ਕੀ ਭਾਰਤ ਵਿਚ ‘ਜੈਨ-ਜ਼ੈੱਡ’ ਪ੍ਰੋਟੈਸਟ ਦੀ ਤਿਆਰੀ ਕੀਤੀ ਜਾ ਰਹੀ ਹੈ?

Monday, Dec 29, 2025 - 08:31 PM (IST)

ਕੀ ਭਾਰਤ ਵਿਚ ‘ਜੈਨ-ਜ਼ੈੱਡ’ ਪ੍ਰੋਟੈਸਟ ਦੀ ਤਿਆਰੀ ਕੀਤੀ ਜਾ ਰਹੀ ਹੈ?

ਪਿਛਲੇ ਦੋ ਦਹਾਕਿਆਂ ਵਿਚ ਸੋਸ਼ਲ ਮੀਡੀਆ ਨੇ ਦੁਨੀਆ ਭਰ ਵਿਚ ਰਾਜਨੀਤਿਕ ਅੰਦੋਲਨਾਂ ਦਾ ਸਰੂਪ ਹੀ ਬਦਲ ਦਿੱਤਾ ਹੈ। ਅਰਬ ਸਪ੍ਰਿੰਗ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਲੋਕਾਂ ਨੂੰ ਭੜਕਾਉਣ, ਸੰਗਠਿਤ ਕਰਨ ਅਤੇ ਪ੍ਰਦਰਸ਼ਨਾਂ ਨੂੰ ਵੱਡਾ ਤੇ ਖਤਰਨਾਕ ਰੂਪ ਦੇਣ ਵਿਚ ਕੇਂਦਰੀ ਭੂਮਿਕਾ ਨਿਭਾਉਂਦੇ ਰਹੇ ਹਨ। ਸਾਡੇ ਗੁਆਂਢੀ ਦੇਸ਼ਾਂ ਵਿਚਲੇ ਪ੍ਰਦਰਸ਼ਨ ਜੋ ਸ਼ੁਰੂ ਵਿਚ ਲੋਕਾਂ ਦੇ ਗੁੱਸੇ ਦਾ ਕੁਦਰਤੀ ਪ੍ਰਗਟਾਵਾ ਲੱਗਦੇ ਸਨ, ਉਹ ਜਲਦੀ ਹੀ ਇਹ ਦਰਸਾਉਣ ਲੱਗ ਪਏ ਕਿ ਡਿਜੀਟਲ ਸਾਧਨਾਂ ਰਾਹੀਂ ਕਿਵੇਂ ਕਹਾਣੀਆਂ ਸਿਰਜੀਆਂ ਜਾ ਸਕਦੀਆਂ ਹਨ, ਭੀੜ ਇਕੱਠੀ ਕੀਤੀ ਜਾ ਸਕਦੀ ਹੈ ਅਤੇ ਇੱਥੋਂ ਤੱਕ ਕਿ ਸਰਕਾਰਾਂ ਦੇ ਪਤਨ ਨੂੰ ਤੇਜ਼ ਕੀਤਾ ਜਾ ਸਕਦਾ ਹੈ।

ਹਾਲੀਆ ਖੇਤਰੀ ਘਟਨਾਵਾਂ ਇਸ ਗੱਲ ਉੱਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਸ਼੍ਰੀਲੰਕਾ ਵਿਚ ਆਰਥਿਕ ਤਬਾਹੀ ਕਾਰਨ ਵੱਡੀ ਰਾਜਨੀਤਿਕ ਉਥਲ-ਪੁਥਲ ਹੋਈ, ਜਿਸ ਵਿਚ ਨੌਜਵਾਨ ਪ੍ਰਦਰਸ਼ਨਕਾਰੀਆਂ ਦੀ ਭੂਮਿਕਾ ਸਾਫ਼ ਦਿਖਾਈ ਦਿੱਤੀ। ਬੰਗਲਾਦੇਸ਼ ਵਿਚ ਵਿਦਿਆਰਥੀ ਆਗੂਆਂ ਦੇ ਅੰਦੋਲਨ ਇਤਿਹਾਸਕ ਤੌਰ ’ਤੇ ਸਰਕਾਰਾਂ ਨੂੰ ਡੇਗਣ ਤੱਕ ਦੇ ਪ੍ਰਭਾਵ ਛੱਡਦੇ ਰਹੇ ਹਨ। ਨੇਪਾਲ ਵਿਚ ਵੀ ‘ਜੈਨ-ਜ਼ੀ’ (ਸਾਲ 2000 ਤੋਂ ਬਾਅਦ ਜੰਮੀ ਨੌਜਵਾਨ ਪੀੜ੍ਹੀ) ਦੀ ਅਗਵਾਈ ਵਾਲੀ ਸਰਗਰਮੀ ਨੇ ਰਾਜਨੀਤਿਕ ਬਦਲਾਅ ਦੇ ਨਾਲ-ਨਾਲ ਅਸਥਿਰਤਾ ਲਿਆਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਇਹ ਸਾਰੀਆਂ ਮਿਸਾਲਾਂ ਦਰਸਾਉਂਦੀਆਂ ਹਨ ਕਿ ਜਦੋਂ ਨੌਜਵਾਨਾਂ ਨੂੰ ਸੁਚੱਜੇ ਢੰਗ ਨਾਲ ਸੰਗਠਿਤ ਕੀਤਾ ਜਾਵੇ ਤਾਂ ਉਹ ਵੱਡੀ ਰਾਜਨੀਤਿਕ ਤਾਕਤ ਬਣ ਸਕਦੇ ਹਨ—ਚਾਹੇ ਨਤੀਜੇ ਸਾਕਾਰਾਤਮਕ ਹੋਣ ਜਾਂ ਨੁਕਸਾਨਦਾਇਕ।

ਇਸ ਪਿਛੋਕੜ ਵਿਚ ਭਾਰਤ ਦੀ ਸਥਿਤੀ ਕੁਝ ਵੱਖਰੀ ਦਿਖਾਈ ਦਿੰਦੀ ਹੈ। ਅੱਜ ਭਾਰਤ ਮੋਦੀ ਸਰਕਾਰ ਅਧੀਨ ਰਾਜਨੀਤਿਕ ਸਥਿਰਤਾ ਦਾ ਆਨੰਦ ਮਾਣ ਰਿਹਾ ਹੈ ਅਤੇ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵਿਚੋਂ ਇਕ ਹੈ। ਵੱਡੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ, ਡਿਜੀਟਲ ਮਾਧਿਅਮ ਰਾਹੀਂ ਕਲਿਆਣਕਾਰੀ ਯੋਜਨਾਵਾਂ ਅਤੇ ਲਗਾਤਾਰ ਚੋਣ ਫਤਵੇ ਨੇ ਸ਼ਾਸਨ ਵਿਚ ਸਥਿਰਤਾ ਪੈਦਾ ਕੀਤੀ ਹੈ। ਇਤਿਹਾਸਕ ਤੌਰ ’ਤੇ ਇਹ ਵੀ ਵੇਖਿਆ ਗਿਆ ਹੈ ਕਿ ਗੱਠਜੋੜ ਸਰਕਾਰਾਂ ਬਾਹਰੀ ਦਬਾਅ ਅਤੇ ਅੰਦਰੂਨੀ ਟੁੱਟ-ਭੱਜ ਲਈ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਅਸਥਿਰ ਕਰਨਾ ਆਸਾਨ ਹੁੰਦਾ ਹੈ। ਇਸ ਦੇ ਉਲਟ, ਮਜ਼ਬੂਤ ਕੇਂਦਰੀ ਸਰਕਾਰ ਨੂੰ ਅੰਦਰੂਨੀ ਜਾਂ ਬਾਹਰੀ ਦਬਾਅ ਰਾਹੀਂ ਹਿਲਾਉਣਾ ਮੁਸ਼ਕਲ ਹੁੰਦਾ ਹੈ।

ਇਸੇ ਕਾਰਨ ਇਹ ਚਿੰਤਾ ਲਗਾਤਾਰ ਵਧ ਰਹੀ ਹੈ ਕਿ ਭਾਰਤ ਵਿਚ ਨੌਜਵਾਨਾਂ ਨੂੰ ਗੁੰਮਰਾਹ ਕਰ ਕੇ ਅਸਥਿਰਤਾ ਪੈਦਾ ਕਰਨ ਲਈ ਯੋਜਨਾਬੱਧ ਯਤਨ ਕੀਤੇ ਜਾ ਰਹੇ ਹਨ। ਭਾਰਤ ਵਿਚ ‘ਜੈਨ-ਜ਼ੀ’ ਦੀ ਆਬਾਦੀ ਬਹੁਤ ਵੱਡੀ ਹੈ—ਡਿਜੀਟਲ ਤੌਰ ’ਤੇ ਜੁੜੀ ਹੋਈ ਹੈ, ਜੋ ਸਮਾਜਿਕ ਮਸਲਿਆਂ ਪ੍ਰਤੀ ਜਾਗਰੂਕ, ਵਾਤਾਵਰਣ, ਪ੍ਰਦੂਸ਼ਣ, ਸਮਾਜਿਕ ਨਿਆਂ ਅਤੇ ਰੋਜ਼ਗਾਰ ਵਰਗੇ ਮਸਲਿਆਂ ਨਾਲ ਡੂੰਘਾਈ ਨਾਲ ਜੁੜੀ ਹੋਈ ਹੈ। ਇਹ ਚਿੰਤਾਵਾਂ ਨਿਸ਼ਚਿਤ ਤੌਰ ’ਤੇ ਵਾਜਿਬ ਹਨ ਪਰ ਡਰ ਇਹ ਹੈ ਕਿ ਉਨ੍ਹਾਂ ਨੂੰ ਚੋਣਵੇਂ ਢੰਗ ਨਾਲ ਵਧਾ-ਚੜ੍ਹਾ ਕੇ, ਅਸਾਧਾਰਨ ਬਣਾ ਕੇ ਜਾਂ ਗੁੱਸਾ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ, ਨਾ ਕਿ ਇਕ ਸੂਝਵਾਨ ਚਰਚਾ ਲਈ।

ਧਿਆਨਯੋਗ ਗੱਲ ਇਹ ਵੀ ਹੈ ਕਿ ਨੇਪਾਲ ਵਿਚ ਹੋਈ ਹਿੰਸਕ ਉਥਲ-ਪੁਥਲ ਦੇ ਬਾਅਦ ਭਾਰਤ ਦੇ ਵਿਰੋਧੀ ਧਿਰ ਦੇ ਨੇਤਾ ਨੇ ਵੀ ‘ਜੈਨ-ਜ਼ੀ’ ਦਾ ਜ਼ਿਕਰ ਕੀਤਾ ਸੀ। ਜਦੋਂ ਗੁਆਂਢੀ ਦੇਸ਼ ਵਿਚ ਨੌਜਵਾਨਾਂ ਦੀ ਅਗਵਾਈ ਵਾਲੇ ਅੰਦੋਲਨ ਵਿਵਾਦਾਂ ਵਿਚ ਸਨ, ਅਜਿਹੇ ਬਿਆਨ ਸਵਾਲ ਖੜ੍ਹੇ ਕਰਦੇ ਹਨ ਕਿ ਕਿਤੇ ਰਾਜਨੀਤਿਕ ਸੁਨੇਹੇ ਟਕਰਾਅ ਵਧਾਉਣ ਲਈ ਤਾਂ ਤਿਆਰ ਨਹੀਂ ਕੀਤੇ ਜਾ ਰਹੇ। ਇਸ ਧਾਰਨਾ ਨੂੰ ਹੋਰ ਮਜ਼ਬੂਤ ਕਰਦਾ ਹੈ ਕੁਝ ਮੀਡੀਆ ਚਿਹਰਿਆਂ ਦਾ ਬਦਲਦਾ ਰੁਖ। ਕੁਝ ਟੀ. ਵੀ. ਐਂਕਰ, ਜੋ ਪਿਛਲੇ ਦਸ ਸਾਲਾਂ ਵਿਚ ਸਰਕਾਰ-ਪੱਖੀ ਪਹੁੰਚ ਰੱਖਦੇ ਰਹੇ, ਅਚਾਨਕ ਨੌਜਵਾਨਾਂ ਨੂੰ ਭੜਕਾਉਂਦੇ ਨਜ਼ਰ ਆ ਰਹੇ ਹਨ। ਉਹ ਹਵਾ ਪ੍ਰਦੂਸ਼ਣ ਅਤੇ ਅਰਾਵਲੀ ਪਹਾੜੀ ਲੜੀ ਵਿਚ ਖਨਨ ਵਰਗੇ ਸੰਵੇਦਨਸ਼ੀਲ ਮਸਲਿਆਂ ਨੂੰ ਉਭਾਰ ਰਹੇ ਹਨ—ਜਿਹੜੇ ‘ਜੈਨ-ਜ਼ੀ’ ਲਈ ਬਹੁਤ ਸੰਵੇਦਨਸ਼ੀਲ ਹਨ। ਇਹ ਮਸਲੇ ਗੰਭੀਰ ਅਤੇ ਵਾਜਿਬ ਹਨ ਪਰ ਆਲੋਚਕਾਂ ਦਾ ਮੰਨਣਾ ਹੈ ਕਿ ਅਕਸਰ ਇਨ੍ਹਾਂ ਨੂੰ ਨੀਤੀਗਤ ਸਮਝ ਤੋਂ ਵੱਧ ਗੁੱਸੇ ਅਤੇ ਉਤੇਜਨਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।

ਅਸਲ ਸਵਾਲ ਇਹ ਨਹੀਂ ਕਿ ‘ਜੈਨ-ਜ਼ੀ’ ਨੂੰ ਪ੍ਰਦਰਸ਼ਨ ਕਰਨੇ ਚਾਹੀਦੇ ਹਨ ਜਾਂ ਨਹੀਂ ਸ਼ਾਂਤਮਈ ਪ੍ਰਦਰਸ਼ਨ ਲੋਕਤੰਤਰਿਕ ਅਧਿਕਾਰ ਹੈ ਸਵਾਲ ਇਹ ਹੈ ਕਿ ਕੀ ਇਨ੍ਹਾਂ ਪ੍ਰਦਰਸ਼ਨਾਂ ਨੂੰ ਹੱਲਾਂ ਦੀ ਬਜਾਏ ਅਸਥਿਰਤਾ ਪੈਦਾ ਕਰਨ ਲਈ ਬਨਾਉਟੀ ਢੰਗ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਭਾਰਤ ਵਿਚ ਹਵਾ ਪ੍ਰਦੂਸ਼ਣ, ਜਲਵਾਯੂ ਸੰਕਟ, ਅਸਮਾਨਤਾ, ਸ਼ਹਿਰੀ ਭੀੜ ਅਤੇ ਪੇਂਡੂ ਵਿਕਾਸ ਦੀ ਪਰੇਸ਼ਾਨੀ ਵਰਗੀਆਂ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਲੰਬੇ ਸਮੇਂ ਦੀਆਂ ਨੀਤੀਆਂ, ਤਕਨਾਲੋਜੀ, ਲੋਕਾਂ ਦੇ ਵਿਹਾਰ ਵਿਚ ਬਦਲਾਅ ਅਤੇ ਸਮੇਂ ਦੀ ਮੰਗ ਕਰਦਾ ਹੈ। ਹਵਾ ਪ੍ਰਦੂਸ਼ਣ ਵਰਗੇ ਜਟਿਲ ਮਸਲੇ ਰਾਤੋ-ਰਾਤ ਹੱਲ ਨਹੀਂ ਹੋ ਸਕਦੇ ਅਤੇ ਨਾ ਹੀ ਗੁੱਸੇ ਜਾਂ ਹਿੰਸਾ ਰਾਹੀਂ ਇਨ੍ਹਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਅਰਾਜਕਤਾ ਅਤੇ ਅਸਥਿਰਤਾ ਆਖ਼ਿਰਕਾਰ ਉਨ੍ਹਾਂ ਹੀ ਨਾਗਰਿਕਾਂ, ਖ਼ਾਸ ਕਰ ਕੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜੋ ਬਿਹਤਰ ਭਵਿੱਖ ਦੀ ਆਸ ਰੱਖਦੇ ਹਨ। ਭਾਰਤ ਦੇ ‘ਜੈਨ-ਜ਼ੀ’ ਲਈ ਅਸਲ ਚੁਣੌਤੀ ਇਹ ਹੈ ਕਿ ਉਹ ਸੋਸ਼ਲ ਮੀਡੀਆ ਅਤੇ ਟੈਲੀਵਿਜ਼ਨ ’ਤੇ ਚੱਲ ਰਹੀਆਂ ਕਹਾਣੀਆਂ ਨੂੰ ਆਲੋਚਨਾਤਮਕ ਨਜ਼ਰ ਨਾਲ ਵੇਖਣ, ਜਾਣਕਾਰੀ ਨਾਲ ਭਰਪੂਰ ਫੈਸਲੇ ਕਰਨ ਅਤੇ ਆਪਣੀ ਊਰਜਾ ਨੂੰ ਰਚਨਾਤਮਕ ਨਾਗਰਿਕ ਭੂਮਿਕਾ ਵਿਚ ਲਗਾਉਣ। ਭਾਰਤ ਦੀ ਤਾਕਤ ਹਮੇਸ਼ਾ ਇਹ ਰਹੀ ਹੈ ਕਿ ਉਹ ਅਸਹਿਮਤੀ ਨੂੰ ਸਹਿਣ ਕਰਦਾ ਹੋਇਆ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦਾ ਹੈ। ਦੇਸ਼ ਦੇ ਨੌਜਵਾਨਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਬਨਾਉਟੀ ਬਿਆਨੀਏ ਦਾ ਸਾਧਨ ਬਣਨ ਦੀ ਬਜਾਏ, ਜਾਣਕਾਰੀ, ਜ਼ਿੰਮੇਵਾਰੀ ਅਤੇ ਸਮਝਦਾਰੀ ਨਾਲ ਦੇਸ਼ ਦੀ ਲੰਬੇ ਸਮੇਂ ਦੀ ਤਰੱਕੀ ਵਿਚ ਸਾਥੀ ਬਣਨ।

-ਮਨਿੰਦਰ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ, ਰੇਡੀਓ ਇੰਡੀਆ, ਸਰੀ (ਕੈਨੇਡਾ)


author

Shubam Kumar

Content Editor

Related News