ਆਕਾਸ਼ ’ਚ ਉਡਾਣ ਭਰਨਾ ਜੋਖਮ ਭਰਿਆ
Friday, Dec 05, 2025 - 04:52 PM (IST)
ਹਵਾਈ ਯਾਤਰਾਵਾਂ ਆਧੁਨਿਕ ਯੁੱਗ ’ਚ ਦੁਨੀਆ ਦੀ ਰੀੜ੍ਹ ਬਣੀਆਂ ਹੋਈਆਂ ਹਨ। ਇਹ ਨਾ ਸਿਰਫ ਯਾਤਰੀਆਂ ਨੂੰ ਦੁਨੀਆ ਦੇ ਕੋਨੇ-ਕੋੋਨੇ ਨਾਲ ਜੋੜਦੀਆਂ ਹਨ ਸਗੋਂ ਵਪਾਰ, ਸੈਰ-ਸਪਾਟਾ ਅਤੇ ਕੌਮਾਂਤਰੀ ਅਰਥਵਿਵਸਥਾ ਨੂੰ ਰਫਤਾਰ ਪ੍ਰਦਾਨ ਕਰਦੀਆਂ ਹਨ ਪਰ ਕੀ ਸ਼ਹਿਰੀ ਹਵਾਬਾਜ਼ੀ ਉਦਯੋਗ ਓਨਾ ਮਜ਼ਬੂਤ ਹੈ ਜਿੰਨਾ ਦਿਸਦਾ ਹੈ? ਹਾਲੀਆ ਸਾਲਾਂ ’ਚ ਵੱਖ-ਵੱਖ ਸੰਕਟਾਂ ਨੇ ਇਸ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। 2025 ’ਚ ਏਅਰਬੱਸ ਦੇ ਹਾਲੀਆ ਸੰਕਟ ਨੇ ਇਸ ਬਹਿਸ ਨੂੰ ਫਿਰ ਤੋਂ ਜੀਵਤ ਕਰ ਦਿੱਤਾ ਹੈ। ਏਅਰਬੱਸ ਜੋ ਬੋਇੰਗ ਦੇ ਨਾਲ ਮਿਲ ਕੇ ਵਿਸ਼ਵ ਦੇ ਜ਼ਿਆਦਾਤਰ ਯਾਤਰੀ ਜਹਾਜ਼ਾਂ ਦਾ ਨਿਰਮਾਣ ਕਰਦੀ ਹੈ, ਨੇ ਹਾਲ ਹੀ ’ਚ ਆਪਣੇ ਏ-320 ਫੈਮਿਲੀ ਏਅਰ ਕ੍ਰਾਫਟ ’ਚ ਇਕ ਗੰਭੀਰ ਸਾਫਟਵੇਅਰ ’ਚ ਗੜਬੜ ਦੇ ਕਾਰਨ ਸੰਸਾਰਕ ਪੱਧਰ ’ਤੇ ਤਰਥੱਲੀ ਮਚਾ ਦਿੱਤੀ। ਇਸ ਨਾਲ ਕਈ ਸਵਾਲ ਉੱਠਣ ਲੱਗੇ ਕਿ ਕੀ ਹਵਾਈ ਯਾਤਰਾਵਾਂ ਸੁਰੱਖਿਅਤ ਹਨ?
ਨਵੰਬਰ 2025 ’ਚ ਏਅਰਬੱਸ ਨੇ ਐਲਾਨ ਕੀਤਾ ਿਕ ਏ-320 ਫੈਮਿਲੀ ਦੇ ਇਕ ਜਹਾਜ਼ ’ਚ ਹੋਈ ਘਟਨਾ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਤੀਬਰ ਸੌਰ ਵਿਕਿਰਣ (ਰੇਡੀਏਸ਼ਨ) ਮਹੱਤਵਪੂਰਨ ਡਾਟਾ ਨੂੰ ਵਿਗਾੜ ਸਕਦਾ ਹੈ। ਇਹ ਗੜਬੜ ਫਲਾਈਟ ਕੰਟਰੋਲ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ ਜੋ ਜਹਾਜ਼ ਦੀ ਸੁਰੱਖਿਆ ਲਈ ਅਤਿਅੰਤ ਮਹੱਤਵਪੂਰਨ ਹੈ। ਸਿੱਟੇ ਵਜੋਂ ਕੰਪਨੀ ਨੇ ਲਗਭਗ 6 ਹਜ਼ਾਰ ਏ-320 ਸੀਰੀਜ਼ ਦੇ ਜਹਾਜ਼ਾਂ ਲਈ ਤਤਕਾਲ ਸਾਫਟਵੇਅਰ ਅਪਡੇਟ ਅਤੇ ਅਗਾਊਂ ਚੌਕਸੀ ਕਾਰਵਾਈ ਦਾ ਹੁਕਮ ਦਿੱਤਾ। ਇਸ ਨੇ ਸੰਸਾਰਕ ਜਹਾਜ਼ ਯਾਤਰਾਵਾਂ ’ਚ ਭਾਰੀ ਰੁਕਾਵਟ ਪੈਦਾ ਕੀਤੀ। ਹਜ਼ਾਰਾਂ ਯਾਤਰੀ ਹਵਾਈ ਅੱਡਿਆਂ ’ਤੇ ਫਸ ਗਏ, ਉਡਾਣਾਂ ਰੱਦ ਹੋਈਆਂ ਅਤੇ ਏਅਰਲਾਈਨਾਂ ਨੂੰ ਕਰੋੜਾਂ ਦਾ ਨੁਕਸਾਨ ਹੋਇਆ।
ਦਸੰਬਰ ਦੀ ਸ਼ੁਰੂਆਤ ਤੱਕ, ਏਅਰਬੱਸ ਨੇ ਦਾਅਵਾ ਕੀਤਾ ਕਿ ਜ਼ਿਆਦਾਤਰ ਜਹਾਜ਼ਾਂ ਨੂੰ ਠੀਕ ਕਰ ਲਿਆ ਗਿਆ ਹੈ ਪਰ ਅਜੇ ਵੀ ਕਈ ਜਹਾਜ਼ਾਂ ’ਤੇ ਕੰਮ ਚੱਲ ਰਿਹਾ ਹੈ। ਇਸ ਤੋਂ ਵੀ ਜ਼ਿਆਦਾ ਚਿੰਤਾਜਨਕ ਗੱਲ ਇਹ ਹੈ ਕਿ ਸਾਫਟਵੇਅਰ ਸਮੱਸਿਆ ਦੇ ਠੀਕ ਹੋਣ ਤੋਂ ਬਾਅਦ, ਕੰਪਨੀ ਨੇ ਏ-320 ਦੇ ਕੁਝ ਜਹਾਜ਼ਾਂ ਦੇ ਧਾਤੂ ਪੈਨਲਾਂ ’ਚ ਉਦਯੋਗਿਕ ਗੁਣਵੱਤਾ ’ਚ ਸਮੱਸਿਆ ਪਾਈ ਜੋ ਫਿਊਜ਼ਲੇਜ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕੁਝ ਹੀ ਜਹਾਜ਼ਾਂ ਤੱਕ ਸੀਮਤ ਹੈ ਪਰ ਇਹ ਦਰਸਾਉਂਦਾ ਹੈ ਕਿ ਇਕ ਸਮੱਸਿਆ ਦੂਜੀ ਨੂੰ ਜਨਮ ਦੇ ਸਕਦੀ ਹੈ।
ਇਹ ਸੰਕਟ ਹਵਾਈ ਉਦਯੋਗ ਦੀਆਂ ਕਮਜ਼ੋਰੀਆਂ ਨੂੰ ਸਪੱਸ਼ਟ ਤੌਰ ’ਤੇ ਉਜਾਗਰ ਕਰਦਾ ਹੈ। ਸਭ ਤੋਂ ਵੱਡੀ ਕਮਜ਼ੋਰੀ ਹੈ ਬਾਜ਼ਾਰ ਦਾ ਏਕਾਧਿਕਾਰ। ਏਅਰਬੱਸ ਅਤੇ ਬੋਇੰਗ ਮਿਲ ਕੇ 90 ਫੀਸਦੀ ਤੋਂ ਵੱਧ ਯਾਤਰੀ ਜਹਾਜ਼ਾਂ ਦਾ ਉਤਪਾਦਨ ਕਰਦੇ ਹਨ। ਜੇਕਰ ਇਕ ਕੰਪਨੀ ’ਚ ਕੋਈ ਸਮੱਸਿਆ ਆਉਂਦੀ ਹੈ ਤਾਂ ਪੂਰਾ ਉਦਯੋਗ ਪ੍ਰਭਾਵਿਤ ਹੁੰਦਾ ਹੈ। ਉਦਾਹਰਣ ਵਜੋਂ 2019 ’ਚ ਬੋਇੰਗ 737 ਮੈਕਸ ਦੀਆਂ ਦੁਰਘਟਨਾਵਾਂ ਨੇ ਪੂਰੇ ਉਦਯੋਗ ਨੂੰ ਹਿਲਾ ਦਿੱਤਾ ਸੀ ਅਤੇ ਹੁਣ ਏਅਰਬੱਸ ਦਾ ਸੰਕਟ ਉਸੇ ਘੜੀ ਦਾ ਹਿੱਸਾ ਲੱਗਦਾ ਹੈ। ਦੂਜੀ ਕਮਜ਼ੋਰੀ ਹੈ ਤਕਨੀਕੀ ਨਿਰਭਰਤਾ। ਆਧੁਨਿਕ ਜਹਾਜ਼ ਸਾਫਟਵੇਅਰ, ਸੈਂਸਰ ਤੇ ਇਲੈਕਟ੍ਰਾਨਿਕ ਸਿਸਟਮ ’ਤੇ ਆਧਾਰਿਤ ਹਨ।
ਸੌਰ ਵਿਕਿਰਣ ਵਰਗੀਆਂ ਬਾਹਰੀ ਘਟਨਾਵਾਂ ਜੋ ਜਲਵਾਯੂ ਤਬਦੀਲੀ ਨਾਲ ਵਧ ਰਹੀਆਂ ਹਨ, ਇਨ੍ਹਾਂ ਸਿਸਟਮਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਸੰਸਾਰਕ ਸਪਲਾਈ ਲੜੀ ਦੀ ਕਮਜ਼ੋਰੀ ਵੀ ਇਕ ਵੱਡਾ ਮੁੱਦਾ ਹੈ। ਆਈ. ਏ. ਟੀ. ਏ. ਦੇ ਅਨੁਸਾਰ, 2025 ’ਚ ਹਵਾਈ ਯਾਤਰਾ ’ਚ 5 ਫੀਸਦੀ ਵਾਧੇ ਦੀ ਉਮੀਦ ਸੀ ਪਰ ਏਅਰਬੱਸ ਸੰਕਟ ਨੇ ਇਸ ਨੂੰ ਪ੍ਰਭਾਵਿਤ ਕੀਤਾ। ਏਅਰਲਾਈਨਾਂ ਦਾ ਮੁਨਾਫਾ ਘੱਟ ਹੋ ਗਿਆ ਹੈ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ ਡਗਮਗਾਇਆ ਹੈ। ਚੌਗਿਰਦੇ ਦਾ ਦਬਾਅ ਵੀ ਵਧ ਰਿਹਾ ਹੈ, ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਯਤਨਾਂ ’ਚ ਨਵੀਆਂ ਤਕਨੀਕਾਂ ਨੂੰ ਅਪਣਾਉਣ ’ਚ ਜੋਖਮ ਹੈ। ਕੁਲ ਮਿਲਾ ਕੇ ਇਹ ਉਦਯੋਗ ਇਕ ਗੁੰਝਲਦਾਰ ਜਾਲ ’ਚ ਫਸਿਆ ਹੈ, ਜਿੱਥੇ ਇਕ ਛੋਟੀ ਗੜਬੜ ਸੰਸਾਰਕ ਸੰਕਟ ਪੈਦਾ ਕਰ ਸਕਦੀ ਹੈ।
ਉਥੇ ਹੀ ਰੈਗੂਲੇਟਰੀ ਸੰਸਥਾਵਾਂ ਜਿਵੇਂ ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ, ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਅਮਰੀਕਾ ’ਚ ਅਤੇ ਭਾਰਤ ’ਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਉਦਯੋਗ ਦੇ ਮਾਪਦੰਡਾਂ ਨੂੰ ਬਣਾਈ ਰੱਖਣ ’ਚ ਕੇਂਦਰੀ ਭੂਮਿਕਾ ਨਿਭਾਉਂਦੀਆਂ ਹਨ। ਏਅਰਬੱਸ ਸੰਕਟ ’ਚ ਯੂਰਪੀ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਅਤੇ ਸਾਫਟਵੇਅਰ ਅਪਡੇਟ ਨੂੰ ਜ਼ਰੂਰੀ ਕੀਤਾ। ਰੈਗੂਲੇਟਰੀਜ਼ ਦਾ ਕੰਮ ਹੈ ਜਹਾਜ਼ਾਂ ਦੇ ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ ਦੀ ਜਾਂਚ ਕਰਨਾ। ਉਹ ਸਰਟੀਫਿਕੇਸ਼ਨ ਪ੍ਰਕਿਰਿਆ ਰਾਹੀਂ ਯਕੀਨੀ ਕਰਦੀਆਂ ਹਨ ਕਿ ਕੋਈ ਵੀ ਨਵਾਂ ਜਹਾਜ਼ ਅਪਡੇਟ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰੇ।
ਪਰ ਕੀ ਇਹ ਕਾਫੀ ਹੈ? ਬੋਇੰਗ 737 ਮੈਕਸ ਮਾਮਲੇ ’ਚ ਫੈੱਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੀ ਆਲੋਚਨਾ ਹੋਈ ਕਿ ਉਨ੍ਹਾਂ ਨੇ ਨਿਰਮਾਤਾ ’ਤੇ ਜ਼ਿਆਦਾ ਭਰੋਸਾ ਕੀਤਾ। ਏਅਰਬੱਸ ਮਾਮਲੇ ’ਚ ਵੀ ਜੇਕਰ ਸੌਰ ਵਿਕਿਰਣ ਦੀ ਸਮੱਸਿਆ ਪਹਿਲਾਂ ਪਤਾ ਲੱਗ ਜਾਂਦੀ ਤਾਂ ਸੰਕਟ ਟਾਲਿਆ ਜਾ ਸਕਦਾ ਸੀ। ਰੈਗੂਲੇਟਰੀਜ਼ ਨੂੰ ਜ਼ਿਆਦਾ ਸਰਗਰਮ ਹੋਣਾ ਚਾਹੀਦਾ ਹੈ। ਨਿਯਮਿਤ ਆਡਿਟ, ਆਜ਼ਾਦ ਜਾਂਚ ਅਤੇ ਉਭਰਦੇ ਜੋਖਮਾਂ ਜਿਵੇਂ ਸਾਈਬਰ ਹਮਲਿਆਂ ਜਾਂ ਜਲਵਾਯੂ ਪ੍ਰਭਾਵਾਂ ’ਤੇ ਧਿਆਨ ਦੇਣਾ ਆਦਿ ਸੰਸਾਰਕ ਤਾਲਮੇਲ ਵੀ ਜ਼ਰੂਰੀ ਹੈ ਕਿਉਂਕਿ ਜਹਾਜ਼ ਕੌਮਾਂਤਰੀ ਹੁੰਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਡੀ. ਜੀ. ਸੀ. ਏ. ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਸਥਾਨਕ ਏਅਰਲਾਈਨਾਂ ’ਤੇ ਸਖਤੀ ਨਾਲ ਮਾਪਦੰਡ ਲਾਗੂ ਹੋਣ। ਰੈਗੂਲੇਟਰੀਜ਼ ਦੀ ਭੂਮਿਕਾ ਨਾ ਸਿਰਫ ਸੰਕਟ ਪ੍ਰਬੰਧਨ ’ਚ ਹੈ ਸਗੋਂ ਸਾਕਾਰਾਤਮਕ ਉਪਾਵਾਂ ’ਚ ਵੀ ਜੋ ਉਦਯੋਗ ਦੀਆਂ ਕਮਜ਼ੋਰੀਆਂ ਨੂੰ ਘੱਟ ਕਰ ਸਕਦੀ ਹੈ ਅਤੇ ਹਵਾਈ ਜਹਾਜ਼ਾਂ ਨੂੰ ਸੁਰੱਖਿਅਤ ਬਣਾ ਸਕਦੀ ਹੈ।
ਏਅਰਬੱਸ ਸੰਕਟ ਨੇ ਸਾਬਿਤ ਕੀਤਾ ਕਿ ਹਵਾਈ ਉਦਯੋਗ ਕਿੰਨਾ ਸੰਵੇਦਨਸ਼ੀਲ ਹੈ। ਤਕਨੀਕੀ, ਆਰਥਿਕ ਅਤੇ ਚੌਗਿਰਦੇ ਸੰਬੰਧੀ ਚੁਣੌਤੀਆਂ ਨਾਲ ਘਿਰਿਆ ਹੋਇਆ ਹੈ ਪਰ ਮਜ਼ਬੂਤ ਰੈਗੂਲੇਟਰੀ ਢਾਂਚਾ ਅਤੇ ਜ਼ਿੰਮੇਵਾਰ ਏਅਰਲਾਈਨਜ਼ ਇਸ ਦੀ ਰੱਖਿਆ ਕਰ ਸਕਦੀਆਂ ਹਨ। ਸਰਕਾਰਾਂ ਨੂੰ ਖੋਜ ’ਚ ਨਿਵੇਸ਼ ਕਰਨਾ ਹੋਵੇਗਾ, ਉਦਯੋਗ ਨੂੰ ਜ਼ਿਆਦਾ ਲਚਕੀਲਾ ਬਣਾਉਣਾ ਹੋਵੇਗਾ ਤਾਂ ਕਿ ਭਵਿੱਖ ਦੇ ਸੰਕਟਾਂ ਨਾਲ ਨਜਿੱਠਿਆ ਜਾ ਸਕੇ। ਆਖਿਰਕਾਰ ਸੁਰੱਖਿਆ ਸਭ ਤੋਂ ਉਪਰ ਹੈ ਕਿਉਂਕਿ ਆਕਾਸ਼ ’ਚ ਉਡਾਣ ਭਰਨਾ ਜੋਖਮ ਭਰਿਆ ਹੈ ਪਰ ਇਸ ਨੂੰ ਸੁਰੱਖਿਅਤ ਬਣਾਉਣਾ ਸਭ ਦੀ ਜ਼ਿੰਮੇਵਾਰੀ ਹੈ।
ਰਜਨੀਸ਼ ਕਪੂਰ
