ਸੰਤੁਲਨ ਦੀ ਕਸੌਟੀ ’ਤੇ ‘ਸੁਸ਼ਾਸਨ ਬਾਬੂ’

Friday, Dec 05, 2025 - 04:53 PM (IST)

ਸੰਤੁਲਨ ਦੀ ਕਸੌਟੀ ’ਤੇ ‘ਸੁਸ਼ਾਸਨ ਬਾਬੂ’

ਮੁੱਖ ਮੰਤਰੀ ਜਦ-ਯੂ ਨੇਤਾ ਨਿਤੀਸ਼ ਕੁਮਾਰ ਹਨ ਪਰ ਬਿਹਾਰ ਵਿਧਾਨ ਸਭਾ ਦੇ ਸਪੀਕਰ ਭਾਜਪਾ ਨੇਤਾ ਡਾ. ਪ੍ਰੇਮ ਕੁਮਾਰ ਚੁਣੇ ਗਏ ਹਨ। ਹਾਲ ਦੀਆਂ ਚੋਣਾਂ ’ਚ ਵਿਰੋਧੀ ਮਹਾਗੱਠਜੋੜ ਦਾ ਜਿਹੋ ਜਿਹਾ ਅਪਮਾਨ ਹੋਇਆ, ਉਸ ਦੇ ਮੱਦੇਨਜ਼ਰ ਪ੍ਰੇਮ ਕੁਮਾਰ ਦਾ ਸਰਬਸੰਮਤੀ ਨਾਲ ਚੁਣਿਆ ਜਾਣਾ ਹੈਰਾਨ ਨਹੀਂ ਕਰਦਾ ਪਰ ਵਿਧਾਨ ਸਭਾ ਸਪੀਕਰ ਦਾ ਅਹੁਦਾ ਭਾਜਪਾ ਕੋਲ ਜਾਣਾ ਮੰਤਰੀ ਮੰਡਲ ਗਠਨ ਦੇ ਬਾਅਦ ਤੋਂ ਲਗਾਏ ਜਾ ਰਹੇ ਕਿਆਸਿਆਂ ’ਤੇ ਮੋਹਰ ਹੀ ਲਗਾ ਦਿੰਦਾ ਹੈ। ਬੇਸ਼ੱਕ ਸਭ ਤੋਂ ਲੰਬੇ ਸਮੇਂ ਤੱਕ ਬਿਹਾਰ ਦਾ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਨਿਤੀਸ਼ ਕੁਮਾਰ ਦੇ ਨਾਂ ’ਤੇ ਹੈ ਪਰ ਉਨ੍ਹਾਂ ਦੀ ਇਸ ਨਵੀਂ ਪਾਰੀ ’ਚ ਸ਼ਕਤੀ ਸੰਤੁਲਨ ਪੂਰੀ ਤਰ੍ਹਾਂ ਬਦਲ ਗਿਆ ਹੈ।

ਇਸ ਵਾਰ ਨਿਤੀਸ਼ ਦੇ ਜਦ-ਯੂ ਦੀਆਂ ਸੀਟਾਂ 43 ਤੋਂ ਵਧ ਕੇ 85 ਹੋ ਗਈਆਂ ਪਰ 89 ਸੀਟਾਂ ਦੇ ਨਾਲ ਸਭ ਤੋਂ ਵੱਡਾ ਦਲ ਭਾਜਪਾ ਹੀ ਬਣੀ। ਜਦ-ਯੂ ਬਿਨਾਂ ਵੀ ਬਾਕੀ ਰਾਜਗ ਦੀਆਂ ਸੀਟਾਂ ਬਹੁਮਤ ਦੇ ਅੰਕੜੇ ਤੋਂ ਸਿਰਫ 5 ਹੀ ਘੱਟ ਰਹੀਆਂ। ਮਹਾਗੱਠਜੋੜ ਦੀ ਦੁਰਗਤੀ ਕਾਰਨ ਪਾਲਾ ਬਦਲ ਦਾ ਬਦਲ ਵੀ ਨਿਤੀਸ਼ ਕੋਲ ਨਹੀਂ ਬਚਿਆ। ਫਿਰ ਵੀ ਬਿਹਾਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਦਾ ਸੁਪਨਾ ਪੈਂਡਿੰਗ ਰੱਖਦੇ ਹੋਏ ਭਾਜਪਾ ਨੇ ਨਿਤੀਸ਼ ਦੀ ਤਾਜਪੋਸ਼ੀ ਕਰਵਾ ਦਿੱਤੀ ਤਾਂ ਉਸ ਦੇ ਸਿਆਸੀ ਕਾਰਨ ਵੀ ਹਨ।

240 ਲੋਕ ਸਭਾ ਸੀਟਾਂ ਵਾਲੀ ਭਾਜਪਾ ਨੂੰ ਕੇਂਦਰ ’ਚ ਆਪਣੀ ਸਰਕਾਰ ਦੀ ਸਥਿਰਤਾ ਲਈ ਜਦ (ਯੂ) ਅਤੇ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੈ। ਬਿਹਾਰ ਤੋਂ ਵੱਡੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀ ਅਗਨੀ ਪ੍ਰੀਖਿਆ ਸਿਰਫ ਕੁਝ ਮਹੀਨੇ ਦੂਰ ਹੈ। ਏਕਨਾਥ ਸ਼ਿੰਦੇ ਕਾਂਡ ਦੇ ਮੁੜ ਦੁਹਰਾਅ ਨਾਲ ਮਿੱਤਰ ਦਲਾਂ ’ਚ ਭਾਜਪਾ ਦੀ ਭਰੋਸੇਯੋਗਤਾ ’ਤੇ ਸ਼ੱਕ ਹੈ। ਆਖਿਰ ਬਿਹਾਰ ਦਾ ਇੰਨਾ ਵੱਡਾ ਫਤਵਾ ਹੈ ਤਾਂ ਰਾਜਗ ਦੀ ਇਕਜੁੱਟ ਹਮਲਾਵਰੀ ਰਾਜਨੀਤੀ-ਰਣਨੀਤੀ ਦੀ ਹੀ ਸਮੂਹਿਕ ਜਿੱਤ। ਬਜ਼ੁਰਗ ਨਿਤੀਸ਼ ਭਵਿੱਖ ’ਚ ਵੀ ਵੰਸ਼ਵਾਦ ਤੋਂ ਬਚੇ ਰਹੇ ਤਾਂ ਉਨ੍ਹਾਂ ਦੇ ਵਰਕਰਾਂ ਅਤੇ ਸਮਰਥਕਾਂ ’ਚ ਆਪਣੇ ਪ੍ਰਤੀ ਮਿੱਤਰਤਾ-ਭਾਵ ਭਾਜਪਾ ਲਈ ਦੂਰਗਾਮੀ ਰਾਜਨੀਤੀ ’ਚ ਫਾਇਦੇਮੰਦ ਹੀ ਸਾਬਿਤ ਹੋਵੇਗਾ। ਇਸ ਲਈ ਭਾਜਪਾ ਦੀ ਮਜਬੂਰੀ ਨਾ ਸਹੀ, ਨਿਤੀਸ਼ ਅਜੇ ਵੀ ਜ਼ਰੂਰੀ ਹਨ। ਫਿਰ ਵੀ ਮੰਤਰੀ ਮੰਡਲ ਗਠਨ ਨਾਲ ਭਾਜਪਾ ਨੇ ਸੰਦੇਸ਼ ਦੇ ਦਿੱਤਾ ਹੈ ਕਿ ਮੁੱਖ ਮੰਤਰੀ ਬਣਾਉਣਾ ਤਾਂ ਉਸ ਦਾ ਵਡੱਪਣ ਹੈ। ਨਹੀਂ ਤਾਂ ‘ਵੱਡਾ ਭਰਾ’ ਉਹੀ ਹੈ। ਜ਼ਾਹਿਰ ਹੈ ਖੁਦ ਲਈ ‘ਸੁਸ਼ਾਸਨ ਬਾਬੂ’ ਸੰਬੋਧਨ ਪਸੰਦ ਕਰਨ ਵਾਲੇ ਨਿਤੀਸ਼ ਲਈ 20 ਸਾਲ ’ਚ 20ਵੀਂ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਨਾਲ ਸ਼ੁਰੂ ਪਾਰੀ ਕਿਸੇ ‘ਅਗਨੀਪਥ’ ਤੋਂ ਘੱਟ ਸਾਬਿਤ ਨਹੀਂ ਹੋਣ ਵਾਲੀ। ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ’ਚ ਹੋਏ ਸਹੁੰ ਚੁੱਕ ਸਮਾਰੋਹ ’ਚ ਭਾਜਪਾ ਕੋਟੇ ਦੇ ਹੀ ਸਭ ਤੋਂ ਜ਼ਿਆਦਾ 14 ਮੰਤਰੀਆਂ ਨੇ ਸਹੁੰ ਚੁੱਕੀ। ਜਦ (ਯੂ) ਦੇ ਹਿੱਸੇ ਫਿਲਹਾਲ 8 ਮੰਤਰੀ ਅਹੁਦੇ ਹੀ ਆਏ ਹਨ। ਗੱਲ ਗਿਣਤੀ ਦੀ ਨਹੀਂ ਹੈ। 20 ਸਾਲ ’ਚ ਪਹਿਲੀ ਵਾਰ ਨਿਤੀਸ਼ ਨੂੰ ਗ੍ਰਹਿ ਮੰਤਰਾਲਾ ਛੱਡਣਾ ਪਿਆ ਹੈ।

ਉਪ ਮੁੱਖ ਮੰਤਰੀ ਸਮਰਾਟ ਚੌਧਰੀ ਬਿਹਾਰ ਦੇ ਨਵੇਂ ਗ੍ਰਹਿ ਮੰਤਰੀ ਹਨ, ਜਿਨ੍ਹਾਂ ਨੂੰ ‘ਵੱਡਾ ਆਦਮੀ’ ਬਣਾਉਣ ਦਾ ਵਾਅਦਾ ਚੋਣ ਪ੍ਰਚਾਰ ’ਚ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕੀਤਾ ਸੀ। ਬੇਸ਼ੱਕ ਬਦਲੇ ’ਚ ਵਿੱਤ ਮੰਤਰਾਲਾ ਨਿਤੀਸ਼ ਨੇ ਆਪਣੇ ਕੋਲ ਰੱਖ ਲਿਆ ਹੈ ਜੋ ਗੱਠਜੋੜ ਸਰਕਾਰ ’ਚ ਹੁਣ ਤੱਕ ਭਾਜਪਾ ਕੋਲ ਰਹਿੰਦਾ ਸੀ ਪਰ ਉਦਯੋਗ, ਮਾਲੀਆ, ਭੂਮੀ, ਨਗਰ ਵਿਕਾਸ ਅਤੇ ਸਿਹਤ ਵਰਗੇ ਮਹੱਤਵਪੂਰਨ ਮੰਨੇ ਜਾਣ ਵਾਲੇ ਮੰਤਰਾਲੇ ਵੀ ਹੁਣ ਭਾਜਪਾ ਦੇ ਹਿੱਸੇ ’ਚ ਆਏ ਹਨ।

ਗਿਣਤੀ ਦੇ ਨਜ਼ਰੀਏ ਨਾਲ ਬੇਸ਼ੱਕ ਭਾਜਪਾ ਅਤੇ ਜਦ (ਯੂ) ਦੇ ਵਿਚਾਲੇ ਵੰਡੇ ਗਏ ਵਿਭਾਗ ਬਰਾਬਰ ਹੋਣ ਪਰ ਦਬਦਬੇ ਅਤੇ ਬਜਟ-ਆਕਾਰ ’ਚ ਫਰਕ ਬਹੁਤ ਕੁਝ ਕਹਿ ਦਿੰਦਾ ਹੈ। ਹੁਣ ਵਿਧਾਨ ਸਭਾ ਸਪੀਕਰ ਦੇ ਅਹੁਦੇ ’ਤੇ ਵੀ ਆਪਣੇ ਨੇਤਾ ਨੂੰ ਕਾਬਜ਼ ਕਰਵਾ ਕੇ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚਿਹਰਾ ਬੇਸ਼ੱਕ ਹੀ ਨਿਤੀਸ਼ ਹਨ ਪਰ ਸਰਕਾਰ ਚੱਲੇਗੀ ਉਸ ਦੀ ਹੀ ਚਾਲ।

ਚਿਰਾਗ ਪਾਸਵਾਨ ਦਾ ਕੱਦ ਵੀ ਬਿਹਾਰ ਦੀ ਰਾਜਨੀਤੀ ’ਚ ਵਧ ਗਿਆ ਹੈ। ਨਾ ਤਾਂ ਚਿਰਾਗ ਦੀਆਂ ਵੱਡੀਆਂ ਇੱਛਾਵਾਂ ਕਿਸੇ ਤੋਂ ਲੁਕੀਆਂ ਹਨ ਅਤੇ ਨਾ ਹੀ ਭਾਜਪਾ ਨਾਲ ਨੇੜਤਾ। ਨਿਤੀਸ਼ ਦੇ ਸਹੁੰ ਚੁੱਕਣ ਵਾਲੇ ਦਿਨ ਪਟਨਾ ’ਚ ਚਿਰਾਗ ਦੇ ‘ਸ਼ੇਰ’ ਵਾਲੇ ਪੋਸਟਰ ਆਪਣੇ ਆਪ ਹੀ ਤਾਂ ਨਹੀਂ ਲੱਗ ਗਏ ਹੋਣਗੇ। ਚਿਰਾਗ ਦੀ ਪਾਰਟੀ ਲੋਕ ਜਨਸ਼ਕਤੀ (ਰਾਮਵਿਲਾਸ) ਦੇ ਹਿੱਸੇ 2 ਮੰਤਰੀ ਅਹੁਦੇ ਆਏ ਹਨ। ਨਿਤੀਸ਼ ਨਾਲ ਖੱਟੇ-ਮਿੱਠੇ ਰਿਸ਼ਤਿਆਂ ਵਾਲੇ ਓਪੇਂਦਰ ਕੁਸ਼ਵਾਹਾ ਅਤੇ ਜੀਤਨਰਾਮ ਮਾਂਝੀ ਦੇ ਹਿੱਸੇ 1-1 ਮੰਤਰੀ ਅਹੁਦਾ ਆਇਆ ਹੈ, ਜਿਸ ’ਤੇ ਉਨ੍ਹਾਂ ਨੇ ਆਪਣੇ-ਆਪਣੇ ਬੇਟਿਆਂ ਨੂੰ ਬਿਰਾਜਮਾਨ ਕਰ ਦਿੱਤਾ ਹੈ।

ਕੁਸ਼ਵਾਹਾ ਦੇ ਬੇਟੇ ਦੀਪਕ ਪ੍ਰਕਾਸ਼ ਕਿਸੇ ਸਦਨ ਦੇ ਮੈਂਬਰ ਵੀ ਨਹੀਂ ਹਨ। ਰਾਜਗ ਦੀ ਜਿੱਤ ’ਚ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲੀਆਂ ਮਹਿਲਾਵਾਂ ਨੂੰ ਮੰਤਰੀ ਮੰਡਲ ’ਚ ਫਿਲਹਾਲ 11 ਫੀਸਦੀ ਜਗ੍ਹਾ ਮਿਲੀ ਹੈ। ਇਹ 3 ਮਹਿਲਾ ਮੰਤਰੀ ਹਨ-ਲੇਸ਼ੀ ਿਸੰਘ, ਸ਼੍ਰੇਯਸੀ ਸਿੰਘ ਅਤੇ ਰਮਾ ਨਿਸ਼ਾਦ। ਮੰਤਰੀ ਮੰਡਲ ’ਚ ਇਕੋ-ਇਕ ਮੁਸਲਿਮ ਚਿਹਰਾ ਮੁਹੰਮਦ ਜਮਾ ਖਾਨ ਹਨ। ਉਮਰ ਦੇ ਨਾਲ ਲਚਕੀਲੇ ਹੁੰਦੇ ਗਏ ਨਿਤੀਸ਼ ’ਤੇ ਇਸ ਵਾਰ ਸਭ ਨੂੰ ਸਾਧਦੇ ਹੋਏ ਚੱਲਣ ਦਾ ਦਬਾਅ ਰਹੇਗਾ ਅਤੇ ਚੋਣਾਂ ’ਚ ਕੀਤੇ ਗਏ ਵਾਅਦਿਆਂ ’ਤੇ ਅਮਲ ਦਾ ਵੀ।

ਬਿਹਾਰ ਦੇ ਫਤਵੇ ’ਚ ਚੋਣਾਂ ਤੋਂ ਪਹਿਲਾਂ ਲੱਗਭਗ ਸਵਾ ਕਰੋੜ ਮਹਿਲਾਵਾਂ ਦੇ ਖਾਤੇ ’ਚ 10-10 ਹਜ਼ਾਰ ਰੁਪਏ ਟਰਾਂਸਫਰ ਹੋਣ ਅਤੇ ਸਰਕਾਰ ਬਣਨ ’ਤੇ ਦੋ ਲੱਖ ਰੁਪਏ ਤੱਕ ਮਿਲਣ ਦੀ ਆਸ ਦੀ ਫੈਸਲਾਕੁੰਨ ਭੂਮਿਕਾ ਤੋਂ ਇਨਕਾਰ ਸੰਭਵ ਨਹੀਂ। ਇਕ ਪਾਸੇ ਫਤਵੇ ’ਚ ਅਜਿਹੇ ਹੀ ਹੋਰ ਲੋਕ ਲੁਭਾਊ ਵਾਅਦਿਆਂ ਦਾ ਵੀ ਯੋਗਦਾਨ ਰਿਹਾ ਹੈ, ਜਿਨ੍ਹਾਂ ਨੂੰ ਪੂਰਾ ਕਰ ਸਕਣਾ ਆਸਾਨ ਹਰਗਿਜ਼ ਨਹੀਂ।

ਖਾਸ ਕਰ ਕੇ ਮਹਿਲਾ ਕੇਂਦਰਿਤ ਲੋਕ ਲੁਭਾਊ ਯੋਜਨਾਵਾਂ ਪੂਰੇ ਦੇਸ਼ ’ਚ ਹੀ ਚੋਣਾਂ ਜਤਾਉਣ ’ਚ ਲਗਾਤਾਰ ਫੈਸਲਾਕੁੰਨ ਸਾਬਿਤ ਹੋ ਰਹੀਆਂ ਹਨ। ਇਸ ਲਈ 20 ਸਾਲ ਦੇ ਸ਼ਾਸਨ ਦੇ ਬਾਅਦ, ਨਿਤੀਸ਼ ਨੂੰ ਬਿਹਾਰ ’ਚ ਆਪਣੇ ਕੰਮ ਨਾਲੋਂ ਜ਼ਿਆਦਾ ਵਾਅਦਿਆਂ ਦਾ ਸਹਾਰਾ ਲੈਣਾ ਪਿਆ। ਵਾਅਦੇ ਵਿਰੋਧੀਆਂ ਨੇ ਵੀ ਘੱਟ ਨਹੀਂ ਕੀਤੇ ਸਨ ਪਰ ਸੱਤਾ ’ਚ ਮੌਜੂਦਗੀ ਅਤੇ ਬਿਹਤਰ ਸਾਖ ਨਾਲ ਬਾਜ਼ੀ ਰਾਜਗ ਦੇ ਹੱਥ ਰਹੀ। ਹੁਣ ਚੋਣ ਵਾਅਦਿਆਂ ’ਤੇ ਅਮਲ ਦੀਆਂ ਚੁਣੌਤੀਆਂ ਨਾਲ ਦੋ-ਚਾਰ ਹੋਣਾ ਪਵੇਗਾ।
–ਰਾਜ ਕੁਮਾਰ ਸਿੰਘ


author

Baljit Singh

Content Editor

Related News