ਕੀ 27 ’ਚ ਵੀ ਆਮ ਆਦਮੀ ਪਾਰਟੀ ’ਤੇ ਪੰਜਾਬੀਆਂ ਦਾ ਭਰੋਸਾ ਰਹੇਗਾ?
Friday, Feb 20, 2026 - 04:18 PM (IST)
2022 ’ਚ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਅਥਾਹ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਤੇ ਇਸ ਪਾਰਟੀ ਦੇ ਉਮੀਦਵਾਰਾਂ ਨੂੰ ਰਿਕਾਰਡ ਗਿਣਤੀ ਵਿਚ ਜਿਤਾਇਆ। ਪੰਜਾਬ ਦੇ ਚੋਣ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਇਕ ਪਾਰਟੀ, ਉਹ ਵੀ ਜਿਸ ਪਾਰਟੀ ਦੀ ਲੀਡਰਸ਼ਿਪ ਨੂੰ ਕਿਸੇ ਤਰ੍ਹਾਂ ਵੀ ਅਜ਼ਮਾਇਆ ਨਾ ਗਿਆ ਹੋਵੇ, ਦੇ 92 ਉਮੀਦਵਾਰ ਜਿੱਤ ਕਿ ਐੱਮ. ਐੱਲ. ਏ. ਬਣੇ ਹੋਣ। ਇਸ ਤਰ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਅਤੇ ਲੋਕ ਆਸ ਕਰਨ ਲੱਗੇ ਕਿ ਜਲਦੀ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ਪੂਰੀਆਂ ਹੋਣ ਨਾਲ ਉਨ੍ਹਾਂ ਦਾ ਜੀਵਨ ਸੁਖਮਈ ਬਣ ਜਾਵੇਗਾ।
ਕਿਉਂਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਅਤੇ ਕਈ ਵਾਅਦੇ ਕੀਤੇ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਲਦੀ ਹੀ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਤੇ ਇਹ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਨ ਪੰਜਾਬ ਦੇ 80 ਪ੍ਰਤੀਸ਼ਤ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਹੈ।
ਪਰ ਬਾਕੀ ਗਾਰੰਟੀਆਂ ਅਤੇ ਵਾਅਦੇ ਜਿਨ੍ਹਾਂ ’ਚ ਔਰਤਾਂ ਨੂੰ 1000 ਰੁਪਏ ਮਹੀਨਾ, ਬੇਅਦਬੀ ਦਾ ਇਨਸਾਫ 24 ਘੰਟੇ ਵਿਚ ਕਰਨਾ, ਤਿੰਨ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨਾ, ਵੀ. ਆਈ. ਪੀ. ਕਲਚਰ ਖ਼ਤਮ ਕਰਨਾ, ਕੁਰੱਪਸ਼ਨ ਖ਼ਤਮ ਕਰਨਾ ਅਤੇ ਇਸ ਤੋਂ 34000 ਕਰੋੜ ਰੁਪਏ ਸਾਲਾਨਾ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਉਣਾ, ਰੇਤ ਮਾਫੀਆ ਨੂੰ ਖ਼ਤਮ ਕਰਕੇ 20000 ਕਰੋੜ ਰੁਪਏ ਅਤੇ ਸ਼ਰਾਬ ਪਾਲਿਸੀ ਰਾਹੀਂ 20000 ਕਰੋੜ ਰੁਪਏ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾ ਕੇ ਪੰਜਾਬ ਦੀ ਆਰਥਿਕ ਹਾਲਤ ਨੂੰ ਠੀਕ ਕਰ ਕੇ ਪੰਜਾਬ ਨੁੰ ਕਰਜ਼ੇ ਦੇ ਜਾਲ ’ਚੋਂ ਬਾਹਰ ਕੱਢਣਾ, ਸਿਹਤ ਅਤੇ ਸਿੱਖਿਆ ਪ੍ਰਣਾਲੀ ਨੂੰ ਇਕ ਨੰਬਰ ’ਤੇ ਲਿਆਉਣਾ, ਅਮਨ-ਕਾਨੂੰਨ ਦੀ ਸਥਿਤੀ ਬਿਹਤਰ ਕਰਨੀ ਅਤੇ ਪੰਜਾਬ ਵਿਚ ਵੱਡੇ ਉਦਯੋਗ ਸਥਾਪਿਤ ਕਰ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਵਿਦੇਸ਼ ਜਾਣ ਦੀ ਜ਼ਰੂਰਤ ਖ਼ਤਮ ਕਰਨ ਦੇ ਵਾਅਦੇ ਕੀਤੇ ਗਏ ਸਨ।
ਭਗਵੰਤ ਮਾਨ ਸਰਕਾਰ ਇਨ੍ਹਾਂ ਵਿਚੋਂ ਬਹੁਤੀਆਂ ਗਾਰੰਟੀਆਂ ਅਤੇ ਵਾਅਦੇ ਪੂਰੇ ਕਰਨ ’ਚ ਨਕਾਮਯਾਬ ਰਹੀ, ਹਾਲਾਂਕਿ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵਿਚ ਕਾਫੀ ਹੱਦ ਤੱਕ ਸਫਲ ਰਹੀ ਪਰ ਵਿਰੋਧੀ ਇਸ ’ਤੇ ਵੀ ਸਵਾਲ ਖੜ੍ਹੇ ਕਰਦੇ ਹਨ ਕਿ ਸਰਕਾਰ ਇਹ ਕਿਉਂ ਨਹੀ ਦੱਸਦੀ ਕਿ ਇਨ੍ਹਾਂ 4 ਸਾਲਾਂ ਦੌਰਾਨ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਹਨ। ਸਰਕਾਰ ਵੱਲੋਂ ਇਹ ਅੰਕੜੇ ਜਾਰੀ ਨਾ ਕਰਨ ਕਾਰਨ ਵਿਰੋਧੀ ਐਟਾਇਰੇਸ਼ਨ (ਰਿਟਾਇਰਮੈਂਟ) ਰੇਸ਼ੋ ਦੇ 5 ਤੋਂ 9 ਪ੍ਰਤੀਸ਼ਤ ਹੋਣ ਦਾ ਦਾਅਵਾ ਕਰ ਕੇ ਦੋਸ਼ ਲਗਾਉਂਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੇ ਮੁਲਾਜ਼ਮ ਰਿਟਾਇਰ ਕੀਤੇ ਹਨ, ਓਨੇ ਨੌਜਵਾਨਾਂ ਨੂੰ ਵੀ ਨੌਕਰੀ ਨਹੀਂ ਦਿੱਤੀ ।
ਇਨ੍ਹਾਂ ਕਾਰਨਾਂ ਕਰ ਕੇ ਦੋ ਸਾਲ ਬਾਅਦ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 2022 ਦੇ ਮੁਕਾਬਲੇ ਬਹੁਤ ਮੱਠਾ ਹੁੰਗਾਰਾ ਮਿਲਿਆ। ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਦਾ ਵੋਟ ਫੀਸਦੀ 41 ਤੋਂ ਘੱਟ ਕੇ 26 ਫੀਸਦੀ ਦੇ ਕਰੀਬ ਰਹਿ ਗਿਆ ਅਤੇ ਪਾਰਟੀ ਦੇ ਸਿਰਫ ਤਿੰਨ ਉਮੀਦਵਾਰ ਹੀ ਜਿੱਤ ਸਕੇ ਜਦਕਿ ਆਮ ਆਦਮੀ ਪਾਰਟੀ ਦੇ ਮੁਕਾਬਲੇ ਦੋ ਉਮੀਦਵਾਰ ਆਜ਼ਾਦ ਤੌਰ ’ਤੇ ਚੋਣ ਜਿੱਤਣ ’ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਭਗਵੰਤ ਸਿੰਘ ਮਾਨ ਦੇ ਆਪਣੇ ਹਲਕੇ ਤੋਂ ਹੀ ਸਿਰਫ ਕੁਝ ਮਹੀਨੇ ਬਾਅਦ 2022 ’ਚ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਜ਼ਾਦ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੋਂ ਹਾਰ ਗਿਆ।
ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਆਮ ਆਦਮੀ ਪਾਰਟੀ ਨੇ ਆਤਮ ਨਿਰੀਖਣ ਕਰਨਾ ਸ਼ੁਰੂ ਕੀਤਾ ਤੇ ਪਾਰਟੀ ਦੇ ਕੰਮ ਕਰਨ ਦੇ ਢੰਗ ਤਰੀਕਿਆਂ ’ਚ ਬਦਲਾਅ ਵੀ ਕੀਤੇ। ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮਾਂ ਵੀ ਚਲਾਈਆਂ। ਇਨ੍ਹਾਂ ’ਚ ਪੰਜਾਬ ਨੂੰ ਮਾਡਲ ਸੂਬੇ ਵਜੋਂ ਪੇਸ਼ ਕਰਨਾ, ਮਾਲ ਮਹਿਕਮੇ ’ਤੇ ਸ਼ਿਕੰਜਾ ਕੱਸਣਾ, ਬੁਲਡੋਜ਼ਰ ਕਾਰਵਾਈ, ਔਰਤਾਂ ਲਈ 1000 ਰੁਪਏ ਸਮੇਤ ਦਿੱਤੀਆਂ ਗਈਆਂ ਬਾਕੀ ਗਾਰੰਟੀਆਂ ਅਤੇ ਵਾਅਦੇ ਪੂਰੇ ਕਰਨ ਦੇ ਭਰੋਸੇ ਦੇਣਾ, ਪਾਰਟੀ ’ਚ ਅਨੁਸ਼ਾਸਨ ਪੈਦਾ ਕਰਨ ਤੋਂ ਇਲਾਵਾ ਹੁਣ ਨਸ਼ਾ ਵਿਰੋਧੀ ਮੁਹਿੰਮ, ਗੈਂਗਸਟਰਿਜ਼ਮ ਵਿਰੁੱਧ ਮੁਹਿੰਮ ਚਲਾਉਣ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਭਾਵੇਂ ਇਨ੍ਹਾਂ ਭਰੋਸਿਆਂ ਕਾਰਨ ਪਿੱਛੇ ਹੋਈਆਂ ਜ਼ਿਮਨੀ ਚੋਣਾਂ ਅਤੇ ਸਥਾਨਕ ਚੋਣਾਂ ’ਚ ਪਾਰਟੀ ਕਾਮਯਾਬੀ ਹਾਸਲ ਕਰਨ ’ਚ ਕਾਮਯਾਬ ਰਹੀ ਪਰ ਇਹ ਜਿੱਤਾਂ ਵਿਧਾਨ ਸਭਾ ਚੋਣਾਂ ਜਿੱਤਣ ਦੀ ਗਾਰੰਟੀ ਨਹੀਂ ਸਮਝੀਆਂ ਜਾ ਸਕਦੀਆ, ਕਿਉਂਕਿ ਜੇਕਰ ਪੰਜਾਬ ਦੇ ਪਿਛਲੇ ਸਿਆਸੀ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਪੰਜਾਬ ਦੇ ਲੋਕ ਭਰੋਸਾ ਕਰਨ ’ਚ ਯਕੀਨ ਰੱਖਦੇ ਹਨ ਪਰ ਯਕੀਨ ਨੂੰ ਥੋੜ੍ਹੀ ਜਿਹੀ ਠੇਸ ਲੱਗਣ ’ਤੇ ਕਿਨਾਰਾ ਵੀ ਕਰ ਲੈਂਦੇ ਹਨ, ਜਿਸ ਦੀਆਂ ਦੋ ਤਾਜ਼ਾ ਉਦਾਹਰਣਾਂ ਸਾਡੇ ਸਾਹਮਣੇ ਹਨ। ਪਹਿਲੀ ਅਕਾਲੀ-ਬੀ. ਜੇ. ਪੀ. ਸਰਕਾਰ ਦਾ ਬਦਲਣਾ। ਭਾਵੇਂ ਅਕਾਲੀ-ਬੀ. ਜੇ. ਪੀ. ਸਰਕਾਰ ਵੱਲੋਂ ਕੀਤੇ ਗਏ ਵਿਕਾਸ ’ਤੇ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦਾ ਵੀ ਕਿੰਤੂ-ਪ੍ਰੰਤੂ ਨਹੀਂ ਸੀ ਪਰ ਧਾਰਮਿਕ ਤੌਰ ’ਤੇ ਹੋਈਆਂ ਗਲਤੀਆਂ ਅਤੇ ਨਸ਼ੇ ਦੀ ਰੋਕ ਦੇ ਮੁੱਦੇ ’ਤੇ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਅਕਾਲੀ ਦਲ ਤੇ ਬੀ. ਜੇ. ਪੀ. ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਜੋ ਨਸ਼ਾ ਖ਼ਤਮ ਕਰਨ, ਕਿਸਾਨਾਂ ਦਾ ਕਰਜ਼ ਮੁਆਫ ਕਰਨ ਤੇ ਵਿਕਾਸ ਦੇ ਵਾਅਦੇ ਕਾਰਨ ਸਰਕਾਰ ਬਣਾਉਣ ’ਚ ਕਾਮਯਾਬ ਹੋਈ ਸੀ, ਨੂੰ ਵੀ ਪੰਜਾਬੀਆਂ ਨੇ 2022 ਵਿਚ ਮੂਧੇ ਮੂੰਹ ਸੁੱਟ ਦਿੱਤਾ ਸੀ।
ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਇਨ੍ਹਾਂ ਤਿੰਨਾਂ ਪਾਰਟੀਆਂ ਨਾਲੋਂ ਵੱਧ ਤੇ ਵੱਡੇ ਵਾਅਦੇ ਕਰ ਕੇ ਅੱਗੇ ਆਈ ਸੀ। ਹੁਣ ਪੰਜਾਬੀ ਫਿਰ ਸੋਚ-ਵਿਚਾਰ ਕਰਨ ਲੱਗੇ ਹਨ ਕਿ ਪੰਜਾਬੀਆਂ ਨਾਲ ਕਿਸ ਪਾਰਟੀ ਨੇ ਕੀਤੇ ਹੋਏ ਵਾਅਦੇ ਪੂਰੇ ਕੀਤੇ। ਇਸ ਲਈ ਹੁਣ ਆਮ ਆਦਮੀ ਪਾਰਟੀ ਦੇ ਸਿਰ ’ਤੇ ਦਿੱਤੀਆਂ ਗਈਆਂ ਗਾਰੰਟੀਆਂ ਅਤੇ ਵਾਅਦੇ ਪੂਰੇ ਕਰਨ ਦਾ ਭਾਰ ਦਿਨੋਂ-ਦਿਨ ਵਧ ਰਿਹਾ ਹੈ। ਜੇਕਰ ਪੰਜਾਬੀਆਂ ਦੇ ਸੋਚਣ ਦਾ ਢੰਗ-ਤਰੀਕਾ ਪਹਿਲਾਂ ਵਾਲਾ ਹੀ ਰਿਹਾ ਅਤੇ ਆਮ ਆਦਮੀ ਪਾਰਟੀ ਗਾਰੰਟੀਆਂ ਅਤੇ ਵਾਅਦੇ ਪੂਰੇ ਨਹੀਂ ਕਰਦੀ ਤਾਂ ਪੰਜਾਬੀਆਂ ਦੇ ਸੋਚਣ ਦਾ ਢੰਗ ਆਮ ਆਦਮੀ ਪਾਰਟੀ ਲਈ ਇਕ ਚੁਣੌਤੀ ਬਣ ਸਕਦਾ ਹੈ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਨੂੰ ਪੰਜਾਬੀਆਂ ਤੋਂ 2022 ਵਾਲਾ ਵਿਸ਼ਵਾਸ ਮਿਲਣਾ ਮੁਸ਼ਕਲ ਹੋ ਜਾਵੇਗਾ।
ਇਕਬਾਲ ਸਿੰਘ ਚੰਨੀ
