ ਬਹੁਤ ਪਹਿਲਾਂ ਹੀ ਮਹਿਸੂਸ ਕਰ ਲਈ ਸੀ। ਲੱਗਭਗ 25 ਵਰ੍ਹਿਆਂ ਤੋਂ ਚੀਨ ਹਿੰਦ ਮਹਾਸਾਗਰ, ਫਾਰਸ ਦੀ ਖਾੜੀ ਅਤੇ ਦੁਨੀਆ ਭਰ ’ਚ ਬੰਦਰਗਾਹਾਂ ਖਰੀਦ ਅਤੇ ਬਣਾ ਰਿਹਾ ਹੈ।

ਉਦਾਹਰਣ ਲਈ, ਗ੍ਰੀਸ ’ਚ ਅਮਰੀਕੀ ਰਾਜਦੂਤ ਕਿਮਬਰਲੀ ਨੇ ਹਾਲ ਹੀ ’ਚ ਸੁਝਾਅ ਦਿੱਤਾ ਕਿ ਚੀਨ ਨੂੰ ਗ੍ਰੀਸ ਦੀ ‘ਪਿਰਾਇਸ ਬੰਦਰਗਾਹ’ ਵਿਕਰੀ ਲਈ ਰੱਖ ਦੇਣੀ ਚਾਹੀਦੀ ਹੈ। ਇਹ ਇਕ ਵੱਡਾ ਸ਼ਿਪਿੰਗ ਕੇਂਦਰ ਅਤੇ ਦੱਖਣੀ ਯੂਰਪ ਦਾ ਪ੍ਰਵੇਸ਼ ਦੁਆਰ ਹੈ। ਚੀਨ ਨੇ ਇਕ ਦਹਾਕਾ ਪਹਿਲਾਂ ਉਸ ਸਮੇਂ ‘ਪਿਰਾਇਸ’ ਉੱਤੇ ਧਨ ਲਾਇਆ ਸੀ, ਜਦੋਂ ਗ੍ਰੀਸ ਆਰਥਿਕ ਸੰਕਟ ਨਾਲ ਜੂਝ ਰਿਹਾ ਸੀ ਅਤੇ ਬੀਜਿੰਗ ਤੋਂ ਮਿਲੀ ਮਦਦ ਦਾ ਉੱਥੋਂ ਦੀਆਂ ਲੱਗਭਗ ਸਾਰੀਆਂ ਪਾਰਟੀਆਂ ਨੇ ਸਵਾਗਤ ਕੀਤਾ ਸੀ, ਉਹ ਇਸ ਬੰਦਰਗਾਹ ਨੂੰ ਹੁਣ ਕਿਉਂ ਛੱਡੇਗਾ?

ਅਮਰੀਕਾ ਦਹਾਕਿਆਂ ਤੱਕ ਸੁੱਤਾ ਰਿਹਾ ਅਤੇ ਹੁਣ ਜਾਗਿਆ ਹੈ, ਜਦਕਿ ਚੀਨ ਨੇ 2000 ਤੋਂ 2025 ਦੇ ਵਿਚਾਲੇ ਵਿਸ਼ਵ ਦੇ 90 ਦੇਸ਼ਾਂ ’ਚ 168 ਬੰਦਰਗਾਹਾਂ ਖਰੀਦ ਕੇ ਇਕ ਵਿਸ਼ਾਲ ਸਮੁੰਦਰੀ ਸਾਮਰਾਜ ਖੜ੍ਹਾ ਕਰ ਲਿਆ ਹੈ।

ਟਰੰਪ ਪ੍ਰਸ਼ਾਸਨ ਨੇ ਪਨਾਮਾ ਦੀਆਂ ਮਹੱਤਵਪੂਰਨ ਬੰਦਰਗਾਹਾਂ ਉੱਤੇ ਚੀਨੀ ਮਾਲਕੀ ਨੂੰ ਲੈ ਕੇ ਦਬਾਅ ਪਾਉਣ ਤੋਂ ਇਲਾਵਾ ਪੇਰੂ ਨੂੰ ਚੀਨ ਦੇ ਨਾਲ ਨਵੀਂ ਮੈਗਾ ਬੰਦਰਗਾਹ ‘ਚਾਂਕਾਏ’ ਨੂੰ ਲੈ ਕੇ ਉਸ ਦੇ ਸਬੰਧਾਂ ਕਾਰਨ ਉਸ ਦੀ ਪ੍ਰਭੂਸੱਤਾ ਖਤਰੇ ’ਚ ਪੈਣ ਦੀ ਚਿਤਾਵਨੀ ਦੇ ਦਿੱਤੀ ਸੀ ਅਤੇ ਇਸ ਤੋਂ ਪਹਿਲਾਂ ਕਿ ਇਹ ਸੌਦਾ ਟੁੱਟਦਾ, 2024 ’ਚ ਅਮਰੀਕੀ ਵਿਕਾਸ ਵਿੱਤ ਨਿਗਮ (ਡੀ. ਐੱਫ. ਸੀ.) ਸ਼੍ਰੀਲੰਕਾ ਦੇ ਕੋਲੰਬੋ ’ਚ 50 ਅਰਬ ਡਾਲਰ ਦਾ ਇਕ ਬੰਦਰਗਾਹ ਸਮਝੌਤਾ ਕਰਨ ਦੀ ਤਿਆਰੀ ਕਰਨ ਲੱਗਾ ਤਾਂ ਕਿ ਉਸੇ ਜਗ੍ਹਾ ’ਤੇ ਚੀਨ ਦੁਆਰਾ ਆਰਥਿਕ ਸਹਾਇਤਾ ਨਾਲ ਬਣਾਏ ਕੰਟੇਨਰ ਟਰਮੀਨਲ ਦਾ ਮੁਕਾਬਲਾ ਕੀਤਾ ਜਾ ਸਕੇ।

ਅਮਰੀਕਾ ਜੇਕਰ ਚੀਨ ਦੁਆਰਾ ਵਿੱਤ ਪੋਸ਼ਿਤ ਬੰਦਰਗਾਹਾਂ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ, ਤਾਂ ਇਸ ਦੇ ਲਈ ਉਸ ਨੂੰ ਅਜੇ ਲੰਬਾ ਸਫ਼ਰ ਤੈਅ ਕਰਨਾ ਹੋਵੇਗਾ, ਜਦਕਿ ਚੀਨ ਦੀਆਂ ਏਜੰਸੀਆਂ ਅਤੇ ਸੰਸਥਾਵਾਂ ਹੁਣ ਤੱਕ ਵੱਖ-ਵੱਖ ਦੇਸ਼ਾਂ ’ਚ ਬੰਦਰਗਾਹ ਪ੍ਰਾਜੈਕਟਾਂ ’ਤੇ 24 ਬਿਲੀਅਨ ਡਾਲਰ ਦਾ ਨਿਵੇਸ਼ ਕਰ ਚੁੱਕੀਆਂ ਹਨ।

ਚੀਨ ਨਿਯਮਤ ਤੌਰ ’ਤੇ ਵੱਖ-ਵੱਖ ਦੇਸ਼ਾਂ ’ਚ ਵਿਸ਼ਾਲ ਬੰਦਰਗਾਹਾਂ ਦੇ ਨਿਰਮਾਣ ਲਈ ਆਪਣੇ ਅਧਿਕਾਰਤ ਫਾਈਨਾਂਸਰਾਂ ਦੇ ਜ਼ਰੀਏ ਨਿਵੇਸ਼ ਕਰਦਾ ਆ ਰਿਹਾ ਹੈ, ਜੋ ਉਸ ਦੇ ਦੁਆਰਾ ਵੱਡੀ ਮਾਤਰਾ ’ਚ ਕੀਤੀ ਜਾਣ ਵਾਲੀ ਬਰਾਮਦ ਨੂੰ ਸੰਭਾਲ ਸਕਣ, ਉੱਥੋਂ ਵੱਖ-ਵੱਖ ਚੀਜ਼ਾਂ ਜਿਵੇਂ ਕਿ ਸੋਇਆਬੀਨ, ਮਹੱਤਵਪੂਰਨ ਖਣਿਜ, ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.), ਤੇਲ ਆਦਿ ਦੀ ਦਰਾਮਦ ਨੂੰ ਆਸਾਨ ਬਣਾ ਸਕਣ।

ਚੀਨ ਦੀ ਸਮੁੰਦਰੀ ਫੌਜ ’ਚ ਗਿਣਤੀ ਅਤੇ ਗੁਣਵੱਤਾ, ਦੋਵਾਂ ਹੀ ਮਾਮਲਿਆਂ ’ਚ ਭਾਰੀ ਵਾਧਾ ਹੋ ਰਿਹਾ ਹੈ, ਇਸ ਲਈ ਬੀਜਿੰਗ ਦੇ ਵਿਦੇਸ਼ੀ ਬੰਦਰਗਾਹ ਨੈੱਟਵਰਕ ’ਤੇ ਟਿਕੀ ਚੀਨ ਦੀ ਗਲੋਬਲ ਸਮੁੰਦਰੀ ਸਪਲਾਈ ਚੇਨ ਤੋਂ ਉਸ ਨੂੰ ਬਹੁਤ ਲਾਭ ਹੈ ਕਿਉਂਕਿ ਇਸ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੀਆਂ ਸੰਸਥਾਵਾਂ ਦੀ ਦਖਲਅੰਦਾਜ਼ੀ ਤੋਂ ਮੁਕਤ ਰਣਨੀਤਕ ਆਜ਼ਾਦੀ ਪ੍ਰਾਪਤ ਹੁੰਦੀ ਹੈ। ਇਸ ਨਾਲ ਚੀਨ ਕਿਸੇ ਵੀ ਫੌਜੀ ਕਾਰਵਾਈ ਦੇ ਵਿਰੁੱਧ ਜਵਾਬੀ ਕਾਰਵਾਈ ਬਾਰੇ ਸੋਚ ਸਕਦਾ ਹੈ।

ਕਿਸੇ ਬੰਦਰਗਾਹ ਉੱਤੇ ਚੀਨ ਦੀ ਜਿੰਨੀ ਜ਼ਿਆਦਾ ਅਧਿਕਾਰਤ ਆਰਥਿਕ ਹਿੱਸੇਦਾਰੀ ਹੈ, ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਚੀਨੀ ਫੌਜੀ ਗਤੀਵਿਧੀ ਹੋਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੈ। ਉਦਾਹਰਣ ਵਜੋਂ ਚੀਨ, ਤੰਜ਼ਾਨੀਆ ਅਤੇ ਜ਼ਾਂਬੀਆ ਦੀਆਂ ਸਰਕਾਰਾਂ ਨੇ ਸਤੰਬਰ 2025 ’ਚ ਚਾਈਨਾ ਸਿਵਲ ਇੰਜੀਨੀਅਰਿੰਗ ਐਂਡ ਕੰਸਟ੍ਰਕਸ਼ਨ ਕਾਰਪੋਰੇਸ਼ਨ ਦੇ ਨਾਲ ਤੰਜ਼ਾਨੀਆ-ਜ਼ਾਂਬੀਆ ਰੇਲਵੇ ਪ੍ਰਾਜੈਕਟ ਅਤੇ ਉਸ ਦੇ ਸਾਜ਼ੋ-ਸਾਮਾਨ ਨੂੰ ਠੀਕ ਕਰਕੇ ਚਾਲੂ ਕਰਨ ਦੇ ਬਦਲੇ ’ਚ 1.4 ਬਿਲੀਅਨ ਦੀ ਡੀਲ ਕੀਤੀ ਸੀ। ਇਹ ਟ੍ਰਾਂਸਪੋਰਟੇਸ਼ਨ ਕੋਰੀਡੋਰ ਖਣਿਜ ਪਦਾਰਥਾਂ ਨਾਲ ਭਰਪੂਰ ਜ਼ਾਂਬੀਆ ਤੱਕ ਜਾਵੇਗਾ, ਜਿਸ ਦਾ ਪੋਰਟ ਟਰਮੀਨਸ ਤੰਜ਼ਾਨੀਆ ਦੇ ਦਾਰ-ਐੱਸ-ਸਲਾਮ ’ਚ ਹੋਵੇਗਾ।

ਚੀਨੀ ਆਫੀਸ਼ੀਅਲ-ਸੈਕਟਰ ਏਜੰਸੀਆਂ ਦੁਆਰਾ ਫਾਈਨਾਂਸ ਕੀਤੇ ਗਏ 35 ਫੀਸਦੀ ਬੰਦਰਗਾਹਾਂ ਅਤੇ ਬੰਦਰਗਾਹਾਂ ਦੀ ਸਹੂਲਤ ਦੇਣ ਵਾਲੀਆਂ ਯੋਜਨਾਵਾਂ ਉੱਤੇ ਵੀ ਉਸ ਦੀ ਮਾਲਕੀ ਜਾਂ ਸੰਚਾਲਨ ਕੰਟਰੋਲ ਸ਼ਾਮਲ ਹੈ।

ਹਾਲਾਂਕਿ ਅਮਰੀਕਾ ਨਵੇਂ ਜੋਸ਼ ਦੇ ਨਾਲ ਦੂਜੇ ਦੇਸ਼ਾਂ ਨੂੰ ਆਪਣੀਆਂ ਬੰਦਰਗਾਹਾਂ ਅਤੇ ਉਨ੍ਹਾਂ ਦੀ ਮਾਲਕੀ ਚੀਨ ਨੂੰ ਦੇਣ ਤੋਂ ਰੋਕਣ ਲਈ ਤਰਲੋਮੱਛੀ ਹੋ ਰਿਹਾ ਹੈ, ਪਰ ਉਹ ਇਹ ਦਿਖਾਉਣ ’ਚ ਘੱਟ ਕਾਮਯਾਬ ਰਿਹਾ ਹੈ ਕਿ ਉਸ ਦੇ ਕੋਲ ਇਸ ਦੇ ਬਦਲੇ ਉਨ੍ਹਾਂ ਦੇਸ਼ਾਂ ਨੂੰ ਦੇਣ ਲਈ ਕੀ ਹੈ। ਬੀਜਿੰਗ ਦੂਜੇ ਦੇਸ਼ਾਂ ਨੂੰ ਇਨਫਰਾਸਟਰੱਕਚਰ, ਕੈਪੀਟਲ, ਇਕਨਾਮਿਕ ਡਿਵੈੱਲਪਮੈਂਟ ਅਤੇ ਟ੍ਰੇਡ ਸੰਭਾਵਨਾਵਾਂ ਦੇ ਰਿਹਾ ਹੈ, ਜਦਕਿ ਅਮਰੀਕਾ ਗਲਤ ਸ਼ਬਦਾਂ ’ਚ ਉਨ੍ਹਾਂ ਨੂੰ ਚਿਤਾਵਨੀਆਂ ਦੇ ਰਿਹਾ ਹੈ।

2018 ਤੋਂ, ਬੀਜਿੰਗ ਪੂਰੇ ਸਮੁੰਦਰੀ ਮਿਡਲ ਈਸਟ ਅਤੇ ਵਿਸ਼ੇਸ਼ ਕਰਕੇ ਖਾੜੀ ਦੇਸ਼ਾਂ ’ਚ ਇਕ ਬਹੁਤ ਸਰਗਰਮ ਕਰਜ਼ਦਾਤਾ ਰਿਹਾ ਹੈ। ਇਸ ਨੇ ਸੰਯੁਕਤ ਅਰਬ ਅਮੀਰਾਤ ’ਚ ਖਲੀਫਾ ’ਚ ਇਕ ਕੰਟੇਨਰ ਪੋਰਟ, ਕਤਰ ’ਚ ਨਿਊ ਦੋਹਾ ਪੋਰਟ, ਓਮਾਨ ’ਚ ਦੁਕਮ ਪੋਰਟ ਅਤੇ ਪਾਕਿਸਤਾਨ ਦੇ ਦੂਰ ਪੱਛਮ ’ਚ ਅਤੇ ਸਟ੍ਰੇਟ ਦੇ ਰਸਤਿਆਂ ਉੱਤੇ ਗਵਾਦਰ ਪੋਰਟ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ।

ਹਾਲ ਹੀ ’ਚ ਯੂਰਪੀ ਸੰਘ (ਈ. ਯੂ.) ਨੇ ਆਪਣੀ ਇਕ ਬੰਦਰਗਾਹ ਰਣਨੀਤੀ ਜਾਰੀ ਕੀਤੀ ਪਰ ਅਮਰੀਕਾ ਅਤੇ ਯੂਰਪੀ ਸੰਘ ਦੀ ਰਾਸ਼ਟਰੀ ਸੁਰੱਖਿਆ ਅਤੇ ਆਰਥਿਕ ਰਣਨੀਤੀ ਅਜੇ ਚੀਨ ਦੇ ਤਾਲਮੇਲ ਜਾਂ ਤਾਲਮੇਲ ਦੇ ਪੱਧਰ ਦਾ ਮੁਕਾਬਲਾ ਨਹੀਂ ਕਰ ਸਕਦੀ।


author

Sandeep Kumar

Content Editor

Related News