ਭਾਰਤ ’ਚ ਵੰਡ ਹੁੰਦੀਆਂ ‘ਮੁਫਤ ਦੀਆਂ ਰਿਓੜੀਆਂ ਦੀ ਗੂੰਜ’ ਸੁਣਾਈ ਦੇ ਰਹੀ ਹੁਣ ਅਮਰੀਕਾ ’ਚ!

Sunday, Oct 13, 2024 - 03:22 AM (IST)

ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਹਨ, ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਲੋਭਾਂ ਦਾ ਪਿਟਾਰਾ ਖੋਲ੍ਹ ਦਿੰਦੀਆਂ ਹਨ। ਇਸ ਦੀ ਵੱਡੇ ਪੱਧਰ ’ਤੇ ਸ਼ੁਰੂਆਤ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਨੇ ਕੀਤੀ ਸੀ। ਤਦ ਤੋਂ ਇਹ ਸਿਲਸਿਲਾ ਦੇਸ਼ ’ਚ ਹਰ ਆਉਣ ਵਾਲੀਆਂ ਚੋਣਾਂ ਦੇ ਨਾਲ-ਨਾਲ ਵਧਦਾ ਹੀ ਜਾ ਰਿਹਾ ਹੈ ਅਤੇ ਹੁਣ ਅਮਰੀਕਾ ’ਚ ਵੀ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਹੈ।

ਅਮਰੀਕਾ ’ਚ ਅਗਲੇ ਮਹੀਨੇ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ’ਚ ਦੂਜੀ ਵਾਰ ਕਿਸਮਤ ਅਜ਼ਮਾ ਰਹੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਵੀ ਅਮਰੀਕਾ ਵਾਸੀਆਂ ਨੂੰ ਮੁਫਤ ਦੀਆਂ ਰਿਓੜੀਆਂ ਦਾ ਸਬਜ਼ਬਾਗ ਦਿਖਾ ਰਹੇ ਹਨ।

ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਦੇ ਮੁਕਾਬਲੇ ਆਪਣੀ ਕਮਜ਼ੋਰ ਸਥਿਤੀ ਨੂੰ ਭਾਂਪ ਕੇ ਡੋਨਾਲਡ ਟਰੰਪ ਤਰ੍ਹਾਂ-ਤਰ੍ਹਾਂ ਦੇ ਲੁਭਾਵਣੇ ਭਾਸ਼ਣ ਦੇ ਰਹੇ ਹਨ। ਇਸੇ ਸਿਲਸਿਲੇ ’ਚ ਉਨ੍ਹਾਂ ਨੇ ਹਾਲ ਹੀ ’ਚ ‘ਡੈਟਰਾਇਟ ਇਕਨਾਮਿਕ ਕਲੱਬ’ ’ਚ ਭਾਸ਼ਣ ਦਿੰਦਿਆਂ ਸੱਤਾ ’ਚ ਆਉਣ ਦੇ 12 ਮਹੀਨਿਆਂ ਦੇ ਅੰਦਰ ਊਰਜਾ ਅਤੇ ਬਿਜਲੀ ਦੀਆਂ ਦਰਾਂ ਅੱਧੀਆਂ ਕਰ ਦੇਣ ਦਾ ਵਾਅਦਾ ਕੀਤਾ।

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 11 ਅਕਤੂਬਰ ਨੂੰ ਹੀ ਡੋਨਾਲਡ ਟਰੰਪ ਦੇ ਉਕਤ ਬਿਆਨ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ’ਤੇ ਕਿਹਾ ਕਿ ‘‘ਮੁਫਤ ਦੀ ਰਿਓੜੀ ਹੁਣ ਅਮਰੀਕਾ ਤਕ ਪੁੱਜ ਗਈ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਬਿਜਲੀ ਦੀਆਂ ਦਰਾਂ ਅੱਧੀਆਂ ਕਰ ਦੇਣਗੇ।’’

ਅਰਵਿੰਦ ਕੇਜਰੀਵਾਲ ਦੀ ਦੇਖਾ-ਦੇਖੀ ਦੇਸ਼ ’ਚ ਲੱਗਭਗ ਸਾਰੀਆਂ ਪਾਰਟੀਆਂ ਨੇ ਤੋਹਫਾ ਰੂਪੀ ਰਿਓੜੀਆਂ ਵੰਡਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਹਾਲ ਹੀ ਵਿਚ ਹੋਈਆਂ ਜੰਮੂ-ਕਸ਼ਮੀਰ ਦੀਆਂ ਚੋਣਾਂ ’ਚ ਨੈਕਾਂ ਅਤੇ ਪੀ.ਡੀ.ਪੀ. ਦੋਵਾਂ ਨੇ ਹੀ ਘਰੇਲੂ ਖਪਤਕਾਰਾਂ ਲਈ ਪ੍ਰਤੀ ਮਹੀਨਾ 200 ਯੂਨਿਟ ਮੁਫਤ ਬਿਜਲੀ ਦੇਣ, ਵਿਸ਼ਵ ਪੱਧਰ ਤਕ ਸਿੱਖਿਆ ਮੁਫਤ ਦੇਣ ਦੇ ਐਲਾਨ ਕੀਤੇ।

ਹਰਿਆਣਾ ’ਚ ਕਾਂਗਰਸ ਨੇ ਸੱਤਾ ਵਿਚ ਆਉਣ ’ਤੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ, 500 ਰੁਪਏ ਵਿਚ ਰਸੋਈ ਗੈਸ ਸਿਲੰਡਰ, ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ 6000 ਰੁਪਏ ਮਾਸਿਕ ਕਰਨ ਅਤੇ ਔਰਤਾਂ ਨੂੰ 2000 ਰੁਪਏ ਮਾਸਿਕ ਪੈਨਸ਼ਨ ਦੇਣ ਤੋਂ ਇਲਾਵਾ ਗਰੀਬਾਂ ਨੂੰ 100 ਗਜ਼ ਦਾ ਪਲਾਟ ਦੇਣ ਦਾ ਐਲਾਨ ਕੀਤਾ।

ਦੂਜੇ ਪਾਸੇ ਭਾਜਪਾ ਨੇ ਹਰਿਆਣਾ ’ਚ 500 ਰੁਪਏ ਵਿਚ ਗੈਸ ਸਿਲੰਡਰ, ਔਰਤਾਂ ਨੂੰ 2100 ਰੁਪਏ ਮਾਸਿਕ ਪੈਨਸ਼ਨ, ਕਾਲਜ ਜਾਣ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਕੂਟਰੀ ਦੇਣ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਡਾਇਲਸਿਸ ਮੁਫਤ ਕਰਨ ਦਾ ਐਲਾਨ ਕੀਤਾ।

ਰਿਓੜੀਆਂ ਵੰਡਣ ਦੇ ਇਸ ਰੁਝਾਨ ਨੇ ਹੁਣ ਸੇਵਾ ਦਾ ਰੂਪ ਲੈ ਲਿਆ ਹੈ ਅਤੇ ਇਹ ਸਿਲਸਿਲਾ ਹੁਣ ਅਮਰੀਕਾ ਤਕ ਪਹੁੰਚ ਗਿਆ ਹੈ, ਜੋ ਡੋਨਾਲਡ ਟਰੰਪ ਵਲੋਂ ਚੋਣ ਜਿੱਤਣ ’ਤੇ ਬਿਜਲੀ ਦਰਾਂ ਅੱਧੀਆਂ ਕਰਨ ਦੇ ਵਾਅਦੇ ਤੋਂ ਸਪੱਸ਼ਟ ਹੈ।

-ਵਿਜੇ ਕੁਮਾਰ


Harpreet SIngh

Content Editor

Related News