ਟਰੰਪ ਕਿਸ ਤਰ੍ਹਾਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ

Friday, Jan 16, 2026 - 04:17 PM (IST)

ਟਰੰਪ ਕਿਸ ਤਰ੍ਹਾਂ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਬਦਬਾ ਉਸ ਸਮੇਂ ਪੂਰੀ ਤਰ੍ਹਾਂ ਨਾਲ ਪ੍ਰਦਰਸ਼ਿਤ ਹੋਇਆ ਜਦੋਂ ਉਨ੍ਹਾਂ ਨੇ ਫਲੋਰੀਡਾ ਸਥਿਤ ਆਪਣੇ ਨਿਵਾਸ ਮਾਰ-ਏ-ਲਾਗੋ ’ਚ ਮੰਚ ’ਤੇ ਆ ਕੇ ਵੈਨੇਜ਼ੁਏਲਾ ਵਿਰੁੱਧ ਅਮਰੀਕੀ ਕਾਰਵਾਈ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੇਸ ਨੂੰ ਨਿਊਯਾਰਕ ’ਚ ‘ਨਾਰਕੋ-ਅੱਤਵਾਦ’ ਦੇ ਦੋਸ਼ਾਂ ’ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਗ੍ਰਿਫਤਾਰ ਕਰਨਾ ਇਕ ‘ਸ਼ਾਨਦਾਰ ਹਮਲਾ’ ਸੀ। ਉਨ੍ਹਾਂ ਐਲਾਨ ਕੀਤਾ ਕਿ ਅਮਰੀਕਾ ਦੇਸ਼ ਦਾ ‘ਸ਼ਾਸਨ’ ਚਲਾਏਗਾ ਅਤੇ ਇਸ ਦੇ ਤੇਲ ਭੰਡਾਰ ਦੀ ਵਰਤੋਂ ਉਨ੍ਹਾਂ ਅਮਰੀਕੀ ਕੰਪਨੀਆਂ ਨੂੰ ਮੁਆਵਜ਼ਾ ਦੇਣ ਲਈ ਕਰੇਗਾ, ਜਿਸ ਦੇ ਨਿਗਮਾਂ ਦਾ ਲੱਗਭਗ ਦੋ ਦਹਾਕੇ ਪਹਿਲਾਂ ਰਾਸ਼ਟਰੀਕਰਨ ਕਰ ਦਿੱਤਾ ਗਿਆ ਸੀ।

ਕੀ ਵੈਨੇਜ਼ੁਏਲਾ ’ਚ ਅਮਰੀਕੀ ਫੌਜੀ ਕਾਰਵਾਈ ਅਸਲ ’ਚ ਨਸ਼ੀਲੇ ਪਦਾਰਥਾਂ ਨਾਲ ਜੁੜੇ ਅੱਤਵਾਦ ਦਾ ਮੁਕਾਬਲਾ ਕਰਨ ਲਈ ਸੀ। 2000 ਤੋਂ, ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਨਾਲ ਲੱਗਭਗ ਸਵਾ ਦਸ ਲੱਖ ਅਮਰੀਕੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਪਰ ਇਨ੍ਹਾਂ ’ਚੋਂ ਲੱਗਭਗ 69 ਫੀਸਦੀ ਮੌਤਾਂ ਫੈਂਟਾਨਿਲ ਕਾਰਨ ਹੋਈਆਂ, ਜਿਸ ਦੇ ਪਿਛਲੇ ਰਸਾਇਣ ਚੀਨ ’ਚ ਉਤਪਾਦਿਤ ਹੁੰਦੇ ਹਨ। ਵੈਨੇਜ਼ੁਏਲਾ ਅਮਰੀਕਾ ’ਚ ਕੋਕੀਨ ਦਾ ਇਕ ਮਾਮੂਲੀ ਸਰੋਤ ਹੈ। ਹਾਲਾਂਕਿ ਵੈਨੇਜ਼ੁਏਲਾ ਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਤੇਲ ਭੰਡਾਰ ਹੈ। ਟਰੰਪ ਦੇ ਇਸ ਐਲਾਨ ਤੋਂ ਬਾਅਦ ਕਿ ਅਮਰੀਕੀ ਤੇਲ ਕੰਪਨੀਆਂ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਹਨ, ਹੁਣ ਦੱਖਣੀ ਅਮਰੀਕੀ ਦੇਸ਼ ’ਚ ਦਾਖਲ ਹੋਣਗੀਆਂ, ਉਨ੍ਹਾਂ ਦੇ ਇਰਾਦਿਆਂ ਦੀ ਹੋਰ ਪੁਸ਼ਟੀ ਦੀ ਕੋਈ ਲੋੜ ਨਹੀਂ ਰਹਿ ਗਈ ਹੈ।

ਕੌਮਾਂਤਰੀ ਕਾਨੂੰਨ ਦੀ ਉਲੰਘਣਾ : ਵੈਨੇਜ਼ੁਏਲਾ ’ਚ ਅਮਰੀਕਾ ਦੀ ਕਾਰਵਾਈ ਕੌਮਾਂਤਰੀ ਕਾਨੂੰਨ ਦੀ ਸਭ ਤੋਂ ਘੋਰ ਉਲੰਘਣਾ ਹੈ। ਇਸ ਗੱਲ ’ਤੇ ਜ਼ੋਰ ਦੇਣ ਦੀ ਸ਼ਾਇਦ ਹੀ ਜ਼ਰੂਰਤ ਹੈ ਕਿ ਇਸ ਕਾਰਵਾਈ ਨੇ ਸੰਯੁਕਤ ਰਾਸ਼ਟਰ ਚਾਰਟਰ ਦੀ ਮੂਲ ਧਾਰਾ 2(4) ਦੀ ਉਲੰਘਣਾ ਕੀਤੀ ਹੈ ਜੋ ਸੰਯੁਕਤ ਰਾਸ਼ਟਰ ਪ੍ਰੀਸ਼ਦ ਦੀ ਮਨਜ਼ੂਰੀ ਜਾਂ ਆਤਮਰੱਖਿਆ (ਧਾਰਾ 51) ਤੋਂ ਇਲਾਵਾ ਕਿਸੇ ਵੀ ਰਾਜ ਦੀ ਖੇਤਰੀ ਅਖੰਡਤਾ ਜਾਂ ਸਿਆਸੀ ਆਜ਼ਾਦੀ ਦੇ ਵਿਰੁੱਧ ਬਲ ਦੇ ਖਤਰੇ ਜਾਂ ਵਰਤੋਂ ’ਤੇ ਪਾਬੰਦੀ ਲਗਾਉਂਦੀ ਹੈ।

ਇਹ ਘਟਨਾ ਕੌਮਾਂਤਰੀ ਸੰਬੰਧਾਂ ’ਚ ਸ਼ਕਤੀ ਸੰਤੁਲਨ ਦੇ ਵਿਗੜਣ ਦਾ ਸੰਕੇਤ ਦਿੰਦੀ ਹੈ। ਮੂਲ ਰੂਪ ਨਾਲ ਕਈ ਦੇਸ਼ਾਂ ਵਿਚਾਲੇ ਸ਼ਾਂਤੀ ਬਣਾਈ ਰੱਖਣ ਲਈ ਯੂਰਪ ਵਲੋਂ ਬਣਾਈ ਇਸ ਵਿਵਸਥਾ ’ਚ 20ਵੀਂ ਸਦੀ ’ਚ ਮੁੱਢਲੀਆਂ ਤਬਦੀਲੀਆਂ ਹੋਈਆਂ। ਦੂਜੀ ਵਿਸ਼ਵ ਜੰਗ ਦੇ ਬਾਅਦ ਇਸ ਨੇ ਅਮਰੀਕਾ ਅਤੇ ਸੋਵੀਅਤ ਸੰਘ ਨੂੰ ਮੁੱਖ ਭੂਮਿਕਾ ’ਚ ਰੱਖਦੇ ਹੋਏ ਇਕ ਦੋ ਧਰੁਵੀ ਰਚਨਾ ਨੂੰ ਜਨਮ ਦਿੱਤਾ। ਇਸ ਦੌਰਾਨ ਕੋਈ ਵੀ ਦੇਸ਼ ਬੇਰੋਕ-ਟੋਕ ਸ਼ਕਤੀ ਦੀ ਵਰਤੋਂ ਨਹੀਂ ਕਰ ਸਕਿਆ। ਇਕ ਦੇਸ਼ ਦੂਜੇ ਨੂੰ ਸੰਤੁਲਿਤ ਕਰਦਾ ਰਿਹਾ, ਜਿਸ ਨਾਲ ਇਕ ਨਾਜ਼ੁਕ ਸ਼ਾਂਤੀ ਬਣੀ ਰਹੀ।

ਸੱਤਾ ਦਾ ਸੰਤੁਲਨ : ਵੈਨੇਜ਼ੁਏਲਾ ’ਤੇ ਹਮਲੇ ਨਾਲ ਦਸੰਬਰ 1971 ’ਚ ਬੰਗਲਾਦੇਸ਼ ਜੰਗ ਦੌਰਾਨ ਭਾਰਤੀ ਉਪ ਮਹਾਦੀਪ ’ਚ ਸੱਤਾ ਦੇ ਸਮੀਕਰਣਾਂ ਦੀ ਯਾਦ ਆਉਂਦੀ ਹੈ। ਇਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਭਾਰਤ ਵਿਰੋਧੀ ਪ੍ਰਸ਼ਾਸਨ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਜਦੋਂ ਵਾਸ਼ਿੰਗਟਨ ਨੇ ਨਵੀਂ ਦਿੱਲੀ ਨੂੰ ਡਰਾਉਣ ਅਤੇ ਆਤਮਸਮਰਪਣ ਕਰਾਉਣ ਲਈ ਅਮਰੀਕੀ ਸੱਤਵੇਂ ਬੇੜੇ ਦੀ ਟਾਸਕ ਫੋਰਸ ਟੀ. ਐੱਫ. 74 ਨੂੰ ਤਾਇਨਾਤ ਕੀਤਾ ਤਾਂ ਸੋਵੀਅਤ ਸੰਘ ਨੇ ਕਰੂਜ਼, ਤਬਾਹਕਾਰੀ ਅਤੇ ਪਣਡੁੱਬੀਆਂ ਦੀ ਜਵਾਬੀ ਤਾਇਨਾਤੀ ਕਰ ਕੇ ਖਤਰੇ ਨੂੰ ਬੇਅਸਰ ਕਰ ਦਿੱਤਾ। ਇਹ ਸ਼ਕਤੀ ਸੰਤੁਲਨ ਦੀ ਧਾਰਨਾ ਦੀ ਇਕ ਵਿਸ਼ੇਸ਼ ਉਦਾਹਰਣ ਦੇ ਰੂਪ ’ਚ ਇਕ ਮਹਾਸ਼ਕਤੀ ਵਲੋਂ ਦੂਜੀ ਮਹਾਸ਼ਕਤੀ ਦਾ ਵਿਰੋਧ ਸੀ।

ਇਸੇ ਤਰ੍ਹਾਂ ਜਦੋਂ 1973 ’ਚ ਯੋਮ ਕਿਪੁਰ ਯੁੱਧ ’ਚ ਮਿਸਰ ਦੀ ਤੀਜੀ ਸੈਨਾ ’ਤੇ ਇਜ਼ਰਾਈਲ ਦੇ ਹੱਥੋਂ ਤਬਾਹੀ ਦਾ ਖਤਰਾ ਮੰਡਰਾਇਆ ਤਾਂ ਸੋਵੀਅਤ ਨੇਤਾ ਲਿਓਨਿਦ ਬ੍ਰੇਝਨੇਵ ਨੇ ਹਵਾਈ ਡਵੀਜ਼ਨਾਂ ਨੂੰ ਤਿਆਰ ਖੇਤਰਾਂ ’ਚ ਤਾਇਨਾਤ ਕੀਤਾ, ਕਿਉਂਕਿ ਮਿਸਰ ਮਾਸਕੋ ਦਾ ਕਰੀਬੀ ਸਹਿਯੋਗੀ ਸੀ। ਚਿੰਤਤ ਅਮਰੀਕਾ ਨੇ ਡੇਫਕਾਨ-3 (ਅਮਰੀਕਾ ਦੀ ਰੱਖਿਆ ਤਤਪਰਤਾ/ਖਤਰੇ ਦਾ ਅਲਰਟ) ਐਲਾਨ ਦਿੱਤਾ। ਇਜ਼ਰਾਈਲ ਨੇ ਆਤਮਸਮਰਪਣ ਕਰ ਦਿੱਤਾ ਅਤੇ ਸੋਵੀਅਤ ਚਿਤਾਵਨੀ ਨੇ ਮਿਸਰ ਦੀ ਸੈਨਾ ਨੂੰ ਬਚਾਅ ਿਲਆ।

ਹਾਲਾਂਕਿ, 1991 ’ਚ ਸੋਵੀਅਤ ਸੰਘ ਦੇ ਪਤਨ ਦੇ ਨਾਲ ਦੁਨੀਆ ਨੇ ਅਮਰੀਕਾ ਵਲੋਂ ਸੱਤਾ ਦੀ ਅਣਕੰਟਰੋਲਡ ਦੁਰਵਰਤੋਂ ਨੂੰ ਚੁਣੌਤੀ ਦੇਣ ਦੇ ਸਮਰੱਥ ਇਕੋ-ਇਕ ਸ਼ਕਤੀ ਗੁਆ ਦਿੱਤੀ। ਇਸ ਤੋਂ ਉਤਸ਼ਾਹਿਤ ਹੋ ਕੇ ਵਾਸ਼ਿੰਗਟਨ ਨੇ ਅਗਾਊਂ ਨਿਵਾਰਕ (ਪ੍ਰੀ-ਐਂਪਟਿਵ) ਯੁੱਧ ’ਚ ਸ਼ਾਮਲ ਹੋਣ ਦਾ ਅਧਿਕਾਰ ਹਾਸਲ ਕਰ ਲਿਆ ਹੈ। ਇਸ ਨੇ ਪ੍ਰਤੱਖ ਕਾਰਵਾਈ ਅਤੇ ਸਮਰਥਿਤ ਅੰਦੋਲਨਾਂ ਰਾਹੀਂ ਇਰਾਕ, ਮਿਸਰ, ਲੀਬੀਆ ਅਤੇ ਸੀਰੀਆ ’ਚ ਸਰਕਾਰਾਂ ਨੂੰ ਉਖਾੜ ਦਿੱਤਾ ਹੈ।

ਨੇੜਲੇ ਭਵਿੱਖ ’ਚ ਸਿਰਫ ਚੀਨ ਹੀ ਅਮਰੀਕਾ ਪ੍ਰਤੀ ਸੰਤੁਲਨ ਦੇ ਰੂਪ ’ਚ ਉੱਭਰ ਸਕਦਾ ਹੈ। ਰੂਸ ਅਤੇ ਚੀਨ ਦੇ ਵਿਚਾਲੇ ਇਕ ਢਿੱਲਾ ਗੱਠਜੋੜ ਮੌਜੂਦਾ ਇਕ ਧਰੁਵੀ ਰਚਨਾ ਨੂੰ ਚੁਣੌਤੀ ਦੇ ਸਕਦਾ ਹੈ, ਹਾਲਾਂਕਿ ਪ੍ਰਮੁੱਖ ਸ਼ਕਤੀਆਂ ਵਿਚਾਲੇ ਮਤਭੇਦ ਇਕ ਸਥਾਈ ਸਾਂਝੇਦਾਰੀ ਨੂੰ ਰੋਕ ਸਕਦੇ ਹਨ।

ਅਮਰੀਕਾ ਨੇ ਇਕ ਵਾਰ ਫਿਰ ਭਾਰਤ ਦੇ ਸੁਰੱਖਿਆ ਹਿੱਤਾਂ ਪ੍ਰਤੀ ਆਪਣੀ ਅਸੰਵੇਦਨਸ਼ੀਲਤਾ ਸਾਬਿਤ ਕਰ ਦਿੱਤੀ ਹੈ। ਅਜਿਹੇ ’ਚ ਨਵੀਂ ਦਿੱਲੀ ਨੂੰ ਇਕ ਪ੍ਰਤੀਸੰਤੁਲਨਕਾਰੀ ਸ਼ਕਤੀ ਬਣਨ ਲਈ ਅਜੇ ਲੰਬਾ ਸਫਰ ਤੈਅ ਕਰਨਾ ਹੈ। ਉਸ ਨੂੰ ਆਪਣੇ ਫੌਜੀ ਉਦਯੋਗਿਕ ਕੰਪਲੈਕਸ ਦੇ ਨਿਰਮਾਣ ਅਤੇ ਰੱਖਿਆ ਨੂੰ ਮਜ਼ਬੂਤ ਕਰਨ ਲਈ ਇਕ ਕਲਪਨਾਸ਼ੀਲ ਅਤੇ ਲੀਕ ਤੋਂ ਹਟ ਕੇ ਰਣਨੀਤੀ ਵਿਕਸਿਤ ਕਰਨੀ ਹੋਵੇਗੀ।

ਥਾਮਸ ਮੈਥਿਊ


author

Rakesh

Content Editor

Related News