ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
Saturday, Apr 18, 2026 - 04:08 PM (IST)
ਪੂਰੀ ਦੁਨੀਆ ਅੱਜ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੋਲਾ, ਗੈਸ, ਤੇਲ ਵਰਗੇ ਸਰੋਤ ਮਹਿੰਗੇ ਹੋ ਰਹੇ ਹਨ। ਜਲਵਾਯੂ ਪਰਿਵਰਤਨ ਦੀ ਮੁਸੀਬਤ ਅਲੱਗ ਹੈ। ਮੱਧ-ਪੂਰਬ ’ਚ ਚੱਲ ਰਹੀ ਲੜਾਈ ਨੇ ਵੱਡੇ-ਵੱਡੇ ਹੰਕਾਰੀ ਦੇਸ਼ਾਂ ਨੂੰ ਗੋਡਿਆਂ ਭਾਰ ਲਿਆ ਦਿੱਤਾ ਹੈ। ਅਜਿਹੇ ’ਚ ਭਾਰਤ ’ਚ ਉਪਲਬਧ ਥੋਰੀਅਮ ਨਾਮਕ ਤੱਤ ’ਤੇ ਚਰਚਾ ਹੋਣਾ ਸ਼ੁੱਭ ਸੰਕੇਤ ਹੈ। ਇਸ ਦੇ ਨਾਲ ਹੀ ਜ਼ਰੂਰੀ ਹੋ ਜਾਂਦਾ ਹੈ ਇਹ ਸੋਚਣਾ ਕਿ ਅਸੀਂ ਇਸ ਦੀ ਵਰਤੋਂ ਕਰਨ ’ਚ ਪੱਛੜ ਕਿਵੇਂ ਗਏ?
ਰਾਜਨੀਤਕ ਇੱਛਾ ਸ਼ਕਤੀ ਦੀ ਘਾਟ : ਪ੍ਰਕਿਰਤੀ ਦੀ ਸਾਡੇ ਦੇਸ਼ ’ਤੇ ਅਸੀਮ ਕਿਰਪਾ ਹੈ। ਨਿਰਮਲ ਜਲ ਸਰੋਤ, ਉਪਜਾਊ ਜ਼ਮੀਨ ਅਤੇ ਹਰੇ-ਭਰੇ ਵਣ ਪ੍ਰਦੇਸ਼ ਹਨ। ਇਸ ਦੇ ਨਾਲ ਹੀ ਸਾਡੇ ਅਨੇਕਾਂ ਸਮੁੰਦਰੀ ਤੱਟ ਰੇਤ ਦੇ ਰੂਪ ’ਚ ਉਪਲਬਧ ਥੋਰੀਅਮ ਦੇ ਸੰਸਾਰ ਦੇ ਸਭ ਤੋਂ ਵੱਡੇ ਭੰਡਾਰ ਨਾਲ ਯੁਕਤ ਹਨ। ਇਹ ਅਜਿਹਾ ਤੱਤ ਹੈ ਜੋ ਸਦੀਆਂ ਤੱਕ ਮੁਫ਼ਤ ਬਿਜਲੀ ਦੇ ਸਕਦਾ ਹੈ। ਸਾਡੀ ਤੇਲ ਦਰਾਮਦ ’ਤੇ ਨਿਰਭਰਤਾ ਬਹੁਤ ਘੱਟ ਹੋ ਸਕਦੀ ਹੈ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਦੀ ਲੀਡਰਸ਼ਿਪ ’ਚ ਡਾਕਟਰ ਹੋਮੀ ਜਹਾਂਗੀਰ ਭਾਭਾ ਨੇ ਸਾਡੀਆਂ ਊਰਜਾ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਪੜਾਅਵਾਰ ਤਰੀਕੇ ਨਾਲ ਇਸ ਅਨਮੋਲ ਅਤੇ ਵਿਸ਼ਾਲ ਖਜ਼ਾਨੇ ਦੀ ਵਰਤੋਂ ਲਈ ਤਿੰਨ ਪੜਾਵਾਂ ’ਚ ਇਕ ਅਜਿਹੀ ਯੋਜਨਾ ਬਣਾਈ ਜੋ ਭਾਰਤ ਨੂੰ ਊਰਜਾ ਖੇਤਰ ’ਚ ਮੋਹਰੀ ਬਣਾ ਦਿੰਦੀ। ਜੇਕਰ ਇਕ ਦੁਰਘਟਨਾ ’ਚ ਉਨ੍ਹਾਂ ਦਾ ਦਿਹਾਂਤ ਨਾ ਹੋਇਆ ਹੁੰਦਾ ਅਤੇ ਨਹਿਰੂ ਜੀਵਿਤ ਰਹਿੰਦੇ ਤਾਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਾ ਹੁੰਦਾ। ਉਨ੍ਹਾਂ ਤੋਂ ਬਾਅਦ ਇਹ ਖਾਹਿਸ਼ੀ ਯੋਜਨਾ ਠੰਡੇ ਬਸਤੇ ’ਚ ਚਲੀ ਗਈ ਜਿਸ ਦਾ ਮੁੱਖ ਕਾਰਨ ਰਾਜਨੀਤਕ ਲੀਡਰਸ਼ਿਪ ’ਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਘਾਟ ਸੀ।
ਥੋਰੀਅਮ ਦੀ ਖੋਜ ਦੀ ਵੀ ਬੜੀ ਦਿਲਚਸਪ ਕਹਾਣੀ ਹੈ। ਸੰਨ 1828-29 ’ਚ ਸਵੀਡਿਸ਼ ਰਸਾਇਣ ਵਿਗਿਆਨੀ ਜੋਂਸ ਜੈਕਬ ਬਰਜ਼ੇਲੀਅਸ ਅਤੇ ਨਾਰਵੇ ਦੇ ਖਣਿਜ ਵਿਗਿਆਨੀ ਮੋਰਟੇਨ ਥ੍ਰਾਨੇ ਐਸਮਾਰਕ ਨੇ ਲੋਵੋਆ ਟਾਪੂ ’ਤੇ ਘੁੰਮਦੇ ਹੋਏ ਇਕ ਕਾਲਾ ਖਣਿਜ (ਥੋਰਾਈਟ) ਪਾਇਆ। ਬਰਜ਼ੇਲੀਅਸ ਨੇ ਉਸ ਦਾ ਵਿਸ਼ਲੇਸ਼ਣ ਕੀਤਾ ਅਤੇ ਇਕ ਨਵਾਂ ਤੱਤ ਸਾਹਮਣੇ ਆਇਆ। ਉਨ੍ਹਾਂ ਨੇ ਇਸ ਨੂੰ ਥੋਰ (ਨੌਰਸ ਦੇਵਤਾ-ਬਿਜਲੀ ਅਤੇ ਤੂਫਾਨ ਦੇ ਦੇਵਤਾ) ਦੇ ਨਾਂ ’ਤੇ ਥੋਰੀਅਮ ਨਾਂ ਦਿੱਤਾ। 1898 ’ਚ ਜਰਮਨ ਵਿਗਿਆਨੀ ਗੇਰਹਾਰਡ ਕਾਰਲ ਸ਼ਿਮਟ ਅਤੇ ਮੈਰੀ ਕਿਊਰੀ ਨੇ ਸੁਤੰਤਰ ਰੂਪ ਨਾਲ ਥੋਰੀਅਮ ਦੇ ਰੇਡੀਓਐਕਟਿਵ ਗੁਣ ਦੀ ਖੋਜ ਕੀਤੀ ਅਤੇ ਪਾਇਆ ਕਿ ਇਹ ਯੂਰੇਨੀਅਮ ਤੋਂ ਬਾਅਦ ਦੂਸਰਾ ਰੇਡੀਓਐਕਟਿਵ ਤੱਤ ਹੈ। ਸ਼ੁਰੂ ’ਚ ਥੋਰੀਅਮ ਦੀ ਵਰਤੋਂ ਗੈਸ ਲੈਂਪ ਦੇ ਮੈਂਟਲ, ਵੈਲਡਿੰਗ ਅਤੇ ਕੁਝ ਮਿਲੀਆਂ-ਜੁਲੀਆਂ ਧਾਤੂਆਂ ’ਚ ਹੁੰਦੀ ਸੀ।
ਭਾਰਤ ਕੋਲ ਸਭ ਤੋਂ ਵੱਡੇ ਭੰਡਾਰ : ਲੱਗਭਗ 8.46 ਲੱਖ ਟਨ (ਮੋਨਾਜ਼ਾਈਟ ਰੇਤ ਤੋਂ) ਦਾ ਭੰਡਾਰ ਭਾਰਤੀ ਵਿਗਿਆਨੀਆਂ ਅਨੁਸਾਰ 500 ਗੀਗਾਵਾਟ ਬਿਜਲੀ 400 ਸਾਲ ਤੱਕ ਲਗਾਤਾਰ ਪੈਦਾ ਕਰ ਸਕਦਾ ਹੈ। ਮਤਲਬ, ਭਾਰਤ ਦੀ ਕੁੱਲ ਬਿਜਲੀ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਅਤੇ ਉਹ ਵੀ ਸਦੀਆਂ ਤੱਕ। ਦੁਨੀਆ ਭਰ ’ਚ ਥੋਰੀਅਮ ਇੰਨਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਹਜ਼ਾਰਾਂ ਸਾਲ ਤੱਕ ਊਰਜਾ ਦੀ ਕਮੀ ਨਹੀਂ ਰਹੇਗੀ। ਇਕ ਕਿਲੋ ਥੋਰੀਅਮ ਤੋਂ ਜਿੰਨੀ ਬਿਜਲੀ ਬਣਦੀ ਹੈ, ਓਨੀ 2000 ਟਨ ਕੋਲੇ ਜਾਂ ਲੱਖਾਂ ਲੀਟਰ ਤੇਲ ਤੋਂ ਵੀ ਨਹੀਂ ਬਣ ਪਾਉਂਦੀ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਡਾਕਟਰ ਹੋਮੀ ਭਾਭਾ ਨੇ 1950 ਦੇ ਦਹਾਕੇ ’ਚ ਹੀ ਤਿੰਨ-ਪੜਾਵੀ ਪ੍ਰੋਗਰਾਮ ਬਣਾਇਆ ਸੀ -ਪਹਿਲੇ ਪੜਾਅ ’ਚ ਯੂਰੇਨੀਅਮ, ਦੂਸਰੇ ’ਚ ਬ੍ਰੀਡਰ ਰਿਐਕਟਰ (ਜੋ ਜ਼ਿਆਦਾ ਈਂਧਨ ਬਣਾਉਂਦਾ ਹੈ) ਅਤੇ ਤੀਸਰੇ ’ਚ ਥੋਰੀਅਮ।
ਵਿਗਿਆਨਕ ਖੋਜ ਨੂੰ ਰਾਜਨੀਤਕ ਚਸ਼ਮੇ ਨਾਲ ਦੇਖਣ ਵਾਲੇ ਨੇਤਾਵਾਂ ਕਾਰਨ ਸੰਨ 2004 ’ਚ ਹੀ ਇਸ ਦੀ ਸ਼ੁਰੂਆਤ ਹੋ ਸਕੀ ਅਤੇ 22 ਸਾਲ ਬਾਅਦ ਅਪ੍ਰੈਲ 2026 ’ਚ ਕਲਪਾਕੱਮ ਦਾ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਕ੍ਰਿਟੀਕਲਿਟੀ ਹਾਸਲ ਕਰ ਸਕਿਆ। ਇਸ ਨੂੰ ਦੂਸਰਾ ਪੜਾਅ ਸ਼ੁਰੂ ਕਰਨ ਦੀ ਇਤਿਹਾਸਕ ਪ੍ਰਾਪਤੀ ਵਜੋਂ ਪ੍ਰਚਾਰਿਤ ਕੀਤਾ ਗਿਆ ਹੈ। ਇਹ ਕੰਮ ਅਸਲ ’ਚ ਹੁਣ ਤੋਂ ਪੰਜਾਹ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਅਤੇ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਹੁਣ ਅਸੀਂ ਤੀਸਰੇ ਪੜਾਅ ਵੱਲ ਵਧ ਰਹੇ ਹੁੰਦੇ।
ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਨ੍ਹਾਂ ਕੋਲ ਬਹੁਤ ਘੱਟ ਥੋਰੀਅਮ ਭੰਡਾਰ ਹੈ, ਉਹ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ, ਖਾਸ ਕਰਕੇ ਚੀਨ ਅਤੇ ਅਮਰੀਕਾ ਜੋ ਹੁਣ ਊਰਜਾ ਮਹਾਸ਼ਕਤੀ ਬਣਨ ਜਾ ਰਹੇ ਹਨ। ਜੇਕਰ ਭਾਰਤ ਨੇ ਗਤੀ ਨਹੀਂ ਫੜੀ ਤਾਂ ਥੋਰੀਅਮ ਦਾ ਵਿਸ਼ਾਲ ਭੰਡਾਰ ਹੋਣ ਦੇ ਬਾਵਜੂਦ ਅਸੀਂ ਪੱਛੜ ਜਾਵਾਂਗੇ। ਚੀਨ ਨੇ 2023 ’ਚ ਦੁਨੀਆ ਦਾ ਪਹਿਲਾ ਥੋਰੀਅਮ ਮੋਲਟਨ ਸਾਲਟ ਰਿਐਕਟਰ ਚਾਲੂ ਕੀਤਾ ਅਤੇ 2024-25 ’ਚ ਥੋਰੀਅਮ ਨੂੰ ਯੂਰੇਨੀਅਮ ’ਚ ਬਦਲਣ ਦਾ ਸਫਲ ਪ੍ਰਯੋਗ ਕੀਤਾ।
ਚੀਨ ਦਾ ਦਾਅਵਾ ਹੈ ਕਿ ਉਹ ਜਹਾਜ਼ਾਂ ਨੂੰ 10 ਸਾਲ ਤੱਕ ਇਕ ਵਾਰ ਚਾਰਜ ’ਤੇ ਚਲਾ ਸਕਦਾ ਹੈ। ਹੋਰ ਦੇਸ਼ ਜਿਵੇਂ ਅਮਰੀਕਾ, ਡੈਨਮਾਰਕ ਵੀ ਇਸ ’ਤੇ ਕੰਮ ਕਰ ਰਹੇ ਹਨ ਪਰ ਭਾਰਤ ਅਤੇ ਚੀਨ ਹੀ ਮੁੱਖ ਖਿਡਾਰੀ ਹਨ।
ਇਹ ਇਕ ਅਜਿਹਾ ਖੇਤਰ ਹੈ ਜਿਸ ’ਚ ਥੋਰੀਅਮ ਰਵਾਇਤੀ ਈਂਧਨ ਦੀ ਜਗ੍ਹਾ ਲੈ ਕੇ ਸਾਡੀ ਤੇਲ ਨਿਰਭਰਤਾ ਨੂੰ ਬਹੁਤ ਘੱਟ ਕਰ ਸਕਦਾ ਹੈ ਪਰ ਜੇਕਰ ਸਾਡਾ ਰਵੱਈਆ ਢਿੱਲੇਪਣ ਦਾ ਰਿਹਾ ਭਾਵ ਇਸ ’ਚ ਨਿਵੇਸ਼ ਨੂੰ ਤਰਜੀਹ ਨਹੀਂ ਦਿੱਤੀ ਅਤੇ ਨਿੱਜੀ ਖੇਤਰ ਨੂੰ ਵੱਡੇ ਪੱਧਰ ’ਤੇ ਇਸ ’ਚ ਸ਼ਾਮਲ ਕਰ ਕੇ ਉਸ ਦੇ ਸਾਹਮਣੇ ਸਪੱਸ਼ਟ ਟੀਚਾ ਨਹੀਂ ਰੱਖਿਆ ਤਾਂ ਅਗਲੇ 25-30 ਸਾਲਾਂ ’ਚ ਵੀ ਅਸੀਂ ਊਰਜਾ ’ਚ ਆਤਮਨਿਰਭਰ ਨਹੀਂ ਹੋ ਸਕਦੇ। ਬਿਜਲੀ ਉਤਪਾਦਨ ’ਚ ਕੋਲਾ ਅਤੇ ਗੈਸ ਦੀ ਜਗ੍ਹਾ ਥੋਰੀਅਮ ਆਸਾਨੀ ਨਾਲ ਲੈ ਸਕਦਾ ਹੈ। ਇਹ ਨਿਰੰਤਰ ਬਿਜਲੀ ਦਿੰਦਾ ਹੈ, ਜਦਕਿ ਸੋਲਰ-ਵਿੰਡ ਮੌਸਮ ’ਤੇ ਨਿਰਭਰ ਹਨ। ਤੇਲ ਮੁੱਖ ਤੌਰ ’ਤੇ ਆਵਾਜਾਈ ਅਤੇ ਪੈਟਰੋ ਕੈਮੀਕਲਸ ਲਈ ਵਰਤੋਂ ਹੁੰਦਾ ਹੈ। ਥੋਰੀਅਮ ਬਿਜਲੀ ਨਾਲ ਇਲੈਕਟ੍ਰਿਕ ਵਾਹਨ, ਹਾਈਡ੍ਰੋਜਨ ਅਤੇ ਸਿੰਥੈਟਿਕ ਈਂਧਨ ਬਣਾਏ ਜਾ ਸਕਦੇ ਹਨ।
ਭਾਰਤ ਦਾ ਊਰਜਾ ਉਤਪਾਦਨ ਤੇਲ ਦੀ 85 ਫੀਸਦੀ ਦਰਾਮਦ ’ਤੇ ਨਿਰਭਰ ਹੈ। ਥੋਰੀਅਮ ਤੋਂ ਬਿਜਲੀ ਉਤਪਾਦਨ ਹਾਲਾਂਕਿ ਬਹੁਤ ਮਹਿੰਗਾ ਹੈ ਭਾਵ 15 ਤੋਂ 18 ਕਰੋੜ ਰੁਪਏ ਪ੍ਰਤੀ ਮੈਗਾਵਾਟ ਪਰ ਇਹੀ ਇਕ ਅਜਿਹਾ ਬਦਲ ਹੈ ਜੋ ਸਾਡੀ ਊਰਜਾ ਸੁਰੱਖਿਆ ਮਜ਼ਬੂਤ ਕਰ ਸਕਦਾ ਹੈ ਅਤੇ ਮੱਧ-ਪੂਰਬ ਜਾਂ ਰੂਸ ’ਤੇ ਸਾਡੀ ਨਿਰਭਰਤਾ ਘਟਾ ਸਕਦਾ ਹੈ।
ਅੱਜ ਜਦੋਂ ਅਸੀਂ ਊਰਜਾ ਸੰਕਟ ਅਤੇ ਜਲਵਾਯੂ ਪਰਿਵਰਤਨ ਨਾਲ ਜੂਝ ਰਹੇ ਹਾਂ, ਸਹੀ ਯੋਜਨਾ ਬਣਾ ਕੇ ਕੁਦਰਤ ਦਾ ਇਹ ਖਜ਼ਾਨਾ ਸਾਡਾ ਭਵਿੱਖ ਸੰਵਾਰ ਸਕਦਾ ਹੈ। ਭਾਰਤ ਕੋਲ ਯੂਰੇਨੀਅਮ ਘੱਟ (ਦੁਨੀਆ ਦਾ ਮਾਤਰ 1.2 ਫੀਸਦੀ) ਪਰ ਥੋਰੀਅਮ ਬਹੁਤ ਜ਼ਿਆਦਾ (ਦੁਨੀਆ ਦੇ ਕੁੱਲ ਭੰਡਾਰ ਦਾ ਕਰੀਬ 25 ਫੀਸਦੀ) ਹੈ। ਡਾਕਟਰ ਹੋਮੀ ਜਹਾਂਗੀਰ ਭਾਭਾ ਨੇ ਠੀਕ ਇਸੇ ਤੱਥ ਨੂੰ ਭਾਰਤ ਦੀ ਊਰਜਾ ਆਤਮਨਿਰਭਰਤਾ ਦਾ ਆਧਾਰ ਬਣਾਇਆ। ਸੀਮਤ ਯੂਰੇਨੀਅਮ ਦੀ ਕੁਸ਼ਲ ਵਰਤੋਂ ਕਰਕੇ ਵਿਸ਼ਾਲ ਥੋਰੀਅਮ ਭੰਡਾਰ ਖੋਲ੍ਹਣ ਦਾ ਕੰਮ ਕੀਤਾ ਤਾਂ ਕਿ ਭਾਰਤ ਸਦੀਆਂ ਤੱਕ ਊਰਜਾ ਸੰਕਟ ਤੋਂ ਮੁਕਤ ਰਹੇ। ਥੋਰੀਅਮ ਰਿਐਕਟਰ ਸਿਰਫ਼ ਬਿਜਲੀ ਦੇ ਸਰੋਤ ਨਹੀਂ, ਸਗੋਂ ਊਰਜਾ ਹੱਬ ਹਨ। ਇਨ੍ਹਾਂ ਤੋਂ ਬਿਜਲੀ, ਹਾਈਡ੍ਰੋਜਨ, ਸਮੁੰਦਰ ਤੋਂ ਮਿੱਠਾ ਪਾਣੀ ਅਤੇ ਉਦਯੋਗਿਕ ਗਰਮੀ ਇਕੱਠੇ ਮਿਲ ਸਕਦੀ ਹੈ, ਜਿਸ ਨਾਲ ਭਾਰਤ ਦੀ ਊਰਜਾ ਸੁਰੱਖਿਆ, ਜਲ ਸੁਰੱਖਿਆ ਅਤੇ ਉਦਯੋਗਿਕ ਵਿਕਾਸ ’ਚ ਕ੍ਰਾਂਤੀ ਆ ਸਕਦੀ ਹੈ।
ਇਹ ਸੋਲਰ-ਵਿੰਡ ਵਰਗੀ ਨਵਿਆਉਣਯੋਗ ਊਰਜਾ ਨੂੰ ਪੂਰਕ ਬਣਾ ਕੇ 24x7 ਭਾਰਤ ਨੂੰ ਊਰਜਾ ਆਤਮਨਿਰਭਰ ਬਣਾ ਸਕਦਾ ਹੈ ਪਰ ਇਸ ਦੀ ਵਰਤੋਂ ਕਰਨ ਦੀ ਗਤੀ ਬਹੁਤ ਹੌਲੀ ਹੈ। ਤਕਨੀਕੀ ਗੁੰਝਲਾਂ ਅਤੇ ਨਿਵੇਸ਼ ਦੀਆਂ ਚੁਣੌਤੀਆਂ ’ਤੇ ਕਾਬੂ ਪਾ ਲਿਆ ਗਿਆ ਤਾਂ 2040-50 ਤੱਕ ਭਾਰਤ ਥੋਰੀਅਮ ਊਰਜਾ ’ਚ ਵਿਸ਼ਵ ਨੇਤਾ ਬਣ ਸਕਦਾ ਹੈ। ਨਹੀਂ ਤਾਂ ਚੀਨ ਅਤੇ ਅਮਰੀਕੀ ਸਟਾਰਟਅੱਪਸ ਸਾਡੇ ਤੋਂ ਕਾਫ਼ੀ ਅੱਗੇ ਨਿਕਲ ਜਾਣਗੇ।
ਪੂਰਨ ਚੰਦ ਸਰੀਨ
