ਕੀ ਇਹ ਠਾਕਰੇ ਪਰਿਵਾਰ ਦੇ ਪਤਨ ਦੀ ਸ਼ੁਰੂਆਤ ਹੈ?
Saturday, Jan 17, 2026 - 04:39 PM (IST)
ਬ੍ਰਹਨਮੁੰਬਈ ਨਗਰਪਾਲਿਕਾ (ਬੀ. ਐੱਮ. ਸੀ.) ਦੀਆਂ ਚੋਣਾਂ ਮਹਾਰਾਸ਼ਟਰ ਦੀ ਰਾਜਨੀਤੀ ’ਚ ਹਮੇਸ਼ਾ ਤੋਂ ਬੇਹੱਦ ਅਹਿਮ ਮੰਨੀਆਂ ਜਾਂਦੀਆਂ ਰਹੀਆਂ ਹਨ। ਇਸ ’ਤੇ ਕਬਜ਼ੇ ਲਈ ਸਿਆਸੀ ਦਲ ਜੋ ਕਰਨ, ਘੱਟ ਹੀ ਮੰਨਿਆ ਜਾਂਦਾ ਹੈ। ਬੀ. ਐੱਮ. ਸੀ. ’ਤੇ ਪਿਛਲੇ ਲਗਭਗ 3 ਤੋਂ ਵੱਧ ਦਹਾਕਿਆਂ ਤੋਂ ਸ਼ਿਵਸੈਨਾ ਦਾ ਦਬਦਬਾ ਰਿਹਾ ਹੈ। ਇਸ ਦੀ ਵਜ੍ਹਾ ਸਿਰਫ ਇਹ ਨਹੀਂ ਕਿ ਇਹ ਦੇਸ਼ ਦਾ ਸਭ ਤੋਂ ਅਮੀਰ (75 ਹਜ਼ਾਰ ਕਰੋੜ ਦਾ ਬਜਟ) ਨਗਰ ਿਨਗਮ ਹੈ। ਮਹਾਰਾਸ਼ਟਰ ਦੇ ਇਤਿਹਾਸ ’ਚ ਪ੍ਰਭਾਵਸ਼ਾਲੀ ਨੇਤਾ ਬਾਲ ਠਾਕਰੇ ਦੇ ਦਿਹਾਂਤ ਤੋਂ ਬਾਅਦ ਜਾਂ ਉਸ ਦੇ ਇਕ ਦਹਾਕੇ ਪਹਿਲਾਂ ਤੋਂ ਹੀ ਸਵਾਲ ਉੱਠਣ ਲੱਗਾ ਸੀ ਕਿ ਸ਼ਿਵਸੈਨਾ ਕਦੋਂ ਤੱਕ ਬੀ. ਐੱਮ. ਸੀ. ’ਤੇ ਕਬਜ਼ਾ ਰੱਖੇਗੀ। ਉਂਝ ਤਾਂ ਮਹਾਰਾਸ਼ਟਰ ਦੇ ਇਤਿਹਾਸ ’ਚ ਸਿਰਫ 8 ਸਾਲ ਸ਼ਿਵਸੈਨਾ ਦੇ ਮੁੱਖ ਮੰਤਰੀ (ਮਨੋਹਰ ਜੋਸ਼ੀ, ਨਾਰਾਇਣ ਰਾਣੇ ਅਤੇ ਊਧਵ ਠਾਕਰੇ) ਰਹੇ ਪਰ ਉਸ ਦਾ ਪ੍ਰਭਾਵ ਲਗਾਤਾਰ 5 ਦਹਾਕਿਆਂ ਤੱਕ ਰਿਹਾ।
ਪਹਿਲਾਂ ਵਿਧਾਨ ਸਭਾ ਦੀ ਸੱਤਾ ਤੋਂ ਹਟਣ ਅਤੇ ਹੁਣ ਬੀ. ਐੱਮ. ਸੀ. ਹੱਥੋਂ ਜਾਣ ਤੋਂ ਬਾਅਦ ਤੈਅ ਹੈ ਕਿ ਇਹ ਸਭ ਕੁਝ ਠਾਕਰੇ ਪਰਿਵਾਰ ਲਈ ਉਮੀਦ ਮੁਤਾਬਕ ਨਹੀਂ ਰਿਹਾ। ਉਹ ਵੀ ਉਦੋਂ, ਜਦੋਂ 2 ਦਹਾਕਿਆਂ ਤੋਂ ਵੱਖ ਚਚੇਰੇ ਭਰਾਵਾਂ ਨੇ ਹੱਥ ਮਿਲਾ ਿਲਆ। ਊਧਵ ਠਾਕਰੇ ਦੀ ਸ਼ਿਵਸੈਨਾ (ਯੂ. ਬੀ. ਟੀ.) ਅਤੇ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਗੱਠਜੋੜ ਦੇ ਬਾਵਜੂਦ ਬੀ. ਐੱਮ. ਸੀ. ’ਚ ਮਹਾਯੁਤੀ (ਭਾਜਪਾ ਅਤੇ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵਸੈਨਾ) ਅੱਗੇ ਹੀ ਨਹੀਂ, ਕਾਫੀ ਅੱਗੇ ਰਹੀ ਹੈ। ਪਹਿਲੀ ਵਾਰ ਭਾਜਪਾ ਦਾ ਮੇਅਰ ਬਣਨ ਜਾ ਰਿਹਾ ਹੈ। ਅਜਿਹੇ ’ਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਹ ਠਾਕਰੇ ਪਰਿਵਾਰ ਦੇ ਪਤਨ ਦੀ ਸ਼ੁਰੂਆਤ ਹੈ?
ਦਰਅਸਲ, ਬੀ. ਐੱਮ. ਸੀ. ’ਤੇ ਕਰੀਬ ਢਾਈ ਦਹਾਕੇ ਤੱਕ ਲਗਾਤਾਰ ਅਣਵੰਡੀ ਸ਼ਿਵਸੈਨਾ ਦਾ ਕਬਜ਼ਾ ਰਿਹਾ। ਇਸ ਪੂਰੇ ਦੌਰ ’ਚ ਸ਼ਿਵਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਭੂਮਿਕਾ ਸਭ ਤੋਂ ਅਹਿਮ ਰਹੀ। ਬਾਲਾ ਸਾਹਿਬ ਨੇ ਕਦੇ ਮੁੱਖ ਮੰਤਰੀ ਬਣਨ ਜਾਂ ਸਿੱਧੇ ਸੱਤਾ ’ਚ ਬੈਠਣ ਦੀ ਇੱਛਾ ਨਹੀਂ ਜਤਾਈ, ਉਨ੍ਹਾਂ ਨੇ ਹਮੇਸ਼ਾ ‘ਰਿਮੋਟ ਕੰਟਰੋਲ’ ਦੀ ਰਾਜਨੀਤੀ ਕੀਤੀ। ਉਹ ਚੋਣ ਨਹੀਂ ਲੜਦੇ ਸਨ, ਸੱਤਾ ’ਚ ਨਹੀਂ ਬੈਠਦੇ ਸਨ, ਪਰ ਸੱਤਾ ਉਨ੍ਹਾਂ ਦੇ ਇਸ਼ਾਰੇ ’ਤੇ ਚੱਲਦੀ ਸੀ। ਇਹ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਸਮਝ ਸੀ। ਬਾਹਰ ਰਹਿ ਕੇ ਦਬਾਅ ਬਣਾਉਣ, ਅੰਦਰ ਰਹਿ ਕੇ ਜਵਾਬਦੇਹ ਹੋਣ ਤੋਂ ਜ਼ਿਆਦਾ ਅਸਰਦਾਰ ਹੁੰਦਾ ਹੈ, ਇਹ ਗੱਲ ਬਾਲਾ ਸਾਹਿਬ ਨੇ ਬਹੁਤ ਪਹਿਲਾਂ ਹੀ ਸਮਝ ਲਈ ਸੀ। ਬੀ. ਐੱਮ. ਸੀ. ਇਸ ਰਣਨੀਤੀ ਦੀ ਧੁਰੀ ਬਣ ਗਈ।
ਬੀ. ਐੱਮ. ਸੀ. ’ਤੇ ਕੰਟਰੋਲ ਦਾ ਮਤਲਬ ਸੀ ਮੁੰਬਈ ਦੀਆਂ ਸੜਕਾਂ ਤੋਂ ਲੈ ਕੇ ਠੇਕਿਆਂ, ਨਿਰਮਾਣ, ਪਾਣੀ, ਸਫਾਈ ਅਤੇ ਕਰੋੜਾਂ ਦੇ ਬਜਟ ’ਤੇ ਪਕੜ। ਸ਼ਿਵਸੈਨਾ ਨੇ ਬੀ. ਐੱਮ. ਸੀ. ਨੂੰ ਸੱਤਾ ਦਾ ਕਿਲਾ ਬਣਾ ਲਿਆ ਪਰ ਇਹ ਸਿਰਫ ਬੀ. ਐੱਮ. ਸੀ. ਦਾ ਮਾਮਲਾ ਨਹੀਂ ਸੀ, ਬੀ. ਐੱਮ. ਸੀ. ਦੇ ਬਹਾਨੇ ਸ਼ਿਵਸੈਨਾ ਹਜ਼ਾਰਾਂ ਅਜਿਹੇ ਵਰਕਰ ਤਿਆਰ ਕਰਦੀ ਸੀ, ਜੋ ਕਿਰਾਏਦਾਰਾਂ, ਦੁਕਾਨਦਾਰਾਂ ਅਤੇ ਉਦਯੋਗਪਤੀਆਂ ’ਤੇ ਪਕੜ ਬਣਾਉਂਦੇ ਸਨ। ਸਮਝਣ ਲਈ ਉਦਾਹਰਣ ਦੇ ਤੌਰ ’ਤੇ ਇੰਨਾ ਹੀ ਕਾਫੀ ਹੋਵੇਗਾ ਕਿ ਮੁੰਬਈ ’ਚ ਜੇਕਰ ਤੁਸੀਂ ਕਿਰਾਏ ਦਾ ਮਕਾਨ ਲੈਣਾ ਹੈ ਤਾਂ ਅਜਿਹੇ ਵਰਕਰ ਜਾਂ ਫਿਰ ਦਲਾਲ ਹਰ 11 ਮਹੀਨੇ ’ਤੇ 1 ਮਹੀਨੇ ਦਾ ਕਿਰਾਇਆ ਵਸੂਲ ਲੈਂਦੇ ਸਨ (ਭਾਵੇਂ ਤੁਸੀਂ ਉਸੇ ਮਕਾਨ ’ਚ ਰਹੋ)। ਮੁੰਬਈ ’ਚ ਅਜਿਹੇ ਕਿਰਾਏ ਦੇ ਘਰਾਂ ਦੀ ਗਿਣਤੀ 20 ਲੱਖ ਤੋਂ ਵੱਧ ਹੈ। ਅਰਥਸ਼ਾਸਤਰ ਤੁਹਾਨੂੰ ਇੱਥੇ ਹੀ ਸਮਝ ’ਚ ਆ ਜਾਵੇਗਾ (ਇਹੀ ਹਾਲ ਕੋਲਕਾਤਾ ਦਾ ਵੀ ਹੈ)। ਇਸ ਤਰ੍ਹਾਂ ਦੇ ਮੁੰਬਈ ’ਚ ਕਈ ਖੇਤਰ ਹਨ ਅਤੇ ਹਜ਼ਾਰਾਂ ਕਰੋੜ ਦੀ ਵਸੂਲੀ ਹੁੰਦੀ ਹੈ।
ਬਾਲਾ ਸਾਹਿਬ ਸਿਆਸੀ ਵਰਕਰ ਸਨ। ਉਨ੍ਹਾਂ ਨੇ ਸ਼ਿਵਸੈਨਾ ਦੀ ਵਿਚਾਰਧਾਰਾ ਨੂੰ ਮਰਾਠੀ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਹਿੰਦੂਤਵ, ਹਿੰਦੂ ਰਾਸ਼ਟਰਵਾਦ ਅਤੇ ਆਰਥਿਕ ਰਾਸ਼ਟਰਵਾਦ ’ਚ ਅੱਗੇ ਵਧਾਇਆ। ਉਨ੍ਹਾਂ ਦੀ ਭਾਸ਼ਾ ਹਮਲਾਵਰੀ ਸੀ, ਤੇਵਰ ਚੁਣੌਤੀ ਦੇਣ ਵਾਲੇ ਸਨ। ਉਹ ਡਰ ਪੈਦਾ ਕਰਦੇ ਸਨ ਪਰ ਭਰੋਸਾ ਵੀ। ਉਨ੍ਹਾਂ ਦੇ ਬਾਅਦ ਤਸਵੀਰ ਬਦਲਣ ਲੱਗੀ। ਊਧਵ ਠਾਕਰੇ ਰਾਜਨੀਤੀ ’ਚ ਆਏ ਪਰ ਬਾਲਾ ਸਾਹਿਬ ਵਾਂਗ ਨਹੀਂ। ਊਧਵ ਸ਼ਾਂਤ ਹਨ, ਸੰਤੁਲਿਤ ਹਨ, ਸੰਵਾਦ ’ਚ ਵਿਸ਼ਵਾਸ ਰੱਖਦੇ ਹਨ ਪਰ ਮੁੰਬਈ ਦੀ ਰਾਜਨੀਤੀ ਸੰਵਾਦ ਨਾਲੋਂ ਜ਼ਿਆਦਾ ਦਬਾਅ ਅਤੇ ਪਕੜ ਦੀ ਮੰਗ ਕਰਦੀ ਹੈ। ਊਧਵ ਮੁੱਖ ਮੰਤਰੀ ਬਣੇ, ਇਹ ਵੱਡੀ ਉਪਲਬਧੀ ਸੀ ਪਰ ਸ਼ਿਵਸੈਨਾ ਪਹਿਲੀ ਵਾਰ ਸੱਤਾ ਦੇ ਕੇਂਦਰ ’ਚ ਆ ਕੇ ਕਮਜ਼ੋਰ ਵੀ ਹੋਈ। ਬਾਹਰ ਰਹਿ ਕੇ ਜੋ ਪਾਰਟੀ ਮਜ਼ਬੂਤ ਸੀ, ਸੱਤਾ ’ਚ ਆ ਕੇ ਉਹੀ ਪਾਰਟੀ ਟੁੱਟ ਗਈ।
ਰਾਜ ਠਾਕਰੇ ਨੇ ਬਾਲਾ ਸਾਹਿਬ ਦੀ ਹਮਲਾਵਰੀ ਸ਼ੈਲੀ ਅਪਣਾਈ ਪਰ ਸਮਾਂ ਬਦਲ ਚੁੱਕਾ ਸੀ। ਉੱਤਰ ਭਾਰਤੀਆਂ ਅਤੇ ਬਾਅਦ ’ਚ ਦੱਖਣ ਭਾਰਤੀਆਂ ’ਤੇ ਤਿੱਖੇ ਬਿਆਨ ਹੁਣ ਉਹੀ ਅਸਰ ਨਹੀਂ ਪਾਉਂਦੇ, ਜੋ 60 ਜਾਂ 70 ਦੇ ਦਹਾਕੇ ’ਚ ਪਾਉਂਦੇ ਸਨ। ਮੁੰਬਈ ਹੁਣ ਬਹੁ-ਸੰਸਕ੍ਰਿਤਿਕ ਯਥਾਰਥ ਨੂੰ ਸਵੀਕਾਰ ਕਰ ਚੁੱਕੀ ਹੈ।
ਬੀ. ਐੱਮ. ਸੀ. ਚੋਣਾਂ ’ਚ ਊਧਵ ਅਤੇ ਰਾਜ ਦਾ ਗੱਠਜੋੜ ਇਸ ਦੀ ਉਪਜ ਸੀ। ਉਮੀਦ ਸੀ ਕਿ ਖਿਲਰਿਆ ਮਰਾਠੀ ਵੋਟ ਇਕ ਹੋਵੇਗਾ ਪਰ ਮੁੰਬਈ ਦੀ ਬਰਬਾਦ ਹਾਲਤ ਤੋਂ ਪੀੜਤ ਜਨਤਾ ਦੇ ਗੁੱਸੇ ਨੂੰ ਇਸ ਗਣਿਤ ਨੇ ਨਹੀਂ ਸਮਝਿਆ।
ਬੀ. ਐੱਮ. ਸੀ. ਚੋਣਾਂ ’ਚ ਊਧਵ ਅਤੇ ਰਾਜ ਦਾ ਸਾਥ ਆਉਣਾ ਅਸੁਰੱਖਿਆ ਦਾ ਸੰਕੇਤ ਸੀ। ਜਨਤਾ ਨੇ ਇਸ ਨੂੰ ਰਣਨੀਤੀ ਨਹੀਂ, ਮਜਬੂਰੀ ਵਾਂਗ ਦੇਖਿਆ। ਉਪਰੋਂ ਸਾਲਾਂ ਤੋਂ ਜਮ੍ਹਾ ਗੁੱਸਾ—ਵਸੂਲੀ, ਭ੍ਰਿਸ਼ਟਾਚਾਰ, ਠੇਕੇਦਾਰੀ ਅਤੇ ਕੌਂਸਲਰ ਸੱਭਿਆਚਾਰ, ਸਭ ਇਕੋ ਸਮੇਂ ਉੱਭਰ ਆਏ। ਸੜਕਾਂ, ਪਾਣੀ, ਇਮਾਰਤ ਪਰਮਿਟਾਂ ਅਤੇ ਠੇਕਿਆਂ ਨਾਲ ਸਬੰਧਤ ਕਥਿਤ ਵਸੂਲੀ ਦੀਆਂ ਲੰਬੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਵੱਖ-ਵੱਖ ਰਿਪੋਰਟਾਂ ਅਤੇ ਰਾਜਨੀਤਿਕ ਦੋਸ਼ਾਂ ’ਚ ਇੱਥੋਂ ਤੱਕ ਕਿਹਾ ਿਗਆ ਕਿ ਨਾਜਾਇਜ਼ ਵਸੂਲੀ ਦਾ ਅੰਕੜਾ 3 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਿਆ ਹੈ। ਆਮ ਵੋਟਰਾਂ ਵਿਚਾਲੇ ਇਹ ਸੰਦੇਸ਼ ਗਿਆ ਕਿ ਬੀ. ਐੱਮ. ਸੀ. ’ਚ ਲੰਬੇ ਸਮੇਂ ਤੱਕ ਸੱਤਾ ’ਚ ਰਹਿਣ ਕਾਰਨ ਭ੍ਰਿਸ਼ਟਾਚਾਰ ਵਧਿਆ ਹੈ।
ਇਸ ਚੋਣ ’ਚ ਰਾਜ ਠਾਕਰੇ ਨੇ ਉੱਤਰ ਭਾਰਤੀਆਂ ਦੇ ਨਾਲ-ਨਾਲ ਦੱਖਣ ਭਾਰਤੀਆਂ ’ਤੇ ਵੀ ਤਿੱਖੇ ਹਮਲੇ ਕੀਤੇ। ਤਾਮਿਲਨਾਡੂ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅੰਨਾਮਲਾਈ ਨੂੰ ‘ਰਸਮਲਾਈ’ ਕਹਿਣ ਵਰਗੇ ਬਿਆਨ ਨੇ ਦੱਖਣੀ ਭਾਰਤੀ ਭਾਈਚਾਰੇ ਨੂੰ ਨਾਰਾਜ਼ ਕਰ ਦਿੱਤਾ। ਇਸ ਦਾ ਸਿੱਧਾ ਨੁਕਸਾਨ ਗੱਠਜੋੜ ਨੂੰ ਹੋਇਆ। ਉਥੇ ਹੀ ਊਧਵ ਠਾਕਰੇ ਨੂੰ ਉਮੀਦ ਸੀ ਕਿ ਰਾਜ ਠਾਕਰੇ ਦਾ ਸਾਥ ਉਨ੍ਹਾਂ ਨੂੰ ਬੀ. ਐੱਮ. ਸੀ. ’ਤੇ ਕਬਜ਼ਾ ਬਣਾਈ ਰੱਖਣ ’ਚ ਮਦਦ ਕਰੇਗਾ ਪਰ ਅਜਿਹਾ ਨਹੀਂ ਹੋ ਸਕਿਆ, ਇਸ ਦੇ ਉਲਟ ਰਾਜ ਠਾਕਰੇ ਊਧਵ ਲਈ ਨੁਕਸਾਨਦਾਇਕ ਸਾਬਤ ਹੋਏ।
ਹੁਣ ਬੀ. ਐੱਮ. ਸੀ. ਚੋਣਾਂ ’ਚ ਹਾਰ ਤੋਂ ਬਾਅਦ ਠਾਕਰੇ ਪਰਿਵਾਰ ਦੀ ਸਿਆਸੀ ਮੁੜ-ਸੁਰਜੀਤੀ ਦਾ ਰਾਹ ਹੋਰ ਮੁਸ਼ਕਲ ਹੋ ਗਿਆ ਹੈ। ਇਹ ਹਾਰ ਸਿਰਫ ਚੋਣਾਂ ਦੀ ਨਹੀਂ, ਇਹ ਸੰਕੇਤ ਹੈ ਕਿ ਠਾਕਰੇ ਪਰਿਵਾਰ ਨੇ ਮੁੰਬਈ ’ਤੇ ਜੋ ਨੈਰੇਟਿਵ ਕੰਟਰੋਲ ਬਣਾਇਆ ਸੀ, ਉਹ ਹੁਣ ਉਨ੍ਹਾਂ ਦੇ ਹੱਥੋਂ ਤਿਲਕ ਰਿਹਾ ਹੈ। ਭਾਜਪਾ ਨੇ ਸੰਗਠਨ, ਸੰਸਾਧਨ ਅਤੇ ਨਵੀਆਂ ਸ਼ਹਿਰੀ ਉਮੀਦਾਂ ਦੇ ਜ਼ਰੀਆ ਉਸ ਖਾਲੀਪਨ ਨੂੰ ਭਰ ਦਿੱਤਾ ਹੈ। ਸਵਾਲ ਇਹੀ ਹੈ ਕਿ ਊਧਵ ਅਤੇ ਰਾਜ ਠਾਕਰੇ ਮਿਲ ਕੇ ਉਸ ਵਿਰਾਸਤ ਨੂੰ ਫਿਰ ਤੋਂ ਖੜ੍ਹਾ ਕਰ ਸਕਣਗੇ ਜਾਂ ਇਹ ਹਾਰ ਠਾਕਰੇ ਪਰਿਵਾਰ ਦੇ ਸਿਆਸੀ ਪਤਨ ਦੀ ਸ਼ੁਰੂਆਤ ਸਾਬਿਤ ਹੋਵੇਗੀ?
–ਅੱਕੂ ਸ਼੍ਰੀਵਾਸਤਵ
