ਈਰਾਨ ’ਚ ਕਤਲੇਆਮ ਅਤੇ ਸੰਸਾਰਕ ਦੋਹਰੇ ਮਾਪਦੰਡਾਂ ਦੀ ਸੜ੍ਹਾਂਦ

Thursday, Jan 22, 2026 - 04:21 PM (IST)

ਈਰਾਨ ’ਚ ਕਤਲੇਆਮ ਅਤੇ ਸੰਸਾਰਕ ਦੋਹਰੇ ਮਾਪਦੰਡਾਂ ਦੀ ਸੜ੍ਹਾਂਦ

ਈਰਾਨ ’ਚ ਹਾਲੀਆ ਕਤਲੇਆਮ ਕਿਸੇ ਅਚਾਨਕ ਸਿਆਸੀ ਉਥਲ-ਪੁਥਲ ਦਾ ਨਤੀਜਾ ਨਹੀਂ ਹੈ। ਇਹ ਇਕ ਯੋਜਨਾਬੱਧ, ਵਿਚਾਰਧਾਰਕ ਅਤੇ ਮਜ਼੍ਹਬ ਆਧਾਰਿਤ ਲਗਾਤਾਰ ਹਿੰਸਾ ਦਾ ਵਿਸਤਾਰ ਹੈ, ਜੋ ਕਦੇ ਖਤਮ ਨਹੀਂ ਹੁੰਦੀ। ਇਸ ਤ੍ਰਾਸਦੀ ’ਚ ਜ਼ਿਆਦਾ ਭਿਆਨਕ ਉਹ ਸੰਸਾਰਕ ਚੁੱਪ ਹੈ, ਜਿਸ ਨੂੰ ਅਕਸਰ ਮਨੁੱਖੀ ਅਧਿਕਾਰ, ਲੋਕਤੰਤਰ ਅਤੇ ਅੰਤਰਆਤਮਾ ਦੀ ਦੁਹਾਈ ਦੇਣ ਵਾਲਾ ਕੁਲੀਨ ਵਰਗ ਜਾਣਬੁੱਝ ਕੇ ਸਾਧੀ ਰੱਖਦਾ ਹੈ। ਇਸ ਮਾਮਲੇ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਤੀਕਿਰਿਆ ਵੀ ਉਸੇ ਸੰਸਾਰਕ ਪਾਖੰਡ ਦਾ ਹਿੱਸਾ ਹੈ। ਦੁਨੀਆ ਦੇ ਸਭ ਤੋਂ ਤਾਕਤਵਰ ਅਹੁਦੇ ’ਤੇ ਬੈਠਾ ਵਿਅਕਤੀ ਜੇਕਰ ਹਰ ਕੌਮਾਂਤਰੀ ਸੰਕਟ ਨੂੰ ਸੌਦੇਬਾਜ਼ੀ ਅਤੇ ਤਤਕਾਲੀ ਲਾਭ ਦੇ ਚਸ਼ਮੇ ਨਾਲ ਦੇਖੇ ਤਾਂ ਉਸ ਤੋਂ ਨੈਤਿਕਤਾ ਦੀ ਆਸ ਕਰਨਾ ਖੁਦ ਨੂੰ ਧੋਖਾ ਦੇਣਾ ਹੈ। ਈਰਾਨ ’ਚ ਡਿੱਗਦੀਆਂ ਲਾਸ਼ਾਂ ’ਤੇ ਟਰੰਪ ਦੇ ਬਿਆਨ ਨਾ ਤਾਂ ਸੰਵੇਦਨਸ਼ੀਲ ਹਨ, ਨਾ ਹੀ ਉਨ੍ਹਾਂ ’ਚ ਲੋਕਤੰਤਰ ਦੀ ਬਹਾਲੀ ਦਾ ਕੋਈ ਸੰਕਲਪ ਦਿੱਸਦਾ ਹੈ – ਜੇਕਰ ਕੁਝ ਹੈ ਤਾਂ ਉਹ ਸਿਰਫ ਸਵਾਰਥ ਹੈ।

ਨਿਹੱਥੇ ਈਰਾਨੀ ਜਿਸ ਹਿੰਮਤ ਦੇ ਨਾਲ ਇਸਲਾਮੀ ਤਾਨਾਸ਼ਾਹੀ ਦੇ ਵਿਰੁੱਧ ਖੜ੍ਹੇ ਰਹੇ, ਉਹ ਆਧੁਨਿਕ ਇਤਿਹਾਸ ਦਾ ਇਕ ਮਾਣ ਵਾਲਾ ਅਧਿਆਏ ਹੈ। 17 ਜਨਵਰੀ ਨੂੰ ਖੁਦ ਸਰਵਉੱਚ ਨੇਤਾ ਅਯਾਤੁੱਲ੍ਹਾ ਅਲੀ ਖਾਮੇਨੇਈ ਵਲੋਂ ਇਹ ਸਵੀਕਾਰ ਕਰਨਾ ਕਿ ਇਸਲਾਮੀ ਸ਼ਾਸਨ ਵਿਰੋਧੀ ਪ੍ਰਦਰਸ਼ਨਾਂ ’ਚ ‘ਕਈ ਹਜ਼ਾਰ ਲੋਕ’ ਮਾਰੇ ਜਾ ਚੁੱਕੇ ਹਨ। ਉਹ ਮਜ਼੍ਹਬੀ ਖੂਨ-ਖਰਾਬੇ ਦੀ ਭਿਆਨਕਤਾ ਦਾ ਇਕ ਹੋਰ ਰੂਪ ਹੈ ਪਰ ਮੂਲ ਸਵਾਲ ਇਹ ਹੈ ਕਿ ਜਦੋਂ ਮੁਸਲਮਾਨਾਂ ਦੀ ਹੱਤਿਆ ਕਿਸੇ ਇਸਲਾਮੀ ਸ਼ਾਸਨ ਦੇ ਹੱਥੋਂ ਹੁੰਦੀ ਹੈ, ਤਾਂ ਇਕ ਵਿਸ਼ੇਸ਼ ਸੰਗਠਿਤ ਗੁੱਸਾ ਕਿੱਥੇ ਗਾਇਬ ਹੋ ਜਾਂਦਾ ਹੈ? ਗਾਜਾ ’ਚ ਇਜ਼ਰਾਈਲੀ ਫੌਜ ਵਲੋਂ ਮੁਸਲਮਾਨਾਂ ਦੀਆਂ ਮੌਤਾਂ ਅਤੇ ਕਸ਼ਮੀਰ ’ਚ ਮੋਦੀ ਸਰਕਾਰ ਦੀਆਂ ਅੱਤਵਾਦ-ਵੱਖਵਾਦ ਮੁਹਿੰਮਾਂ ’ਤੇ ਅਸਮਾਨ ਸਿਰ ’ਤੇ ਚੁੱਕ ਲੈਣ ਵਾਲਾ ਆਪੇ ਬਣਿਆ ਬੁੱਧੀਜੀਵੀ ਕੁਨਵਾ ਈਰਾਨ ’ਚ ਮੁਸਲਮਾਨਾਂ ਦੇ ਕਤਲੇਆਮ ’ਤੇ ਮੌਨ ਕਿਉਂ ਹੈ?

ਦਰਅਸਲ ਇਹ ਉਹੀ ਦੋਹਰਾ ਮਾਪਦੰਡ ਹੈ, ਜਿਸ ਨੇ ਅੱਜ ਦੇ ਨੈਤਿਕ ਵਿਚਾਰ ਨੂੰ ਸੜਾਂਧ ਨਾਲ ਭਰ ਦਿੱਤਾ ਹੈ। ਇਸਲਾਮ ਦੇ ਨਾਂ ’ਤੇ ਗੈਰ-ਮੁਸਲਮਾਨਾਂ ਨਾਲ ਨਫਰਤ ਉਨ੍ਹਾਂ ਦੇ ਪੂਜਾ ਸਥਾਨਾਂ ਨੂੰ ਤੋੜਨਾਂ ਅਤੇ ਹਿੰਸਾ (ਹੱਤਿਆ ਸਮੇਤ) ਸਦੀਆਂ ਤੋਂ ਜਾਰੀ ਮਜ਼੍ਹਬੀ ਸਿਲਸਿਲਾ ਹੈ ਜਿਸ ਨੂੰ ਸਾਲਾਂ ਤੋਂ ਕਥਿਤ ਉਦਾਰਵਾਦੀਆਂ ਵਲੋਂ ਭੁਲੇਖਾਪਾਊ ‘ਪ੍ਰਤੀਕਿਰਿਆ’ ਦੀ ਆੜ ’ਚ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ’ਚ ਮੁਸਲਮਾਨਾਂ ਦੇ ਦਮਨ ਅਤੇ ਇਥੋਂ ਤਕ ਕਿ ਉਨ੍ਹਾਂ ਦੇ ਕਤਲ ’ਤੇ ਕਿਸੇ ਸਮੂਹ ਵਲੋਂ ਚੁੱਪ ਉਦੋਂ ਸਾਧ ਲਈ ਜਾਂਦੀ ਹੈ ਜਦੋਂ ਹੱਤਿਆਰਾ ਅਸੀਂ-ਮਜ਼੍ਹਬੀ ਜਾਂ ਸ਼ੁੱਧ ਇਸਲਾਮੀ ਸ਼ਾਸਨ ਤੰਤਰ ਹੋਵੇ। ਉਦੋਂ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ, ਜਿਵੇਂ ਮਨੁੱਖਤਾ ਨੂੰ ਕੋਈ ਸੱਟ ਹੀ ਨਾ ਪਹੁੰਚੀ ਹੋਵੇ, ਜਿਵੇਂ ਖੂਨ ਸਿਰਫ ਰੰਗ ਹੋਵੇ ਅਤੇ ਦਇਆ ਸਿਰਫ ਵਿਚਾਰਧਾਰਕ ਬਦਲ।

ਭਾਰਤ ’ਚ ਖੱਬੇਪੱਖੀਆਂ, ਕਥਿਤ ਉਦਾਰਵਾਦੀਆਂ ਅਤੇ ਮਹਿਲਾ ਅਧਿਕਾਰ ਸਮੂਹਾਂ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਹੈ। ਜੋ ਵਰਗ ਛੋਟੀ ਘਟਨਾ (ਗਾਜਾ ਸਮੇਤ) ’ਤੇ ਅਕਸਰ ਸੜਕਾਂ ’ਤੇ ਉਤਰ ਆਉਂਦਾ ਹੈ, ਉਹ ਈਰਾਨ ’ਚ ਔਰਤਾਂ ਦੇ ਦਮਨ ’ਚ ਗੈਰ-ਸਾਧਾਰਨ ਤੌਰ ’ਤੇ ਚੁੱਪ । ਇਹੀ ਨਹੀਂ, ਸ਼੍ਰੀਲੰਕਾ, ਨੇਪਾਲ ਅਤੇ ਬੰਗਲਾਦੇਸ਼ ’ਚ ਸੱਤਾ ਤਬਦੀਲੀ ਦਾ ਪ੍ਰਯੋਗ ਆਪਣੇ ਦੇਸ਼ ’ਚ ਦੁਹਰਾਉਣ ਦੀ ਕਾਮਨਾ ਕਰਨ ਵਾਲੇ ਵੀ ਪੂਰੀ ਤਰ੍ਹਾਂ ਸ਼ਾਂਤ ਹਨ।

ਇਸ ਪਾਖੰਡ ਦੇ ਦੋ ਸਪੱਸ਼ਟ ਕਾਰਨ ਹਨ। ਪਹਿਲਾ- ਈਰਾਨ ’ਚ ਮੁਸਲਿਮ ਕਤਲੇਆਮ ਉਸ ਸਹੂਲਤਜਨਕ ਨੈਰੇਟਿਵ ਦੇ ਮੁਤਾਬਕ ਨਹੀਂ ਹੈ, ਜਿਸ ’ਚ ਹਰ ਅੱਤਿਆਚਾਰ ਦਾ ਦੋਸ਼ ਅਕਸਰ ਕਥਿਤ ‘ਹਿੰਦੂ ਫਾਸੀਵਾਦ’, ‘ਯੁੱਧੋਨਮਾਦੀ ਯਹੂਦੀ’ ਜਾਂ ‘ਅਮਰੀਕੀ ਸਾਮਰਾਜਵਾਦ’ ਉੱਤੇ ਮੜਿਆ ਜਾਂਦਾ ਹੈ। ਈਰਾਨ ’ਚ ਹਜ਼ਾਰਾਂ ਮੁਸਲਮਾਨਾਂ ਦੀਆਂ ਹੱਤਿਆਵਾਂ ਅਯਾਤੁੱਲ੍ਹਾ ਅਲੀ ਖਾਮੇਨੇਈ ਦੇ ਨਿਰਦੇਸ਼ ’ਤੇ ਹੋਈਆਂ ਹਨ। ਦੂਸਰਾ - ਈਰਾਨ ’ਚ ਇਸਲਾਮੀ ਵਿਵਸਥਾ ਦਾ ਜਨਮ ਖੱਬੇਪੱਖੀਆਂ ਅਤੇ ਮੁੱਲ੍ਹਾ-ਮੌਲਵੀਆਂ ਦੇ ਗੱਠਜੋੜ ਨਾਲ ਹੋਇਆ ਸੀ। 5 ਦਹਾਕੇ ਪਹਿਲਾਂ ਮਾਰਕਸਵਾਦੀ ਤੂਦੇਹ ਪਾਰਟੀ ਅਤੇ ਹੋਰ ਖੱਬੇਪੱਖੀ ਧੜਿਆਂ ਨੇ ਤਤਕਾਲੀ ਈਰਾਨੀ ਰਾਜਾ ਮੁਹੰਮਦ ਰਜਾ ਪਹਿਲਵੀ ਦੇ ਵਿਰੁੱਧ ਮਜ਼੍ਹਬੀ ਅੰਦੋਲਨ ’ਚ ਫੈਸਲਾਕੁੰਨ ਭੂਮਿਕਾ ਨਿਭਾਈ ਸੀ। ਇਸ ਲਈ ਖੱਬੇਪੱਖੀ ਸਮੂਹ ਆਪਣੇ ਸਹਿਯੋਗ ਨਾਲ ਸਥਾਪਿਤ ਇਸਲਾਮੀ ਤੰਤਰ ਦੀ ਕਰੂਰਤਾ ’ਤੇ ਖਾਮੋਸ਼ ਹੈ।

ਸਾਲ 1978 ਤਕ ਈਰਾਨ ਇਕ ਆਧੁਨਿਕ ਅਤੇ ਮੁਕਾਬਲਤਨ ਉਦਾਰ ਸਮਾਜ ਸੀ। ਪਹਿਲਵੀ ਦਾ ਅਧਿਨਾਇਕਵਾਦੀ ਸ਼ਾਸਨ ਚਰਿੱਤਰ ਨਾਲ ਬਹੁਤ ਹੱਦ ਤਕ ਸੈਕੂਲਰ ਰਿਹਾ, ਜਿਸ ’ਚ ਮਹਿਲਾਵਾਂ ਨੂੰ ਸਿੱਖਿਆ-ਵੋਟ ਪਾਉਣ ਦਾ ਅਧਿਕਾਰ ਹਾਸਲ ਸੀ ਅਤੇ ਸੱਤਾ ਅਦਾਰਾ ਮਜ਼੍ਹਬੀ ਮਾਮਲਿਆਂ ’ਚ ਦਖਲਅੰਦਾਜ਼ੀ ਨਹੀਂ ਕਰਦਾ ਸੀ। ਪੱਛਮੀ ਦੇਸ਼ਾਂ ਨਾਲ ਵਧਦੀਆਂ ਨਜ਼ਦੀਕੀਆਂ ਦੇ ਕਾਰਨ ਪਹਿਲਵੀ ਦੇ ਵਿਰੁੱਧ ਖੱਬੇਪੱਖੀਆਂ ਨੇ ਇਸਲਾਮੀ ਕੱਟੜਪੰਥੀਆਂ ਨਾਲ ਹੱਥ ਮਿਲਾਇਆ ਅਤੇ ‘ਇਨਕਲਾਬ’ ਦੇ ਨਾਂ ’ਤੇ ਜਨਤਾ ਨੂੰ ਇਹ ਭਰੋਸਾ ਦਿਵਾਇਆ ਕਿ ਇਸਲਾਮੀ ਸ਼ਾਸਨ ਹੀ ਮੁਕਤੀ ਦਾ ਮਾਰਗ ਹੈ। ਨਤੀਜਾ ਉਹੀ ਹੋਇਆ, ਸੱਤਾ ’ਤੇ ਮੁੱਲ੍ਹਾ-ਮੌਲਵੀਆਂ ਦਾ ਕਬਜ਼ਾ ਅਤੇ ‘ਕਾਫਿਰ-ਕੁਫਰ’ ਦਾ ਸਫਾਇਆ।

ਈਰਾਨ 1979 ਤੋਂ ਬਾਅਦ ਅੱਗ ’ਚੋਂ ਨਿਕਲ ਕੇ ਭੱਠੀ ’ਚ ਜਾ ਡਿੱਗਿਆ। ਯੂਨੀਵਰਸਿਟੀਆਂ ਬੰਦ ਹੋ ਗਈਆਂ, ਤਾਂ ਵਿਦਿਆਰਥੀ ਸੰਗਠਨਾਂ ’ਤੇ ਪਾਬੰਦੀ ਲੱਗੀ ਅਤੇ ਇਥੋਂ ਤੱਕ ਕਿ ਖੱਬੇਪੱਖੀ ਵਿਚਾਰਧਾਰਕਾਂ ਨੂੰ ਜੇਲਾਂ ’ਚ ਭੇਜ ਦਿੱਤਾ ਗਿਆ। ਮਹਿਲਾਵਾਂ ਨੂੰ ਆਧੁਨਿਕ ਜੀਵਨ ਤੋਂ ਬਾਹਰ ਨਿਕਲ ਕੇ ਮਜ਼੍ਹਬੀ ਪੁਲਸ ਰਾਹੀਂ ਮੱਧਯੁਗੀ ਕਾਲ ’ਚ ਧੱਕ ਦਿੱਤਾ ਗਿਆ। ਪਾਕਿਸਤਾਨ ਅਤੇ ਬੰਗਲਾਦੇਸ਼ ਇਸ ਪ੍ਰਯੋਗ ਦੇ ਜ਼ਿੰਦਾ ਸਬੂਤ ਹਨ, ਜਿਥੇ ਘੱਟਗਿਣਤੀਆਂ ਦਾ ਤੇਜ਼ੀ ਨਾਲ ਖੋਰਾ, ਮਹਿਲਾਵਾਂ ਦਾ ਵਧਦਾ ਦਮਨ ਅਤੇ ਅੰਤਹੀਣ ਫਿਰਕੂ ਹਿੰਸਾ ਦਾ ਕਾਲਾ ਇਤਿਹਾਸ ਹੈ।

ਪਾਕਿਸਤਾਨ ’ਚ ਜਾਰੀ ਸੁੰਨੀ-ਸ਼ੀਆ ਸੰਘਰਸ਼ ਇਹ ਸਿੱਧ ਕਰਦਾ ਹੈ ਕਿ ਇਕ ਨਿਸ਼ਚਿਤ ਅਤੇ ਸੌੜੀ ਪਛਾਣ ’ਤੇ ਬਣਿਆ ਦੇਸ਼ ਆਪਣੇ ਅੰਦਰ ਭਿੰਨਤਾ ਨੂੰ ਸਹਿਣ ਨਹੀਂ ਕਰ ਸਕਦਾ। ਜੇਕਰ ਡੋਨਾਲਡ ਟਰੰਪ ਨੂੰ ਵਾਕਈ ਲੋਕਤੰਤਰ-ਮਨੁੱਖੀ ਅਧਿਕਾਰਾਂ ਦੀ ਚਿੰਤਾ ਹੁੰਦੀ ਤਾਂ ਉਹ ਪਾਕਿਸਤਾਨ ਨਾਲ ਨੇੜਤਾ ਨਾ ਵਧਾਉਂਦਾ। ਜਿਥੇ ਗੈਰ-ਮੁਸਲਮਾਨਾਂ ਦੇ ਨਾਲ ਮੁਸਲਿਮਾਂ ( ਸ਼ੀਆ-ਅਹਿਮਦੀਆ ਸਮੇਤ) ’ਤੇ ਵੀ ਦੀਨ ਦੇ ਨਾਂ ’ਤੇ ਤਸ਼ੱਦਦ ਅਤੇ ਬਲੂਚ-ਸਿੰਧੀ ਆਦਿ ਵਿਦਰੋਹੀਆਂ ਦਾ ਦਮਨ ਕੀਤਾ ਜਾ ਰਿਹਾ ਹੈ।

ਅੱਜ ਵੀ ਉਹੀ ਭਾਰਤ-ਵਿਰੋਧੀ ਸ਼ਕਤੀਆਂ ਦੇਸ਼ ’ਚ 1947 ਵਰਗੀ ਸਕ੍ਰਿਪਟ ਦੁਹਰਾਉਣ ਦਾ ਯਤਨ ਕਰ ਰਹੀਆਂ ਹਨ। ਸੀ.ਏ.ਏ. ਵਿਰੋਧੀ ਹਿੰਸਕ ਪ੍ਰਦਰਸ਼ਨ ਤੋਂ ਲੈ ਕੇ ਕਥਿਤ ਕਿਸਾਨ ਅੰਦੋਲਨ ਅਤੇ ਨੁਪੂਰ ਸ਼ਰਮਾ ਆਦਿ ਕਾਂਡ ਤਕ ਇਸ ਦੀਆਂ ਉਦਾਹਰਣਾਂ ਹਨ। ਇਹ ਠੀਕ ਹੈ ਕਿ ਉਹ ਹੁਣ ਤਕ ਸਫਲ ਨਹੀਂ ਹੋਏ ਪਰ ਭਾਰਤ ਨੂੰ ਮੁੜ ਤੋੜਣ ਦੇ ਯਤਨ ਅਜੇ ਵੀ ਜਾਰੀ ਹਨ। ਉਥੇ ਈਰਾਨ ਦੀ ਤ੍ਰਾਸਦੀ ਸੰਸਾਰਕ ਦੋਹਰੇ ਮਾਪਦੰਡਾਂ, ਵਿਚਾਰਧਾਰਕ ਅੰਨੇਪਨ ਅਤੇ ਨੈਤਿਕ ਪਾਖੰਡ ਦਾ ਪ੍ਰਤੀਬਿੰਬ ਹੈ।

ਬਲਬੀਰ ਪੁੰਜ


author

Rakesh

Content Editor

Related News