ਅਮਰਨਾਥ ਯਾਤਰਾ ਦੀਆਂ ਤਿਆਰੀਆਂ ਜ਼ੋਰਾਂ ’ਤੇ, ਸ਼ਰਧਾਲੂਆਂ ਦੀ ਸੁਰੱਖਿਆ ਦੇ ਹੋਣ ਪੁਖਤਾ ਪ੍ਰਬੰਧ!
Friday, Jun 20, 2025 - 03:29 AM (IST)

ਜੰਮੂ-ਕਸ਼ਮੀਰ ’ਚ ਸਥਿਤ ‘ਸ਼੍ਰੀ ਅਮਰਨਾਥ ਜੀ’ ਦੀ ਯਾਤਰਾ ਕਰੋੜਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੀ ਨਹੀਂ, ਜੰਮੂ-ਕਸ਼ਮੀਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਭਾਵਨਾਤਮਕ ਬੰਧਨ ’ਚ ਬੰਨ੍ਹਣ ਅਤੇ ਭਾਈਚਾਰਾ ਮਜ਼ਬੂਤ ਕਰਨ ਦਾ ਮਾਧਿਅਮ ਵੀ ਹੈ। ਇਸ ਯਾਤਰਾ ਦਾ ਵਰਨਣ ਪ੍ਰਾਚੀਨ ਗ੍ਰੰਥਾਂ ’ਚ ਵੀ ਮਿਲਦਾ ਹੈ।
ਸਰਦੀ, ਖਰਾਬ ਮੌਸਮ, ਪਹਾੜੀ ਰਸਤੇ ਦੀਆਂ ਮੁਸ਼ਕਿਲਾਂ, ਆਕਸੀਜਨ ’ਚ ਕਮੀ, ਬਰਸਾਤ, ਤਿਲਕਣ ਆਦਿ ਸਮੱਸਿਆਵਾਂ ਦੇ ਬਾਵਜੂਦ ਸ਼ਰਧਾਲੂ ਭੋਲੇ ਬਾਬਾ ਦੇ ਦਰਸ਼ਨ ਕਰਨ ਪਹੁੰਚਦੇ ਹਨ। ਯਾਤਰਾ ਮਾਰਗ ’ਚ ‘ਲਖਨਪੁਰ’ ਤੋਂ ਗੁਫਾ ਤੱਕ 120 ਤੋਂ ਵੱਧ ਸਵੈਸੇਵੀ ਮੰਡਲੀਆਂ ਵਲੋਂ ਲੰਗਰ ਲਗਾਏ ਜਾਂਦੇ ਹਨ ਜੋ ਰੱਖੜੀ ਤੱਕ ਇੱਥੇ ਸ਼ਰਧਾਲੂਆਂ ਦੇ ਖਾਣ-ਪੀਣ, ਠਹਿਰਨ, ਦਵਾਈਆਂ ਆਦਿ ਦੀ ਸੇਵਾ ਕਰਦੀਆਂ ਹਨ।
22 ਅਪ੍ਰੈਲ ਨੂੰ ‘ਪਹਿਲਗਾਮ’ ’ਚ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ 26 ਹਿੰਦੂ ਸੈਲਾਨੀਆਂ ਦੀ ਉਨ੍ਹਾਂ ਦਾ ਧਰਮ ਪੁੱਛ ਕੇ ਘਿਨੌਣੀ ਹੱਤਿਆ ਤੋਂ ਬਾਅਦ ਇਸ ਯਾਤਰਾ ’ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲੀਆ ਨਿਸ਼ਾਨ ਲਗਾਇਆ ਗਿਆ ਸੀ ਪਰ ਸਰਕਾਰ ਵਲੋਂ ਚਲਾਏ ਗਏ ‘ਆਪ੍ਰੇਸ਼ਨ’ ਦੇ ਅਧੀਨ ਪਾਕਿਸਤਾਨ ’ਚ ਅਨੇਕਾਂ ਅੱਤਵਾਦੀ ਅੱਡਿਆਂ ਦੇ ਸਫਾਏ ਨਾਲ ਲੋਕਾਂ ਦਾ ਡਗਮਗਾਇਆ ਹੋਇਆ ਵਿਸ਼ਵਾਸ ਮੁੜ ਪਰਤ ਆਇਆ ਹੈ।
ਇਸ ਯਾਤਰਾ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣ ਲਈ ਜਿੱਥੇ ਪ੍ਰਸ਼ਾਸਨ ਨੇ ਲੱਕ ਬੰਨ੍ਹ ਲਿਆ ਹੈ, ਉੱਥੇ ਹੀ ਇਸ ਵਾਰ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਵੀ ਪਿਛਲੇ ਸਾਲ ਦਾ ਅੰਕੜਾ ਪਾਰ ਕਰ ਗਈ ਹੈ।
ਪਿਛਲੇ ਸਾਲ ਲਗਭਗ 3.5 ਲੱਖ ਸ਼ਰਧਾਲੂਆਂ ਨੇ ਇਸ ਯਾਤਰਾ ’ਤੇ ਆਉਣ ਲਈ ਐਡਵਾਂਸ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਇਸ ਸਾਲ 3 ਜੁਲਾਈ ਤੋਂ 9 ਅਗਸਤ ਤੱਕ ਚੱਲਣ ਵਾਲੀ ਇਸ 38 ਦਿਨਾ ਯਾਤਰਾ ’ਤੇ ਆਉਣ ਲਈ 17 ਮਈ ਤੱਕ ਹੀ ਸਾਢੇ 3 ਲੱਖ ਤੋਂ ਵੱਧ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਸਨ।
ਯਾਤਰਾ ਲਈ ਕੇਂਦਰ ਸਰਕਾਰ ਨੇ ‘ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ’ (ਸੀ. ਆਈ. ਐੱਸ. ਐੱਫ.) ਦੀਆਂ 580 ਕੰਪਨੀਆਂ ਭੇਜੀਆਂ ਹਨ, ਜੋ ਜੰਮੂ-ਕਮਸ਼ੀਰ ਪੁਲਸ ਤੋਂ ਇਲਾਵਾ ਯਾਤਰਾ ਮਾਰਗ ’ਤੇ ਵੀ ਤਾਇਨਾਤ ਰਹਿਣਗੀਆਂ। ਯਾਤਰਾ ਲਈ ਪਹਿਲਾ ਜਥਾ 2 ਜੁਲਾਈ ਨੂੰ ਰਵਾਨਾ ਹੋਵੇਗਾ।
ਯਾਤਰਾ ਲਈ ਇਕ ਆਧਾਰ ਕੈਂਪ ਜੰਮੂ ਦੇ ਭਗਵਤੀ ਨਗਰ ’ਚ ‘ਯਾਤਰੀ ਨਿਵਾਸ’ ’ਚ ਬਣਾਇਆ ਗਿਆ ਹੈ ਜਿੱਥੇ 2000 ਸ਼ਰਧਾਲੂ ਇਕੱਠੇ ਠਹਿਰ ਸਕਦੇ ਹਨ ਅਤੇ ਦੂਜਾ ਆਧਾਰ ਕੈਂਪ ਸ਼੍ਰੀਨਗਰ ਦੇ ਪੰਥਾ ਚੌਕ ’ਚ ਬਣਾਇਆ ਗਿਆ ਹੈ ਜਿੱਥੇ 6000 ਤੋਂ ਵੱਧ ਸ਼ਰਧਾਲੂਆਂ ਦੇ ਇਕੱਠੇ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ। ਯਾਤਰਾ ਦੌਰਾਨ ਸ਼ਰਧਾਲੂਆਂ ਲਈ ਮੋਬਾਈਲ ਨੈੱਟਵਰਕ, ਸਫਾਈ ਅਤੇ ਭੋਜਨ ਅਾਦਿ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ‘ਮਨੋਜ ਸਿਨਹਾ’ ਜੋ ‘ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ’ ਦੇ ਪ੍ਰਧਾਨ ਵੀ ਹਨ, ਨੇ 11 ਜੂਨ ਨੂੰ ਪਵਿੱਤਰ ਗੁਫਾ ’ਚ ਵਿਧੀ-ਵਿਧਾਨ ਨਾਲ ਪੂਜਾ ਕੀਤੀ। ਇਸ ਨੂੰ ਸਾਲਾਨਾ ‘ਅਮਰਨਾਥ ਯਾਤਰਾ’ ਦੀ ਰਵਾਇਤੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਯਾਤਰਾ ਸ਼ੁਰੂ ਹੋਣ ’ਚ 15 ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਅਜਿਹੇ ’ਚ ਸਾਰੀਆਂ ਤਿਆਰੀਆਂ ਜੰਗੀ ਪੱਧਰ ’ਤੇ ਚੱਲ ਰਹੀਆਂ ਹਨ। ‘ਰਾਮਬਨ’ ’ਚ ਹੜ੍ਹਾਂ ਨਾਲ ਵਹਿ ਗਏ ਰਾਜਮਾਰਗ ਨੂੰ ਵੀ ਠੀਕ ਕਰ ਦਿੱਤਾ ਿਗਆ ਹੈ, ਵਿਸ਼ੇਸ਼ ਤੌਰ ’ਤੇ ਉਹ ਇਲਾਕਾ ਜੋ ਪਹਾੜ ਤੋਂ ਆਏ ਮਲਬੇ ਕਾਰਨ ਦੱਬਿਆ ਗਿਆ ਸੀ।
ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰਦੇਸ਼ ਦੇ ਗ੍ਰਹਿ ਵਿਭਾਗ ਅਤੇ ‘ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ’ ਵਲੋਂ 1 ਜੁਲਾਈ ਤੋਂ 10 ਅਗਸਤ ਤੱਕ ‘ਪਹਿਲਗਾਮ’ ਅਤੇ ‘ਬਾਲਟਾਲ’ ਦੇ ਦੋਵਾਂ ਯਾਤਰਾ ਮਾਰਗਾਂ ਨੂੰ ਪਹਿਲੀ ਵਾਰ ‘ਨੋ ਫਲਾਇੰਗ ਜ਼ੋਨ’ ਐਲਾਨ ਕਰ ਦੇਣ ਦੇ ਕਾਰਨ ਇਸ ਵਾਰ ਯਾਤਰਾ ’ਚ ‘ਹੈਲੀਕਾਪਟਰ ਸੇਵਾ’ ਨਹੀਂ ਮਿਲੇਗੀ।
ਇਸ ਦੌਰਾਨ ਮਨੁੱਖ ਰਹਿਤ ਹਵਾਈ ਵਾਹਨਾਂ, ਡਰੋਨ ਅਤੇ ਗੁਬਾਰਿਆਂ ਸਮੇਤ ਕਿਸੇ ਵੀ ਕਿਸਮ ਦੀ ਹਵਾਈ ਉਡਾਣ ’ਤੇ ਪਾਬੰਦੀ ਰਹੇਗੀ ਅਤੇ ਸ਼ਰਧਾਲੂਆਂ ਨੂੰ ਪੈਦਲ, ਪਾਲਕੀ ਜਾਂ ਘੋੜੇ ’ਤੇ ਹੀ ਯਾਤਰਾ ਕਰਨੀ ਹੋਵੇਗੀ।
ਯਾਤਰਾ ਦੇ ਆਧਾਰ ਕੈਂਪ ਸੁਰੱਖਿਆ ਬਲਾਂ ਦੇ ਵਿਸ਼ੇਸ਼ ਦਸਤਿਆਂ ਤੋਂ ਇਲਾਵਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ’ਚ ਰਹਿਣਗੇ ਅਤੇ ਯਾਤਰਾ ਮਾਰਗ ’ਤੇ ਵੀ ਵਿਸ਼ੇਸ਼ ਤਾਇਨਾਤੀ ਰਹੇਗੀ। ਯਾਤਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ‘ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ’ (ਆਰ. ਐੱਫ. ਆਈ. ਡੀ.) ਕਾਰਡ ਰਾਹੀਂ ਯਾਤਰਾ ਕਰਨੀ ਹੋਵੇਗੀ, ਜਿਸ ’ਚ ਬੀਮੇ ਦਾ ਲਾਭ ਉਪਲਬਧ ਹੋਵੇਗਾ ਅਤੇ ਸ਼ਰਧਾਲੂਆਂ ਨੂੰ ‘ਟ੍ਰੈਕ’ ਵੀ ਕੀਤਾ ਜਾ ਸਕੇਗਾ।
ਜਿੱਥੋਂ ਤੱਕ ਪ੍ਰਸ਼ਾਸਨ ਦਾ ਦਾਅਵਾ ਹੈ ਸਭ ਕੁਝ ਠੀਕ ਪ੍ਰਤੀਤ ਹੁੰਦਾ ਹੈ ਪਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਤੇ ਵੀ ਕੋਈ ਕਸਰ ਬਾਕੀ ਨਾ ਰਹਿ ਜਾਏ ਅਤੇ ਯਾਤਰੀਆਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਉਹ ਇਸ ਯਾਤਰਾ ਨੂੰ ਸੁਰੱਖਿਅਤ ਵਾਤਾਵਰਣ ’ਚ ਸੰਪੰਨ ਕਰ ਕੇ ਆਪੋ-ਆਪਣੇ ਘਰਾਂ ਨੂੰ ਪਰਤ ਸਕਣ।
–ਵਿਜੇ ਕੁਮਾਰ