ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ

Tuesday, Apr 14, 2026 - 04:51 PM (IST)

ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ

ਈਰਾਨ ਵੱਲੋਂ ਹੋਰਮੁਜ਼ ਸਟ੍ਰੇਟ ਨੂੰ ਰੋਕਣ ਤੋਂ ਬਾਅਦ ਫਿਲੀਪੀਨਜ਼ ਰਾਸ਼ਟਰੀ ਐਮਰਜੈਂਸੀ ਐਲਾਨ ਕਰਨ ਵਾਲਾ ਪਹਿਲਾ ਦੇਸ਼ ਸੀ। ਈਰਾਨ ਜੰਗ ਤੋਂ ਪਹਿਲਾਂ ਦੀਆਂ ਦਰਾਂ ਦੇ ਮੁਕਾਬਲੇ ਪੈਟਰੋਲ ਪੰਪਾਂ ’ਤੇ ਤੇਲ ਦੀਆਂ ਕੀਮਤਾਂ 177 ਫੀਸਦੀ ਤੱਕ ਵਧ ਗਈਆਂ ਸਨ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਇਹ ਕਦਮ ਊਰਜਾ ਦੀ ਬਰਾਬਰ ਸਪਲਾਈ ਯਕੀਨੀ ਬਣਾਉਣ ਅਤੇ ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

ਅਮਰੀਕਾ ’ਚ ਅਪ੍ਰੈਲ ’ਚ ਪੈਟਰੋਲ ਦੀ ਔਸਤ ਕੀਮਤ 4.14 ਡਾਲਰ ਪ੍ਰਤੀ ਗੈਲਨ ਤੋਂ ਉੱਪਰ ਪਹੁੰਚ ਗਈ, ਜੋ 2022 ਤੋਂ ਬਾਅਦ ਸਭ ਤੋਂ ਵੱਧ ਹੈ। ਬ੍ਰਿਟੇਨ ’ਚ ਡੀਜ਼ਲ ਦੀ ਕੀਮਤ ’ਚ 17 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਯੂਰਪ ’ਚ 28 ਫਰਵਰੀ ਨੂੰ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਔਸਤ ਕੀਮਤ ’ਚ 25 ਫੀਸਦੀ ਦਾ ਵਾਧਾ ਹੋਇਆ ਹੈ। ਵੀਅਤਨਾਮ ਵਰਗੇ ਕਈ ਏਸ਼ੀਆਈ ਦੇਸ਼ਾਂ ’ਚ ਕੀਮਤਾਂ ’ਚ 50 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਹੁਣ 85 ਦੇਸ਼ ਤੇਲ ਕਾਰਨ ਪੈਦਾ ਹੋਈ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ।

ਭਾਰਤ ’ਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ’ਚ ਲੱਗਭਗ 2.35 ਰੁਪਏ ਪ੍ਰਤੀ ਲੀਟਰ ਦਾ ਵਾਧਾ ਅਤੇ ਜੈੱਟ ਫਿਊਲ (ਏ. ਟੀ. ਐੱਫ.) ’ਚ 8.5 ਫੀਸਦੀ ਦੇ ਵਾਧੇ ਨੂੰ ਛੱਡ ਕੇ, ਖਪਤਕਾਰਾਂ ਨੂੰ ਫਿਲਹਾਲ ਕੀਮਤਾਂ ’ਚ ਵਾਧੇ ਤੋਂ ਰਾਹਤ ਮਿਲੀ ਹੈ। ਇਸ ਲਈ ਉਹ 9 ਅਪ੍ਰੈਲ ਤੋਂ 29 ਅਪ੍ਰੈਲ ਤੱਕ ਚਾਰ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਣ ਵਾਲੀਆਂ ਚੋਣਾਂ ਨੂੰ ਧੰਨਵਾਦ ਦੇ ਸਕਦੇ ਹਨ। ਕੇਂਦਰ ਸਰਕਾਰ ਵੋਟਰਾਂ ਨੂੰ ਨਾਰਾਜ਼ ਨਾ ਕਰਨ ਲਈ, ਪੈਟਰੋਲ ਪੰਪ ’ਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਐਕਸਾਈਜ਼ ਡਿਊਟੀ ਘੱਟ ਕਰ ਰਹੀ ਹੈ। 29 ਅਪ੍ਰੈਲ ਨੂੰ ਆਖਰੀ ਵੋਟ ਦੀ ਗਿਣਤੀ ਤੋਂ ਬਾਅਦ, ਸਥਿਤੀ ਨਿਸ਼ਚਿਤ ਤੌਰ ’ਤੇ ਬਦਲ ਜਾਵੇਗੀ।

ਸਮੱਸਿਆ ਇਹ ਹੈ ਕਿ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ। ਅਮਰੀਕਾ ਵੱਲੋਂ ਜੰਗਬੰਦੀ ਦੇ ਐਲਾਨ, ਜਿਸ ਦਾ ਈਰਾਨ ਨੇ ਸਵਾਗਤ ਕੀਤਾ, ਬੇਅਸਰ ਸਾਬਤ ਹੋਇਆ ਹੈ। ਇਜ਼ਰਾਈਲ ਨੇ ਲਿਬਨਾਨ ’ਤੇ ਬੰਬਾਰੀ ਜਾਰੀ ਰੱਖੀ ਹੈ ਅਤੇ ਈਰਾਨ ਵੱਲੋਂ ਲਿਬਨਾਨ ’ਚ ਜੰਗਬੰਦੀ ’ਤੇ ਜ਼ੋਰ ਦੇਣ ਕਾਰਨ ਹੋਰਮੁਜ਼ ਸਟ੍ਰੇਟ ਅਜੇ ਵੀ ਬੰਦ ਹੈ।

ਖਾੜੀ ’ਤੇ ਨਿਰਭਰਤਾ ਖਾੜੀ ਦੇਸ਼ਾਂ ਦੇ ਤੇਲ ਅਤੇ ਗੈਸ ’ਤੇ ਭਾਰਤ ਦੀ ਨਿਰਭਰਤਾ ਵਿਸ਼ਵਵਿਆਪੀ ਔਸਤ ਤੋਂ ਕਿਤੇ ਜ਼ਿਆਦਾ ਹੈ। ਵਿਸ਼ਵ ਪੱਧਰ ’ਤੇ ਜਿੱਥੇ ਹੋਰਮੁਜ਼ ਸਟ੍ਰੇਟ ਕੱਚੇ ਤੇਲ ਦੀ ਸਪਲਾਈ ਦਾ 20 ਹਿੱਸਾ ਸਪਲਾਈ ਕਰਦਾ ਹੈ, ਉੱਥੇ ਹੀ ਭਾਰਤ ਆਪਣੇ ਕੱਚੇ ਤੇਲ ਦਾ 50 ਫੀਸਦੀ, ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦਾ ਲੱਗਭਗ 40 ਫੀਸਦੀ ਹਿੱਸਾ ਜੋ ਕਤਰ ਤੋਂ ਆਉਂਦਾ ਹੈ ਅਤੇ ਐੱਲ. ਪੀ. ਜੀ. ਦਾ 90 ਫੀਸਦੀ ਇਸੇ ਸਟ੍ਰੇਟ ਤੋਂ ਹਾਸਲ ਕਰਦਾ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਨੀਰਜ ਮਿੱਤਲ ਨੇ ਇਸ ਵਧੇਰੇ ਨਿਰਭਰਤਾ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ, ‘‘ਖਾੜੀ ਸੰਕਟ ਨੇ ਇਹ ਦਿਖਾਇਆ ਹੈ ਕਿ ਜਦੋਂ ਹਾਲਾਤ ਓਨੇ ਬੁਰੇ ਨਹੀਂ ਹੁੰਦੇ ਜਿੰਨੇ ਹੋ ਸਕਦੇ ਸਨ, ਉਦੋਂ ਅਸੀਂ ਰਾਸ਼ਟਰੀ ਬੁਨਿਆਦੀ ਢਾਂਚੇ ਦੇ ਰੂਪ ’ਚ ਜੋ ਕੁਝ ਵੀ ਵਿਕਸਿਤ ਕਰਦੇ ਹਾਂ, ਉਸ ਲਈ ਅਸੀਂ ਉਲਟ ਹਾਲਾਤ ਦੀ ਯੋਜਨਾ ਬਣਾਉਣਾ ਭੁੱਲ ਜਾਂਦੇ ਹਾਂ। ਵਿਸ਼ਵ ਦੀ ਊਰਜਾ ਨਿਰਭਰਤਾ ਹੋਰਮੁਜ਼ ’ਤੇ ਲਗਭਗ 20 ਫੀਸਦੀ ਹੈ ਪਰ ਸਾਡੀ ਨਿਰਭਰਤਾ ਤਿੰਨੋਂ ਸਰੋਤਾਂ — ਕੱਚੇ ਤੇਲ, ਕੁਦਰਤੀ ਗੈਸ ਅਤੇ ਐੱਲ. ਪੀ. ਜੀ. ’ਚ ਇਸ ਤੋਂ ਕਿਤੇ ਵੱਧ ਹੈ।’’

ਨਵੀਂ ਦਿੱਲੀ ’ਚ ਇਕ ਪ੍ਰੋਗਰਾਮ ’ਚ ਬੋਲਦਿਆਂ, ਭਾਰਤ ਲਈ ਵਿਸ਼ਵ ਬੈਂਕ ਦੇ ਮੁੱਖ ਅਰਥਸ਼ਾਸਤਰੀ ਔਰੇਲੀਅਨ ਕਰੂਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਊਰਜਾ ਸਪਲਾਈ ’ਚ ਵਿਘਨ ਅਤੇ ਉਥਲ-ਪੁਥਲ ਨੇ ਭਾਰਤ ਦੀ ਵਿਕਾਸ ਗਤੀ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ, ਹਾਲਾਂਕਿ ਦੇਸ਼ ਨੇ ਨਵੇਂ ਵਿੱਤੀ ਸਾਲ ’ਚ ਮਜ਼ਬੂਤ ਸਥਿਤੀ ਨਾਲ ਪ੍ਰਵੇਸ਼ ਕੀਤਾ ਸੀ।

ਹਾਲਾਂਕਿ ਭਾਰਤ ਕੋਲ ਫਿਊਲ ਦੀਆਂ ਪ੍ਰਚੂਨ ਕੀਮਤਾਂ ’ਤੇ ਅਸਥਿਰਤਾ ਦਾ ਅਸਰ ਪੈਣ ਤੋਂ ਰੋਕਣ ਲਈ ਲੋੜੀਂਦੇ ਉਪਾਅ ਸਨ ਪਰ ਕਰੂਸ ਨੇ ਕਿਹਾ ਕਿ ਇਹ ਅਸਥਿਰਤਾ ਲੰਬੇ ਸਮੇਂ ਲਈ ਵਿਕਾਸ ਨੂੰ ਪ੍ਰਭਾਵਿਤ ਕਰੇਗੀ।

ਪਰ ਅਸੀਂ ਜੋ ਦੇਖ ਰਹੇ ਹਾਂ ਉਹ ਸਿਰਫ਼ ਘਰੇਲੂ ਰਸੋਈ ਗੈਸ ਅਤੇ ਉਦਯੋਗਿਕ ਗੈਸ ਦੀ ਕਮੀ ਦਾ ਅਸਰ ਨਹੀਂ ਹੈ। ਵਿਸ਼ਵਵਿਆਪੀ ਸਪਲਾਈ ਚੇਨ ਇਕ ਗੁੰਝਲਦਾਰ ਜਾਲ ਹੈ ਜੋ ਸਮੇਂ ਸਿਰ ਸਪਲਾਈ ਅਤੇ ਸਥਿਰ ਕੀਮਤਾਂ ’ਤੇ ਨਿਰਭਰ ਕਰਦੀ ਹੈ। ਜੇਕਰ ਇਸ ਦੀ ਕੋਈ ਵੀ ਔਖੀ ਰੁਕਾਵਟ ਹੁੰਦੀ ਹੈ, ਤਾਂ ਇਸ ਦਾ ਵਿਆਪਕ ਪ੍ਰਭਾਵ ਤਬਾਹੀ ਮਚਾ ਸਕਦਾ ਹੈ।

ਹਾਈਡ੍ਰੋਕਾਰਬਨ ਪ੍ਰਭਾਵ
ਤੇਲ ਅਤੇ ਗੈਸ ਸਿਰਫ਼ ਊਰਜਾ ਦੇ ਸੋਮੇ ਨਹੀਂ ਹਨ। ਹਾਈਡ੍ਰੋਕਾਰਬਨ ਖਾਦਾਂ, ਪਲਾਸਟਿਕ, ਸਿੰਥੈਟਿਕ ਫਾਈਬਰ, ਸੋਲਵੈਂਟ, ਰੰਗਾਂ ਅਤੇ ਕਈ ਹੋਰ ਉਤਪਾਦਾਂ ਲਈ ਜ਼ਰੂਰੀ ਸਮੱਗਰੀ ਪ੍ਰਦਾਨ ਕਰਦੇ ਹਨ। ਉਦਾਹਰਣ ਵਜੋਂ, ਲਗੇਜ ਿਨਰਮਾਤਾ ਲਈ ਤਿੰਨ ਪ੍ਰਮੁੱਖ ਕੱਚੇ ਮਾਲ ਪੌਲੀਪ੍ਰੋਪਾਈਲੀਨ, ਪੌਲੀਕਾਰਬੋਨੇਟ ਅਤੇ ਪੌਲੀਐਮਾਈਡ ਹਨ। ਇਹ ਕੱਚਾ ਮਾਲ ਮਿਲ ਕੇ ਹਾਰਡ ਲਗੇਜ ਦੀ ਉਤਪਾਦਨ ਲਾਗਤ ਦਾ 40.45 ਫੀਸਦੀ ਹਿੱਸਾ ਬਣਾਉਂਦੇ ਹਨ ਅਤੇ ਪਿਛਲੇ ਮਹੀਨੇ ਇਨ੍ਹਾਂ ਦੀਆਂ ਕੀਮਤਾਂ ’ਚ 30.50 ਫੀਸਦੀ ਦੇ ਭਾਰੀ ਵਾਧੇ ਨੇ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਕੁਝ ਅਨੁਮਾਨਾਂ ਅਨੁਸਾਰ ਤੇਲ ਅਤੇ ਗੈਸ ਤੋਂ ਪ੍ਰਾਪਤ ਉਤਪਾਦਾਂ ਦੀ ਗਿਣਤੀ 2,000 ਤੋਂ ਵੱਧ ਹੈ। ਖੇਤੀਬਾੜੀ ਖੇਤਰ ਵੀ ਕੁਦਰਤੀ ਗੈਸ ਦੇ ਭੰਡਾਰ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨਾਲ ਖਾਦ ਉਤਪਾਦਨ ’ਤੇ ਵੀ ਅਸਰ ਪੈ ਰਿਹਾ ਹੈ। ਯੂਰੀਆ ਅਤੇ ਹੋਰ ਨਾਈਟ੍ਰੋਜਨ ਆਧਾਰਿਤ ਖਾਦਾਂ ਦੇ ਉਤਪਾਦਨ ਲਈ ਦਰਾਮਦ ਕੀਤੀ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ।

ਭਾਰਤ ਦਵਾਈ ਉਦਯੋਗ ਦਾ ਵੀ ਇਕ ਮੁੱਖ ਕੇਂਦਰ ਹੈ, ਖਾਸ ਕਰ ਕੇ ਜੈਨਰਿਕ ਦਵਾਈਆਂ ਦੇ ਉਤਪਾਦਨ ਦਾ। ਇਸ ਦੇ ਲਈ ਰਸਾਇਣਕ ਮੱਧਵਰਤੀ ਪਦਾਰਥਾਂ ਦੀ ਗੁੰਝਲਦਾਰ ਸਪਲਾਈ ਦੀ ਲੋੜ ਹੁੰਦੀ ਹੈ, ਜਿਨ੍ਹਾਂ ’ਚੋਂ ਕਈ ਪੈਟਰੋ ਕੈਮੀਕਲਜ਼ ਤੋਂ ਪ੍ਰਾਪਤ ਹੁੰਦੀਆਂ ਹਨ। ਸਪਲਾਈ ’ਚ ਵਿਘਨ ਨਾਲ ਉਤਪਾਦਨ ’ਚ ਦੇਰੀ ਹੋਵੇਗੀ, ਲਾਗਤ ਵਧੇਗੀ ਅਤੇ ਬਰਾਮਦ ਪ੍ਰਭਾਵਿਤ ਹੋਵੇਗੀ। ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਨਿਰਮਾਣ ਲਈ ਵੀ ਇਹੀ ਗੱਲ ਲਾਗੂ ਹੁੰਦੀ ਹੈ। ਇਹ ਵਿਸ਼ੇਸ਼ ਰਸਾਇਣਾਂ ਅਤੇ ਪੌਲੀਮਰ ’ਤੇ ਨਿਰਭਰ ਕਰਦੀ ਹੈ, ਜੋ ਤੇਲ ਦੇ ਅਰਕ ਤੋਂ ਮਿਲਦੀ ਹੈ।

ਕੋਈ ਤੁਰੰਤ ਹੱਲ ਨਹੀਂ ਹੈ, ਪਰ ਊਰਜਾ ਸੋਮਿਆਂ ਦੀ ਵੰਨ-ਸੁਵੰਨਤਾ ਜ਼ਰੂਰੀ ਹੈ। ਪੈਟਰੋਲੀਅਮ ਸਕੱਤਰ ਨੀਰਜ ਮਿੱਤਲ ਨੇ ਖੁਲਾਸਾ ਕੀਤਾ ਕਿ ਭਾਰਤ ਇਸ ਦਿਸ਼ਾ ’ਚ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ। ਹੁਣ ਕੱਚਾ ਤੇਲ 41 ਦੇਸ਼ਾਂ ਤੋਂ ਆਉਂਦਾ ਹੈ, ਜੋ ਪਹਿਲਾਂ 27 ਤੋਂ ਆਉਂਦਾ ਸੀ, ਜਦਕਿ ਐੱਲ. ਐੱਨ. ਜੀ. 30 ਦੇਸ਼ਾਂ ਤੋਂ ਆਉਂਦੀ ਹੈ, ਜੋ ਪਹਿਲਾਂ 15 ਦੇਸ਼ਾਂ ਤੋਂ ਆਉਂਦੀ ਸੀ। ਹਾਲਾਂਕਿ, ਸਿਰਫ ਇਕ ਦੇਸ਼, ਕਤਰ, ਭਾਰਤ ਦੀ ਐੱਲ. ਐੱਨ. ਜੀ. ਦਰਾਮਦ ਦਾ 45.50 ਫੀਸਦੀ ਅਤੇ ਐੱਲ.ਪੀ.ਜੀ. ਦਰਾਮਦ ਦਾ 26.34 ਫੀਸਦੀ ਹਿੱਸਾ ਹੈ।

ਪੈਟਰੋ ਕੈਮੀਕਲਜ਼ ਅਤੇ ਖਾਦਾਂ ਲਈ ਘਰੇਲੂ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਬਦਲਵੀਂ ਊਰਜਾ ਨੂੰ ਉਤਸ਼ਾਹਿਤ ਕਰਨਾ ਹੀ ਅੱਗੇ ਵਧਣ ਦਾ ਸਹੀ ਰਸਤਾ ਹੈ। ਵਿਸ਼ਵਵਿਆਪੀ ਸਪਲਾਈ ਚੇਨਾਂ ’ਚ ਉਤਾਰ-ਚੜ੍ਹਾਅ ਅਤੇ ਅਸਥਿਰਤਾ ਹੁਣ ਆਮ ਗੱਲ ਹੋ ਗਈ ਹੈ ਅਤੇ ਅਸੀਂ ਜਿੰਨੀ ਤੇਜ਼ੀ ਨਾਲ ਅਸਥਿਰਤਾ ਨਾਲ ਨਜਿੱਠਣ ਦੀ ਸਮਰੱਥਾ ਵਿਕਸਿਤ ਕਰਾਂਗੇ, ਓਨੇ ਹੀ ਬਿਹਤਰ ਤਰੀਕੇ ਨਾਲ ਅਸੀਂ ਗੈਰ ਯਕੀਨੀ ਭਵਿੱਖ ਦਾ ਸਾਹਮਣਾ ਕਰ ਪਾਵਾਂਗੇ।

—ਗੁਰਬੀਰ ਸਿੰਘ


author

Harpreet SIngh

Content Editor

Related News