‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ ਨਿਖੇਧੀਯੋਗ!

Wednesday, Feb 25, 2026 - 03:41 AM (IST)

‘ਦੇਵਤਿਆਂ ਅਤੇ ਮਹਾਨ ਲੋਕਾਂ ਦੀਆਂ ਮੂਰਤੀਆਂ’ ਤੋੜਨ ਦੀਆਂ ਸਾਜ਼ਿਸ਼ਾਂ-ਘੋਰ ਨਿਖੇਧੀਯੋਗ!

ਇਕ ਪਾਸੇ ਦੇਸ਼ ਅਪਰਾਧ, ਬੇਰੁਜ਼ਗਾਰੀ ਅਤੇ ਮਹਿੰਗਾਈ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਲੋਕ ਵੱਖ-ਵੱਖ ਦੇਵੀ-ਦੇਵਤਿਆਂ, ਧਰਮ-ਗੁਰੂਆਂ ਅਤੇ ਸਨਮਾਨਿਤ ਸਮਾਜ ਸੁਧਾਰਕਾਂ ਆਦਿ ਦੀਆਂ ਮੂਰਤੀਆਂ ਨੂੰ ਤੋੜ ਕੇ ਅਤੇ ਉਨ੍ਹਾਂ ਨੂੰ ਚੋਰੀ ਕਰ ਕੇ ਸਮਾਜ ’ਚ ਤਣਾਅ ਅਤੇ ਨਫਰਤ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਜਿਸ ਦੀਆਂ ਸਿਰਫ ਪਿਛਲੇ ਡੇਢ ਮਹੀਨੇ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 8 ਜਨਵਰੀ, 2026 ਨੂੰ ‘ਇਟਾਵਾ’ (ਉੱਤਰ ਪ੍ਰਦੇਸ਼) ਦੇ ‘ਉਸਰਾਹਾਰ’ ’ਚ ਦਲਿਤ ਸਮਾਜ ਵਲੋਂ ਆਯੋਜਿਤ ‘ਭਾਗਵਤ ਕਥਾ’ ਦੌਰਾਨ ਕੁਝ ਦਬੰਗਾਂ ਨੇ ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ’ ਦੀ ਮੂਰਤੀ ਨੂੰ ਤੋੜ ਦਿੱਤਾ, ਜਿਸ ’ਤੇ ਪੁਲਸ ਨੇ ਇਕ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ।

* 24 ਜਨਵਰੀ, 2026 ਨੂੰ ‘ਡਿਬਰੂਗੜ੍ਹ’ (ਆਸਾਮ) ਵਿਖੇ ‘ਸਰਸਵਤੀ ਪੂਜਾ’ ਦੌਰਾਨ ਕੁਝ ਬਦਮਾਸ਼ਾਂ ਵਲੋਂ ‘ਮਾਂ ਸਰਸਵਤੀ’ ਦੀ ਮੂਰਤੀ ਦੀ ਤੋੜ-ਭੰਨ ਕੀਤੀ ਗਈ ਜਿਸ ਕਾਰਨ ਸਥਾਨਕ ਲੋਕਾਂ ’ਚ ਰੋਸ ਫੈਲ ਗਿਆ।

* 2 ਫਰਵਰੀ, 2026 ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ਵਿਖੇ ਸੁਭਾਸ਼ ਨਗਰ ਸਥਿਤ ‘ਪ੍ਰਾਚੀਨ ਹਨੂੰਮਾਨ ਮੰਦਰ’ ’ਚ ਸਮਾਜ ਵਿਰੋਧੀ ਅਨਸਰਾਂ ਵਲੋਂ ‘ਹਨੂੰਮਾਨ ਜੀ’ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ ਕੇ ਲਿਜਾਣ ਦੀ ਘਟਨਾ ਸਾਹਮਣੇ ਆਈ।

* 4 ਫਰਵਰੀ, 2026 ਨੂੰ ‘ਕਾਦਰਚੌਕ’ (ਉੱਤਰ ਪ੍ਰਦੇਸ਼) ਵਿਖੇ ‘ਬਾਰਾਚਿਰਾ’ ਪਿੰਡ ਦੀ ਪੰਚਾਇਤ ਦੇ ‘ਮਾਜਰਾ ਨਾਰਾਇਣ ਨਗਲਾ ਮੰਦਰ’ ’ਚ ਸਥਾਪਿਤ ਇਕ ਦੇਵ ਮੂਰਤੀ ਨੂੰ ਤੋੜ ਦਿੱਤਾ ਿਗਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਪੇਂਡੂਆਂ ਦੇ ਵਿਰੋਧ ਵਿਖਾਵੇ ਪਿੱਛੋਂ ਪੁਲਸ ਨੇ ਮੂਰਤੀ ਨੂੰ ਤੋੜਨ ਵਾਲੇ ਮੁਲਜ਼ਮ ‘ਬਾਬੂਰਾਮ’ ਨੂੰ ਫੜ ਕੇ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਜੇਲ ਭੇਜ ਦਿੱਤਾ ਿਗਆ।

* 6 ਫਰਵਰੀ, 2026 ਨੂੰ ‘ਬਾਰਾਬੰਕੀ’ (ਉੱਤਰ ਪ੍ਰਦੇਸ਼) ਦੇ ‘ਅਵਸਾਨੇਸ਼ਵਰ ਮੰਦਰ’ ’ਚ ਚਾਂਦੀ ਦਾ ਚੜ੍ਹਾਵਾ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

* 7 ਫਰਵਰੀ, 2026 ਨੂੰ ‘ਸੰਗਾਰੈੱਡੀ’ ਜ਼ਿਲੇ (ਤੇਲੰਗਾਨਾ) ਦੇ ‘ਤੇਲਾਪੁਰ’ ’ਚ ਸ਼ਰਾਰਤੀ ਅਨਸਰਾਂ ਨੇ ਮਹਾਨ ਸਮਾਜ ਸੁਧਾਰਕ ਅਤੇ ‘ਸੱਤਿਆਸ਼ੋਧਕ’ ਸਮਾਜ ਦੇ ਸੰਸਥਾਪਕ ‘ਮਹਾਤਮਾ ਜਯੋਤਿਬਾ ਫੁਲੇ’ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ।

ਵਰਣਨਯੋਗ ਹੈ ਕਿ ‘ਮਹਾਤਮਾ ਜਯੋਤਿਬਾ ਫੁਲੇ’ ਨੇ 1848 ’ਚ ਦੇਸ਼ ਦਾ ਪਹਿਲਾ ਬਾਲਿਕਾ ਵਿਦਿਆਲਾ ਖੋਲ੍ਹ ਕੇ ਮਹਿਲਾ ਸਿੱਖਿਆ ਦੀ ਨੀਂਹ ਰੱਖੀ ਸੀ ਅਤੇ ਸਤੀ ਪ੍ਰਥਾ ਤੇ ਬਾਲ ਵਿਆਹ ਵਰਗੀਆਂ ਕੁਰੀਤੀਆਂ ਵਿਰੱੁਧ ਸੰਘਰਸ਼ ਕੀਤਾ ਸੀ। ਉਨ੍ਹਾਂ ਆਪਣੀ ਪਤਨੀ ‘ਕ੍ਰਾਂਤੀ ਜਯੋਤੀ ਸਾਵਿਤਰੀ ਭਾਈ ਫੁਲੇ’ ਨੂੰ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਬਣਾਇਆ।

* 8 ਫਰਵਰੀ, 2026 ਨੂੰ ‘ਛਤਰਪੁਰ’ (ਮੱਧ ਪ੍ਰਦੇਸ਼) ਦੇ ਪਿੰਡ ’ਚ ਕੁਝ ਬਦਮਾਸ਼ਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਮੂਰਤੀ ਤੋੜ ਦਿੱਤੀ ਜਿਸ ’ਤੇ ਪਿੰਡ ਦੇ ਲੋਕਾਂ ’ਚ ਰੋਸ ਫੈਲ ਗਿਆ ਅਤੇ ਉਹ ਵਿਰੋਧ ਪ੍ਰਗਟਾਉਣ ਲਈ ਸੜਕਾਂ ’ਤੇ ਆ ਗਏ।

* 11 ਫਰਵਰੀ, 2026 ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ‘ਪ੍ਰੀਕਸ਼ਿਤ ਗੜ੍ਹ’ ਖੇਤਰ ਦੇ ਇਕ ਪੁਰਾਤਨ ਮੰਦਰ ’ਚ ਸਥਾਪਤ ਹਨੂੰਮਾਨ ਜੀ ਦੀ ਮੂਰਤੀ ਨੂੰ ਸਮਾਜ ਵਿਰੋਧੀ ਅਨਸਰਾਂ ਵਲੋਂ ਨੁਕਸਾਨ ਪਹੁੰਚਾਏ ਜਾਣ ਸਬੰਧੀ ਪੁਲਸ ਨੇ ਕੇਸ ਦਰਜ ਕੀਤਾ।

* 17 ਫਰਵਰੀ, 2026 ਨੂੰ ‘ਵਿਦਿਸ਼ਾ’ (ਮੱਧ ਪ੍ਰਦੇਸ਼) ’ਚ ਇਕ ਪੁਰਾਤਨ ਮੰਦਰ ਦੇ ਗਰਭਗ੍ਰਹਿ ’ਚੋਂ ਚੋਰਾਂ ਨੇ ਸੋਨੇ ਦੀ ਮੂਰਤੀ ਚੋਰੀ ਕਰਨ ਦੇ ਯਤਨ ’ਚ ਉਸ ਨੂੰ ਨੁਕਸਾਨ ਪਹੁੰਚਾਇਆ।

* 18 ਫਰਵਰੀ, 2026 ਨੂੰ ‘ਮੁਜ਼ੱਫਰਨਗਰ’ (ਉੱਤਰ ਪ੍ਰਦੇਸ਼) ਵਿਖੇ ਇਕ ਸ਼ਿਵ ਮੰਦਰ ’ਚ ਤੋੜ-ਭੰਨ ਅਤੇ ਮਹੰਤ ਨਾਲ ਕੁੱਟਮਾਰ ਦੌਰਾਨ ਹਮਲਾਵਰਾਂ ਨੇ ਮੰਦਰ ’ਚ ਭਗਵਾਨ ਕਾਰਤੀਕੇਯ ਅਤੇ ਨੰਦੀ ਜੀ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ।

* 19 ਫਰਵਰੀ, 2026 ਨੂੰ ‘ਨਰਵਾਣਾ’ (ਹਰਿਆਣਾ) ਦੇ ‘ਢਾਕਲ’ ਪਿੰਡ ’ਚ ਕੁਝ ਸ਼ਰਾਰਤੀ ਅਨਸਰਾਂ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਫੈਲ ਗਿਆ।

* 21 ਫਰਵਰੀ, 2026 ਨੂੰ ‘ਪਾਲੀ’ (ਰਾਜਸਥਾਨ) ਦੇ ਰਾਣੀ ਖੇਤਰ ’ਚ ਇਕ ਮੰਦਰ ਦੀ ਮੂਰਤੀ ਦੇ ਗਹਿਣਿਆਂ ਦੀ ਚੋਰੀ ਦੌਰਾਨ ਮੂਰਤੀ ਨੂੰ ਤੋੜ ਦਿੱਤਾ ਗਿਆ, ਜਿਸ ’ਤੇ ਲੋਕਾਂ ਨੇ ਬਾਜ਼ਾਰ ਬੰਦ ਕਰ ਕੇ ਰੋਸ ਪ੍ਰਗਟ ਕੀਤਾ।

* ਅਤੇ ਹੁਣ 24 ਫਰਵਰੀ ਨੂੰ ‘ਹੈਦਰਾਬਾਦ’ (ਤੇਲੰਗਾਨਾ) ਸਥਿਤ ‘ਦਵਿਮੁਖੀ ਹਨੂੰਮਾਨ ਮੰਦਰ’ ਵਿਖੇ ਸਥਾਪਿਤ ਇਕ ਮੂਰਤੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਤੋੜ ਦਿੱਤਾ ਗਿਆ ਜਿਸ ਸਬੰਧੀ ਕੇਸ ਦਰਜ ਕਰ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਜਿਹੀਆਂ ਮਹਾਨ ਸ਼ਖਸੀਅਤਾਂ ਦੀਆਂ ਮੂਰਤੀਆਂ ਨੂੰ ਤੋੜ ਕੇ ਸ਼ਰਾਰਤੀ ਅਨਸਰਾਂ ਨੇ ਨਾ ਸਿਰਫ ਸਮਾਜਿਕ ਸਦਭਾਵਨਾ ਦਾ ਤਾਣਾ-ਬਾਣਾ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਉਕਤ ਮਹਾਨ ਸ਼ਖਸੀਅਤਾਂ ਦੇ ਕਰੋੜਾਂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਅਜਿਹਾ ਕਰਨ ਦੀ ਜੁਰਅੱਤ ਨਾ ਕਰ ਸਕੇ ਅਤੇ ਦੇਸ਼ ’ਚ ਆਪਸੀ ਸਦਭਾਵਨਾ ਅਤੇ ਸ਼ਾਂਤੀ ਕਾਇਮ ਰਹੇ।

–ਵਿਜੇ ਕੁਮਾਰ


author

Sandeep Kumar

Content Editor

Related News