ਕਿਉਂ ਹੋਰਮੁਜ਼ ਨੂੰ ਇਕ ‘ਗਲੋਬਲ ਚਿਕਨ ਨੈੱਕ’ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ
Sunday, Apr 12, 2026 - 04:00 PM (IST)
ਟੈਕਨਾਲੋਜੀ ਅਤੇ ਵਿਸ਼ਵੀਕਰਨ ਨਾਲ ਪਰਿਭਾਸ਼ਿਤ ਇਸ ਯੁੱਗ ’ਚ ਇਹ ਮੰਨ ਲੈਣਾ ਆਸਾਨ ਹੈ ਕਿ ਭੂਗੋਲ ਦਾ ਮਹੱਤਵ ਘੱਟ ਗਿਆ ਹੈ। ਫਿਰ ਵੀ, ਹੋਰਮੁਜ਼ ਜਲਡਮਰੂਮੱਧ ਦੇ ਆਲੇ-ਦੁਆਲੇ ਦੇ ਹਾਲੀਆ ਤਣਾਅ ਸਾਨੂੰ ਯਾਦ ਦਿਵਾਉਂਦੇ ਹਨ ਕਿ ਦੁਨੀਆ ਹੁਣ ਵੀ ਤੰਗ ਮਾਰਗਾਂ ’ਤੇ ਨਿਰਭਰ ਹੈ-ਅਜਿਹੇ ਨਾਜ਼ੁਕ ਗਲਿਆਰੇ, ਜਿਨ੍ਹਾਂ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਗਲੋਬਲ ਵਿਵਸਥਾ ਨੂੰ ਹਿਲਾ ਸਕਦੀ ਹੈ।
ਭਾਰਤ ਇਸ ਹਕੀਕਤ ਨੂੰ ਲੰਬੇ ਸਮੇਂ ਤੋਂ ਸਿਲੀਗੁੜੀ ਕੋਰੀਡੋਰ ਦੇ ਮਾਧਿਅਮ ਰਾਹੀਂ ਸਮਝਦਾ ਰਿਹਾ ਹੈ-ਜ਼ਮੀਨ ਦਾ ਇਕ ਤੰਗ ਹਿੱਸਾ, ਜੋ ਪੂਰਬ-ਉੱਤਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਲੋਕਪ੍ਰਿਯ ਰੂਪ ’ਚ ‘ਚਿਕਨ ਨੈੱਕ’ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਖੇਤਰ ਇਕ ਅਜਿਹੀ ਸੰਵੇਦਨਸ਼ੀਲ ਕੜੀ ਦਾ ਪ੍ਰਤੀਕ ਹੈ, ਜਿੱਥੇ ਕੋਈ ਵੀ ਰੁਕਾਵਟ ਅਸਾਧਾਰਨ ਨਤੀਜੇ ਪੈਦਾ ਕਰ ਸਕਦੀ ਹੈ। ਜੋ ਸਥਿਤੀ ਭਾਰਤ ਘਰੇਲੂ ਪੱਧਰ ’ਤੇ ਅਨੁਭਵ ਕਰਦਾ ਹੈ, ਉਹੀ ਹੁਣ ਵਿਸ਼ਵ ਗਲੋਬਲ ਪੱਧਰ ’ਤੇ ਦੇਖ ਰਿਹਾ ਹੈ।
ਹੋਰਮੁਜ਼ ਜਲਡਮਰੂਮੱਧ ਹਰ ਪੱਖੋਂ ਦੁਨੀਆ ਦਾ ‘ਚਿਕਨ ਨੈੱਕ’ ਹੈ। ਗਲੋਬਲ ਤੇਲ ਸਪਲਾਈ ਦਾ ਲੱਗਭਗ ਇਕ-ਚੌਥਾਈ ਹਿੱਸਾ ਇਸ ਤੰਗ ਸਮੁੰਦਰੀ ਮਾਰਗ ਰਾਹੀਂ ਗੁਜ਼ਰਦਾ ਹੈ। ਇਹ ਏਸ਼ੀਆ ਦੀਆਂ ਅਰਥਵਿਵਸਥਾਵਾਂ ਨੂੰ ਊਰਜਾ ਦਿੰਦਾ ਹੈ, ਯੂਰਪ ਦੇ ਉਦਯੋਗਾਂ ਨੂੰ ਬਣਾਈ ਰੱਖਦਾ ਹੈ ਅਤੇ ਗਲੋਬਲ ਬਾਜ਼ਾਰਾਂ ਨੂੰ ਸਥਿਰ ਕਰਦਾ ਹੈ। ਫਿਰ ਵੀ, ਇਸ ਦੀ ਸੁਰੱਖਿਆ ਇਕ ਨਾਜ਼ੁਕ ਸ਼ਕਤੀ-ਸੰਤੁਲਨ ’ਤੇ ਨਿਰਭਰ ਕਰਦੀ ਹੈ, ਜਿਸ ’ਚ ਈਰਾਨ ਵਰਗੇ ਖੇਤਰੀ ਖਿਡਾਰੀ ਅਤੇ ਅਮਰੀਕੀ ਜਲ ਸੈਨਾ ਵਰਗੇ ਬਾਹਰੀ ਸਥਿਰਤਾ-ਪ੍ਰਦਾਨ ਕਰਨ ਵਾਲੇ ਸ਼ਾਮਲ ਹਨ। ਇਹ ਸੰਤੁਲਨ ਹੁਣ ਵਧਦੇ ਦਬਾਅ ਹੇਠ ਹੈ।
ਦਹਾਕਿਆਂ ਤੱਕ ਰਣਨੀਤਿਕ ਮਾਹਿਰਾਂ ਨੇ ਹੋਰਮੁਜ਼ ਨੂੰ ‘ਚੋਕਪੁਆਇੰਟ’ ਕਿਹਾ-ਇਕ ਤਕਨੀਕੀ ਸ਼ਬਦ, ਜੋ ਸਹੀ ਹੁੰਦੇ ਹੋਏ ਵੀ ਜੋਖ਼ਮ ਦੇ ਅਸਲ ਪੈਮਾਨੇ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰਦਾ। ਇਕ ਚੋਕਪੁਆਇੰਟ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ, ਪਰ ‘ਚਿਕਨ ਨੈੱਕ’ ਕਿਤੇ ਵੱਧ ਖ਼ਤਰਨਾਕ ਸਥਿਤੀ ਨੂੰ ਦਰਸਾਉਂਦਾ ਹੈ-ਇਕ ਅਜਿਹਾ ਬਿੰਦੂ, ਜਿੱਥੇ ਪੂਰੀ ਵਿਵਸਥਾ ਫੇਲ ਹੋ ਸਕਦੀ ਹੈ।
ਇਹ ਅੰਤਰ ਸਿਰਫ ਸ਼ਬਦਾਂ ਦਾ ਨਹੀਂ, ਸਗੋਂ ਰਣਨੀਤੀ ਦਾ ਹੈ। ਅੱਜ ਹੋਰਮੁਜ਼ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਸਿਰਫ ਜਹਾਜ਼ਰਾਨੀ ਮਾਰਗਾਂ ਨੂੰ ਪ੍ਰਭਾਵਿਤ ਨਹੀਂ ਕਰੇਗੀ-ਇਹ ਲੜੀਵਾਰ ਨਤੀਜਿਆਂ ਨੂੰ ਜਨਮ ਦੇਵੇਗੀ। ਕੁਝ ਹੀ ਘੰਟਿਆਂ ’ਚ ਤੇਲ ਦੀਆਂ ਕੀਮਤਾਂ ਵਧ ਜਾਣਗੀਆਂ, ਸਪਲਾਈ ਚੇਨ ਪ੍ਰਭਾਵਿਤ ਹੋਵੇਗੀ ਅਤੇ ਮਹਾਦੀਪਾਂ ’ਚ ਮਹਿੰਗਾਈ ਦਾ ਦਬਾਅ ਵਧੇਗਾ। ਇਕ ਆਪਸ ’ਚ ਜੁੜੀ ਦੁਨੀਆ ’ਚ ਇਹ ਝਟਕਾ ਕਿਸੇ ਵੀ ਜਲ ਸੈਨਾ ਦੀ ਪ੍ਰਤੀਕਿਰਿਆ ਨਾਲੋਂ ਤੇਜ਼ੀ ਨਾਲ ਫੈਲ ਜਾਵੇਗਾ।
ਬਦਲਿਆ ਹੈ ਤਾਂ ਸਿਰਫ ਹੋਰਮੁਜ਼ ਦਾ ਭੂਗੋਲ ਨਹੀਂ, ਸਗੋਂ ਉਸ ਦੇ ਚਾਰੋਂ ਪਾਸੇ ਮੌਜੂਦ ਖ਼ਤਰਿਆਂ ਦਾ ਸਰੂਪ। ਰਵਾਇਤੀ ਰੋਕੂ ਸਮਰੱਥਾ ਤਰਕਸ਼ੀਲ ਰਾਸ਼ਟਰ-ਰਾਜਾਂ ’ਤੇ ਆਧਾਰਿਤ ਸੀ। ਅੱਜ ਜੋਖ਼ਮ ਵਧੇਰੇ ਫੈਲਾਅ ਵਾਲੇ ਅਤੇ ਅਚਾਨਕ ਹਨ-ਡਰੋਨ ਹਮਲਿਆਂ, ਪ੍ਰੌਕਸੀ ਮਿਲੀਸ਼ੀਆ ਤੋਂ ਲੈ ਕੇ ਸਮੁੰਦਰੀ ਨੇਵੀਗੇਸ਼ਨ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਹਮਲਿਆਂ ਤੱਕ। ਇਹ ‘ਹਾਈਬ੍ਰਿਡ ਖ਼ਤਰੇ’ ਸੰਘਰਸ਼ ਦੀ ਦਹਿਲੀਜ਼ ਨੂੰ ਘਟਾਉਂਦੇ ਹਨ, ਜਦਕਿ ਉਸ ਦੇ ਪ੍ਰਭਾਵ ਨੂੰ ਵਧਾਉਂਦੇ ਹਨ। ਕਿਸੇ ਤੇਲ ਟੈਂਕਰ ਨੂੰ ਡੁਬਾਉਣਾ ਜ਼ਰੂਰੀ ਨਹੀਂ; ਸਿਰਫ ਧਮਕੀ ਹੀ ਬਾਜ਼ਾਰਾਂ ਨੂੰ ਅਸਥਿਰ ਕਰਨ ਲਈ ਕਾਫ਼ੀ ਹੈ।
ਇਸੇ ਲਈ ਗਲੋਬਲ ਰਣਨੀਤਿਕ ਸ਼ਬਦਾਵਲੀ ਨੂੰ ਵਿਕਸਿਤ ਕਰਨ ਦੀ ਲੋੜ ਹੈ। ਹੋਰਮੁਜ਼ ਨੂੰ ‘ਗਲੋਬਲ ਚਿਕਨ ਨੈੱਕ’ ਵਜੋਂ ਪਛਾਣਨਾ ਇਸ ਨੂੰ ਇਕ ਖੇਤਰੀ ਤਣਾਅ ਬਿੰਦੂ ਤੋਂ ਹਟਾ ਕੇ ਇਕ ਸਾਂਝੀ ਗਲੋਬਲ ਅਸੁਰੱਖਿਆ ਵਜੋਂ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਪ੍ਰਤੀਕਿਰਿਆ ’ਚ ਵੀ ਬਦਲਾਅ ਦੀ ਲੋੜ ਹੈ।
ਪਹਿਲਾ, ਸਮੂਹਿਕ ਸੁਰੱਖਿਆ ਢਾਂਚੇ ਦੀ ਤਤਕਾਲ ਲੋੜ ਹੈ, ਜੋ ਸਿਰਫ ਆਰਜ਼ੀ ਜਲ ਸੈਨਾ ਦੀ ਤਾਇਨਾਤੀ ਤੋਂ ਅੱਗੇ ਵਧੇ। ਹੋਰਮੁਜ਼ ਵਰਗੇ ਮਹੱਤਵਪੂਰਨ ਗਲਿਆਰਿਆਂ ਦੀ ਸੁਰੱਖਿਆ ਇਕ ਨਿਰੰਤਰ ਬਹੁਪੱਖੀ ਯਤਨ ਬਣਨੀ ਚਾਹੀਦੀ ਹੈ, ਜਿਸ ’ਚ ਖ਼ੁਫ਼ੀਆ ਜਾਣਕਾਰੀ ਦਾ ਵਟਾਂਦਰਾ, ਤਾਲਮੇਲ ਵਾਲੀ ਗਸ਼ਤ ਅਤੇ ਤੇਜ਼ ਪ੍ਰਤੀਕਿਰਿਆ ਸਮਰੱਥਾ ਸ਼ਾਮਲ ਹੋਵੇ।
ਦੂਜਾ, ਭਾਰਤ ਸਮੇਤ ਪ੍ਰਮੁੱਖ ਅਰਥਵਿਵਸਥਾਵਾਂ ਨੂੰ ਆਪਣੀ ਲਚਕੀਲਾਪਨ ਸਮਰੱਥਾ ’ਚ ਨਿਵੇਸ਼ ਕਰਨਾ ਹੋਵੇਗਾ। ਊਰਜਾ ਸਰੋਤਾਂ ਦਾ ਵਿਭਿੰਨਤਾਕਰਨ, ਰਣਨੀਤਿਕ ਭੰਡਾਰਾਂ ਦਾ ਨਿਰਮਾਣ ਅਤੇ ਬਦਲਵੇਂ ਸਪਲਾਈ ਮਾਰਗਾਂ ਦਾ ਵਿਕਾਸ ਹੁਣ ਸਿਰਫ ਆਰਥਿਕ ਬਦਲ ਨਹੀਂ, ਸਗੋਂ ਰਣਨੀਤਿਕ ਲੋੜ ਹਨ।
ਤੀਜਾ, ਦੇਸ਼ਾਂ ਨੂੰ ਅਜਿਹੇ ਨਵੇਂ ਕਿਸਮ ਦੇ ਸੰਘਰਸ਼ ਲਈ ਤਿਆਰ ਰਹਿਣਾ ਹੋਵੇਗਾ, ਜਿੱਥੇ ਟੀਚਾ ਕਬਜ਼ਾ ਨਹੀਂ, ਸਗੋਂ ਰੁਕਾਵਟ ਪੈਦਾ ਕਰਨਾ ਹੋਵੇ। ਭਵਿੱਖ ਦੇ ਜੰਗੀ ਮੈਦਾਨ ਸੰਭਵ ਤੌਰ ’ਤੇ ਉਹੀ ਤੰਗ ਗਲਿਆਰੇ ਹੋਣਗੇ, ਜਿੱਥੇ ਗਲੋਬਲ ਨਿਰਭਰਤਾ ਸਭ ਤੋਂ ਵੱਧ ਅਤੇ ਸੁਰੱਖਿਆ ਸਭ ਤੋਂ ਗੁੰਝਲਦਾਰ ਹੋਵੇਗੀ।
ਭਾਰਤ ਲਈ ਇਹ ਸੰਦੇਸ਼ ਵਿਸ਼ੇਸ਼ ਤੌਰ ’ਤੇ ਸਪੱਸ਼ਟ ਹੈ। ਇਕ ਅਜਿਹੇ ਦੇਸ਼ ਦੇ ਰੂਪ ’ਚ, ਜੋ ਹੋਰਮੁਜ਼ ਰਾਹੀਂ ਊਰਜਾ ਸਪਲਾਈ ਅਤੇ ਹੋਰ ਤੰਗ ਮਾਰਗਾਂ ਤੋਂ ਵਪਾਰ ’ਤੇ ਨਿਰਭਰ ਹੈ ਅਤੇ ਨਾਲ ਹੀ ਸਿਲੀਗੁੜੀ ਕੋਰੀਡੋਰ ਵਰਗੀ ਆਪਣੀ ਅੰਦਰੂਨੀ ਸੰਵੇਦਨਸ਼ੀਲਤਾ ਦਾ ਵੀ ਪ੍ਰਬੰਧਨ ਕਰਦਾ ਹੈ, ਭਾਰਤ ਕਈ ‘ਚਿਕਨ ਨੈੱਕ’ ਦੇ ਸੰਗਮ ’ਤੇ ਸਥਿਤ ਹੈ। ਇਹ ਸਥਿਤੀ ਸਿਰਫ ਜਾਗਰੂਕਤਾ ਹੀ ਨਹੀਂ, ਸਗੋਂ ਅਗਵਾਈ ਦੀ ਵੀ ਮੰਗ ਕਰਦੀ ਹੈ।
21ਵੀਂ ਸਦੀ ਸਿਰਫ ਜ਼ਮੀਨ ਜਾਂ ਸਮੁੰਦਰ ਦੇ ਕੰਟਰੋਲ ਨਾਲ ਪਰਿਭਾਸ਼ਿਤ ਨਹੀਂ ਹੋਵੇਗੀ, ਸਗੋਂ ਉਨ੍ਹਾਂ ਗਲਿਆਰਿਆਂ ਦੀ ਸੁਰੱਖਿਆ ਨਾਲ ਤੈਅ ਹੋਵੇਗੀ, ਜੋ ਇਨ੍ਹਾਂ ਨੂੰ ਜੋੜਦੇ ਹਨ। ਇਸ ਉੱਭਰਦੀ ਗਲੋਬਲ ਵਿਵਸਥਾ ’ਚ, ਦੁਨੀਆ ਦੇ ‘ਚਿਕਨ ਨੈੱਕ’ ਦੀ ਸੁਰੱਖਿਆ ਸਿਰਫ ਰਾਸ਼ਟਰੀ ਹਿੱਤ ਦਾ ਵਿਸ਼ਾ ਨਹੀਂ, ਸਗੋਂ ਇਕ ਗਲੋਬਲ ਜ਼ਿੰਮੇਵਾਰੀ ਹੈ।
ਸੰਦੇਸ਼ ਸਪੱਸ਼ਟ ਹੈ ਇਨ੍ਹਾਂ ਤੰਗ ਮਾਰਗਾਂ ਦੀ ਅਣਦੇਖੀ ਕਰੋ ਅਤੇ ਦੁਨੀਆ ਰਣਨੀਤਿਕ ਤੌਰ ’ਤੇ ਘੁੱਟ ਸਕਦੀ ਹੈ। ਇਨ੍ਹਾਂ ਨੂੰ ਪਛਾਣੋ, ਸੁਰੱਖਿਅਤ ਕਰੋ ਅਤੇ ਅਸੀਂ ਇਕ ਅਨਿਸ਼ਚਿਤ ਦੁਨੀਆ ’ਚ ਸਥਿਰਤਾ ਯਕੀਨੀ ਬਣਾ ਸਕਦੇ ਹਾਂ।
-ਕੁੰਵਰ ਵਿਕਰਮ ਸਿੰਘ
