ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!

Monday, Apr 13, 2026 - 02:56 AM (IST)

ਅਸਫਲ ਸ਼ਾਂਤੀ ਵਾਰਤਾ : ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ!

ਇਸਲਾਮਾਬਾਦ ਦਾ ਪੰਜ ਸਿਤਾਰਾ ਸੇਰੇਨਾ ਹੋਟਲ ਇਤਿਹਾਸ ’ਚ ਆਪਣੀ ਜਗ੍ਹਾ ਬਣਾ ਚੁੱਕਾ ਹੈ। ਇੱਥੇ ਸ਼ਾਂਤੀ ਵਾਰਤਾ ਲਈ ਵਫਦਾਂ ਦੀ ਮੇਜ਼ਬਾਨੀ ਕੀਤੀ ਗਈ, ਇਕ ਪਾਸੇ ਅਮਰੀਕੀ ਵਫਦ ਸੀ, ਜਿਸ ਦੀ ਅਗਵਾਈ ਉਪ-ਰਾਸ਼ਟਰਪਤੀ ਜੇ. ਡੀ. ਵੇਂਸ ਅਤੇ ਉਨ੍ਹਾਂ ਦੇ ਨਾਲ ਸਟੀਵ ਵਿਟਕੌਫ ਤੇ ਟਰੰਪ ਦੇ ਦਾਮਾਦ ਜੇਰੇਡ ਕੁਸ਼ਨਰ ਕਰ ਰਹੇ ਸਨ, ਦੂਜੇ ਪਾਸੇ ਈਰਾਨੀ ਟੀਮ ਸੀ, ਜਿਸ ਦੀ ਅਗਵਾਈ ਸੀਨੀਅਰ ਰਾਜਨੇਤਾ ਅਤੇ ਫੌਜੀ ਕਮਾਂਡਰ ਜਨਰਲ ਮੁਹੰਮਦ ਬਾਘੇਰ ਗਾਲਿਬਾਫ ਕਰ ਰਹੇ ਸਨ, ਨਾਲ ਹੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਅਲੀ ਬਾਘੇਰੀ ਕਾਨੀ, ਜੋ ਈਰਾਨ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਮੈਂਬਰ ਹਨ। ਇਹ ਤਿੰਨੇ ਸੀਨੀਅਰ ਈਰਾਨੀ ਅਧਿਕਾਰੀ, ਜੋ ਅਮਰੀਕਾ ਨਾਲ ਗੱਲਬਾਤ ’ਚ ਤਜਰਬੇਕਾਰ ਹਨ, ਨੂੰ ਪੂਰੇ ਅਧਿਕਾਰ ਦਿੱਤੇ ਗਏ ਸਨ ਕਿ ਉਹ ਫੈਸਲੇ ਲੈ ਸਕਣ, ਇੱਥੋਂ ਤੱਕ ਕਿ ਉਨ੍ਹਾਂ ਨੂੰ ਤਹਿਰਾਨ ਨਾਲ ਸਲਾਹ ਕਰਨ ਦੀ ਵੀ ਲੋੜ ਨਹੀਂ ਸੀ, ਕਿਉਂਕਿ ਗੱਲਬਾਤ ਦੀ ਪ੍ਰਕਿਰਤੀ ਅਤਿ ਗੰਭੀਰ ਸੀ। ਆਮ ਤੌਰ ’ਤੇ ਇੰਨਾ ਵੱਡਾ ਵਫਦ ਉਦੋਂ ਹੀ ਭੇਜਿਆ ਜਾਂਦਾ ਹੈ ਜਦੋਂ ਗੱਲਬਾਤ ਆਖਰੀ ਪੜਾਅ ’ਚ ਹੋਵੇ, ਨਾ ਕਿ ਸ਼ੁਰੂਆਤੀ ਪ੍ਰੀਖਣ ਦੇ ਦੌਰ ’ਚ। 1978 ’ਚ ਦੋਵਾਂ ਦੇਸ਼ਾਂ ਦੇ ਸਬੰਧ ਟੁੱਟਣ ਤੋਂ ਬਾਅਦ ਇਹ ਸਭ ਤੋਂ ਵੱਡਾ ਦਲ ਦੋਵਾਂ ਪਾਸਿਆਂ ਤੋਂ ਸੀ ਪਰ 19 ਘੰਟੇ ਦੀ ਗੱਲਬਾਤ ਤੋਂ ਬਾਅਦ ਵੀ ਗੱਲ 2 ਹਫ਼ਤੇ ਦੀ ਜੰਗਬੰਦੀ ਤੱਕ ਹੀ ਸਿਮਟ ਗਈ!

ਗੱਲਬਾਤ ਖ਼ਤਮ ਹੋਣ ’ਤੇ ਵੇਂਸ ਨੇ ਕਿਹਾ, “ਅਸੀਂ ਅਜਿਹੀ ਸਥਿਤੀ ਤੱਕ ਨਹੀਂ ਪਹੁੰਚ ਸਕੇ ਜਿੱਥੇ ਈਰਾਨੀ ਸਾਡੀਆਂ ਸ਼ਰਤਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋਣ।” ਉਨ੍ਹਾਂ ਕਿਹਾ ਕਿ ਈਰਾਨ ਪ੍ਰਮਾਣੂ ਹਥਿਆਰ ਨਾ ਬਣਾਉਣ ਦੀ ਵਚਨਬੱਧਤਾ ਮੰਨਣ ਨੂੰ ਤਿਆਰ ਨਹੀਂ ਹੈ।

ਹਾਲਾਂਕਿ ਈਰਾਨ ਦੀ ਸੰਸਦ ਦੇ ਸਪੀਕਰ ਗਾਲਿਬਾਫ ਨੇ ਇਸਲਾਮਾਬਾਦ ਪਹੁੰਚਣ ’ਤੇ ਕਿਹਾ, “ਸਾਡੇ ਕੋਲ ਸਦਭਾਵਨਾ ਹੈ ਪਰ ਸਾਨੂੰ ਵਿਸ਼ਵਾਸ ਨਹੀਂ ਹੈ।” ਸ਼ਾਂਤੀ ਦੀ ਇੱਛਾ ਅਮਰੀਕੀ ਵਫਦ ਦੇ ਮਨ ’ਚ ਵੀ ਪ੍ਰਮੁੱਖ ਹੈ ਪਰ ਉਨ੍ਹਾਂ ਦੇ ਸਮਝੌਤੇ ਅਤੇ ਯਤਨ ਇਜ਼ਰਾਈਲੀ ਸਰਕਾਰ ਤੋਂ ਪ੍ਰਭਾਵਿਤ ਹੋ ਸਕਦੇ ਹਨ!

ਮਿਸਟਰ ਨਸਤਰ, ਜੋ ਅਫ਼ਗਾਨਿਸਤਾਨ ’ਚ ਵਿਸ਼ੇਸ਼ ਅਮਰੀਕੀ ਪ੍ਰਤੀਨਿਧ ਸਨ, ਨੇ ਕਿਹਾ ਕਿ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਪਾਕਿਸਤਾਨ ਦੀ ਵਿਚੋਲਗੀ ’ਚ ਪਿਛਲੇ ਹਫ਼ਤੇ ਹੋਏ ਬੈਕ-ਚੈਨਲ ਸੁਨੇਹਿਆਂ ਦੇ ਦੌਰਾਨ ਗੱਲਬਾਤ ਜਨਤਕ ਜਾਣਕਾਰੀ ਨਾਲੋਂ ਕਿਤੇ ਵੱਧ ਅੱਗੇ ਵਧ ਚੁੱਕੀ ਹੋ ਸਕਦੀ ਹੈ।

ਹਾਲਾਂਕਿ ਟਰੰਪ ਨੇ ਈਰਾਨ ਦੇ 10 ਪ੍ਰਸਤਾਵਾਂ ਨੂੰ ਸਵੀਕਾਰ ਕਰ ਲਿਆ ਸੀ ਪਰ ਹੁਣ ਵੀ ਮੁੱਖ ਮੁੱਦੇ ਉਹੀ ਹਨ—ਜੰਗ ਨੂੰ ਖ਼ਤਮ ਕਰਨਾ, ਹੋਰਮੁਜ਼ ਜਲਡਮਰੂਮੱਧ ਨੂੰ ਜਹਾਜ਼ਾਂ ਲਈ ਖੋਲ੍ਹਣਾ ਅਤੇ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ।

ਈਰਾਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਉਸ ਦੀ ਦਿਲਚਸਪੀ ਵਿਆਪਕ ਅਮਰੀਕੀ ਪਾਬੰਦੀਆਂ ਤੋਂ ਰਾਹਤ ਪ੍ਰਾਪਤ ਕਰਨ, ਫ੍ਰੀਜ਼ ਫੰਡਾਂ ਨੂੰ ਜਾਰੀ ਕਰਵਾਉਣ ਅਤੇ ਜੰਗ ਦੌਰਾਨ ਹੋਏ ਨੁਕਸਾਨ ਲਈ ਮੁਆਵਜ਼ਾ ਪ੍ਰਾਪਤ ਕਰਨ ’ਚ ਹੈ। ਨਿਸ਼ਚਿਤ ਰੂਪ ’ਚ ਉਹ ਹੋਰਮੁਜ਼ ਜਲਡਮਰੂਮੱਧ ’ਤੇ ਕੰਟਰੋਲ ਬਣਾਈ ਰੱਖਣਾ ਚਾਹੁੰਦਾ ਹੈ, ਸੰਭਵ ਤੌਰ ’ਤੇ ਉੱਥੋਂ ਗੁਜ਼ਰਨ ਵਾਲੇ ਜਹਾਜ਼ਾਂ ਤੋਂ ਟੈਕਸ ਵੀ ਲੈਣਾ ਚਾਹੇਗਾ, ਜਿਵੇਂ ਮਿਸਰ ਸੁਏਜ਼ ਕੈਨਾਲ ’ਚ ਕਰਦਾ ਆਇਆ ਹੈ।

ਸਭ ਤੋਂ ਮਹੱਤਵਪੂਰਨ ਹੈ ਕਿ ਟਰੰਪ ਜੰਗ ਖ਼ਤਮ ਕਰਨਾ ਚਾਹੁੰਦੇ ਹਨ। ਹਾਲਾਂਕਿ ਵਿਸ਼ਵ ਆਰਥਿਕਤਾ ਦੇ ਭਵਿੱਖ ਨੂੰ ਦੇਖਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਨੇ ਲਗਾਤਾਰ ਫੋਨ ਕਾਲਾਂ ਇਜ਼ਰਾਈਲ ’ਤੇ ਲੈਬਨਾਨ ’ਤੇ ਹਮਲੇ ਨੂੰ ਰੋਕਣ ਦਾ ਦਬਾਅ ਪਾਉਣ ਲਈ ਕੀਤੀਆਂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਸ਼ਾਂਤੀ ਸਮਝੌਤੇ ’ਤੇ ਚਰਚਾ ਕਰਨ ਲਈ ਖਾੜੀ ਦੇਸ਼ਾਂ ਦੀ 3 ਦਿਨਾ ਯਾਤਰਾ ਕੀਤੀ। ਸਾਊਦੀ ਅਰਬ ਦੇ ਅਧਿਕਾਰੀਆਂ ਨੇ ਚੀਨ ਨੂੰ ਅਪੀਲ ਕੀਤੀ ਕਿ ਉਹ ਈਰਾਨ ’ਤੇ ਸ਼ਾਂਤੀ ਪ੍ਰਸਤਾਵ ਮੰਨਣ ਲਈ ਦਬਾਅ ਬਣਾਈ ਰੱਖੇ। ਸ਼ਹਿਬਾਜ਼ ਸ਼ਰੀਫ ਨੂੰ ਕਤਰ, ਜਰਮਨੀ, ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਵਿਸ਼ਵ ਨੇਤਾਵਾਂ ਤੋਂ ਕਾਲਾਂ ਆਈਆਂ ਕਿ ਉਹ ਸ਼ਾਂਤੀ ਗੱਲਬਾਤ ਦਾ ਸਮਰਥਨ ਜਾਰੀ ਰੱਖਣ।

ਪਰ ਸ਼ਾਇਦ ਸਭ ਤੋਂ ਵੱਡਾ ਸਵਾਲ ਇਜ਼ਰਾਈਲ ਅਤੇ ਉਸ ਦੀਆਂ ਇੱਛਾਵਾਂ ਹਨ, ਇਕ ਵਿਸ਼ਾਲ ਇਜ਼ਰਾਈਲ ਦੇ ਨਿਰਮਾਣ ਦੀ ਜਾਇਨਿਸਟ ਵਿਚਾਰਧਾਰਾ, ਜੋ ਵੈਸਟ ਬੈਂਕ ਅਤੇ ਗਾਜ਼ਾ ਤੋਂ ਅੱਗੇ ਵਧ ਕੇ ਜਾਰਡਨ, ਸੀਰੀਆ, ਲੈਬਨਾਨ ਅਤੇ ਮਿਸਰ ਤੱਕ ਫੈਲੇ ਇਕ ਯਹੂਦੀ ਰਾਜ ਦੀ ਵਕਾਲਤ ਕਰਦੀ ਹੈ। ਇਸ ਦਾ ਨਾਅਰਾ ਹੈ—ਨੀਲ ਤੋਂ ਯੂਫ੍ਰੇਟਸ ਤੱਕ ਦੀ ਭੂਮੀ। ਇਹ ਵਿਚਾਰ ਨੇਤਨਯਾਹੂ ਦੇ ਪਹਿਲੇ ਕਾਰਜਕਾਲ ਤੋਂ ਹੀ ਸਮਰਥਿਤ ਰਿਹਾ ਹੈ। ਹੁਣ ਇਹ ਹੋਰ ਵੀ ਵੱਧ ਪ੍ਰਬਲ ਹੈ, ਜਦੋਂ ਉਹ ਕਈ ਅਪਰਾਧਿਕ ਮਾਮਲਿਆਂ ਅਤੇ ਆਉਣ ਵਾਲੀਆਂ ਚੋਣਾਂ ਦਾ ਸਾਹਮਣਾ ਕਰ ਰਹੇ ਹਨ, ਤਾਂ ਜੋ ਜਨਤਾ ਦਾ ਧਿਆਨ ਭਟਕਾਇਆ ਜਾ ਸਕੇ। ਇਹ ਧਾਰਨਾ ਇਜ਼ਰਾਈਲ ਦੇ ਸੱਜੇ-ਪੱਖੀ ਗੁੱਟਾਂ ਵੱਲੋਂ ਅੰਤਰਰਾਸ਼ਟਰੀ ਕਾਨੂੰਨ ਜਾਂ ਸੰਯੁਕਤ ਰਾਸ਼ਟਰ ਚਾਰਟਰ ਦੀ ਪਰਵਾਹ ਕੀਤੇ ਬਿਨਾਂ ਸਮਰਥਿਤ ਹੈ, ਜੋ ਕਿਸੇ ਹੋਰ ਦੇਸ਼ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦਾ ਵਿਰੋਧ ਕਰਦਾ ਹੈ। ਅਸਲ ’ਚ, ਮੌਜੂਦਾ ਸਮੇਂ ’ਚ ਗਾਜ਼ਾ ਅਤੇ ਲੈਬਨਾਨ ’ਚ ਇਹ ਸਿਰਫ ਜ਼ਮੀਨ ਦਾ ਮੁੱਦਾ ਨਹੀਂ, ਸਗੋਂ ਇਹ ਨਸਲੀ ਸਫਾਇਆ ਹੈ, ਉੱਥੋਂ ਦੇ ਮੂਲ ਨਿਵਾਸੀਆਂ ਨੂੰ ਹਟਾਇਆ ਜਾ ਰਿਹਾ ਹੈ।

ਨੇਤਨਯਾਹੂ ਦਾ ਉਦੇਸ਼ ਈਰਾਨ ਨੂੰ ਕਮਜ਼ੋਰ ਅਤੇ ਲੈਬਨਾਨ ਦੇ ਹਿੱਸੇ ’ਤੇ ਕਬਜ਼ਾ ਕਰਨਾ ਹੈ। ਇਸ ਲਈ ਉਨ੍ਹਾਂ ਨੇ ਟਰੰਪ ਵੱਲੋਂ ਦੋ ਹਫ਼ਤਿਆਂ ਦੀ ਜੰਗਬੰਗੀ ਦੇ ਐਲਾਨ ਤੋਂ ਬਾਅਦ ਵੀ ਦੱਖਣੀ ਲੈਬਨਾਨ ’ਤੇ ਬੰਬਾਰੀ ਅਤੇ ਕਬਜ਼ਾ ਜਾਰੀ ਰੱਖਿਆ।

ਇਸ ਲਈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਜ਼ਰਾਈਲ ਇਸ ਖੇਤਰ ’ਚ ਸ਼ਾਂਤੀ ਆਉਣ ਦੇਵੇਗਾ? ਇਕ ਪਾਸੇ ਇਹ ਨਹੀਂ ਨਕਾਰਿਆ ਜਾ ਸਕਦਾ ਕਿ ਈਰਾਨ ਨੂੰ ਅਮਰੀਕਾ ਦੇ ਹੱਥੋਂ ਭਾਰੀ ਨੁਕਸਾਨ ਹੋਇਆ, ਉਸ ਦੇ ਪੁਲ, ਬਿਜਲੀ ਪਲਾਂਟ, ਡੀਸੈਲੀਨੇਸ਼ਨ ਜਲ ਪਲਾਂਟ ਨੁਕਸਾਨੇ ਗਏ ਅਤੇ ਹਜ਼ਾਰਾਂ ਬੇਗੁਨਾਹ ਲੋਕ ਤੇ ਨੇਤਾ ਮਾਰੇ ਗਏ। ਦੂਜੇ ਪਾਸੇ, ਅਮਰੀਕਾ ਨੇ ਕਦੇ ਇਕ ਦਿਨ ’ਚ 5 ਜਹਾਜ਼ ਨਹੀਂ ਗੁਆਏ ਸਨ, ਉਸ ਦੇ ਮੱਧ ਪੂਰਬ ’ਚ ਸਥਿਤ 13 ਫੌਜੀ ਟਿਕਾਣੇ ਜਾਂ ਤਾਂ ਬੁਰੀ ਤਰ੍ਹਾਂ ਨੁਕਸਾਨੇ ਗਏ ਜਾਂ ਪੂਰੀ ਤਰ੍ਹਾਂ ਈਰਾਨੀ ਹਮਲਿਆਂ ’ਚ ਤਬਾਹ ਹੋ ਗਏ ਅਤੇ ਉਸ ਦੇ ਕਈ ਜਹਾਜ਼ ਵੀ ਨੁਕਸਾਨੇ ਗਏ। ਵੀਅਤਨਾਮ ਜੰਗ ਦੌਰਾਨ ਵੀ ਅਮਰੀਕਾ ਨੂੰ ਇੰਨਾ ਨੁਕਸਾਨ ਨਹੀਂ ਹੋਇਆ ਸੀ।

ਡਾ. ਪੋਸਟੋਲ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਵਿਗਿਆਨ, ਟੈਕਨਾਲੋਜੀ ਦੇ ਪ੍ਰੋਫੈਸਰ ਅਤੇ ਪ੍ਰਮਾਣੂ ਹਥਿਆਰਾਂ ਦੇ ਵਿਸ਼ਵ ਦੇ ਮੋਹਰੀ ਮਾਹਿਰਾਂ ’ਚੋਂ ਇਕ ਹਨ। ਉਨ੍ਹਾਂ ਅਨੁਸਾਰ ਇਸ ਸਥਿਤੀ ਨੂੰ ਸੰਖੇਪ ’ਚ ਕਹੀਏ ਤਾਂ ਮੱਧ ਪੂਰਬ ’ਚ ਹੁਣ 2 ਅਣਐਲਾਨੇ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਹਨ। ਇਨ੍ਹਾਂ ’ਚੋਂ ਇਕ ਨਿਸ਼ਚਿਤ ਰੂਪ ’ਚ ਇਜ਼ਰਾਈਲ ਹੈ ਅਤੇ ਦੂਜਾ ਈਰਾਨ।

ਮੌਜੂਦਾ ਸਥਿਤੀ ਈਰਾਨ ਦੇ ਪ੍ਰਮਾਣੂ ਪ੍ਰੋਸੈਸਿੰਗ ਕੇਂਦਰਾਂ ’ਤੇ ਅਮਰੀਕੀ ਹਮਲੇ ਕਾਰਨ ਪੈਦਾ ਹੋਈ। ਉਸ ਹਮਲੇ ਤੋਂ ਪਹਿਲਾਂ, 408 ਕਿਲੋਗ੍ਰਾਮ 60 ਫੀਸਦੀ ਪ੍ਰੋਸੈੱਸਡ ਯੂਰੇਨੀਅਮ-235 ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ’ਚ ਸੀ। ਇਸ ਲਈ, ਜਦੋਂ ਤੱਕ ਇਹ ਪਦਾਰਥ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਦੀ ਨਿਗਰਾਨੀ ’ਚ ਸਨ, ਉਦੋਂ ਤੱਕ ਈਰਾਨੀ ਇਨ੍ਹਾਂ ਦਾ ਕੁਝ ਵੀ ਉਪਯੋਗ ਨਹੀਂ ਕਰ ਸਕਦੇ ਸਨ। ਹਮਲੇ ਤੋਂ ਬਾਅਦ, ਈਰਾਨੀਆਂ ਨੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੂੰ ਦਰਕਿਨਾਰ ਕਰ ਦਿੱਤਾ ਅਤੇ ਇਨ੍ਹਾਂ ਬਹੁਮੁੱਲੇ ਪਦਾਰਥਾਂ ਨੂੰ ਘੱਟੋ-ਘੱਟ ਉਨ੍ਹਾਂ ਦੇ ਲਈ, ਗੁਪਤ ਥਾਵਾਂ ’ਤੇ ਲੈ ਗਏ ਹਨ ਅਤੇ ਜੇਕਰ ਉਹ ਚਾਹੁਣ ਤਾਂ ਸਤੰਬਰ ਤੱਕ ਪ੍ਰਮਾਣੂ ਬੰਬ ਬਣਾ ਸਕਦੇ ਹਨ!

ਜਦਕਿ ਪ੍ਰੋਫੈਸਰ ਦਾ ਮੰਨਣਾ ਹੈ ਕਿ ਈਰਾਨ ਨੇ ਹੁਣ ਤੱਕ ਸੰਜਮ, ਕੌਸ਼ਲ ਅਤੇ ਸੰਸਾਧਨਸ਼ੀਲਤਾ ਦਾ ਪ੍ਰਦਰਸ਼ਨ ਕੀਤਾ ਹੈ ਪਰ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਪੂਰੀ ਤਰ੍ਹਾਂ ਲੈਸ ਹਵਾਈ ਫੌਜ ਹੋਣ ਦੇ ਬਾਵਜੂਦ ਕੁਝ ਨਹੀਂ ਕਰ ਸਕੇ!

ਈਰਾਨ ਵੱਲੋਂ ਮਚਾਈ ਗਈ ਤਬਾਹੀ ਨਾਲ ਨਾ ਸਿਰਫ ਤੁਰਕੀ ਅਤੇ ਸਾਊਦੀ ਅਰਬ ਨਿਰਾਸ਼ ਹਨ, ਸਗੋਂ ਸਾਰੇ ਅਰਬ ਦੇਸ਼ ਵੀ, ਇੱਥੋਂ ਤੱਕ ਕਿ ਅਮਰੀਕੀ ਖ਼ਦਸ਼ਿਆਂ ਦੇ ਕਾਰਨ ਉਹ ਆਪਣੀ ਫੌਜ ਨੂੰ ਮਜ਼ਬੂਤ ਕਰਨ ਬਾਰੇ ਵੀ ਸੋਚ ਸਕਦੇ ਹਨ। ਦਰਅਸਲ, ਤੁਰਕੀ ਅਤੇ ਸਾਊਦੀ ਅਰਬ ਪ੍ਰਮਾਣੂ ਸ਼ਕਤੀ ਵਿਕਸਿਤ ਕਰਨ ਦੀ ਯੋਜਨਾ ਬਣਾ ਸਕਦੇ ਹਨ।

ਤਾਂ ਕੀ ਇਹ ਸਮਾਂ ਇਜ਼ਰਾਈਲ ਨੂੰ ਰੋਕਣ ਦਾ, ਯੂ. ਐੱਨ., ਰੂਸ ਅਤੇ ਚੀਨ ਦੇ ਮਜ਼ਬੂਤੀ ਨਾਲ ਸਾਹਮਣੇ ਆ ਕੇ ਹਾਲਤ ਸੁਧਾਰਨ ਦਾ ਨਹੀਂ? ਕੀ ਅਮਰੀਕਾ ’ਚ ਕੋਈ ਹੋਰ ਸਮਝਦਾਰ ਆਵਾਜ਼ ਨਹੀਂ ਉੱਠੇਗੀ?


author

Sandeep Kumar

Content Editor

Related News