ਜਯਾ ਬੱਚਨ ਦੇ ਵਿਆਹ ’ਤੇ ਸੱਚ ਬੋਲਣਾ ਲੋਕਾਂ ਨੂੰ ਇੰਨਾ ਬੁਰਾ ਕਿਉਂ ਲੱਗਾ?
Monday, Dec 08, 2025 - 04:53 PM (IST)
ਜਦੋਂ ਮੈਂ 5 ਸਾਲ ਦੀ ਸੀ ਤਾਂ ਮੈਂ ਸਕੂਲ ’ਚ ਇਕ ਫੈਂਸੀ ਡਰੈੱਸ ਕੰਪੀਟੀਸ਼ਨ ’ਚ ਹਿੱਸਾ ਲਿਆ। ਮੈਂ ਬਾਤੂਨੀ ਬੱਚੀ ਸੀ ਪਰ ਬਹੁਤ ਜ਼ਿਆਦਾ ਕਲਪਨਾਸ਼ੀਲ ਨਹੀਂ ਸੀ। ਇਸ ਲਈ, ਮੈਂ ਦੁਲਹਨ ਬਣੀ। ਮੈਂ ਇਸ ਦਾ ਦੋਸ਼ ਪਾਪੂਲਰ ਕਲਚਰ ਨੂੰ ਦੇਣਾ ਚਾਹੁੰਦੀ ਹਾਂ ਅਤੇ ‘ਹਮ ਆਪਕੇ ਹੈਂ ਕੌਨ’ ਇਕ ਆਸਾਨ ਬਹਾਨਾ ਹੁੰਦਾ ਪਰ ਉਹ ਫਿਲਮ ਤਾਂ ਅਜੇ ਰਿਲੀਜ਼ ਹੋਣ ’ਚ ਕਈ ਸਾਲ ਦੂਰ ਸੀ। ਤਾਂ ਸੱਚ ’ਚ ਇਹ ਮੇਰੀ ਪਸੰਦ ਸੀ ਪਰ ਇਕ ਬੱਚੀ ਦੁਲਹਨ ਕਿਉਂ ਬਣਨਾ ਚਾਹੇਗੀ? ਕਿਉਂਕਿ ਜਿਸ ਕਲਚਰ ’ਚ ਮੈਂ ਵੱਡੀ ਹੋ ਰਹੀ ਸੀ, ਉਹ ਨਾ ਸਿਰਫ ਇਸਦੀ ਇਜਾਜ਼ਤ ਦਿੰਦਾ ਸੀ ਸਗੋਂ ਚੁੱਪਚਾਪ ਇਸ ਨੂੰ ਬੜ੍ਹਾਵਾ ਵੀ ਦਿੰਦਾ ਸੀ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਕੰਡੀਸ਼ਨਿੰਗ ਖਤਮ ਹੋ ਗਈ ਹੈ ਤਾਂ ਫਿਰ ਤੋਂ ਸੋਚੋ।
ਕੁਝ ਹੀ ਦਿਨ ਪਹਿਲਾਂ, ਇੰਟਰਨੈੱਟ ਦੀ ਪਸੰਦੀਦਾ ਗੁੱਸੇ ਵਾਲੀ ਚਾਚੀ, ਜਯਾ ਬੱਚਨ ਨੇ ਸਾਨੂੰ ਯਾਦ ਦਿਵਾਇਆ ਕਿ ਇਹ ਆਸਾਂ ਅਜੇ ਵੀ ਕਿੰਨੀਆਂ ਡੂੰਘੀਆਂ ਹਨ। ਬਰਖਾ ਦੱਤ ਨਾਲ ਗੱਲਬਾਤ ’ਚ, ਉਨ੍ਹਾਂ ਨੇ ਵਿਆਹ ਨੂੰ ਇਕ ਪੁਰਾਣਾ ਸਿਸਟਮ ਦੱਸਿਆ ਅਤੇ ਹਲਕੇ-ਫੁਲਕੇ ਅੰਦਾਜ਼ ’ਚ ਕਿਹਾ ਕਿ ਉਨ੍ਹਾਂ ਦੀ ਪੋਤੀ ਨਵਯਾ ਨੂੰ ਬਿਲਕੁਲ ਵਿਆਹ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ, ‘‘ਬਸ ਜ਼ਿੰਦਗੀ ਦਾ ਮਜ਼ਾ ਲਓ।’’ ਇਕ ਸਿੱਧੀ ਜਿਹੀ ਗੱਲ ਅਤੇ ਇੰਟਰਨੈੱਟ ’ਤੇ ਹੰਗਾਮਾ ਮਚ ਗਿਆ। ਕੁਮੈਂਟ ਸੈਕਸ਼ਨ ’ਚ ਜ਼ਿਆਦਾਤਰ ਔਰਤਾਂ ਨੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ। ਹਾਲਾਂਕਿ ਮਰਦ ਨਾਰਾਜ਼ ਸਨ। ਉਨ੍ਹਾਂ ਨੇ ਰੇਖਾ ਦਾ ਜ਼ਿਕਰ ਕੀਤਾ, ਅਮਿਤਾਭ ਬੱਚਨ ’ਤੇ ਤਰਸ ਖਾਧਾ ਅਤੇ ਸਭ ਕੁਝ ਕੀਤਾ ਸਿਵਾਏ ਇਸ ਦੇ ਕਿ ਜਯਾ ਅਸਲ ’ਚ ਕੀ ਕਹਿ ਰਹੀ ਸੀ, ਉਸ ’ਤੇ ਧਿਆਨ ਦਿਓ। ਜਯਾ ਨੇ ਉਸ ਸੱਚ ਨੂੰ ਆਵਾਜ਼ ਦਿੱਤੀ ਜਿਸ ਬਾਰੇ ਅਸੀਂ ਦੱਬੇ ਪੈਰ ਗੱਲ ਕਰਦੇ ਹਾਂ ਕਿ ਕਈ ਔਰਤਾਂ ਲਈ ਵਿਆਹ ਆਜ਼ਾਦੀ ਨਹੀਂ ਹੈ। ਇਹ ਇਕ ਪਿੰਜਰਾ ਹੈ।
ਸਮਾਜਿਕ ਬੋਝ : ਇਸ ਸਾਲ ਜਨਵਰੀ ’ਚ, ਹਾਸਪਿਟੈਲਿਟੀ ਚੇਨ ‘ਓਯੋ’ ਨੇ ਕੁਝ ਸ਼ਹਿਰਾਂ ’ਚ ਆਪਣੀ ਚੇਕ-ਇਨ ਪਾਲਿਸੀ ਬਦਲ ਦਿੱਤੀ। ਉਨ੍ਹਾਂ ਦੀ ਸਾਈਟ ’ਤੇ ਲਿਖਿਆ ਸੀ, ‘‘ਕੁਝ ਹੋਟਲਾਂ ’ਚ, ਸਥਾਨਕ ਹਾਲਾਤ ਦੇ ਕਾਰਨ, ਅਣਵਿਆਹੁਤਿਆਂ (ਬਿਨਾਂ ਰਿਸ਼ਤੇ ਵਾਲੇ ਜੋੜਿਆਂ) ਨੂੰ ਚੈੱਕ-ਇਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਹੈ।’’
ਅਣਵਿਆਹੁਤਾ ਜੋੜਿਆਂ ਪ੍ਰਤੀ ‘ਓਯੋ’ ਦੀ ਸ਼ੁਰੂਆਤੀ ਖੁੱਲ੍ਹੀ ਸੋਚ ਤਰੱਕੀਸ਼ੀਲ ਹੋਣ ਦੀ ਇੱਛਾ ਨਾਲ ਪੈਦਾ ਨਹੀਂ ਹੋਈ ਸੀ। ਉਸ ਨੇ ਬਸ ਵਧਦੇ ਹੋਈ ਇਕ ਇੰਡਸਟਰੀ ਨੂੰ ਦੇਖਿਆ ਸੀ। ਪਾਲਿਸੀ ’ਚ ਬਦਲਾਅ ਅਸਲ ’ਚ ਜ਼ਿਆਦਾ ‘ਸਮਾਜਿਕ ਰੂਪ ਨਾਲ ਪ੍ਰਵਾਨ’ ਦਿਸਣ ਦੀ ਕੋਸ਼ਿਸ਼ ਹੈ ਅਤੇ ਇਹ ਸਮੱਸਿਆ ਦੀ ਜੜ੍ਹ ਹੈ। ਸਮਾਜਿਕ ਪ੍ਰਵਾਨਗੀ ਮਹਿਲਾਵਾਂ ਨੂੰ ਕਿਸੇ ਵੱਲ ਜ਼ਿਆਦਾ ਕੈਦ ਕਰਦੀ ਹੈ। ਬੱਚਨ ਇਸੇ ਜਾਲ ਵੱਲ ਇਸ਼ਾਰਾ ਕਰ ਰਹੀ ਸੀ।
ਪਿਛਲੇ ਦਸੰਬਰ ’ਚ ਪੂਰਾ ਵੱਡਾ ਪਰਿਵਾਰ ਇਕ ਚਚੇਰੇ ਭਰਾ ਦੇ ਵਿਆਹ ’ਚ ਇਕੱਠਾ ਹੋਇਆ ਸੀ, ਜਿਸ ਨਾਲ ਇਹ ਤਜਰਬਾ ਮਜ਼ੇਦਾਰ ਅਤੇ ਚਿੜਚਿੜਾਉਣ ਵਾਲਾ ਦੋਵੇਂ ਸੀ ਕਿਉਂਕਿ ਦੁਲਹਨ ਮੇਰੇ ਤੋਂ ਬਹੁਤ ਛੋਟੀ ਸੀ, ਇਸ ਲਈ ਉਹ ਡਰਾਉਣਾ ਸਵਾਲ ਫਿਰ ਤੋਂ ਸਾਹਮਣੇ ਆਇਆ-ਤਾਂ ਤੁਸੀਂ ਵਿਆਹ ਕਦੋਂ ਕਰ ਰਹੇ ਹੋ? ਹਰ ਤਰੀਕਾ ਅਜ਼ਮਾਇਆ ਗਿਆ। ਮੇਰੇ ਗਰੀਬ ਮਾਤਾ-ਪਿਤਾ ਅਤੇ ਉਨ੍ਹਾਂ ਦੇ ਸੁਪਨਿਆਂ ਬਾਰੇ ਇਮੋਸ਼ਨਲ ਗਿਲਟ, ਟ੍ਰਿਪਿੰਗ ਅਤੇ ਪ੍ਰੈਕਟੀਕਲ ਸਵਾਲ ਜਿਵੇਂ, ‘‘ਕੀ ਤੁਹਾਨੂੰ ਇਕੱਲੇਪਨ ਤੋਂ ਡਰ ਨਹੀਂ ਲੱਗਦਾ?’’ ਮੈਂ ਇਨ੍ਹਾਂ ਸਭ ਤੋਂ ਨਿਮਰਤਾ ਨਾਲ ਕਿਨਾਰਾ ਕਰ ਲਿਆ ਪਰ ਇਸ ਪੂਰੇ ਵਾਕ ਨੇ ਮੈਨੂੰ ਯਾਦ ਦਿਵਾਇਆ ਕਿ ਵਿਆਹ ਦਾ ਵਿਚਾਰ ਮੈਨੂੰ ਕਿਉਂ ਪਸੰਦ ਨਹੀਂ ਆਉਂਦਾ। ਮੇਰੇ ਲਈ ਇਹ ਹਮੇਸ਼ਾ ਤੋਂ ਹੀ ਇਕ ਸੁਭਾਵਿਕ ਰੂਪ ਨਾਲ ਮਹਿਲਾ-ਵਿਰੋਧੀ ਸੰਸਥਾ ਰਹੀ ਹੈ।
ਇਹ ਆਸ ਕਿ ਮਹਿਲਾਵਾਂ ਨੂੰ ਆਪਣਾ ਸਰਨੇਮ, ਘਰ ਅਤੇ ਪਰਿਵਾਰ ਛੱਡ ਦੇਣਾ ਚਾਹੀਦਾ ਹੈ, ਇਸ ’ਤੇ ਅਣਗਿਣਤ ਵਾਰ ਬਹਿਸ ਹੋ ਚੁੱਕੀ ਹੈ ਪਰ ਵੱਡੀ ਸਮੱਸਿਆ ਵਿਆਹ ਦੇ ਆਲੇ-ਦੁਆਲੇ ਬਣੀ ਵਿਸ਼ਾਲ ਸੰਰਚਨਾ ਹੈ। ਇਕੱਲੀਆਂ ਔਰਤਾਂ ਨੂੰ ਰੈਗੂਲਰ ਤੌਰ ’ਤੇ ਅਜੀਬ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਦਾਹਰਣ ਲਈ ਜਦੋਂ ਮੈਂ ਕੋਈ ਅਪਾਰਟਮੈਂਟ ਕਿਰਾਏ ’ਤੇ ਲੈਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਮੇਰੇ ਵਿਆਹ ਦੀ ਸਥਿਤੀ ਕਿਉਂ ਮਾਅਨੇ ਰੱਖਦੀ ਹੈ? ਹਾਲ ਹੀ ’ਚ ਮੈਨੂੰ ਸ਼ੈਨੇਗਨ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਮੇਰੇ ਕੋਲ ‘ਆਪਣੇ ਦੇਸ਼ ਨਾਲ ਮਜ਼ਬੂਤ ਸੰਬੰਧ’ ਨਹੀਂ ਸਨ। ਜ਼ਾਹਿਰ ਹੈ, ਮੇਰਾ ਪਰਿਵਾਰ, ਦੋਸਤ ਅਤੇ ਕਰੀਅਰ ਉਦੋਂ ਤੱਕ ਬੇਕਾਰ ਹੈ ਜਦੋਂ ਤਕ ਮੈਂ ਵਿਆਹੁਤਾ ਅਤੇ ਬੱਚਿਆਂ ਵਾਲੀ ਨਾ ਹੋ ਜਾਵਾਂ।
ਇਹ ਸਿਸਟਮੈਟਿਕ ਭੇਦਭਾਵ ਇਕੱਲੀਆਂ ਔਰਤਾਂ ਦੇ ਜੀਵਨ ਅਤੇ ਯੋਗਦਾਨ ਨੂੰ ਘੱਟ ਮਾਪਦਾ ਹੈ। ਇਸੇ ਦਰਮਿਆਨ ਭਾਰਤ ’ਚ ਵਿਆਹੁਤਾ ਜੋੜੇ ਕਈ ਸਮਾਜਿਕ, ਆਰਥਿਕ ਲਾਭਾਂ ਦਾ ਆਨੰਦ ਲੈਂਦੇ ਹਨ। ਭਾਵੇਂ ਹੀ ਇਥੇ ਜੁਆਇੰਟ ਟੈਕਸ ਫਾਈਲਿੰਗ ਨਹੀਂ ਹੈ, ਇਕ ਵਿਆਹੁਤਾ ਵਿਅਕਤੀ ਆਪਣੇ ਜੀਵਨ ਸਾਥੀ ਦੇ ਮੈਡੀਕਲ ਖਰਚਿਆਂ ਲਈ ਕਟੌਤੀ ਦਾ ਦਾਅਵਾ ਕਰ ਸਕਦਾ ਹੈ, ਇਕ ਅਣਵਿਆਹੁਤਾ ਪਾਰਟਨਰ ਅਜਿਹਾ ਨਹੀਂ ਕਰ ਸਕਦਾ। ਹੋਮ ਲੋਨ ਦੇ ਫਾਇਦੇ ਸਿਰਫ ਉਧਾਰ ਲੈਣ ਵਾਲਿਆਂ ਜਾਂ ਸਹਿ-ਉਧਾਰ ਲੈਣ ਵਾਲਿਆਂ ’ਤੇ ਲਾਗੂ ਹੁੰਦੇ ਹਨ ਜੋ ਫਿਰ ਤੋਂ ਵਿਆਹ ਦੇ ਅੰਦਰ ਤਾਂ ਠੀਕ ਕੰਮ ਕਰਦਾ ਹੈ ਪਰ ਇਸ ਦੇ ਬਾਹਰ ਸ਼ਾਇਦ ਹੀ ਕਦੇ। ਇਹ ਅਸਮਾਨਤਾ ਪੂਰਵਾਗ੍ਰਹਿ ਦਾ ਇਕ ਸ਼ਾਂਤ ਰੂਪ ਹੈ।
ਇਤਿਹਾਸਕ ਤੌਰ ’ਤੇ ਵਿਆਹ ਗੱਠਜੋੜ, ਜ਼ਮੀਨ ਅਤੇ ਜਾਇਦਾਦ ਬਾਰੇ ਸੀ। ਮਹਿਲਾਵਾਂ ਸੌਦੇਬਾਜ਼ੀ ਦਾ ਮੋਹਰਾ ਸਨ। ਸਿਆਸੀ ਸੌਦੇ ਪੱਕੇ ਕਰਨ ਲਈ ਸ਼ਾਹੀ ਬੇਟੀਆਂ ਦਾ ਸੌਦਾ ਕੀਤਾ ਜਾਂਦਾ ਸੀ, ਜਿੱਤੀਆਂ ਹੋਈਆਂ ਮਹਿਲਾਵਾਂ ਨੂੰ ਜੰਗ ਦੀ ਲੁੱਟ ਦੇ ਤੌਰ ’ਤੇ ਲਿਆ ਜਾਂਦਾ ਸੀ ਜੋ ਜੇਤੂਆਂ ਲਈ ਆਪਣਾ ਦਬਦਬਾ ਦਿਖਾਉਣ ਦਾ ਇਕ ਤਰੀਕਾ ਸੀ। ਕੁਝ ਨੇ, ਜਿਵੇਂ ਕਿ ‘ਪਦਮਾਵਤ’ ਵਿਚ ਦਿਖਾਇਆ ਗਿਆ ਹੈ, ਆਤਮਸਮਰਪਣ ਦੀ ਬਜਾਏ ਸਤੀ ਹੋ ਕੇ ਮੌਤ ਨੂੰ ਚੁਣਿਆ, ਯੌਨ ਹਿੰਸਾ ਅਤੇ ਆਤਮਦਾਹ ਦਰਮਿਆਨ ਇਕ ਦਰਦਨਾਕ ਚੋਣ। ਮਹਿਲਾਵਾਂ ਅੱਜ ਵੀ ਵਿਆਹ ਕਾਰਨ ਹੀ ਮਰਦੀਆਂ ਹਨ। ਰਿਸਰਚ ਲਗਾਤਾਰ ਦਿਖਾਉਂਦੀ ਹੈ ਕਿ ਮਰਦਾਂ ਨੂੰ ਵਿਆਹ ਤੋਂ ਕਾਫੀ ਫਾਇਦੇ ਹੁੰਦੇ ਹਨ-ਲੰਬੀ ਉਮਰ, ਬਿਹਤਰ ਸਿਹਤ ਅਤੇ ਵਧੀ ਹੋਈ ਆਰਥਿਕ ਸਥਿਰਤਾ। ਹਾਲਾਂਕਿ ਵਿਆਹੁਤਾ ਮਹਿਲਾਵਾਂ ਦੀ ਉਮਰ ਘੱਟ ਹੁੰਦੀ ਹੈ। ਉਨ੍ਹਾਂ ਦੀ ਖੁਸ਼ੀ ਪੂਰੀ ਤਰ੍ਹਾਂ ਨਾਲ ਵਿਆਹ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ, ਸਿਰਫ ਵਿਆਹ ਕਰਨ ਨਾਲ ਕੋਈ ਸੁਭਾਵਿਕ ਖੁਸ਼ੀ ਨਹੀਂ ਮਿਲਦੀ।
ਮੰਜਿਰੀ ਇੰਦੁਰਕਰ
(ਧੰਨਵਾਦ ਸਹਿਤ : ਟਾ. ਓ. ਆਈ.)
