ਟਰੰਪ ਦੇ ਮੁਨੀਰ-ਮੋਦੀ ਵਿਚਾਲੇ ਸੰਤੁਲਨ ਦੇ ਯਤਨ ਨਾਲ ਭਾਰਤ-ਪਾਕਿ ਸਬੰਧ ਨਹੀਂ ਸੁਧਰਨਗੇ
Tuesday, Apr 21, 2026 - 05:15 PM (IST)
ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫੀਲਡ ਮਾਰਸ਼ਲ ਅਸੀਮ ਮੁਨੀਰ ਵਿਚਾਲੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੀ ਹਾਂ, ਮੁਨੀਰ, ਪ੍ਰਧਾਨ ਮੰਤਰੀ ਨਹੀਂ। 14 ਅਪ੍ਰੈਲ ਨੂੰ ਟਰੰਪ ਨੇ ਮੋਦੀ ਨਾਲ 40 ਮਿੰਟ ਤੱਕ ਫ਼ੋਨ ’ਤੇ ਗੱਲਬਾਤ ਕੀਤੀ। ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਅਨੁਸਾਰ, ਉਨ੍ਹਾਂ ਨੇ ਮੋਦੀ ਨੂੰ ਕਿਹਾ, ‘‘ਮੈਂ ਬਸ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਸਭ ਤੁਹਾਡੇ ਨਾਲ ਪਿਆਰ ਕਰਦੇ ਹਾਂ।’’ 14 ਅਪ੍ਰੈਲ ਨੂੰ ਹੀ ਟਰੰਪ ਨੇ ਜਨਤਕ ਤੌਰ ’ਤੇ ਸੰਕੇਤ ਦਿੱਤਾ ਕਿ ਅਮਰੀਕਾ-ਈਰਾਨ ਗੱਲਬਾਤ ਅਗਲੇ ਦੋ ਦਿਨਾਂ ’ਚ ਫਿਰ ਤੋਂ ਸ਼ੁਰੂ ਹੋਵੇਗੀ ਅਤੇ ਇਹ ਪਾਕਿਸਤਾਨ ’ਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ, ‘‘ਤੁਸੀਂ ਜਾਣਦੇ ਹੋ ਕਿਉਂ? ਕਿਉਂਕਿ ਫੀਲਡ ਮਾਰਸ਼ਲ ਬਹੁਤ ਚੰਗਾ ਕੰਮ ਕਰ ਰਹੇ ਹਨ।’’ ਇਸ ਤੋਂ ਇਲਾਵਾ, ਉਨ੍ਹਾਂ ਨੇ ਮੁਨੀਰ ਬਾਰੇ ਵੀ ਕਿਹਾ ਕਿ ਉਹ ਸ਼ਾਨਦਾਰ ਸਨ।
ਅਮਰੀਕੀ ਨੇਤਾਵਾਂ ਨੇ ਨਾ ਸਿਰਫ਼ ਮੁਨੀਰ (ਟਰੰਪ ਦੇ ‘ਪਸੰਦੀਦਾ’ ਫੀਲਡ ਮਾਰਸ਼ਲ) ਦੀ ਪ੍ਰਸ਼ੰਸਾ ਕੀਤੀ ਹੈ, ਸਗੋਂ ਉਨ੍ਹਾਂ ਨੂੰ ਸ਼ਰੀਫ਼ ਨਾਲੋਂ ਵੀ ਉੱਚਾ ਦਰਜਾ ਦਿੱਤਾ ਹੈ। ਯਕੀਨੀ ਤੌਰ ’ਤੇ , ਅਮਰੀਕਾ-ਈਰਾਨ ਵਿਚੋਲਗੀ ਪ੍ਰਕਿਰਿਆ ’ਚ ਇਹ ਗੱਲ ਮੁਨੀਰ ਦੀ 15 ਅਪ੍ਰੈਲ ਤੋਂ ਸ਼ੁਰੂ ਹੋਈ ਤਹਿਰਾਨ ਯਾਤਰਾ ਤੋਂ ਸਪੱਸ਼ਟ ਹੁੰਦੀ ਹੈ, ਜਦਕਿ ਸ਼ਰੀਫ਼, ਵਿਦੇਸ਼ ਮੰਤਰੀ ਇਸ਼ਾਕ ਡਾਰ ਦੇ ਨਾਲ, ਉਸੇ ਤਰੀਕ ਤੋਂ ਸ਼ੁਰੂ ਹੋਈ ਸਾਊਦੀ ਅਰਬ, ਕਤਰ ਅਤੇ ਤੁਰਕੀ ਦੀ ਯਾਤਰਾ ’ਤੇ ਚਲੇ ਗਏ। ਸ਼ਰੀਫ਼ ਅਤੇ ਡਾਰ ਦਾ ਉਦੇਸ਼ ਸ਼ਾਇਦ ਇਨ੍ਹਾਂ ਦੇਸ਼ਾਂ ਨੂੰ ਅਮਰੀਕਾ-ਈਰਾਨ ਗੱਲਬਾਤ ਦੀ ਜਾਣਕਾਰੀ ਦੇਣਾ ਹੈ। ਬਿਨਾਂ ਸ਼ੱਕ, ਇਸ ਦਾ ਉਦੇਸ਼ ਪਾਕਿਸਤਾਨ ਦੀ ਵਿਚੋਲਗੀ ਭੂਮਿਕਾ ਕਾਰਨ ਪੈਦਾ ਹੋਏ ਅਕਸ ਨੂੰ ਲੈ ਕੇ ਉਨ੍ਹਾਂ ਦੀ ਅਗਵਾਈ ’ਚ ਕਿਸੇ ਵੀ ਤਰ੍ਹਾਂ ਦੀ ਉਲਟ ਭਾਵਨਾ ਨੂੰ ਸ਼ਾਂਤ ਕਰਨਾ ਵੀ ਹੈ। ਦਰਅਸਲ ਗੱਲਬਾਤ ਦੀ ਵਾਗਡੋਰ ਹੁਣ ਮੁਨੀਰ ਦੇ ਹੱਥ ’ਚ ਹੈ।
ਮੁਨੀਰ ਪ੍ਰਤੀ ਟਰੰਪ ਦਾ ਹਾਂਪੱਖੀ ਰਵੱਈਆ ਕੋਈ ਨਵੀਂ ਗੱਲ ਨਹੀਂ। ਉਹ ਇਕੋ-ਇਕ ਫ਼ੌਜੀ ਨੇਤਾ ਹਨ ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ’ਚ ਗੱਲਬਾਤ ਅਤੇ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ। ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਮੁਨੀਰ ਦੀ ਸਥਿਤੀ ਨੂੰ ਸਵੀਕਾਰ ਕਰ ਕੇ ਟਰੰਪ ਸਿਰਫ ਪਾਕਿਸਤਾਨ ਦੇ ਰਾਜਨੀਤਕ ਜੀਵਨ ਦੀ ਹਕੀਕਤ ਨੂੰ ਪਛਾਣ ਰਹੇ ਹਨ। ਪਰ ਅਜਿਹਾ ਕਰ ਕੇ ਟਰੰਪ ਅਤੇ ਹੋਰ ਅਮਰੀਕੀ ਨੇਤਾ ਪਾਕਿਸਤਾਨ ਦੇ ਲਗਾਤਾਰ ਕਮਜ਼ੋਰ ਹੋ ਰਹੇ ਲੋਕਤੰਤਰਿਕ ਢਾਂਚੇ ਨੂੰ ਹੋਰ ਵੀ ਗੰਭੀਰ ਸੱਟ ਮਾਰ ਰਹੇ ਹਨ। ਇਹ ਪਾਕਿਸਤਾਨੀ ਲੋਕਤੰਤਰ ਜਾਂ ਖੇਤਰੀ ਸਦਭਾਵਨਾ ਲਈ ਚੰਗਾ ਨਹੀਂ ਹੈ।
ਹੁਣ ਤ੍ਰਾਸਦੀ ਇਹ ਹੈ ਕਿ ਫ਼ੌਜ ਮੁਖੀ, ਜਿਸ ਨੇ ਪਾਕਿਸਤਾਨ ਦੇ ਰੱਖਿਆ ਬਲਾਂ ਦੇ ਮੁਖੀ ਬਣਨ ਲਈ ਖੁਦ ਵੀ ਆਪਣੀ ਰਣਨੀਤੀ ਬਣਾਈ ਸੀ, ਨੂੰ ਅਮਰੀਕਾ ਈਰਾਨੀ ਧਾਰਮਿਕ ਵਿਵਸਥਾ ਦੇ ਮੁੱਖ ਵਿਚੋਲੇ ਵਜੋਂ ਦੇਖਦਾ ਹੈ। ਭਾਵੇਂ ਮੁਨੀਰ ਦੇ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਨਾਲ ਸੰਪਰਕ ਅਮਰੀਕਾ-ਈਰਾਨ ਗੱਲਬਾਤ ਲਈ ਮਹੱਤਵਪੂਰਨ ਹੋਣ ਪਰ ਕੀ ਅਮਰੀਕਾ ਲਈ ਪਾਕਿਸਤਾਨ ਦੀ ਨਾਗਰਿਕ ਅਗਵਾਈ ਅਤੇ ਚੁਣੀਆਂ ਹੋਈਆਂ ਸੰਸਥਾਵਾਂ ਦੀ ਕੀਮਤ ’ਤੇ ਜਨਤਕ ਤੌਰ ’ਤੇ ਮੁਨੀਰ ਅਤੇ ਅਸਿੱਧੇ ਤੌਰ ’ਤੇ ਫ਼ੌਜ ਦੇ ਅਕਸ ਨੂੰ ਉਭਾਰਨਾ ਜ਼ਰੂਰੀ ਸੀ?
ਅਮਰੀਕਾ ਵੱਲੋਂ ਮੋਦੀ-ਮੁਨੀਰ ਦੀ ਸਾਂਝੇਦਾਰੀ ਨਾਲ ਭਾਰਤ ਨਾਲ ਜੁੜਿਆ ਇਕ ਬੇਹੱਦ ਚਿੰਤਾਜਨਕ ਸਵਾਲ ਖੜ੍ਹਾ ਹੁੰਦਾ ਹੈ। ਕੀ ਅਮਰੀਕਾ ਪੁਰਾਣੇ ਭਾਰਤ-ਪਾਕਿਸਤਾਨ ਬਟਵਾਰੇ ਦਾ ਨਵਾਂ ਰੂਪ ਅਪਣਾਉਣ ਜਾ ਰਿਹਾ ਹੈ? ਅਸਲ ’ਚ ਇਹ ਬਟਵਾਰਾ ਇਤਿਹਾਸ ਦੀ ਇਕ ਨਿਸ਼ਾਨੀ ਹੈ, ਜਿਸ ਦਾ ਹੁਣ ਕੋਈ ਮਹੱਤਵ ਜਾਂ ਤਰਕ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਭਾਰਤ ਦਾ ਵਿਸ਼ਵ ਪੱਧਰ ’ਤੇ ਪ੍ਰਭਾਵ ਹੈ, ਜਦਕਿ ਪਾਕਿਸਤਾਨ ਕਈ ਸਾਲਾਂ ਤੋਂ ਸੰਘਰਸ਼ ਕਰ ਰਿਹਾ ਹੈ।
ਪਾਕਿਸਤਾਨ ਨੂੰ ਆਪਣੀ ਵਿਆਪਕ ਆਰਥਿਕ ਸਥਿਰਤਾ ਬਣਾਏ ਰੱਖਣ ’ਚ ਕਈ ਸਾਲ ਲੱਗ ਸਕਦੇ ਹਨ। ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਪਾਕਿਸਤਾਨ ਜ਼ਰੂਰੀ ਢਾਂਚਾ ਬਦਲਾਅ ਲਿਆਉਣ ਲਈ ਚਾਹਵਾਨ ਨਹੀਂ ਹੈ, ਜਿਸ ਦੀ ਸ਼ੁਰੂਆਤ ਫ਼ੌਜ ਦੀ ਭੂਮਿਕਾ ਨੂੰ ਘੱਟ ਕਰਨ ਨਾਲ ਹੋਣੀ ਚਾਹੀਦੀ ਹੈ। ਫ਼ੌਜ ਨਾ ਸਿਰਫ਼ ਰਾਜ ਦੇ ਸਰੋਤਾਂ ਦਾ ਇਕ ਵੱਡਾ ਹਿੱਸਾ ਹੜੱਪ ਲੈਂਦੀ ਹੈ, ਸਗੋਂ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ, ਹਾਲਾਂਕਿ ਜਵਾਬਦੇਹ ਨਹੀਂ ਅਤੇ ਅਸਮਰੱਥ ਸਮੂਹ ਵੀ ਹੈ। ਇਹ ਦੇਸ਼ ਦੇ ਸਰੋਤਾਂ ’ਤੇ ਆਪਣਾ ਸ਼ੋਸ਼ਣ ਘੱਟ ਕਰਨ ਜਾਂ ਆਪਣੇ ਅਧਿਕਾਰੀਆਂ ਅਤੇ ਜਵਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਤੋਂ ਕਦੇ ਪਿੱਛੇ ਨਹੀਂ ਹਟੇਗੀ। ਮੁਨੀਰ ਨੂੰ ਦਿੱਤੀ ਜਾ ਰਹੀ ਅਹਿਮੀਅਤ ਫ਼ੌਜ ਦੀ ਰਾਸ਼ਟਰੀ ਸੋਮਿਆਂ ’ਤੇ ਹੋਰ ਕਬਜ਼ਾ ਕਰਨ ਦੀ ਲਾਲਸਾ ਨੂੰ ਵਧਾ ਸਕਦੀ ਹੈ ਅਤੇ ਪਾਕਿਸਤਾਨ ਦੇ ਰਾਜਨੀਤਕ ਵਰਗ ਨੂੰ ਹੋਰ ਵੀ ਕਮਜ਼ੋਰ ਕਰ ਸਕਦੀ ਹੈ।
ਅਮਰੀਕਾ ਨੇ ਪਾਕਿਸਤਾਨ ਨੂੰ ਜੋ ਵਿਚੋਲਗੀ ਦੀ ਭੂਮਿਕਾ ਸੌਂਪੀ ਹੈ ਅਤੇ ਜਿਸ ਨੂੰ ਈਰਾਨ ਨੇ ਵੀ ਸਵੀਕਾਰ ਕਰ ਲਿਆ ਹੈ, ਉਸ ਨਾਲ ਬਿਨਾਂ ਸ਼ੱਕ ਪੱਛਮੀ ਏਸ਼ੀਆ ਅਤੇ ਵਿਆਪਕ ਇਸਲਾਮੀ ਜਗਤ ’ਚ ਉਸ ਦਾ ਅਕਸ ਬਿਹਤਰ ਹੋਵੇਗਾ ਅਤੇ ਉਸ ਪ੍ਰਤੀ ਸਦਭਾਵਨਾ ਪੈਦਾ ਹੋਵੇਗੀ। ਹਾਲਾਂਕਿ, ਵਿਵਸਥਾ ’ਚ ਮੌਜੂਦ ਢਾਂਚਾਗਤ ਖਾਮੀਆਂ ਦੇ ਕਾਰਨ ਇਹ ਸਦਭਾਵਨਾ ਸਥਾਈ ਆਰਥਿਕ ਲਾਭ ’ਚ ਤਬਦੀਲ ਨਹੀਂ ਹੋ ਸਕੇਗੀ। ਇਸ ਦੇ ਬਾਵਜੂਦ, ਨਵੇਂ ਸਮਝੌਤੇ ਦੇ ਤਹਿਤ, ਅਮਰੀਕਾ ਵੱਲੋਂ ਪੱਛਮੀ ਏਸ਼ੀਆ ’ਚ ਪਾਕਿਸਤਾਨ ਨੂੰ ਇਕ ਵੱਡੀ ਸੁਰੱਖਿਆ ਭੂਮਿਕਾ ਸੌਂਪੀ ਜਾ ਸਕਦੀ ਹੈ।
ਪੱਛਮੀ ਏਸ਼ੀਆ ’ਚ ਭਾਰਤ ਦੇ ਮਹੱਤਵਪੂਰਨ ਹਿੱਤ ਹਨ ਅਤੇ ਅਮਰੀਕਾ ਦੀਆਂ ਇੱਛਾਵਾਂ ਦੇ ਬਾਵਜੂਦ, ਇਸ ਮਹੱਤਵਪੂਰਨ ਖੇਤਰ ’ਚ ਆਪਣੀ ਸੁਰੱਖਿਆ ਅਤੇ ਰਾਜਨੀਤਕ ਸਥਿਤੀ ਨੂੰ ਨਿਪੁੰਨਤਾ ਨਾਲ ਮਜ਼ਬੂਤ ਕਰਨਾ ਜ਼ਰੂਰੀ ਹੈ। ਇਹ ਸਿਰਫ ਸੰਯੁਕਤ ਅਰਬ ਅਮੀਰਾਤ ਤੱਕ ਸੀਮਤ ਨਹੀਂ ਰਹਿ ਸਕਦਾ। ਸੰਯੁਕਤ ਅਰਬ ਅਮੀਰਾਤ ਨਾਲ ਸਬੰਧ ਮਹੱਤਵਪੂਰਨ ਹਨ ਪਰ ਈਰਾਨ ਜੰਗ ਖਤਮ ਹੋਣ ਤੋਂ ਬਾਅਦ ਕਈ ਅਨਿਸ਼ਚਿਤਤਾਵਾਂ ਸਾਹਮਣੇ ਆਉਣਗੀਆਂ, ਇਸ ਲਈ ਭਾਰਤੀ ਆਰਥਿਕ ਹਿੱਤ ਇਹ ਮੰਗ ਕਰਦੇ ਹਨ ਕਿ ਸਾਰੇ ਖਾੜੀ ਦੇਸ਼ਾਂ ਨਾਲ ਸਬੰਧ ਮਜ਼ਬੂਤ ਕੀਤੇ ਜਾਣ। ਇਹ ਪ੍ਰਕਿਰਿਆ ਹੁਣੇ ਸ਼ੁਰੂ ਹੋਣੀ ਚਾਹੀਦੀ ਹੈ।
ਭਾਰਤ ਨੂੰ ਹਿੰਦ-ਪ੍ਰਸ਼ਾਂਤ ਖੇਤਰ ’ਚ ਵੱਧ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਅਮਰੀਕਾ ਕਵਾਡ (ਭਾਰਤ, ਅਮਰੀਕਾ, ਜਪਾਨ ਅਤੇ ਆਸਟ੍ਰੇਲੀਆ ਨਾਲ ਮਿਲ ਕੇ ਬਣਿਆ ਚਤੁਰਭੁਜੀ ਸੁਰੱਖਿਆ ਸੰਵਾਦ) ’ਚ ਭਾਰਤ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਦਾ ਯਤਨ ਕਰੇਗਾ। ਸਮੱਸਿਆ ਇਹ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਲੈ ਕੇ ਅਮਰੀਕਾ ਦਾ ਦ੍ਰਿਸ਼ਟੀਕੋਣ ਚੀਨ ਨਾਲ ਉਸ ਦੇ ਸਬੰਧਾਂ ਦਾ ਹੀ ਇਕ ਹਿੱਸਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਟਰੰਪ ਬੀਜਿੰਗ ਨਾਲ ਸਬੰਧ ਸੁਧਾਰਨਾ ਚਾਹੁੰਦੇ ਹਨ।
ਅੰਤ ’ਚ, ਹਾਲਾਂਕਿ ਭਾਰਤ-ਅਮਰੀਕਾ ਦੇ ਵਿਚਾਲੇ ਸਬੰਧਾਂ ’ਚ ਲਗਾਤਾਰ ਵੱਧ ਤੋਂ ਵੱਧ ਤਾਲਮੇਲ ਸਥਾਪਤ ਕਰਨ ਦੀ ਗੱਲ ਹੋ ਰਹੀ ਹੈ ਪਰ ਇਸ ਦੇਸ਼ ਨੂੰ ਮਾਰਚ ’ਚ ਭਾਰਤ ’ਚ ਕ੍ਰਿਸਟੋਫਰ ਲੈਂਡੌ ਵੱਲੋਂ ਕਹੀ ਗਈ ਸਪੱਸ਼ਟ ਗੱਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਮਰੀਕਾ ਭਾਰਤ ਨਾਲ ਉਹੀ ਗਲਤੀ ਨਹੀਂ ਦੁਹਰਾਏਗਾ ਜੋ ਉਸ ਨੇ ਚੀਨ ਨਾਲ ਕੀਤੀ ਸੀ।
—ਵਿਵੇਕ ਕਾਟਜੂ
