ਠੰਡ ਤੋਂ ਬਚਣ ਲਈ ਬਾਲੀਆਂ ਅੰਗੀਠੀਆਂ ਬਣ ਰਹੀਆਂ ਲੋਕਾਂ ਦੀ ਮੌਤ ਦਾ ਕਾਰਨ

Wednesday, Jan 14, 2026 - 08:39 AM (IST)

ਠੰਡ ਤੋਂ ਬਚਣ ਲਈ ਬਾਲੀਆਂ ਅੰਗੀਠੀਆਂ ਬਣ ਰਹੀਆਂ ਲੋਕਾਂ ਦੀ ਮੌਤ ਦਾ ਕਾਰਨ

ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਿਚ ਕੜਾਕੇ ਦੀ ਠੰਡ ਪੈਣ ਨਾਲ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ। ਅਜਿਹੇ ਵਿਚ ਸੇਕ ਲਈ ਕੁਝ ਲੋਕ ਕਮਰਿਆਂ ਵਿਚ ਅੰਗੀਠੀ ਬਾਲ ਕੇ ਸੌਣ ਦੇ ਕਾਰਨ ਜ਼ਹਿਰੀਲਾ ਧੂੰਆਂ ਚੜ੍ਹਨ ਨਾਲ ਮੌਤ ਦੇ ਸ਼ਿਕਾਰ ਹੋ ਰਹੇ ਹਨ।

ਕਮਰੇ ਵਿਚ ਲੱਕੜੀ ਜਾਂ ਕੋਲੇ ਦੀ ਅੰਗੀਠੀ ਬਾਲ ਕੇ ਰੱਖਣ ਨਾਲ ‘ਆਕਸੀਜਨ’ ਦੀ ਘਾਟ ਹੋ ਜਾਂਦੀ ਹੈ ਅਤੇ ‘ਕਾਰਬਨ ਮੋਨੋਆਕਸਾਈਡ’ ਸਿੱਧਾ ਦਿਮਾਗ ’ਤੇ ਅਸਰ ਪਾਉਂਦੀ ਹੈ, ਜੋ ਸਾਹ ਰਾਹੀਂ ਪੂਰੇ ਸਰੀਰ ਵਿਚ ਫੈਲ ਜਾਂਦੀ ਹੈ। ਇਸ ਨਾਲ ਸਰੀਰ ਵਿਚ ‘ਹੀਮੋਗਲੋਬਿਨ’ ਘੱਟ ਹੋ ਜਾਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸੇ ਕਾਰਨ ਪਿਛਲੇ ਲਗਭਗ 2 ਹਫਤਿਆਂ ਵਿਚ ਅਜਿਹੀਆਂ ਦਰਦਨਾਕ ਮੌਤਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 27 ਦਸੰਬਰ, 2025 ਨੂੰ ‘ਛਪਰਾ’ (ਬਿਹਾਰ) ਿਵਚ ਠੰਢ ਤੋਂ ਬਚਣ ਲਈ ਇਕ ਕਮਰੇ ਵਿਚ ਅੰਗੀਠੀ ਬਾਲ ਕੇ ਸੌਂ ਰਹੇ 3 ਬੱਚਿਆਂ ਅਤੇ ਉਨ੍ਹਾਂ ਦੀ ਨਾਨੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ਪਰਿਵਾਰ ਦੇ 3 ਹੋਰ ਮੈਂਬਰ ਗੰਭੀਰ ਤੌਰ ’ਤੇ ਬੀਮਾਰ ਹੋ ਗਏ। ਇਸ ਘਟਨਾ ਵਿਚ ਮਾਰੇ ਗਏ ਤਿੰਨੋਂ ਬੱਚੇ ਰਿਸ਼ਤੇ ਵਿਚ ਭਰਾ-ਭੈਣ ਸਨ ਜੋ ਸਰਦੀਆਂ ਦੀਆਂ ਛੁੱਟੀਆਂ ਵਿਚ ਨਾਨਕੇ ਆਏ ਹੋਏ ਸਨ।

* 31 ਦਸੰਬਰ, 2025 ਨੂੰ ‘ਗਯਾਜੀ’ (ਬਿਹਾਰ) ਦੇ ‘ਕੁਰਕਿਹਾਰ’ ਿਪੰਡ ਵਿਚ ਕਮਰੇ ਅੰਦਰ ਠੰਢ ਤੋਂ ਬਚਣ ਲਈ ਦਰਵਾਜ਼ਾ ਅਤੇ ਖਿੜਕੀ ਬੰਦ ਕਰ ਕੇ ਅੰਗੀਠੀ ਬਾਲ ਕੇ ਸੌਂ ਰਹੇ ‘ਸੁਜੀਤ ਕੁਮਾਰ’ ਅਤੇ ‘ਅੰਸ਼ੂ ਕੁਮਾਰੀ’ ਨਾਂ ਦੇ ਭਰਾ-ਭੈਣ ਅਤੇ ਉਨ੍ਹਾਂ ਦੀ ਨਾਨੀ ‘ਮੀਨਾ ਦੇਵੀ’ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

* 8 ਜਨਵਰੀ, 2026 ਨੂੰ ‘ਤਰਨਤਾਰਨ’ (ਪੰਜਾਬ) ਿਵਚ ‘ਗੁਰਮੀਤ ਿਸੰਘ’ ਅਤੇ ਉਨ੍ਹਾਂ ਦੀ ਪਤਨੀ ‘ਜਸਬੀਰ ਕੌਰ’ ਦੀ ਠੰਢ ਤੋਂ ਬਚਣ ਲਈ ਬਾਲ ਕੇ ਕਮਰੇ ’ਚ ਰੱਖੀਆਂ ਲੱਕੜੀਆਂ ਦੀ ਗੈਸ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ।

* 8 ਜਨਵਰੀ, 2026 ਨੂੰ ਹੀ ‘ਪਟੌਦੀ’ (ਹਰਿਆਣਾ) ਿਵਚ ਠੰਢ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਸੁਲਗਾ ਕੇ ਸੌਣਾ ਇਕ ਮਜ਼ਦੂਰ ਦੇ ਪਰਿਵਾਰ ’ਤੇ ਆਫਤ ਬਣ ਕੇ ਟੁੱਟਿਆ ਅਤੇ ਦਮ ਘੁੱਟਣ ਨਾਲ ਇਕ 11 ਸਾਲਾ ਬੱਚੀ ਦੀ ਮੌਤ ਅਤੇ ਪਰਿਵਾਰ ਦੇ 3 ਹੋਰ ਮੈਂਬਰ ਗੰਭੀਰ ਰੂਪ ਤੌਰ ’ਤੇ ਬੀਮਾਰ ਹੋ ਗਏ।

* 9 ਜਨਵਰੀ, 2026 ਨੂੰ ‘ਹਜ਼ਾਰੀਬਾਗ’ (ਝਾਰਖੰਡ) ਦੇ ‘ਬਾਨਾਦਾਗ’ ਪਿੰਡ ਵਿਚ ਕੜਾਕੇ ਦੀ ਠੰਢ ਤੋਂ ਬਚਣ ਲਈ ਕਮਰੇ ਵਿਚ ਅੰਗੀਠੀ ਬਾਲ ਕੇ ਸੌਂ ਰਹੇ ਜੋੜੇ ਦੀ ਦਮ ਘੁੱਟਣ ਨਾਲ ਜਾਨ ਚਲੀ ਗਈ।

* 9 ਜਨਵਰੀ, 2026 ਨੂੰ ਹੀ ‘ਕੋਡਰਮਾ’ (ਝਾਰਖੰਡ) ਦੇ ‘ਪੂਰਨਾ ਨਗਰ’ ਵਿਚ ਠੰਢ ਤੋਂ ਬਚਣ ਲਈ ਬੰਦ ਕਮਰੇ ਿਵਚ ਕੋਲਾ ਬਾਲ ਕੇ ਸੌਂ ਰਹੇ ਪਤੀ-ਪਤਨੀ ‘ਵੀਰੇਂਦਰ ਸ਼ਰਮਾ’ ਅਤੇ ‘ਕਾਂਤੀ ਦੇਵੀ’ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

* 9 ਜਨਵਰੀ, 2026 ਨੂੰ ਹੀ ‘ਉੱਤਰਕਾਸ਼ੀ’ (ਉੱਤਰਾਖੰਡ) ਦੇ ‘ਚਾਂਪਕੋਟ’ ਿਵਚ ਕਮਰੇ ਵਿਚ ਬਲ ਰਹੀ ਅੰਗੀਠੀ ਦੀ ਗੈਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਤੌਰ ’ਤੇ ਬੀਮਾਰ ਹੋ ਗਿਆ।

* 10 ਜਨਵਰੀ, 2026 ਨੂੰ ‘ਆਰਾ’ (ਬਿਹਾਰ) ਦੇ ‘ਛੋਟਕੀ ਸਿੰਗਰੀ’ ਪਿੰਡ ’ਚ ਇਕ ਕਮਰੇ ਵਿਚ ਆਪਣੇ ਮਾਤਾ-ਪਿਤਾ ਅਤੇ ਭੈਣ ਨਾਲ ਠੰਢ ਤੋਂ ਬਚਣ ਲਈ ਅੰਗੀਠੀ ਬਾ ਕੇ ਸੌਂ ਰਹੇ 12 ਸਾਲਾ ਬੱਚੇ ‘ਬਜਰੰਗੀ ਸਿੰਘ’ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਮਾਤਾ-ਪਿਤਾ ਅਤੇ ਭੈਣ ਗੰਭੀਰ ਰੂਪ ਤੌਰ ’ਤੇ ਬੀਮਾਰ ਹੋ ਗਏ।

* ਅਤੇ ਹੁਣ 11 ਜਨਵਰੀ, 2026 ਨੂੰ ‘ਤਰਨਤਾਰਨ’ (ਪੰਜਾਬ) ਿਵਚ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੌਂ ਰਹੇ ‘ਅਰਸ਼ਦੀਪ ਿਸੰਘ’ (20), ਉਸ ਦੀ ਪਤਨੀ ‘ਜਸ਼ਨਦੀਪ ਕੌਰ’ (19) ਤੇ 2 ਮਹੀਨੇ ਦੇ ਮਾਸੂਮ ਬੇਟੇ ‘ਗੁਰਬਾਜ ਸਿੰਘ’ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ ‘ਅਰਸ਼ਦੀਪ ਸਿੰਘ’ ਦਾ ਸਾਲਾ ‘ਿਕਸ਼ਨ ਿਸੰਘ’ ਬੇਹੋਸ਼ ਹੋ ਿਗਆ।

ਉਕਤ ਸਾਰੀਆਂ ਘਟਨਾਵਾਂ ਦਾ ਸਬਕ ਇਹੀ ਹੈ ਕਿ ਬੰਦ ਕਮਰੇ ਵਿਚ ਅੰਗੀਠੀ ਨਹੀਂ ਬਾਲਣੀ ਚਾਹੀਦੀ ਅਤੇ ਜੇਕਰ ਬਾਲਣੀ ਹੀ ਪਵੇ ਤਾਂ ਸੌਣ ਤੋਂ ਪਹਿਲਾਂ ਉਸ ਨੂੰ ਬੁਝਾ ਦੇਣਾ ਚਾਹੀਦਾ ਹੈ ਤਾਂ ਕਿ ਧੂੰਆਂ ਪੈਦਾ ਨਾ ਹੋਵੇ। ਇਸ ਤੋਂ ਇਲਾਵਾ ਸੌਂਦੇ ਸਮੇਂ ਖਿੜਕੀ ਅਤੇ ਰੌਸ਼ਨਦਾਨ ਵੀ ਕੁਝ ਖੁੱਲ੍ਹੇ ਰੱਖਣੇ ਚਾਹੀਦੇ ਹਨ।

ਇਹ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਸਾਵਧਾਨੀਆਂ ਅਪਨਾ ਕੇ ਅਸੀਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰੇ, ਤਾਂ ਕਿ ਇਸ ਤਰ੍ਹਾਂ ਦੀਆਂ ਦਰਦਨਾਕ ਅਤੇ ਬੇਵਕਤੀ ਮੌਤਾਂ ਦੇ ਨਤੀਜੇ ਵਜੋਂ ਪਰਿਵਾਰ ਤਬਾਹ ਹੋਣ ਤੋਂ ਬਚ ਸਕਣ।

—ਵਿਜੇ ਕੁਮਾਰ


author

Sandeep Kumar

Content Editor

Related News