ਜੇਲਾਂ ’ਚ ਕੁਝ ਸੁਰੱਖਿਆ ਮੁਲਾਜ਼ਮਾਂ ਵਲੋਂ ਨਸ਼ੇ, ਮੋਬਾਈਲ ਆਦਿ ਦੀ ਸਪਲਾਈ ਜਾਰੀ!
Friday, Dec 05, 2025 - 03:22 AM (IST)
ਗਲਤ ਵਿਵਸਥਾ ਦੀਆਂ ਸ਼ਿਕਾਰ ਭਾਰਤੀ ਜੇਲਾਂ ’ਚ ਬੰਦ ਕੈਦੀਆਂ ਤੋਂ ਨਸ਼ੇ ਅਤੇ ਮੋਬਾਈਲ ਫੋਨਾਂ ਆਦਿ ਦੀ ਬਰਾਮਦਗੀ ਆਮ ਗੱਲ ਹੋ ਗਈ ਹੈ, ਜਿਨ੍ਹਾਂ ’ਚ ਜੇਲਾਂ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਪਾਏ ਜਾ ਰਹੇ ਹਨ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਪਿਛਲੇ 9 ਮਹੀਨਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 8 ਮਾਰਚ, 2025 ਨੂੰ ਪੰਜਾਬ ਪੁਲਸ ਨੇ ‘ਹੁਸ਼ਿਆਰਪੁਰ’ ਕੇਂਦਰੀ ਜੇਲ ਦੇ ਸੁਪਰਿੰਟੈਂਡੈਂਟ ਸਮੇਤ 5 ਜੇਲ ਅਧਿਕਾਰੀਆਂ ਅਤੇ 2 ਕੈਦੀਆਂ ਦੇ ਵਿਰੁੱਧ ਨਸ਼ਾ ਸਮੱਗਲਿੰਗ ਅਤੇ ਅਪਰਾਧਿਕ ਸਾਜ਼ਿਸ਼ਾਂ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ।
* 4 ਮਈ ਨੂੰ ‘ਬਠਿੰਡਾ’ (ਪੰਜਾਬ) ਦੀ ਹਾਈ ਸਕਿਓਰਿਟੀ ਜੇਲ ’ਚ ਇਕ ਏ. ਐੱਸ. ਆਈ. ‘ਗੁਰਪ੍ਰੀਤ ਸਿੰਘ’ ਨੂੰ ਜੇਲ ਅਧਿਕਾਰੀਆਂ ਨੇ ਆਪਣੀ ਵਰਦੀ ’ਚ ਲੁਕੋ ਕੇ 45 ਗ੍ਰਾਮ ਚਿੱਟਾ ਲਿਜਾਂਦੇ ਹੋਏ ਗ੍ਰਿਫਤਾਰ ਕੀਤਾ।
* 15 ਮਈ ਨੂੰ ‘ਸੰਗਰੂਰ’ (ਪੰਜਾਬ) ਜੇਲ ’ਚ ਨਸ਼ਾ ਸਮੱਗਲਿੰਗ ਦੇ ਇਕ ਵੱਡੇ ਰੈਕੇਟ ਦਾ ਪਤਾ ਲਗਾ ਕੇ ਅਧਿਕਾਰੀਆਂ ਨੇ 12 ਮੋਬਾਈਲ ਫੋਨ, 50 ਗ੍ਰਾਮ ਅਫੀਮ, 12 ਗ੍ਰਾਮ ਹੈਰੋਇਨ ਅਤੇ ਹੋਰ ਪਾਬੰਦੀ ਲੱਗੀਆਂ ਵਸਤਾਂ ਬਰਾਮਦ ਕੀਤੀਆਂ। ਇਸ ਸਿਲਸਿਲੇ ’ਚ ਡੀ. ਐੱਸ. ਪੀ. (ਸੁਰੱਖਿਆ) ‘ਗੁਰਪ੍ਰੀਤ ਿਸੰਘ’ ਅਤੇ ਜੇਲ ਦੇ ਇਕ ਚੌਥਾ ਦਰਜਾ ਮੁਲਾਜ਼ਮ ਸਮੇਤ ਕੁਲ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 8 ਜੂਨ ਨੂੰ ‘ਰੂਪਨਗਰ’ (ਪੰਜਾਬ) ਦੀ ਜ਼ਿਲਾ ਜੇਲ ’ਚ ਚੱਲ ਰਹੇ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ 2 ਕੈਦੀਆਂ ਦੇ ਨਾਲ-ਨਾਲ 1 ਹਵਲਦਾਰ, 1 ਸਹਾਇਕ ਥਾਣੇਦਾਰ ਅਤੇ 1 ਹਵਾਲਾਤੀ ਨੂੰ ਗ੍ਰਿਫਤਾਰ ਕੀਤਾ ਿਗਆ। ਹਵਲਦਾਰ ‘ਕੁਲਦੀਪ ਿਸੰਘ’ ਤੋਂ 101 ਗ੍ਰਾਮ ਚਰਸ, 154 ਨਸ਼ੇ ਦੇ ਕੈਪਸੂਲ, 80 ਨਸ਼ੀਲੀਆਂ ਗੋਲੀਆਂ ਅਤੇ 6 ਤੰਬਾਕੂ ਦੇ ਪੈਕੇਟ ਬਰਾਮਦ ਹੋਏ। ਮੁਲਜ਼ਮ ਹਵਲਦਾਰ ਨੇ ਦੱਸਿਆ ਕਿ ਇਸ ਕੰਮ ’ਚ ਇਕ ਕੈਦੀ ਤੋਂ ਇਲਾਵਾ ਸਹਾਇਕ ਥਾਣੇਦਾਰ ‘ਸੁਖਰਾਮ’ ਵੀ ਸ਼ਾਮਲ ਸੀ।
* 11 ਸਤੰਬਰ ਨੂੰ ‘ਪ੍ਰਪੰਨਾ ਅਗ੍ਰਹਾਰਾ ਸੈਂਟਰਲ ਜੇਲ, ਬੈਂਗਲੁਰੂ’ ’ਚ ਅਧਿਕਾਰੀਆਂ ਨੇ ‘ਕਰਨਾਟਕ ਰਾਜ ਉਦਯੋਗਿਕ ਸੁਰੱਖਿਆ ਬਲ’ (ਕੇ. ਐੱਸ. ਆਈ. ਐੱਸ. ਐੱਫ.) ਦੇ ਇਕ ਕਰਮਚਾਰੀ ‘ਕਾਲੱਪਾ ਐੱਚ. ਅਬਾਚੀ’ ਨੂੰ ਆਪਣੀ ਵਰਦੀ ਦੀ ਟੋਪੀ ਦੇ ਅੰਦਰ ਲੁਕੋ ਕੇ 1 ਲੱਖ ਰੁਪਏ ਮੁੱਲ ਦਾ 100 ਗ੍ਰਾਮ ‘ਹਸ਼ੀਸ਼ ਤੇਲ’ ਅਤੇ 12 ਪੈਕੇਟ ਗੁਟਖਾ ਲਿਜਾਂਦੇ ਹੋਏ ਗ੍ਰਿਫਤਾਰ ਕੀਤਾ।
* 11 ਅਕਤੂਬਰ ਨੂੰ ‘ਲੁਧਿਆਣਾ’ (ਪੰਜਾਬ) ਸੈਂਟਰਲ ਜੇਲ ਦੇ ਸਹਾਇਕ ਸੁਪਰਿੰਟੈਂਡੈਂਟ ‘ਸੁਖਵਿੰਦਰ ਸਿੰਘ’ ਅਤੇ 2 ਹਵਾਲਾਤੀਆਂ ‘ਫਿਰੋਜ਼ਦੀਨ’ ਅਤੇ ‘ਦੀਪਕ ਕੁਮਾਰ’ ਨੂੰ ਐੱਲ. ਈ. ਡੀ. ਟੈਲੀਵਿਜ਼ਨ ਦੇ ਅੰਦਰ ਟੇਪ ਲਗਾ ਕੇ ਨਸ਼ੀਲੇ ਪਦਾਰਥ ਅਤੇ 10 ਮੋਬਾਈਲ ਫੋਨ ਲਿਜਾਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 3 ਦਸੰਬਰ ਨੂੰ ਅਧਿਕਾਰੀਆਂ ਨੇ ਲੁਧਿਆਣਾ ਸੈਂਟਰਲ ਜੇਲ (ਪੰਜਾਬ) ’ਚ ਤਾਇਨਾਤ ਇਕ ਮੈਡੀਕਲ ਆਫਿਸਰ ‘ਡਾਕਟਰ ਪ੍ਰਿੰਸ’ ਅਤੇ ਇਕ ਟੈਕਨੀਸ਼ੀਅਨ ‘ਜਸਪਾਲ ਸ਼ਰਮਾ’ ਨੂੰ ਕੈਦੀਆਂ ਅਤੇ ਹਵਾਲਾਤੀਆਂ ਦੀ ਸਹਾਇਤਾ ਨਾਲ ਸਮੱਗਲਿੰਗ ਦਾ ਰਾਕੇਟ ਚਲਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਇਹ ਦੋਵੇਂ ਮੁਲਜ਼ਮ ਇਕ ਹੀ ਮੋਬਾਈਲ ਦੀ ਵਰਤੋਂ ਕਰ ਕੇ ਯੂ. ਪੀ. ਆਈ. ਐਪਲੀਕੇਸ਼ਨ ਦੇ ਜ਼ਰੀਏ ਕੈਦੀਆਂ, ਹਵਾਲਾਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਰੁਪਏ ਭੋਟਦੇ ਅਤੇ ਪਾਬੰਦੀ ਲੱਗੀਆਂ ਵਸਤਾਂ ਦੀ ਸਮੱਗਲਿੰਗ ਵੀ ਕਰ ਰਹੇ ਸਨ।
* ਅਤੇ ਹੁਣ 3 ਦਸੰਬਰ ਨੂੰ ਹੀ ‘ਲੁਧਿਆਣਾ’ ਸੈਂਟਰਲ ਜੇਲ ’ਚ ਨਸ਼ਾ ਸਪਲਾਈ ਕਰਨ ਦੇ ਦੋਸ਼ ’ਚ ‘ਪੰਜਾਬ ਸਾਬਕਾ ਫੌਜੀ ਨਿਗਮ’ (ਪੈਸਕੋ) ਦੇ ਇਕ ਮੁਲਾਜ਼ਮ ਨੂੰ 10 ਗ੍ਰਾਮ ਨਸ਼ੀਲੇ ਪਦਾਰਥ ਦੇ ਨਾਲ ਗ੍ਰਿਫਤਾਰ ਕੀਤਾ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਜਿਨ੍ਹਾਂ ’ਤੇ ਜੇਲਾਂ ’ਚ ਨਾਜਾਇਜ਼ ਵਸਤਾਂ ਦੀ ਸਮੱਗਲਿੰਗ ਰੋਕਣ ਅਤੇ ਕਾਨੂੰਨ ਵਿਵਸਥਾ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ’ਚੋਂ ਹੀ ਕੁਝ ਮੁਲਾਜ਼ਮ ਜੇਲਾਂ ’ਚ ਬੰਦ ਕੈਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਹਨ।
ਵਰਣਨਯੋਗ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਦੇਸ਼ ’ਚ ਜੇਲਾਂ ਦੇ ਸੁਧਾਰ ਲਈ ਅਨੇਕ ਕਮੇਟੀਆਂ ਦਾ ਗਠਨ ਕੀਤਾ ਗਿਆ ਪਰ ਲਗਭਗ ਸਾਰੇ ਸੁਝਾਅ ਠੰਢੇ ਬਸਤੇ ’ਚ ਪਾ ਦਿੱਤੇ ਜਾਣ ਦੇ ਕਾਰਨ ਜੇਲਾਂ ਦਾ ਹਾਲ ਲਗਾਤਾਰ ਬੁਰਾ ਹੁੰਦਾ ਚਲਿਆ ਗਿਆ।
ਜੇਲਾਂ ’ਚ ਹੋਣ ਵਾਲੀਆਂ ਗੈਰ-ਕਾਨੂੰਨੀ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਉਣ, ਜੇਲਾਂ ’ਚ ਮੋਬਾਈਲ ਆਦਿ ਲੈ ਜਾਣ ਅਤੇ ਇਨ੍ਹਾਂ ਦੀ ਵਰਤੋਂ ਰੋਕਣ ਲਈ ਤੁਰੰਤ ਜੈਮਰ ਲਗਾਉਣ, ਜੇਲਾਂ ’ਚ ਸੁਧਾਰ ਕਮੇਟੀਆਂ ਦੀਆਂ ਰਿਪੋਰਟਾਂ ਤੁਰੰਤ ਲਾਗੂ ਕਰਨ ਅਤੇ ਜੇਲਾਂ ’ਚ ਕੈਦੀਆਂ ਨੂੰ ਨਸ਼ਾ ਅਤੇ ਹੋਰ ਪਾਬੰਦੀ ਲੱਗੀਆਂ ਵਸਤਾਂ ਪਹੁੰਚਾਉਣ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਵੀ ਤੁਰੰਤ ਲੋੜ ਹੈ।
–ਵਿਜੇ ਕੁਮਾਰ
