‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!

Thursday, Feb 19, 2026 - 04:06 AM (IST)

‘ਹਵਾਈ ਅੱਡਿਆਂ ’ਤੇ’ ਆਵਾਰਾ ਕੁੱਤਿਆਂ ਦੀ ਸਮੱਸਿਆ ਅਤੇ ਸਵੱਛਤਾ ਦੀ ਕਮੀ!

ਦੇਸ਼ ਭਰ ’ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਜਾਰੀ ਹੈ। ਇਥੋਂ ਤਕ ਕਿ ਹਵਾਈ ਅੱਡੇ ਵੀ ਇਨ੍ਹਾਂ ਦੀ ਦਹਿਸ਼ਤ ਤੋਂ ਬਚੇ ਨਹੀਂ ਹਨ। ਇਹ ਯਾਤਰੀਆਂ ਅਤੇ ਉਨ੍ਹਾਂ ਨੂੰ ਛੱਡਣ ਆਏ ਲੋਕਾਂ ਨੂੰ ਵੱਢਣ ਤੋਂ ਇਲਾਵਾ ਹਵਾਈ ਪੱਟੀਆਂ ਤੱਕ ਘੁੰਮਦੇ ਦੇਖੇ ਜਾਂਦੇ ਹਨ ਅਤੇ ਕੁਰਸੀਆਂ ’ਤੇ ਬੈਠ ਕੇ ਲੋਕਾਂ ਦੇ ਲਈ ਖਤਰਾ ਪੈਦਾ ਕਰ ਰਹੇ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 6 ਨਵੰਬਰ, 2024 ਨੂੰ ‘ਤਿਰੂਵਨੰਤਪੁਰਮ’ (ਕੇਰਲ) ਹਵਾਈ ਅੱਡੇ ’ਤੇ ਕੌਮਾਂਤਰੀ ਟਰਮੀਨਲ ਦੇ ਬਾਹਰ ‘ਸ਼ਾਰਜਾਹ’ ਜਾਣ ਵਾਲੇ ਇਕ ਯਾਤਰੀ ਨੂੰ ਆਵਾਰਾ ਕੁੱਤੇ ਵਲੋਂ ਵੱਢ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦੇਣ ਦੇ ਕਾਰਨ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ, ਜਿਸ ਕਾਰਨ ਉਸ ਦੀ ‘ਫਲਾਈਟ’ ਛੁੱਟ ਗਈ।

* 12 ਅਗਸਤ, 2025 ਨੂੰ ‘ਕੋਲਕਾਤਾ’ ਦੇ ਨੇਤਾਜੀ ‘ਸੁਭਾਸ਼ ਚੰਦਰ ਬੋਸ’ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਕੁੱਤੇ ਵਲੋਂ 4 ਸਾਲ ਦੇ ਬੱਚੇ ਨੂੰ ਵੱਢ ਦੇਣ ਦੇ ਕਾਰਨ ਬੱਚੇ ਨੂੰ ਗੰਭੀਰ ਮਾਨਸਿਕ ਧੱਕਾ ਪਹੁੰਚਿਅਾ। ਉਸ ਨੂੰ ਐਂਟੀ ਰੈਬੀਜ਼ ਦਾ ਟੀਕਾ ਲਗਵਾਉਣਾ ਪਿਆ ਅਤੇ ਪਰਿਵਾਰ ਨੂੰ ਅਾਪਣੀ ਮਲੇਸ਼ੀਆ ਯਾਤਰਾ ਰੱਦ ਕਰਨੀ ਪਈ।

* 2 ਅਕਤੂਬਰ, 2025 ਨੂੰ ‘ਦਿੱਲੀ’ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ 3 ਦੇ ਅੰਦਰ ਅਤੇ ਬਾਹਰ ਭਾਰੀ ਗਿਣਤੀ ’ਚ ਅਾਵਾਰਾ ਕੁੱਤੇ ਘੁੰਮਦੇ ਦਿਖਾਈ ਿਦੱਤੇ।

* 7 ਨਵੰਬਰ, 2025 ਨੂੰ ‘ਜੈਪੁਰ’ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਤਾਇਨਾਤ ਇਕ ਮਹਿਲਾ ਕਰਮਚਾਰੀ ’ਤੇ ਆਵਾਰਾ ਕੁੱਤਿਅਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।

* 8 ਫਰਵਰੀ, 2026 ਨੂੰ ‘ਜੈਪੁਰ’ ਦੇ ਹੀ ਕੌਮਾਂਤਰੀ ਹਵਾਈ ਅੱਡੇ ’ਤੇ ਆਵਾਰਾ ਕੁੱਤਿਅਾਂ ਨੇ ਤਿੰਨ ਲੋਕਾਂ ਨੂੰ ਨਿਸ਼ਾਨਾ ਬਣਾਇਆ। ਅੱਖੀਂ ਦੇਖਣ ਵਾਲਿਆਂ ਅਨੁਸਾਰ ਇਕ ਕੁੱਤੇ ਨੇ ਸਭ ਤੋਂ ਪਹਿਲਾਂ ‘ਅਰਾਈਵਲ ਏਰੀਆ’ ਦੇ ਕੋਲ ਅਚਾਨਕ ਇਕ ਯਾਤਰੀ ਨੂੰ ਵੱਢਿਅਾ ਅਤੇ ਉਸ ਤੋਂ ਬਾਅਦ ਪਾਰਕਿੰਗ ਏਰੀਆ ਦੇ ਕੋਲ ਬਾਹਰ ਨਿਕਲ ਰਹੇ ਲੋਕਾਂ ਨੂੰ ਵੱਢਿਅਾ, ਜਿਨ੍ਹਾਂ ’ਚ ਅਾਪਣੇ ਇਕ ਸੰਬੰਧੀ ਨੂੰ ਲੈਣ ਆਇਆ ਵਿਅਕਤੀ ਵੀ ਸ਼ਾਮਲ ਸੀ।

* 8 ਫਰਵਰੀ, 2026 ਨੂੰ ਹੀ ‘ਚੇਨਈ’ (ਤਮਿਲਨਾਡੂ) ਦੇ ਕੌਮਾਂਤਰੀ ਹਵਾਈ ਅੱਡੇ ’ਤੇ ਵੱਡੀ ਗਿਣਤੀ ’ਚ ਆਵਾਰਾ ਕੁੱਤੇ ਅਰਾਈਵਲ ਗੇਟ ’ਤੇ ਡੇਰਾ ਜਮਾ ਕੇ ਬੈਠੇ ਦੇਖੇ ਗਏ, ਜਿਸ ਨਾਲ ਆਉਣ-ਜਾਣ ਵਾਲੇ ਯਾਤਰੀਅਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।

* 9 ਫਰਵਰੀ, 2026 ਨੂੰ ‘ਪੁਣੇ’ (ਮਹਾਰਾਸ਼ਟਰ) ਹਵਾਈ ਅੱਡੇ ਦੀ ਇਕ ਹਵਾਈ ਪੱਟੀ ’ਤੇ ਆਵਾਰਾ ਕੁੱਤਾ ਘੁੰਮਦਾ ਫੜਿਆ ਗਿਆ। ਕੁਝ ਦਿਨ ਪਹਿਲਾਂ ‘ਬੈਂਗਲੁਰੂ’ (ਕਰਨਾਟਕ) ਹਵਾਈ ਅੱਡੇ ਦੀ ਹਵਾਈ ਪੱਟੀ ਦੇ ਨੇੜੇ ਵੀ ਇਕ ਆਵਾਰਾ ਕੁੱਤਾ ਘੁੰਮਦਾ ਪਾਇਆ ਗਿਆ ਸੀ।

* 15 ਫਰਵਰੀ, 2026 ਨੂੰ ‘ਜੈਪੁਰ’ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-2 ’ਤੇ ਦਿੱਲੀ ਤੋਂ ਆਈ ਇਜ਼ਰਾਈਲੀ ਮਹਿਲਾ ਯਾਤਰੀ ਦੇ ਪੈਰ ’ਤੇ ਇਕ ਆਵਾਰਾ ਕੁੱਤੇ ਨੇ ਉਸ ਸਮੇਂ ਵੱਢ ਲਿਆ, ਜਦੋਂ ਉਹ ਏਅਰਪੋਰਟ ’ਚੋਂ ਬਾਹਰ ਨਿਕਲ ਰਹੀ ਸੀ।

* 18 ਫਰਵਰੀ, 2026 ਨੂੰ ‘ਬੈਂਗਲੁਰੂ’ ਹਵਾਈ ਅੱਡੇ ’ਤੇ ਇਕ ਕੁਰਸੀ ’ਤੇ ਸੌਂ ਰਹੇ ਆਵਾਰਾ ਕੁੱਤੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਵਾਈ ਅੱਡਿਆਂ ’ਤੇ ਯਾਤਰੀਅਾਂ ਨੂੰ ਕੁੱਤਿਅਾਂ ਤੋਂ ਖਤਰੇ ਨੂੰ ਲੈ ਕੇ ਬਹਿਸ ਛਿੜ ਗਈ ਹੈ।

ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੇ ਗੋਇਲ ਨੇ ‘ਫੇਸਬੁੱਕ’ ਉੱਤੇ ਇਕ ਪੋਸਟ ’ਚ ਆਈ. ਜੀ. ਆਈ. ਦਿੱਲੀ ਦੇ ਟੀ-3 ਟਰਮੀਨਲ ’ਤੇ ਆਵਾਰਾ ਕੁੱਤਿਅਾਂ ਦੀ ਵਧਦੀ ਸਮੱਸਿਅਾ ’ਤੇ ਚਿੰਤਾ ਜਤਾਉਂਦੇ ਹੋਏ ‘ਐਕਸ’ ਉੱਤੇ ਪੋਸਟ ਕੀਤਾ ਹੈ ਕਿ :

‘‘ਏਅਰਪੋਰਟ ’ਤੇ ਅੰਦਰ ਅਤੇ ਬਾਹਰ ਹਰ ਜਗ੍ਹਾ ਕੁੱਤੇ ਹੀ ਕੁੱਤੇ ਹਨ। ਬੱਚਿਅਾਂ ਅਤੇ ਯਾਤਰੀਅਾਂ ਨੂੰ ਭੌਂਕਦੇ, ਖਾਣੇ ਦੇ ਪੈਕੇਟ ਸੁੰਘਦੇ ਅਤੇ ਫਾਸਟਫੂਡ ਕਾਊਂਟਰਾਂ ਦੇ ਆਲੇ-ਦੁਆਲੇ ਘੁੰਮਦੇ ਹੋਏ ਲਗਭਗ 12-14 ਕੁੱਤੇ ਦਿਖਾਈ ਦੇ ਰਹੇ ਸਨ। ਅਜਿਹਾ ਦ੍ਰਿਸ਼ ਦੇਸ਼ ਦੇ ਸਭ ਤੋਂ ਰੁਝੇਵੇਂ ਵਾਲੇ ਹਵਾਈ ਅੱਡਿਅਾਂ ’ਤੇ ਚਿੰਤਾਜਨਕ ਹੈ। ਇਸ ਲਈ ਯਾਤਰੀਅਾਂ ਦੀ ਸੁਰੱਖਿਅਾ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।’’

ਭਾਰਤ ਦੇ ਵੱਖ-ਵੱਖ ਹਵਾਈ ਅੱਡਿਅਾਂ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਵਿਦੇਸ਼ੀ ਸੈਲਾਨੀ ਯਾਤਰਾ ਕਰਦੇ ਹਨ। ਅਜਿਹੇ ’ਚ ਹਵਾਈ ਅੱਡਿਅਾਂ ’ਤੇ ਕੁੱਤਿਅਾਂ ਦੀ ਦਹਿਸ਼ਤ ਨਾਲ ਦੇਸ਼ ਦਾ ਅਕਸ ਵੀ ਕੌਮਾਂਤਰੀ ਪੱਧਰ ’ਤੇ ਖਰਾਬ ਹੁੰਦਾ ਹੈ।

ਏਅਰਪੋਰਟ ਕੰਪਲੈਕਸਾਂ ’ਚ ਲੰਮੇ ਸਮੇਂ ਤੋਂ ਆਵਾਰਾ ਕੁੱਤਿਆਂ ਦੀ ਸਮੱਸਿਆ ਬਣੀ ਹੋਈ ਹੈ ਪਰ ਇਸ ਦਿਸ਼ਾ ’ਚ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਹਵਾਈ ਅੱਡਾ ਕੰਪਲੈਕਸਾਂ ’ਚੋਂ ਆਵਾਰਾ ਕੁੱਤਿਆਂ ਨੂੰ ਹਟਾਉਣ, ਕੰਪਲੈਕਸਾਂ ਦੀ ਨਿਯਮਿਤ ਮਾਨੀਟਰਿੰਗ ਕਰਨ ਅਤੇ ਇਸ ਸਮੱਸਿਆ ਦਾ ਪੱਕਾ ਹੱਲ ਕੱਢਣ ਦੀ ਲੋੜ ਹੈ ਤਾਂ ਕਿ ਹਵਾਈ ਅੱਡਿਆਂ ਦੇ ਕਰਮਚਾਰੀਆਂ ਦੇ ਨਾਲ-ਨਾਲ ਜਹਾਜ਼ ਯਾਤਰੀਆਂ ਅਤੇ ਹੋਰਨਾਂ ਲੋਕਾਂ ਦੀ ਸੁਰੱਖਿਆ ਖਤਰੇ ’ਚ ਨਾ ਪਵੇ।

–ਵਿਜੇ ਕੁਮਾਰ


author

Sandeep Kumar

Content Editor

Related News