ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ

Monday, Apr 13, 2026 - 04:53 PM (IST)

ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ

ਦੁਨੀਆ ਭਰ ’ਚ ਇਹ ਬੇਯਕੀਨੀ ਦਾ ਸਮਾਂ ਹੈ। ਵੱਖ-ਵੱਖ ਖੇਤਰਾਂ ’ਚ ਜੰਗ, ਈਂਧਨ ਦੀਆਂ ਵਧਦੀਆਂ ਕੀਮਤਾਂ, ਆਰਥਿਕ ਉਤਰਾਅ-ਚੜ੍ਹਾਅ ਅਤੇ ਸੂਚਨਾਵਾਂ ਦੇ ਤੇਜ਼ੀ ਨਾਲ ਪ੍ਰਸਾਰ ਨੇ ਕਈ ਦੇਸ਼ਾਂ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੁਨੀਆ ਭਰ ਦੇ ਨੌਜਵਾਨ ਸੋਸ਼ਲ ਮੀਡੀਆ ਅਤੇ ਅੰਤਰਰਾਸ਼ਟਰੀ ਖ਼ਬਰਾਂ ਦੇ ਮਾਧਿਅਮ ਰਾਹੀਂ ਗਲੋਬਲ ਚੱਕਰਾਂ ਨਾਲ ਲਗਾਤਾਰ ਰੂ-ਬ-ਰੂ ਹੋ ਰਹੇ ਹਨ। ਫਿਰ ਵੀ ਭਾਰਤ ’ਚ, ਨੌਜਵਾਨਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਆਤਮਵਿਸ਼ਵਾਸ ਦੀ ਇਕ ਸਪੱਸ਼ਟ ਲਹਿਰ ਦਿਖਾਈ ਦਿੰਦੀ ਹੈ। ਇਸ ਆਤਮਵਿਸ਼ਵਾਸ ਦਾ ਇਕ ਵੱਡਾ ਹਿੱਸਾ ਨਰਿੰਦਰ ਮੋਦੀ ਦੀ ਅਗਵਾਈ ਅਤੇ ਉਸ ਤਰੀਕੇ ’ਤੇ ਟਿਕਿਆ ਹੈ ਜਿਸ ਤਰ੍ਹਾਂ ਭਾਰਤ ਨੇ ਤੇਜ਼ੀ ਨਾਲ ਬਦਲਦੀ ਦੁਨੀਆ ’ਚ ਖੁਦ ਨੂੰ ਕੂਟਨੀਤਿਕ ਤੌਰ ’ਤੇ ਸੰਚਾਲਿਤ ਕੀਤਾ ਹੈ।

ਭਾਰਤ ਅੱਜ ਦੁਨੀਆ ਦੇ ਸਭ ਤੋਂ ਯੁਵਾ ਦੇਸ਼ਾਂ ’ਚੋਂ ਇਕ ਹੈ। ਕਰੋੜਾਂ ਨੌਜਵਾਨ ਭਾਰਤੀ ਪੜ੍ਹਾਈ ਕਰ ਕੇ ਕਰੀਅਰ ਬਣਾ ਰਹੇ ਹਨ, ਕਾਰੋਬਾਰ ਸ਼ੁਰੂ ਕਰ ਰਹੇ ਹਨ ਅਤੇ ਤਕਨੀਕ ਦੇ ਮਾਧਿਅਮ ਰਾਹੀਂ ਦੁਨੀਆ ਨਾਲ ਜੁੜ ਰਹੇ ਹਨ। ਇਹ ਪੀੜ੍ਹੀ ਸੂਚਿਤ ਹੈ, ਬੋਲਣ ਵਾਲੀ ਹੈ ਅਤੇ ਗਲੋਬਲ ਸੰਵਾਦਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ। ਉਹ ਅੰਤਰਰਾਸ਼ਟਰੀ ਖ਼ਬਰਾਂ ਦੇਖਦੇ ਹਨ, ਆਨਲਾਈਨ ਸਿਆਸੀ ਬਹਿਸਾਂ ਦਾ ਪਿੱਛਾ ਕਰਦੇ ਹਨ ਅਤੇ ਤੁਲਨਾ ਕਰਦੇ ਹਨ ਕਿ ਵੱਖ-ਵੱਖ ਦੇਸ਼ ਸੰਕਟਾਂ ਨੂੰ ਕਿਵੇਂ ਸੰਭਾਲਦੇ ਹਨ।

ਗਲੋਬਲ ਤਣਾਅ ’ਤੇ ਭਾਵੁਕ ਪ੍ਰਤੀਕਿਰਿਆ ਦੇਣ ਦੀ ਬਜਾਏ, ਭਾਰਤ ਨੇ ਅਕਸਰ ਇਕ ਸਥਿਰ ਅਤੇ ਵਿਚਾਰਸ਼ੀਲ ਦ੍ਰਿਸ਼ਟੀਕੋਣ ਅਪਣਾਇਆ ਹੈ। ਸਰਕਾਰ ਨੇ ਆਪਣੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਕਈ ਦੇਸ਼ਾਂ ਨਾਲ ਸਬੰਧ ਬਣਾਈ ਰੱਖੇ ਹਨ। ਤੇਜ਼ੀ ਨਾਲ ਧਰੁਵੀਕ੍ਰਿਤ ਹੁੰਦੀ ਦੁਨੀਆ ’ਚ, ਇਸ ਤਰ੍ਹਾਂ ਦੇ ਸੰਤੁਲਨ ਲਈ ਅਗਵਾਈ ਦੇ ਆਤਮਵਿਸ਼ਵਾਸ ਅਤੇ ਸਪੱਸ਼ਟਤਾ ਦੀ ਲੋੜ ਹੁੰਦੀ ਹੈ।

ਯੁਵਾ ਪੀੜ੍ਹੀ ਲਈ, ਕੂਟਨੀਤੀ ਦੀ ਇਸ ਸ਼ੈਲੀ ਨੂੰ ਸਾਹਮਣੇ ਆਉਂਦੇ ਦੇਖਣਾ ਉਨ੍ਹਾਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦਾ ਮਾਰਗਦਰਸ਼ਨ ਪਰਿਪੱਕਤਾ ਅਤੇ ਦੂਰਅੰਦੇਸ਼ੀ ਨਾਲ ਕੀਤਾ ਜਾ ਰਿਹਾ ਹੈ। ਉਹ ਇਕ ਅਜਿਹੇ ਆਗੂ ਨੂੰ ਦੇਖਦੇ ਹਨ ਜੋ ਭਾਰਤ ਦੇ ਭਵਿੱਖ ਬਾਰੇ ਦ੍ਰਿੜ੍ਹ ਵਿਸ਼ਵਾਸ ਨਾਲ ਬੋਲਦਾ ਹੈ ਅਤੇ ਜੋ ਦੇਸ਼ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤੀ ਨਾਲ ਰੱਖਦਾ ਹੈ। ਇਸ ਭਾਵਨਾ ਦਾ ਯੁਵਾ ਪੀੜ੍ਹੀ ’ਤੇ ਡੂੰਘਾ ਪ੍ਰਭਾਵ ਪਿਆ ਹੈ। ਨੌਜਵਾਨ ਭਾਰਤੀ ਅਕਸਰ ਕਹਿੰਦੇ ਹਨ ਕਿ ਜਦੋਂ ਉਹ ਭਾਰਤ ਦਾ ਵਧਦਾ ਗਲੋਬਲ ਪ੍ਰਭਾਵ ਦੇਖਦੇ ਹਨ ਤਾਂ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹ ਆਪਣੇ ਦੇਸ਼ ਨੂੰ ਪ੍ਰਮੁੱਖ ਸ਼ਕਤੀਆਂ ਦੇ ਨਾਲ ਜੋੜਦੇ, ਕੌਮਾਂਤਰੀ ਚਰਚਾ ’ਚ ਹਿੱਸਾ ਲੈਂਦੇ ਅਤੇ ਗਲੋਬਲ ਹੱਲਾਂ ’ਚ ਯੋਗਦਾਨ ਦਿੰਦੇ ਹੋਏ ਦੇਖਦੇ ਹਨ।

ਨਾਲ ਹੀ, ਬੇਭਰੋਸਗੀ ਦੇ ਸਮੇਂ ’ਚ ਅਗਵਾਈ ਸਿਰਫ ਅੰਤਰਰਾਸ਼ਟਰੀ ਸਬੰਧਾਂ ਬਾਰੇ ਨਹੀਂ ਹੁੰਦੀ। ਇਹ ਨਾਗਰਿਕਾਂ ਨੂੰ ਉਦੋਂ ਭਰੋਸਾ ਦੇਣ ਦੀ ਸਮਰੱਥਾ ਬਾਰੇ ਵੀ ਹੈ, ਜਦੋਂ ਦੁਨੀਆ ਅਣਪਛਾਤੀ ਦਿਖਾਈ ਦਿੰਦੀ ਹੈ। ਅੱਜ, ਵਧਦੀਆਂ ਕੀਮਤਾਂ ਅਤੇ ਆਰਥਿਕ ਦਬਾਅ ਅਜਿਹੀਆਂ ਹਕੀਕਤਾਂ ਹਨ, ਜਿਨ੍ਹਾਂ ਦਾ ਸਾਹਮਣਾ ਕਈ ਦੇਸ਼ ਕਰ ਰਹੇ ਹਨ। ਦੁਨੀਆ ਭਰ ’ਚ ਈਂਧਨ ਦੀ ਲਾਗਤ, ਯਾਤਰਾ ਖਰਚਾ ਅਤੇ ਰੁਟੀਨ ਦੀਆਂ ਵਸਤਾਂ ’ਚ ਵਾਧ ਦੇਖਿਆ ਿਗਆ ਹੈ। ਭਾਰਤ, ਕਈ ਦੇਸ਼ਾਂ ਵਾਂਗ, ਵਿਕਾਸ ਅਤੇ ਸਥਿਰਤਾ ਨੂੰ ਸੰਤੁਲਿਤ ਕਰਦੇ ਹੋਏ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।

ਨੌਜਵਾਨ ਭਾਰਤੀ ਇਸ ਦਬਾਅ ਤੋਂ ਜਾਣੂ ਹਨ। ਉਹ ਇਨ੍ਹਾਂ ’ਤੇ ਖੁੱਲ੍ਹ ਕੇ ਚਰਚਾ ਕਰਦੇ ਹਨ ਅਤੇ ਰੋਜ਼ਾਨਾ ਜੀਵਨ ’ਚ ਇਨ੍ਹਾਂ ਦਾ ਪ੍ਰਭਾਵ ਮਹਿਸੂਸ ਕਰਦੇ ਹਨ ਪਰ ਜਿਹੜੀ ਗੱਲ ਵੱਖਰੀ ਹੈ, ਉਹ ਇਹ ਹੈ ਕਿ ਇਨ੍ਹਾਂ ਆਰਥਿਕ ਚਿੰਤਾਵਾਂ ਨੇ ਦੇਸ਼ ਦੀ ਅਗਵਾਈ ’ਚ ਉਨ੍ਹਾਂ ਦੇ ਵਿਸ਼ਵਾਸ ਨੂੰ ਮਹੱਤਵਪੂਰਨ ਰੂਪ ’ਚ ਨਹੀਂ ਡਿਗਾਇਆ। ਇਸ ਦੀ ਬਜਾਏ, ਕਈ ਯੁਵਾ ਨਾਗਰਿਕ ਇਨ੍ਹਾਂ ਚੁਣੌਤੀਆਂ ਨੂੰ ਵਿਆਪਕ ਗਲੋਬਲ ਸਥਿਤੀ ਦੇ ਸੰਦਰਭ ’ਚ ਦੇਖਦੇ ਹਨ। ਉਹ ਦੇਖਦੇ ਹਨ ਕਿ ਮਹਿੰਗਾਈ ਅਤੇ ਆਰਥਿਕ ਤਣਾਅ ਹਰ ਜਗ੍ਹਾ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇਸ ਵਿਆਪਕ ਸਮਝ ਨੇ ਕਈ ਨੌਜਵਾਨ ਭਾਰਤੀਆਂ ਵਿਚਾਲੇ ਧੀਰਜ ਅਤੇ ਦ੍ਰਿਸ਼ਟੀਕੋਣ ਪੈਦਾ ਕੀਤਾ ਹੈ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੀ ਅਗਵਾਈ ਦੇਸ਼ ਨੂੰ ਇਨ੍ਹਾਂ ਔਖੇ ਆਰਥਿਕ ਚੱਕਰਾਂ ’ਚੋਂ ਬਾਹਰ ਕੱਢਣ ’ਚ ਸਮਰੱਥ ਹੈ।

ਪਿਛਲੇ ਇਕ ਦਹਾਕੇ ’ਚ, ਭਾਰਤ ਨੇ ਸਥਿਰਤਾ, ਉਤਸ਼ਾਹ ਅਤੇ ਅੱਗੇ ਵਧਣ ਦੀ ਤਸਵੀਰ ਪੇਸ਼ ਕੀਤੀ ਹੈ। ਨਵੀਨਤਾ, ਉੱਦਮਤਾ, ਡਿਜੀਟਲ ਤਕਨੀਕ ਅਤੇ ਨਿਰਮਾਣ ਨੂੰ ਉਤਸ਼ਾਹ ਦੇਣ ਵਾਲੀਆਂ ਪਹਿਲਕਦਮੀਆਂ ਨੇ ਨੌਜਵਾਨ ਭਾਰਤੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਉਤਸ਼ਾਹਿਤ ਕੀਤਾ ਹੈ ਕਿ ਦੇਸ਼ ਭਵਿੱਖ ਲਈ ਇਕ ਮਜ਼ਬੂਤ ਨੀਂਹ ਬਣਾ ਰਿਹਾ ਹੈ। ਸਟਾਰਟਅੱਪ ਅਤੇ ਡਿਜੀਟਲ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਪ੍ਰੋਗਰਾਮਾਂ ਨੇ ਵਿਸ਼ੇਸ਼ ਤੌਰ ’ਤੇ ਯੁਵਾ ਪੀੜ੍ਹੀ ਨੂੰ ਊਰਜਾਵਾਨ ਬਣਾਇਆ ਹੈ। ਕਈ ਯੁਵਾ ਪੇਸ਼ੇਵਰਾਂ ਨੂੰ ਲੱਗਦਾ ਹੈ ਕਿ ਅੱਜ ਦਾ ਮਾਹੌਲ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਗਲੋਬਲ ਪੱਧਰ ’ਤੇ ਸੋਚਣ ਦੀ ਇਜਾਜ਼ਤ ਦਿੰਦਾ ਹੈ।

ਇਕ ਹੋਰ ਕਾਰਕ, ਜੋ ਇਸ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ, ਉਹ ਨਰਿੰਦਰ ਮੋਦੀ ਦੀ ਸੰਵਾਦ ਸ਼ੈਲੀ ਹੈ। ਉਨ੍ਹਾਂ ਦੇ ਭਾਸ਼ਣ ਅਕਸਰ ਭਾਰਤ ਦੀ ਸਮੂਹਿਕ ਸ਼ਕਤੀ ਅਤੇ ਇਸ ਦੇ ਲੋਕਾਂ ਦੇ ਸੰਕਲਪ ਨੂੰ ਉਜਾਗਰ ਕਰਦੇ ਹਨ। ਇਹ ਵਿਸ਼ੇ ਉਨ੍ਹਾਂ ਨੌਜਵਾਨ ਦਰਸ਼ਕਾਂ ਲਈ ਮਜ਼ਬੂਤੀ ਨਾਲ ਜੁੜਦੇ ਹਨ, ਜੋ ਇਹ ਮਹਿਸੂਸ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਚੁਣੌਤੀਆਂ ’ਤੇ ਜਿੱਤ ਹਾਸਲ ਕਰਨ ਦੇ ਸਮਰੱਥ ਹੈ। ਭਰੋਸੇ ਦੀ ਇਹ ਭਾਵਨਾ ਮਨੋਵਿਗਿਆਨਕ ਸਥਿਰਤਾ ਪੈਦਾ ਕਰਦੀ ਹੈ ਜੋ ਵਿਸ਼ੇਸ਼ ਤੌਰ ’ਤੇ ਉਸ ਯੁੱਗ ’ਚ ਮਹੱਤਵਪੂਰਨ ਹੈ, ਜਦੋਂ ਜਾਣਕਾਰੀ ਤੁਰੰਤ ਫੈਲਦੀ ਅਤੇ ਗਲੋਬਲ ਘਟਨਾਵਾਂ ਭਾਰੀ ਮਹਿਸੂਸ ਹੋ ਸਕਦੀਆਂ ਹਨ। ਭਾਰਤ ਦੇ ਨੌਜਵਾਨ ਅੱਜ ਇਸ ਗੱਲ ਤੋਂ ਗੰਭੀਰਤਾ ਨਾਲ ਜਾਣੂ ਹਨ ਕਿ ਦੁਨੀਆ ਕਿੰਨੀ ਜਲਦੀ ਬਦਲ ਸਕਦੀ ਹੈ। ਉਹ ਸੰਘਰਸ਼ਾਂ ਨੂੰ ਅਚਾਨਕ ਉਭਰਦੇ ਹੋਏ, ਅਰਥਵਿਵਸਥਾਵਾਂ ’ਚ ਉਤਰਾਅ-ਚੜ੍ਹਾਅ ਅਤੇ ਕੂਟਨੀਤਿਕ ਸੰਬੰਧਾਂ ਨੂੰ ਰਾਤੋ-ਰਾਤ ਬਦਲਦੇ ਦੇਖਦੇ ਹਨ, ਪਰ ਇਨ੍ਹਾਂ ਅਨਿਸ਼ਚਿਤਤਾਵਾਂ ਦੇ ਬਾਵਜੂਦ, ਕਈ ਲੋਕ ਭਾਰਤ ਦੇ ਰਾਹ ਨੂੰ ਲੈ ਕੇ ਆਸ਼ਾਵਾਦੀ ਬਣੇ ਹੋਏ ਹਨ। ਉਨ੍ਹਾਂ ਦਾ ਆਸ਼ਾਵਾਦ ਇਸ ਵਿਸ਼ਵਾਸ ’ਚ ਹੈ ਕਿ ਦੇਸ਼ ਦੀ ਲੀਡਰਸ਼ਿਪ ਆਧੁਨਿਕ ਭੂ ਰਾਜਨੀਤੀਆਂ ਦੀਆਂ ਗੁੰਝਲਾਂ ਨੂੰ ਸੁਲਝਾਅ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਵਧਾਨੀ ਨਾਲ ਸੰਭਾਲਣ ਦੇ ਸਮਰੱਥ ਹੈ।

ਕਈ ਮਾਅਨਿਆਂ ’ਚ, ਯੁਵਾ ਪੀੜ੍ਹੀ ਭਾਰਤ ਨੂੰ ਇਕ ਅਜਿਹੇ ਰਾਸ਼ਟਰ ਵਜੋਂ ਦੇਖਦੀ ਹੈ ਜੋ ਆਪਣੀ ਪਛਾਣ ਅਤੇ ਆਪਣੀ ਗਲੋਬਲ ਭੂਮਿਕਾ ਨੂੰ ਲੈ ਕੇ ਵਧੇਰੇ ਆਤਮਵਿਸ਼ਵਾਸੀ ਹੋ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਦੇਸ਼ ਹੁਣ ਅੰਤਰਰਾਸ਼ਟਰੀ ਮੰਚਾਂ ’ਤੇ ਆਪਣੇ ਹਿੱਤਾਂ ਦਾ ਦਾਅਵਾ ਕਰਨ ਜਾਂ ਆਪਣਾ ਦ੍ਰਿਸ਼ਟੀਕੋਣ ਪ੍ਰਗਟ ਕਰਨ ’ਚ ਸੰਕੋਚ ਨਹੀਂ ਕਰਦਾ ਹੈ। ਰਾਸ਼ਟਰੀ ਪੱਧਰ ’ਤੇ ਇਹ ਆਤਮਵਿਸ਼ਵਾਸ ਅਕਸਰ ਯੁਵਾ ਨਾਗਰਿਕਾਂ ਦੇ ਨਿੱਜੀ ਆਤਮਵਿਸ਼ਵਾਸ ’ਚ ਬਦਲ ਜਾਂਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਸ਼ਕਤੀ ਅਤੇ ਸਪੱਸ਼ਟਤਾ ਨਾਲ ਅੱਗੇ ਵਧ ਰਿਹਾ ਹੈ, ਤਾਂ ਉਸ ਤਰੱਕੀ ਦੇ ਅੰਦਰ ਉਨ੍ਹਾਂ ਦਾ ਆਪਣਾ ਭਵਿੱਖ ਵੀ ਸੁਰੱਖਿਅਤ ਹੈ ਅਤੇ ਇਹੀ ਉਹ ਵਿਸ਼ਵਾਸ ਹੈ ਜੋ ਯੁਵਾ ਪੀੜ੍ਹੀ ਨੂੰ ਆਸ, ਉਤਸ਼ਾਹ ਅਤੇ ਭਾਰਤ ਵੱਲੋਂ ਅਪਣਾਈ ਜਾ ਰਹੀ ਦਿਸ਼ਾ ’ਤੇ ਮਾਣ ਦੇ ਨਾਲ ਅੱਗੇ ਦੇਖਣ ਦਾ ਆਤਮਵਿਸ਼ਵਾਸ ਦੇਣਾ ਜਾਰੀ ਰੱਖਦਾ ਹੈ।

—ਦੇਵੀ ਚੇਰੀਅਨ


author

Harpreet SIngh

Content Editor

Related News