‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ!
Tuesday, Apr 14, 2026 - 02:00 AM (IST)
ਪੁਲਸ ਵਲੋਂ ਪੂਰੀ ਜਾਂਚ-ਪੜਤਾਲ ਅਤੇ ਪੁਸ਼ਟੀ ਕੀਤੇ ਬਿਨਾਂ ਘਰਾਂ ’ਚ ਨੌਕਰ-ਨੌਕਰਾਣੀਆਂ ਰੱਖਣ ਨਾਲ ਕਈ ਵਾਰ ਵੱਡੀਆਂ ਮਾੜੀਆਂ ਘਟਨਾਵਾਂ ਹੋ ਰਹੀਆਂ ਹਨ। ਅਪਰਾਧੀ ਰੁਝਾਨ ਦੇ ਲੋਕ ਘਰੇਲੂ ਨੌਕਰ ਬਣ ਕੇ ਲੋਕਾਂ ਦੇ ਘਰਾਂ ’ਚ ਐਂਟਰੀ ਕਰਦੇ ਹਨ ਅਤੇ ਉਨ੍ਹਾਂ ਦਾ ਭਰੋਸਾ ਪ੍ਰਾਪਤ ਕਰ ਕੇ ਘਰ ’ਚ ਰੱਖੀ ਨਕਦੀ ਅਤੇ ਗਹਿਣਿਆਂ ਆਦਿ ਦਾ ਸੁਰਾਗ ਲਾਉਣ ਪਿੱਛੋਂ ਮੌਕਾ ਮਿਲਦਿਆਂ ਹੀ ਸਭ ਕੁਝ ਲੁੱਟ ਕੇ ਫਰਾਰ ਹੋ ਜਾਂਦੇ ਹਨ।
ਕਈ ਵਾਰ ਤਾਂ ਉਹ ਆਪਣੇ ਮਾਲਕ ਜਾਂ ਮਾਲਕਣ ਦੀ ਹੱਤਿਆ ਵੀ ਕਰ ਦਿੰਦੇ ਹਨ। ਅਜਿਹੀਆਂ ਹੀ ਪਿਛਲੇ ਲੱਗਭਗ 2 ਮਹੀਨਿਆਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :
* 9 ਫਰਵਰੀ, 2026 ਨੂੰ ‘ਦਿੱਲੀ’ ’ਚ ਇਕ ਘਰੇਲੂ ਨੌਕਰਾਣੀ ਨੂੰ ਆਪਣੇ ਮਾਲਕਾਂ ਦੇ ਘਰੋਂ 30 ਲੱਖ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 22 ਫਰਵਰੀ, 2026 ਨੂੰ ‘ਗੋਹਾਣਾ’ (ਹਰਿਆਣਾ) ਦੀ ‘ਦਰਿਆਪੁਰ ਬਸਤੀ’ ’ਚ ਇਕ ਪ੍ਰਾਪਰਟੀ ਡੀਲਰ ਦਾ ਘਰੇਲੂ ਨੇਪਾਲੀ ਨੌਕਰ ਗੈਸ ਕਟਰ ਨਾਲ ਤਿਜੌਰੀ ਕੱਟ ਕੇ ਉਸ ’ਚ ਰੱਖਿਆ 35 ਤੋਲੇ ਸੋਨਾ, ਸਵਾ ਕਿਲੋ ਚਾਂਦੀ ਦੇ ਗਹਿਣੇ ਅਤੇ 10 ਲੱਖ ਰੁਪਏ ਨਕਦ ਚੋਰੀ ਕਰ ਕੇ ਘਰ ਦੇ ਮੋਟਰਸਾਈਕਲ ਸਮੇਤ ਫਰਾਰ ਹੋ ਗਿਆ।
* 23 ਫਰਵਰੀ, 2026 ਨੂੰ ‘ਮੋਹਾਲੀ’ (ਪੰਜਾਬ) ’ਚ ਇਕ ਘਰੇਲੂ ਨੌਕਰਾਣੀ ਦੇ ਵਿਰੁੱਧ ਪੁਲਸ ਨੇ ਆਪਣੇ ਮਾਲਕ ਦੇ ਘਰੋਂ ਸੋਨੇ ਦੇ ਕੰਗਣ ਚੋਰੀ ਕਰਨ ਅਤੇ ਫੜੇ ਜਾਣ ’ਤੇ ਗਲਾ ਘੁੱਟ ਕੇ ਆਪਣੇ ਮਾਲਕ ਦੀ ਹੱਤਿਆ ਦਾ ਯਤਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ।
* 25 ਫਰਵਰੀ, 2026 ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਪੁਲਸ ਨੇ ਇਕ ਘਰੇਲੂ ਨੌਕਰਾਣੀ ਨੂੰ ਆਪਣੇ ਬਜ਼ੁਰਗ ਮਾਲਕ-ਮਾਲਕਣ ਦੇ ਘਰੋਂ 95.4 ਗ੍ਰਾਮ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ।
* 3 ਮਾਰਚ, 2026 ਨੂੰ ‘ਦਿੱਲੀ’ ’ਚ ਇਕ ਮਕਾਨ ’ਚ ਕੰਮ ਕਰਨ ਵਾਲੇ ਨੌਕਰ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਭੋਜਨ ’ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਉਨ੍ਹਾਂ ਨੂੰ ਬੇਹੋਸ਼ ਕਰ ਕੇ ਘਰ ’ਚ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 15 ਮਾਰਚ, 2026 ਨੂੰ ‘ਜੈਪੁਰ’ (ਰਾਜਸਥਾਨ) ਦੇ ‘ਜਗਤਪੁਰਾ’ ਇਲਾਕੇ ’ਚ ਇਕ ਘਰੇਲੂ ਨੌਕਰਾਣੀ ਆਪਣੇ ਮਾਲਕਾਂ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਈ।
* 16 ਮਾਰਚ, 2026 ਨੂੰ ‘ਬੈਂਗਲੁਰੂ’ (ਕਰਨਾਟਕ) ’ਚ 25 ਸਾਲਾਂ ਤੋਂ ਇਕ ਘਰ ’ਚ ਕੰਮ ਕਰ ਰਹੀ ‘ਧਨਲਕਸ਼ਮੀ’ ਨਾਮੀ ਨੌਕਰਾਣੀ ਨੂੰ ਇਕ ਬਜ਼ੁਰਗ ਜੋੜੇ ਦੇ ਘਰੋਂ 16 ਲੱਖ ਰੁਪਏ ਦੀ ਨਕਦੀ ਤੇ ਸੋਨਾ ਚੋਰੀ ਕਰਨ ਦੇ ਦੋਸ਼ ਹੇਠ ਪੁਲਸ ਨੇ ਗ੍ਰਿਫਤਾਰ ਕੀਤਾ।
* 29 ਮਾਰਚ, 2026 ਨੂੰ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ਦੇ ਇਕ ਫਾਰਮ ਹਾਊਸ ’ਚ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ’ਚ ਨੌਕਰ ਨੇ ਆਪਣੇ ਮਾਲਕ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 3 ਅਪ੍ਰੈਲ, 2026 ਨੂੰ ‘ਜੈਪੁਰ’ (ਰਾਜਸਥਾਨ) ’ਚ ਇਕ ਘਰੇਲੂ ਨੌਕਰ ਆਪਣੇ ਮਾਲਕਾਂ ਦੀ ਗੈਰ-ਹਾਜ਼ਰੀ ’ਚ 50 ਲੱਖ ਰੁਪਏ ਦੀ ਨਕਦ ਰਕਮ ਤੇ ਕੀਮਤੀ ਵਸਤੂਆਂ ਚੋਰੀ ਕਰ ਕੇ ਲੈ ਗਿਆ।
* 4 ਅਪ੍ਰੈਲ, 2026 ਨੂੰ ‘ਖੰਨਾ’ (ਪੰਜਾਬ) ’ਚ ਇਕ ਵਪਾਰੀ ਦੇ ਘਰ ’ਚ ਕੰਮ ਕਰਨ ਵਾਲੇ ਜੋੜੇ ਨੂੰ ਆਪਣੇ ਮਾਲਕ ਦੇ ਘਰੋਂ 80 ਲੱਖ ਰੁਪਏ ਕੀਮਤ ਦੀ ਜਿਊਲਰੀ ਅਤੇ ਲੱਗਭਗ 5 ਲੱਖ ਰੁਪਏ ਨਕਦ ਚੋਰੀ ਕਰਨ ਦੇ ਦੋਸ਼ ਹੇਠ ਫੜਿਆ।
* 6 ਅਪ੍ਰੈਲ, 2026 ਨੂੰ ‘ਸੋਹਨਾ’ (ਹਰਿਆਣਾ) ਦੇ ਇਕ ਫਾਰਮ ਹਾਊਸ ’ਚ ਕੰਮ ਕਰਨ ਵਾਲੇ ਨੌਕਰ ‘ਖੇਮਚੰਦ’ ਨੇ ਆਪਣੇ ਮਾਲਕ ‘ਰਾਹੁਲ’ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ।
* 7 ਅਪ੍ਰੈਲ, 2026 ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਸੈਕਟਰ-20 ਦੀ ਪੁਲਸ ਨੇ ਇਕ ਘਰੇਲੂ ਨੌਕਰਾਣੀ ‘ਰੂਬੀ ਦੇਵੀ’ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ 2 ਲੱਖ ਰੁਪਏ ਬਰਾਮਦ ਕੀਤੇ ਜੋ ਉਸ ਨੇ ਘਰੋਂ ਚੋਰੀ ਕੀਤੀ ਜਿਊਲਰੀ ਵੇਚ ਕੇ ਪ੍ਰਾਪਤ ਕੀਤੇ ਸਨ।
‘ਕੋਲਕਾਤਾ’ (ਪੱਛਮੀ ਬੰਗਾਲ) ਪੁਲਸ ਦੀ ਇਕ ਰਿਪੋਰਟ ਅਨੁਸਾਰ ਦਸੰਬਰ, 2025 ਤੋਂ ਫਰਵਰੀ, 2026 ਦਰਮਿਆਨ ਹੋਈਆਂ ਕੁੱਲ ਚੋਰੀਆਂ ’ਚੋਂ ਲਗਭਗ 31 ਫੀਸਦੀ ’ਚ ਘਰੇਲੂ ਨੌਕਰ ਜਾਂ ਕੇਅਰ ਟੇਕਰ ਸ਼ਾਮਲ ਸਨ। ‘ਬੇਹਾਲਾ’ ’ਚ ਇਕ ਸਾਬਕਾ ਕੇਅਰ ਟੇਕਰ ਵਲੋਂ ਇਕ ਬਜ਼ੁਰਗ ਅੌਰਤ ਦੀ ਹੱਤਿਆ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਪੁਲਸ ਤੋਂ ਵੈਰੀਫਿਕੇਸ਼ਨ ਕਰਵਾਏ ਬਿਨਾਂ ਘਰੇਲੂ ਨੌਕਰ ਜਾਂ ਕਿਰਾਏਦਾਰ ਰੱਖਣਾ ਬੇਲੋੜਾ ਹੈ, ਇਸ ਲਈ ਨੌਕਰ ਰੱਖਣ ਤੋਂ ਪਹਿਲਾਂ ਪੁਲਸ ਨੂੰ ਸੂਚਨਾ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਨਾਂ, ਪਤੇ, ਮੋਬਾਈਲ ਨੰਬਰ ਆਦਿ ਦੀ ਸਥਾਨਕ ਪੁਲਸ ਕੋਲੋਂ ਜਾਂਚ-ਪੜਤਾਲ ਕਰਵਾ ਕੇ ਹੀ ਨੌਕਰਾਂ ਨੂੰ ਰੱਖਣਾ ਚਾਹੀਦਾ ਹੈ। ਅਜਿਹਾ ਕਰ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
—ਵਿਜੇ ਕੁਮਾਰ
