ਬਜ਼ੁਰਗਾਂ ਦੀ ਸੇਵਾ ਵਿਚ ‘ਸਮਾਂ ਬੈਂਕ’
Monday, Jan 26, 2026 - 04:39 PM (IST)
ਭਾਰਤ ਵਰਗੇ ਦੇਸ਼ ਵਿਚ, ਜਿੱਥੇ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਰਵਾਇਤੀ ਪਰਿਵਾਰਕ ਢਾਂਚਾ ਕਮਜ਼ੋਰ ਹੋ ਰਿਹਾ ਹੈ, ਬਜ਼ੁਰਗਾਂ ਦੀ ਦੇਖਭਾਲ ਇਕ ਵੱਡੀ ਚੁਣੌਤੀ ਬਣ ਗਈ ਹੈ। ਸਰਕਾਰੀ ਪੈਨਸ਼ਨ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਪ੍ਰੋਗਰਾਮ ਤਾਂ ਹਨ, ਪਰ ਉਹ ਅਕਸਰ ਨਾਕਾਫ਼ੀ ਸਾਬਤ ਹੁੰਦੇ ਹਨ। ਅਜਿਹੇ ਵਿਚ, ਸਵਿਟਜ਼ਰਲੈਂਡ ਦੀ ‘ਸਮਾਂ ਬੈਂਕ’ ਧਾਰਨਾ ਇਕ ਪ੍ਰੇਰਨਾਦਾਇਕ ਮਾਡਲ ਪੇਸ਼ ਕਰਦੀ ਹੈ, ਜੋ ਨਾ ਸਿਰਫ਼ ਬਜ਼ੁਰਗਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਂਦੀ ਹੈ ਸਗੋਂ ਸਮਾਜ ਵਿਚ ਹਮਦਰਦੀ ਅਤੇ ਭਾਈਚਾਰਕ ਭਾਵਨਾ ਨੂੰ ਵੀ ਮਜ਼ਬੂਤ ਕਰਦੀ ਹੈ।
ਇਹ ਧਾਰਨਾ, ਜੋ ਸਵਿਟਜ਼ਰਲੈਂਡ ਦੇ ਸੰਘੀ ਸਮਾਜਿਕ ਸੁਰੱਖਿਆ ਮੰਤਰਾਲੇ ਦੁਆਰਾ ਵਿਕਸਤ ਕੀਤੀ ਗਈ ਹੈ, ਨੌਜਵਾਨਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਅਤੇ ਬਦਲੇ ਵਿਚ ਉਨ੍ਹਾਂ ਨੂੰ ਭਵਿੱਖ ਵਿਚ ਆਪਣੀ ਦੇਖਭਾਲ ਲਈ ‘ਸਮਾਂ’ ਜਮ੍ਹਾ ਕਰਨ ਦੀ ਇਜਾਜ਼ਤ ਦਿੰਦੀ ਹੈ।
ਸਵਿਟਜ਼ਰਲੈਂਡ ਵਿਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਉਨ੍ਹਾਂ ਦੀ ਦੇਖਭਾਲ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਸੀ। ਪ੍ਰੋਗਰਾਮ ਅਨੁਸਾਰ ਸਿਹਤਮੰਦ ਅਤੇ ਗੱਲਬਾਤ ਵਿਚ ਕੁਸ਼ਲ ਵਿਅਕਤੀ ਬਜ਼ੁਰਗਾਂ ਦੀ ਮਦਦ ਕਰਦੇ ਹਨ, ਜਿਵੇਂ ਕਿ ਖਰੀਦਦਾਰੀ ਕਰਨਾ, ਕਮਰਾ ਸਾਫ਼ ਕਰਨਾ, ਧੁੱਪ ਵਿਚ ਬਾਹਰ ਲੈ ਕੇ ਜਾਣਾ ਜਾਂ ਸਿਰਫ਼ ਗੱਲਾਂ-ਬਾਤਾਂ ਕਰਨਾ।
ਸੇਵਾ ਦੇ ਹਰ ਇਕ ਘੰਟੇ ਨੂੰ ਸਮਾਜਿਕ ਸੁਰੱਖਿਆ ਪ੍ਰਣਾਲੀ ਦੇ ਨਿੱਜੀ ‘ਸਮਾਂ ਖਾਤੇ’ ਵਿਚ ਜਮ੍ਹਾ ਕੀਤਾ ਜਾਂਦਾ ਹੈ।
ਜਦੋਂ ਉਹ ਵਿਅਕਤੀ ਖੁਦ ਬਜ਼ੁਰਗ ਹੋ ਜਾਂਦਾ ਹੈ ਜਾਂ ਬਿਮਾਰ ਪੈਂਦਾ ਹੈ, ਤਾਂ ਉਹ ਇਸ ਜਮ੍ਹਾ ਕੀਤੇ ਸਮੇਂ ਨੂੰ ਕਢਵਾ ਸਕਦਾ ਹੈ ਅਤੇ ਹੋਰ ਵਲੰਟੀਅਰ ਉਸਦੀ ਦੇਖਭਾਲ ਕਰਨਗੇ। ਇਹ ਪ੍ਰਣਾਲੀ ਨਾ ਸਿਰਫ਼ ਪੈਸੇ ਦੀ ਬੱਚਤ ਕਰਦੀ ਹੈ ਸਗੋਂ ਮਨੁੱਖੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦੀ ਹੈ।
ਕਲਪਨਾ ਕਰੋ, ਇਕ ਨੌਜਵਾਨ ਵਿਅਕਤੀ ਜੋ ਹਫ਼ਤੇ ਵਿਚ ਦੋ ਵਾਰ ਦੋ ਘੰਟੇ ਬਜ਼ੁਰਗਾਂ ਦੀ ਸੇਵਾ ਕਰਦਾ ਹੈ, ਇਕ ਸਾਲ ਬਾਅਦ, ‘ਸਮਾਂ ਬੈਂਕ’ ਉਸਦੀ ਕੁੱਲ ਸੇਵਾ ਦੇ ਸਮੇਂ ਦੀ ਗਣਨਾ ਕਰਦਾ ਹੈ ਅਤੇ ਉਸ ਨੂੰ ਇਕ ‘ਸਮਾਂ ਬੈਂਕ ਕਾਰਡ’ ਜਾਰੀ ਕਰਦਾ ਹੈ। ਇਸ ਕਾਰਡ ਨਾਲ ਉਹ ਭਵਿੱਖ ਵਿਚ ‘ਸਮਾਂ ਅਤੇ ਸਮੇਂ ਦਾ ਵਿਆਜ’ ਕਢਵਾ ਸਕਦਾ ਹੈ। ਭਾਵ ਕਿ, ਜਮ੍ਹਾ ਕੀਤੇ ਸਮੇਂ ’ਤੇ ਵਿਆਜ ਵੀ ਮਿਲਦਾ ਹੈ, ਜੋ ਉਤਸ਼ਾਹ ਵਧਾਉਣ ਦਾ ਕੰਮ ਕਰਦਾ ਹੈ। ਸਵਿਟਜ਼ਰਲੈਂਡ ਵਿਚ ਇਹ ਪ੍ਰਥਾ ਹੁਣ ਆਮ ਹੋ ਗਈ ਹੈ ਅਤੇ ਸਰਕਾਰ ਨੇ ਇਸ ਨੂੰ ਸਮਰਥਨ ਦੇਣ ਲਈ ਕਾਨੂੰਨ ਵੀ ਪਾਸ ਕੀਤਾ ਹੈ। ਭਾਰਤ ਵਿਚ ਇਸ ਧਾਰਨਾ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ।
ਇਕ ਅੰਦਾਜ਼ੇ ਮੁਤਾਬਕ, 2030 ਤੱਕ ਸਾਡੇ ਦੇਸ਼ ਵਿਚ ਬਜ਼ੁਰਗਾਂ ਦੀ ਆਬਾਦੀ 19 ਕਰੋੜ ਤੋਂ ਵੱਧ ਹੋ ਜਾਵੇਗੀ ਅਤੇ ਕਈ ਪਰਿਵਾਰਾਂ ਵਿਚ ਬੱਚੇ ਸ਼ਹਿਰਾਂ ’ਚ ਵੱਸ ਜਾਂਦੇ ਹਨ, ਜਿਸ ਕਾਰਨ ਬਜ਼ੁਰਗ ਇਕੱਲੇ ਰਹਿ ਜਾਂਦੇ ਹਨ। ਰਵਾਇਤੀ ਤੌਰ ’ਤੇ ਭਾਰਤ ਵਿਚ ਬਜ਼ੁਰਗਾਂ ਦੀ ਦੇਖਭਾਲ ਪਰਿਵਾਰ ਦੀ ਜ਼ਿੰਮੇਵਾਰੀ ਰਹੀ ਹੈ, ਪਰ ਆਧੁਨਿਕੀਕਰਨ ਨੇ ਇਸ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ। ‘ਸਮਾਂ ਬੈਂਕ’ ਵਰਗਾ ਪ੍ਰੋਗਰਾਮ ਨੌਜਵਾਨਾਂ ਨੂੰ ਬਜ਼ੁਰਗਾਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ ਅਤੇ ਬਦਲੇ ਵਿਚ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਮਿਲੇਗਾ। ਇਹ ਨਾ ਸਿਰਫ਼ ਸਰਕਾਰੀ ਸਰੋਤਾਂ ’ਤੇ ਦਬਾਅ ਘਟਾਏਗਾ ਸਗੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਸਾਰਥਕ ਕੰਮ ਵੀ ਪ੍ਰਦਾਨ ਕਰੇਗਾ।
ਹਾਲਾਂਕਿ, ਭਾਰਤ ਵਿਚ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਚੁਣੌਤੀਆਂ ’ਤੇ ਵਿਚਾਰ ਕਰਨਾ ਜ਼ਰੂਰੀ ਹੈ।
ਸਭ ਤੋਂ ਪਹਿਲਾਂ, ਪ੍ਰੋਗਰਾਮ ਦੀ ਨਿਗਰਾਨੀ ਲਈ ਇਕ ਮਜ਼ਬੂਤ ਡਿਜੀਟਲ ਪਲੇਟਫਾਰਮ ਦੀ ਲੋੜ ਹੋਵੇਗੀ, ਜਿੱਥੇ ਸੇਵਾ ਦੇ ਘੰਟਿਆਂ ਨੂੰ ਰਿਕਾਰਡ ਕੀਤਾ ਜਾ ਸਕੇ। ਆਧਾਰ ਕਾਰਡ ਅਤੇ ਡਿਜੀਟਲ ਇੰਡੀਆ ਵਰਗੇ ਮੌਜੂਦਾ ਸਿਸਟਮ ਇਸ ਵਿਚ ਮਦਦ ਕਰ ਸਕਦੇ ਹਨ।
ਦੂਜਾ, ਵਲੰਟੀਅਰਾਂ ਦੀ ਟ੍ਰੇਨਿੰਗ ਜ਼ਰੂਰੀ ਹੈ, ਤਾਂ ਜੋ ਉਹ ਬਜ਼ੁਰਗਾਂ ਦੀਆਂ ਭਾਵਨਾਤਮਕ ਅਤੇ ਸਰੀਰਕ ਲੋੜਾਂ ਨੂੰ ਸਮਝ ਸਕਣ। ਤੀਜਾ, ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਪੜਤਾਲ ਪ੍ਰਕਿਰਿਆ ਹੋਣੀ ਚਾਹੀਦੀ ਹੈ। ਜਿਵੇਂ ਕਿ ਨਿਕਾਸੀ ਦੇ ਸਮੇਂ ਪਛਾਣ ਜਾਂਚ।
ਸਰਕਾਰ ਨੂੰ ਦਿੱਲੀ ਜਾਂ ਮੁੰਬਈ ਵਰਗੇ ਸ਼ਹਿਰਾਂ ਵਿਚ ਇਸ ਨੂੰ ਇਕ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਇਹ ਸਫ਼ਲ ਰਿਹਾ, ਤਾਂ ਇਸ ਨੂੰ ਰਾਸ਼ਟਰੀ ਪੱਧਰ ’ਤੇ ਵਧਾਇਆ ਜਾ ਸਕਦਾ ਹੈ। ਇਸ ਨੂੰ ‘ਆਯੁਸ਼ਮਾਨ ਭਾਰਤ’ ਜਾਂ ‘ਰਾਸ਼ਟਰੀ ਬਜ਼ੁਰਗ ਸਿਹਤ ਦੇਖਭਾਲ ਪ੍ਰੋਗਰਾਮ’ ਨਾਲ ਜੋੜਿਆ ਜਾ ਸਕਦਾ ਹੈ। ਪ੍ਰਾਈਵੇਟ ਖੇਤਰ ਦੀ ਹਿੱਸੇਦਾਰੀ ਵੀ ਮਹੱਤਵਪੂਰਨ ਹੋਵੇਗੀ।
ਇਸ ਧਾਰਨਾ ਦੇ ਸਮਾਜਿਕ ਲਾਭ ਵੀ ਘੱਟ ਨਹੀਂ ਹਨ। ਅੱਜ ਦੇ ਦੌਰ ਵਿਚ, ਜਿੱਥੇ ਇਕੱਲਾਪਣ ਇਕ ਮਹਾਮਾਰੀ ਬਣ ਗਿਆ ਹੈ, ‘ਸਮਾਂ ਬੈਂਕ’ ਲੋਕਾਂ ਨੂੰ ਜੋੜ ਸਕਦਾ ਹੈ। ਬਜ਼ੁਰਗਾਂ ਨਾਲ ਗੱਲਬਾਤ ਕਰਨ ਨਾਲ ਨੌਜਵਾਨਾਂ ਨੂੰ ਜੀਵਨ ਦੇ ਤਜਰਬੇ ਮਿਲਣਗੇ ਅਤੇ ਬਜ਼ੁਰਗਾਂ ਨੂੰ ਭਾਵਨਾਤਮਕ ਸਹਾਰਾ। ਇਹ ਭਾਰਤੀ ਕਦਰਾਂ-ਕੀਮਤਾਂ ਜਿਵੇਂ ‘ਸੇਵਾ ਪਰਮੋ ਧਰਮ’ ਨਾਲ ਮੇਲ ਖਾਂਦਾ ਹੈ।
ਆਰਥਿਕ ਪੱਖ ਤੋਂ ਵੀ ਇਹ ਫਾਇਦੇਮੰਦ ਹੈ। ਭਾਰਤ ਵਿਚ ਬਜ਼ੁਰਗਾਂ ਦੀ ਦੇਖਭਾਲ ’ਤੇ ਖਰਚਾ ਲਗਾਤਾਰ ਵਧ ਰਿਹਾ ਹੈ। ਨਰਸਿੰਗ ਹੋਮ ਅਤੇ ਹਸਪਤਾਲ ਮਹਿੰਗੇ ਹਨ। ‘ਸਮਾਂ ਬੈਂਕ’ ਨਾਲ ਵਲੰਟੀਅਰ ਸੇਵਾ ਵਧੇਗੀ, ਜਿਸ ਨਾਲ ਸਰਕਾਰੀ ਖਰਚਾ ਘਟੇਗਾ। ਵਿਸ਼ਵ ਬੈਂਕ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਏਜਿੰਗ ਪਾਪੂਲੇਸ਼ਨ ਵਿਕਾਸਸ਼ੀਲ ਦੇਸ਼ਾਂ ਲਈ ਚੁਣੌਤੀ ਹੈ, ਪਰ ਅਜਿਹੇ ਨਵੀਨਤਾਕਾਰੀ ਮਾਡਲਾਂ ਨਾਲ ਇਸ ਨੂੰ ਇਕ ਮੌਕੇ ਵਿਚ ਬਦਲਿਆ ਜਾ ਸਕਦਾ ਹੈ।
ਭਾਰਤ ਸਰਕਾਰ ਨੂੰ ਕੇਂਦਰ ਅਤੇ ਰਾਜ ਪੱਧਰ ’ਤੇ ਇਸ ‘ਸਮਾਂ ਬੈਂਕ’ ਧਾਰਨਾ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨੂੰ ਲਾਗੂ ਕਰਨ ਲਈ ਇਕ ਟਾਸਕ ਫੋਰਸ ਗਠਿਤ ਕੀਤੀ ਜਾਵੇ, ਜੋ ਸਵਿਟਜ਼ਰਲੈਂਡ ਦੇ ਮਾਡਲ ਦਾ ਅਧਿਐਨ ਕਰੇ ਅਤੇ ਇਸ ਨੂੰ ਭਾਰਤੀ ਸੰਦਰਭ ਵਿਚ ਢਾਲੇ। ਜੇਕਰ ਅਸੀਂ ਅੱਜ ਕਦਮ ਚੁੱਕਦੇ ਹਾਂ, ਤਾਂ ਕੱਲ ਦੇ ਬਜ਼ੁਰਗ-ਜੋ ਅੱਜ ਦੇ ਨੌਜਵਾਨ ਹਨ-ਇਕ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਜੀ ਸਕਣਗੇ। ਇਹ ਸਿਰਫ਼ ਇਕ ਨੀਤੀ ਨਹੀਂ, ਸਗੋਂ ਮਨੁੱਖਤਾ ਦਾ ਨਿਵੇਸ਼ ਹੈ। ਸਮਾਂ ਸਭ ਤੋਂ ਕੀਮਤੀ ਮੁਦਰਾ ਹੈ ਅਤੇ ਇਸ ਨੂੰ ਬੈਂਕ ਵਿਚ ਜਮ੍ਹਾ ਕਰਨ ਦਾ ਵਿਚਾਰ ਦੁਨੀਆ ਨੂੰ ਬਦਲ ਸਕਦਾ ਹੈ। ਆਓ, ਅਸੀਂ ਇਸ ਨੂੰ ਅਪਣਾਈਏ ਅਤੇ ਇਕ ਬਿਹਤਰ ਸਮਾਜ ਬਣਾਈਏ।
—ਵਿਨੀਤ ਨਾਰਾਇਣ
