ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਵਿਰੋਧੀ ਧਿਰ ਦਾ ਵਿਰੋਧ ਪ੍ਰਦਰਸ਼ਨ
Saturday, Dec 06, 2025 - 04:26 PM (IST)
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਸੰਸਦ ਕੰਪਲੈਕਸ ’ਚ ਰਾਸ਼ਟਰੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ’ਚ ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਸਰਕਾਰ ਨੂੰ ਕਾਰਵਾਈ ਕਰਨ ਲਈ ਕਿਹਾ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਇਸ ਵਿਰੋਧ ਪ੍ਰਦਰਸ਼ਨ ’ਚ ਮੌਜੂਦ ਸਨ, ਜਿੱਥੇ ਸੰਸਦ ਮੈਂਬਰਾਂ ਨੂੰ ਹਵਾ ਪ੍ਰਦੂਸ਼ਣ ਦੀ ਸਮੱਿਸਆ ’ਤੇ ਜ਼ੋਰ ਦੇਣ ਲਈ ਮਾਸਕ ਪਹਿਨੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ’ਚ ਦਿੱਤੇ ਗਏ ‘ਮੌਸਮ ਦਾ ਆਨੰਦ ਲਓ’ ਵਾਲੇ ਬਿਆਨ ’ਤੇ ਨਿਸ਼ਾਨਾ ਸਾਧਦੇ ਹੋਏ ਇਕ ਬੈਨਰ ਫੜਿਆ ਹੋਇਆ ਦੇਖਿਆ ਗਿਆ। ਭਾਜਪਾ ਦਾ ‘ਥਿੰਕ ਟੈਂਕ’ ਓ. ਬੀ. ਸੀ. ਰਾਸ਼ਟਰੀ ਪ੍ਰਧਾਨ ਚਾਹੁੰਦਾ ਹੈ : ਬੁੱਧਵਾਰ ਨੂੰ ਸੰਸਦ ’ਚ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ. ਪੀ. ਨੱਡਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ ਤੋਂ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਅਗਲੇ ਭਾਜਪਾ ਪ੍ਰਧਾਨ ਦੀ ਚੋਣ ਜਲਦੀ ਹੀ ਹੋ ਸਕਦੀ ਹੈ। ਅਗਲੇ ਸਾਲ ਦੀ ਸ਼ੁਰੂਆਤ ’ਚ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਪੁਡੂਚੇਰੀ ਅਤੇ ਆਸਾਮ ਵਰਗੇ ਅਹਿਮ ਰਾਜਾਂ ’ਚ ਚੋਣਾਂ ਹੋਣੀਆਂ ਹਨ, ਅਜਿਹੇ ’ਚ ਪਾਰਟੀ ਦੇ ਕਈ ਨੇਤਾਵਾਂ ਦਾ ਕਹਿਣਾ ਹੈ ਕਿ ਇਨ੍ਹਾਂ ਚੋਣਾਂ ਤੋਂ ਕਾਫੀ ਪਹਿਲਾਂ ਨਵੇਂ ਭਾਜਪਾ ਪ੍ਰਧਾਨ ਨੂੰ ਚੁਣ ਲਿਆ ਜਾਣਾ ਚਾਹੀਦਾ ਹੈ। ਦੂਜੇ ਪਾਸੇ ਭਾਜਪਾ ਦਾ ‘ਥਿੰਕ ਟੈਂਕ’ ਓ. ਬੀ. ਸੀ. ਰਾਸ਼ਟਰੀ ਪ੍ਰਧਾਨ ਚਾਹੁੰਦਾ ਹੈ।
ਨਵੇਂ ਰਾਸ਼ਟਰੀ ਪ੍ਰਧਾਨ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਮਨਜ਼ੂਰੀ ਨਾਲ ਹੋਵੇਗਾ। ਪਾਰਟੀ ਪ੍ਰਧਾਨ ਦੇ ਅਹੁਦੇ ਲਈ ਜਿਹੜੇ ਨਾਵਾਂ ਦੀ ਚਰਚਾ ਚੱਲ ਰਹੀ ਹੈ, ਉਸ ’ਚ ਕੇਂਦਰੀ ਖੇਤੀਬਾੜੀ, ਕਿਸਾਨ ਕਲਿਆਣ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਧਰਮਿੰਦਰ ਪ੍ਰਧਾਨ, ਬੀ. ਐੱਲ. ਸੰਤੋਸ਼ ਅਤੇ ਵਿਨੋਦ ਤਾਵੜੇ ਸ਼ਾਮਲ ਹਨ। 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ : ਡੀ. ਐੱਮ. ਕੇ. ਤੋਂ ਵੱਧ ਸੀਟਾਂ ਦੀ ਮੰਗ ਕਰਨ ਦੀ ਤਿਆਰੀ ਕਰ ਰਹੇ ਸਹਿਯੋਗੀ ਦਲ : ਜਿਵੇਂ-ਜਿਵੇਂ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕਾਂਗਰਸ ਨੇ ਡੀ. ਐੱਮ. ਕੇ. ਦੇ ਨਾਲ ਸੀਟ ਵੰਡ ’ਤੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ, ਜਿਸ ’ਚ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਦੇ ਨਾਲ 5 ਮੈਂਬਰੀ ਕਮੇਟੀ ਦੀ ਬੈਠਕ ਹੋਈ। ਇਸ ਕਮੇਟੀ ’ਚ ਤਾਮਿਲਨਾਡੂ ਅਤੇ ਪੁੱਡੂਚੇਰੀ ਲਈ ਏ. ਆਈ. ਸੀ. ਸੀ. ਇੰਚਾਰਜ ਗਿਰੀਸ਼ ਰਾਯਾ ਚੋਡਣਕਰ, ਸੂਬਾਈ ਇਕਾਈ ਮੁਖੀ ਕੇ. ਸੇਲਵਪੇਰੂੰਥਗਾਈ, ਵਿਧਾਨ ਸਭਾ ’ਚ ਕਾਂਗਰਸ ਦੇ ਫਲੋਰ ਲੀਡਰ ਰਾਜੇਸ਼ ਕੁਮਾਰ, ਨਿਵੇਦਿਥ ਅਲਵਾ ਅਤੇ ਸੂਰਜ ਹੇਗੜੇ ਸ਼ਾਮਲ ਸਨ। ਸਮਿਤੀ ਨੇ ਸਟਾਲਿਨ ਅਤੇ ਡੀ. ਐੱਮ. ਕੇ. ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਸੀਟਾਂ ਦੀ ਗਿਣਤੀ ਨੂੰ ਲੈ ਕੇ ਕਾਂਗਰਸ ਹਾਈਕਮਾਨ ਦੀ ਮੰਗ ਦੱਸੀ।
ਸੂਤਰਾਂ ਮੁਤਾਬਕ, ਕਾਂਗਰਸ ਕਰੀਬ 35 ਸੀਟਾਂ ਦੀ ਮੰਗ ਕਰੇਗੀ ਜੋ 2021 ਦੀਆਂ ਵਿਧਾਨ ਸਭਾ ਚੋਣਾਂ ’ਚ ਗੱਲਬਾਤ ਦੇ ਦੌਰਾਨ ਪਾਰਟੀ ਨੂੰ ਦਿੱਤੀਆਂ ਗਈਆਂ 25 ਸੀਟਾਂ ਤੋਂ ਜ਼ਿਆਦਾ ਹੈ। ਨਾਲ ਹੀ, ਉਹ ਜਿੱਤਣ ਵਾਲੀਆਂ ਸੀਟਾਂ ਦੀ ਵੀ ਮੰਗ ਕਰਨਗੇ। ਸਿਰਫ ਕਾਂਗਰਸ ਹੀ ਨਹੀਂ, ਸਗੋਂ ਵਿਦੁਥਲਾਈ ਚਿਰੁਥਾਈਗਲ ਕਾਚੀ (ਵੀ. ਸੀ. ਕੇ.) ਅਤੇ ਲੈਫਟ ਪਾਰਟੀਆਂ ਸਮੇਤ ਲਗਭਗ ਸਾਰੇ ਸਹਿਯੋਗੀ ਦਲ 2026 ਦੀਆਂ ਚੋਣਾਂ ’ਚ ਡੀ. ਐੱਮ. ਕੇ. ਤੋਂ ਵੱਧ ਸੀਟਾਂ ਦੀ ਮੰਗ ਕਰਨ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ, ਡੀ. ਐੱਮ. ਕੇ. 2026 ਦੀਆਂ ਚੋਣਾਂ ਲਈ 2021 ਦੇ ਸੀਟ-ਸ਼ੇਅਰਿੰਗ ਫਾਰਮੂਲੇ ਨੂੰ ਹੀ ਜਾਰੀ ਰੱਖਣ ਦਾ ਪ੍ਰਸਤਾਵ ਦੇ ਸਕਦੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, ‘‘ਤੁਸੀਂ ਸਾਰੇ ਹੱਥ ਕਿਉਂ ਨਹੀਂ ਉਠਾਉਂਦੇ? : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਸੂਬਾਈ ਸਰਕਾਰ ਜੋ ਪਿਛਲੇ 20 ਸਾਲਾਂ ਤੋਂ ਬਿਹਾਰ ਦੇ ਚੌਤਰਫਾ ਵਿਕਾਸ ਲਈ ਵਚਨਬੱਧ ਹੈ, ਅਗਲੇ 5 ਸਾਲਾਂ ’ਚ ਇੰਡਸਟ੍ਰੀਅਲ ਗ੍ਰੋਥ, ਖੇਤੀ ਖੇਤਰ, ਮਹਿਲਾਵਾਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਾਲ-ਨਾਲ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ’ਤੇ ਵੀ ਧਿਆਨ ਦੇਵੇਗੀ। ਵਿਧਾਨ ਸਭਾ ’ਚ ਰਾਜਪਾਲ ਦੇ ਭਾਸ਼ਣ ’ਤੇ ਜਵਾਬ ਦਿੰਦੇ ਹੋਏ ਨਿਤੀਸ਼ ਨੇ ਪੀ. ਐੱਮ. ਮੋਦੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਵਿਰੋਧੀ ਧਿਰ ’ਤੇ ਹੱਥ ਉਠਾਉਣ ’ਚ ਆਨਾਕਾਨੀ ਕਰਨ ਲਈ ਤੰਜ ਕੱਸਿਆ। ਕੁਮਾਰ ਨੇ ਕਿਹਾ, ‘‘ਤੁਸੀਂ ਸਾਰੇ ਹੱਥ ਕਿਉਂ ਨਹੀਂ ਉਠਾਉਂਦੇ? ਪੀ. ਐੱਮ. ਅਤੇ ਕੇਂਦਰ ਦੀ ਬਿਹਾਰ ਨੂੰ ਮਦਦ ਨਾਲ ਸਭ ਨੂੰ ਫਾਇਦਾ ਹੋ ਰਿਹਾ ਹੈ। ਐੱਲ. ਓ. ਪੀ. ਤੇਜਸਵੀ ਪ੍ਰਸਾਦ ਯਾਦਵ ਦੀ ਗੈਰ-ਹਾਜ਼ਰੀ ’ਚ, ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਕੁਮਾਰ ਸਰਬਜੀਤ ਨੇ ਇਸ਼ਾਰਿਆਂ-ਇਸ਼ਾਰਿਆਂ ’ਚ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਮੁੱਖ ਮੰਤਰੀ ਰਾਜਦ ਦੇ ਨਾਲ ਸਨ ਤਾਂ ਉਹ ਦੋਸ਼ ਲਗਾਉਂਦੇ ਸਨ ਕਿ ਭਾਜਪਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਹੁਣ ਜਦੋਂ ਉਨ੍ਹਾਂ ਭਾਜਪਾ ਨਾਲ ਹੱਥ ਮਿਲਾ ਲਿਆ ਹੈ ਤਾਂ ਉਹ ਵਿਧਾਇਕਾਂ ਨੂੰ ਪ੍ਰਧਾਨ ਮੰਤਰੀ ਦਾ ਸਮਰਥਨ ਕਰਨ ਲਈ ਕਹਿ ਰਹੇ ਹਨ।
ਐੱਸ. ਆਈ. ਆਰ. ਜਾਂ ਡਿਟੈਂਸ਼ਨ ਕੈਂਪ ਦੀ ਇਜਾਜ਼ਤ ਨਹੀਂ ਦੇਵੇਗੀ ਮਮਤਾ : ਤ੍ਰਿਣਮੂਲ ਕਾਂਗਰਸ ਨੇ ਭਰਤਪੁਰ ਦੇ ਵਿਧਾਇਕ ਹਮਾਯੂੰ ਕਬੀਰ ਨੂੰ ਸਸਪੈਂਡ ਕਰ ਦਿੱਤਾ, ਜਿਨ੍ਹਾਂ ਨੇ ਰਾਜ ਦੇ ਮੁਰਸ਼ਿਦਾਬਾਦ ਜ਼ਿਲੇ ’ਚ 6 ਦਸੰਬਰ ਨੂੰ ‘ਬਾਬਰੀ ਮਸਜਿਦ’ ਬਣਾਉਣ ਦਾ ਸੱਦਾ ਦਿੱਤਾ ਸੀ। ਆਪਣੇ ਸਸਪੈਂਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਬੀਰ ਨੇ ਕਿਹਾ ਕਿ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ 22 ਦਸੰਬਰ ਨੂੰ ਮੁਰਸ਼ਿਦਾਬਾਦ ’ਚ ਆਪਣੀ ਪਾਰਟੀ ਦਾ ਐਲਾਨ ਕਰਨਗੇ। ਉਨ੍ਹਾਂ ਨੇ ਕਿਹਾ, ‘‘ਮੈਂ ਭਾਜਪਾ ਅਤੇ ਤ੍ਰਿਣਮੂਲ ਦੋਵਾਂ ਦੇ ਵਿਰੁੱਧ ਚੋਣ ਲੜਾਂਗਾ।’’ ਉਥੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜ਼ੋਰ ਦੇ ਕੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਫਿਰਕੂ ਰਾਜਨੀਤੀ ਨਹੀਂ ਕਰਦੀ। ਘੱਟਗਿਣਤੀ ਬਹੁਤਾਤ ਵਾਲੇ ਮੁਰਸ਼ਿਦਾਬਾਦ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਕਿਹਾ ਕਿ ਟੀ. ਐੱਮ. ਸੀ. ਫਿਰਕਾਪ੍ਰਸਤੀ ਦੀ ਰਾਜਨੀਤੀ ਨਹੀਂ ਕਰਦੀ। ਮੁਰਸ਼ਿਦਾਬਾਦ ਦੇ ਲੋਕ ਦੰਗਿਆਂ ਦੀ ਰਾਜਨੀਤੀ ਸਵੀਕਾਰ ਨਹੀਂ ਕਰਨਗੇ। ਮਮਤਾ ਨੇ ਘੱਟਗਿਣਤੀ ਫਿਰਕਿਆਂ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਸੂਬੇ ’ਚ ਨੈਸ਼ਨਲ ਰਜਿਸਟਰ ਫਾਰ ਸਿਟੀਜ਼ਨ (ਐੱਸ. ਆਈ. ਆਰ.) ਜਾਂ ਡਿਟੈਂਸ਼ਨ ਕੈਂਪ ਦੀ ਇਜਾਜ਼ਤ ਨਹੀਂ ਦੇਵੇਗੀ।
ਰਾਹਿਲ ਨੌਰਾ ਚੋਪੜਾ
