ਜੇ. ਪੀ. ਨੱਡਾ : ਇਕ ਸ਼ਾਂਤ ਰਣਨੀਤੀਕਾਰ ਦੀ ਵਿਦਾਈ
Wednesday, Jan 21, 2026 - 02:25 PM (IST)
–ਕੇ. ਐੱਸ. ਤੋਮਰ
ਇਹ ਇਕ ਤਜਰਬੇਕਾਰ ਸਿਆਸੀ ਆਗੂ ਜਗਤ ਪ੍ਰਕਾਸ਼ ਨੱਢਾ ਲਈ ਭਾਵੁਕ ਵਿਦਾਈ ਹੈ, ਇਕ ਅਜਿਹੀ ਵਿਦਾਈ, ਜੋ ਸਿਆਸੀ ਤ੍ਰਾਸਦੀਆਂ ਅਤੇ ਪ੍ਰਾਪਤੀਆਂ ਦੇ ਅਨੋਖੇ ਸੰਗਮ ਨਾਲ ਸਜੀ ਹੈ। ਹਰਿਆਣਾ, ਮਹਾਰਾਸ਼ਟਰ ਅਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਦੇ ਬਾਅਦ ਮਹਾਰਾਸ਼ਟਰ ਦੀਆਂ ਸਥਾਨਕ ਸਰਕਾਰਾਂ ਚੋਣਾਂ ’ਚ ਮਿਲੀ ਫੈਸਲਾਕੁੰਨ ਸਫਲਤਾ ਨੇ ਇਸ ਵਿਦਾਈ ਨੂੰ ਸਿਆਸੀ ਮੁੜ-ਸਥਾਪਤੀ ਅਤੇ ਸੰਗਠਨਾਤਮਕ ਜਿੱਤ ਦੇ ਫੁੱਲਾਂ ਦੇ ਗੁੱਛੇ ’ਚ ਬਦਲ ਦਿੱਤਾ।
ਅਸਥਿਰ ਸਿਆਸਤ ਦੇ ਦਰਮਿਆਨ ਕਾਰਜਕਾਲ : ਰਸਮੀ ਤੌਰ ’ਤੇ ਉਨ੍ਹਾਂ ਦਾ ਕਾਰਜਕਾਲ ਸੰਤੋਸ਼, ਆਤਮਵਿਸ਼ਵਾਸ ਅਤੇ ਸ਼ਾਂਤ ਮਾਣ ਦਾ ਅਹਿਸਾਸ ਕਰਵਾਉਂਦਾ ਹੈ। ਸਿਆਸੀ ਅਸਥਿਰਤਾ ਦੇ ਦੌਰ ’ਚ ਪਾਰਟੀ ਦੀ ਕਮਾਨ ਸੰਭਾਲਦੇ ਹੋਏ ਉਨ੍ਹਾਂ ਨੇ ਨਾ ਸਿਰਫ ਸੰਗਠਨ ਦੀਆਂ ਵਿਚਾਰਕ ਜੜ੍ਹਾਂ ਨੂੰ ਮਜ਼ਬੂਤ ਕੀਤਾ ਸਗੋਂ ਭਾਜਪਾ ਦੇ ਚੋਣ ਵਿਸਥਾਰ ਨੂੰ ਨਵੇਂ ਖੇਤਰਾਂ ਤੱਕ ਪਹੁੰਚਾਇਆ। ਉਨ੍ਹਾਂ ਦੀ ਅਗਵਾਈ ’ਚ ਭਾਜਪਾ ਨੇ ਆਪਣੇ ਰਵਾਇਤੀ ਗੜ੍ਹਾਂ ਨੂੰ ਹੋਰ ਮਜ਼ਬੂਤ ਕੀਤਾ, ਜਿਸ ਨਾਲ ਉਹ ਭਾਰਤ ਦੀ ਪ੍ਰਮੁੱਖ ਸਿਆਸੀ ਸ਼ਕਤੀ ਵਜੋਂ ਹੋਰ ਸਥਾਪਤ ਹੋਈ।
ਸ਼ਾਂਤ ਮਿਹਨਤ ਅਤੇ ਸੰਗਠਨਾਤਮਕ ਅਨੁਸ਼ਾਸਨ : ਨੱਡਾ ਦਾ ਕਾਰਜਕਾਲ ਸ਼ਾਂਤ ਮਿਹਨਤ, ਰਣਨੀਤਿਕ ਜ਼ਮੀਨੀ ਸੰਗਠਨ ਅਤੇ ਵਿਚਾਰਕ ਅਨੁਸ਼ਾਸਨ ਦੇ ਨਾਲ ਡਿਜੀਟਲ ਨਵਾਚਾਰ ਦੇ ਸੰਤੁਲਨ ਲਈ ਜਾਣਿਆ ਜਾਵੇਗਾ। ਉਨ੍ਹਾਂ ਨੇ ਰਵਾਇਤੀ ਅਤੇ ਆਧੁਨਿਕਤਾ ਦੇ ਦਰਮਿਆਨ ਪਾਰਟੀ ਨੂੰ ਉਸ ਦੀ ਮੂਲ ਹਿੰਦੂਤਵ ਵਿਚਾਰਧਾਰਾ ’ਚ ਦ੍ਰਿੜ੍ਹ ਰੱਖਿਆ ਅਤੇ ਨਾਲ ਹੀ ਡਾਟਾ-ਆਧਾਰਿਤ, ਤਕਨੀਕੀ, ਸੂਖਮ ਚੋਣ ਰਣਨੀਤੀ ਨੂੰ ਅੱਗੇ ਵਧਾਇਆ। ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੀ ਅਗਵਾਈ ਨੂੰ ਵਿਸ਼ੇਸ਼ ਤੌਰ ’ਤੇ ਪਰਖਿਆ ਗਿਆ ਜਦੋਂ ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਦੇਸ਼ ਪੱਧਰੀ ਰਾਹਤ ਅਤੇ ਸੇਵਾ ਕਾਰਜਾਂ ਲਈ ਸੰਗਠਿਤ ਕੀਤਾ ਅਤੇ ਸੰਕਟ ਨੂੰ ਲੋਕ ਸੰਪਰਕ ਅਤੇ ਸੇਵਾ ਦੇ ਮੌਕੇ ’ਚ ਬਦਲਿਆ।
ਮਾਰਗਦਰਸ਼ਕਾਂ ’ਤੇ ਆਸਥਾ ਅਤੇ ਮੋਦੀ-ਸ਼ਾਹ ਅਗਵਾਈ ’ਤੇ ਭਰੋਸਾ : ਨੱਡਾ ਆਪਣੀ ਸਫਲਤਾ ਦਾ ਸਿਹਰਾ ਰੱਬੀ ਕਿਰਪਾ ਨੂੰ ਦਿੰਦੇ ਹਨ ਅਤੇ ਰਾਸ਼ਟਰੀ ਸਵੈਮਸੇਵਕ ਸੰਘ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪ੍ਰਤੀ ਡੂੰਘਾ ਰਿਣੀਪੁਣਾ ਪ੍ਰਗਟ ਕਰਦੇ ਹਨ। ਉਹ ਮੰਨਦੇ ਹਨ ਕਿ ਅਮਿਤ ਸ਼ਾਹ ਵਲੋਂ ਸਥਾਪਤ ਸੰਗਠਨਾਤਮਕ ਮਾਪਦੰਡਾਂ ਨੂੰ ਬਣਾਈ ਰੱਖਣਾ ਉਨ੍ਹਾਂ ਲਈ ਵੱਡੀ ਜ਼ਿੰਮੇਵਾਰੀ ਸੀ ਅਤੇ ਉਨ੍ਹਾਂ ਨੇ ਉਸ ਨੂੰ ਨਿਭਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀ ਸ਼ਾਨਦਾਰ ਸਮਰੱਥਾ ਅਤੇ ਪ੍ਰਤੀਬੱਧਤਾ ’ਤੇ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ, ਜੋ ਟੁੱਟਵੇਂ ਲੋਕ ਫਤਵੇ ਅਤੇ ਹਮਲਾਵਰ ਵਿਰੋਧੀ ਧਿਰ ਦੇ ਦਰਮਿਆਨ ਵੀ ਰਾਜਗ ਸਰਕਾਰ ਨੂੰ ਸਥਿਰ ਦਿਸ਼ਾ ਦੇਣ ’ਚ ਸਮਰੱਥ ਹੈ।
‘ਮੋਦੀ ਦੀ ਗਾਰੰਟੀ’ ਅਤੇ ਭਾਜਪਾ ਦੀ ਜਿੱਤ ਦੀ ਰਫਤਾਰ : ਇਸ ਲੇਖਕ ਨਾਲ ਖਾਸ ਗੱਲਬਾਤ ’ਚ ਨੱਡਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਲਗਾਤਾਰ ਤੀਜੇ ਕਾਰਜਕਾਲ ਦੇ ਪਿਛੋਕੜ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਨਵਰੀ 2020 ’ਚ ਸਰਬਸੰਮਤੀ ਨਾਲ ਭਾਜਪਾ ਪ੍ਰਧਾਨ ਚੁਣੇ ਜਾਣ ਅਤੇ ਜੂਨ 2024 ਤਕ ਮਿਲੇ ਵਾਧੇ ਨੇ ਇਸ ਨਵੇਂ ਅਧਿਆਏ ਦੀ ਨੀਂਹ ਰੱਖੀ। ਉਨ੍ਹਾਂ ਕਿਹਾ, ‘‘ਜਨਤਾ ਨੇ ਮੋਦੀ ਦੀ ਗਾਰੰਟੀ ’ਤੇ ਭਰੋਸਾ ਪ੍ਰਗਟਾਇਆ ਹੈ, ਜੋ ਹਰ ਭਾਜਪਾ ਮੁਹਿੰਮ ਨੂੰ ਨਵੀਂ ਊਰਜਾ ਅਤੇ ਅਜੇਤੂ ਜੁਝਾਰੂਪਣ ਦਿੰਦਾ ਹੈ।’’ ਉਨ੍ਹਾਂ ਅਨੁਸਾਰ ਮੋਦੀ ਦੀ ਫੈਸਲਾਕੁੰਨ ਅਗਵਾਈ ’ਚ ਲੋਕ ਸਭਾ, ਬਿਹਾਰ, ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਜਿੱਤਾਂ, ਜਨਤਾ ਦੇ ਭਰੋਸੇ ਦਾ ਸਬੂਤ ਹਨ।
ਪੀੜ੍ਹੀ ਵਾਲੀ ਤਬਦੀਲੀ ਅਤੇ ਆਰ. ਐੱਸ. ਐੱਸ. ਨਾਲ ਤਾਲਮੇਲ : ਨੱਡਾ ਨੂੰ ਭਾਜਪਾ ’ਚ ਪੀੜ੍ਹੀ ਵਾਲੀ ਲੀਡਰਸ਼ਿਪ ਤਬਦੀਲੀ ’ਤੇ ਖਾਸ ਮਾਣ ਹੈ। ਕਈ ਸੂਬਿਆਂ ’ਚ ਮੌਜੂਦਾ ਸੰਸਦ ਮੈਂਬਰਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਪਾਰਟੀ ਨੇ ਇਕ ਨਵਾਂ ਮਾਪਦੰਡ ਸਥਾਪਤ ਕੀਤਾ। ਉਨ੍ਹਾਂ ਅਨੁਸਾਰ, ਇਹ ਪ੍ਰਯੋਗ ਭਾਜਪਾ ਵਰਕਰਾਂ ਦੀ ਅਨੁਸ਼ਾਸਨਬੱਧਤਾ ਅਤੇ ਕਿਸੇ ਵੀ ਚੁਣੌਤੀ ਲਈ ਤਤਪਰਤਾ ਨੂੰ ਦਰਸਾਉਂਦਾ ਹੈ। ਆਰ. ਐੱਸ. ਐੱਸ. ਨਾਲ ਤਾਲਮੇਲ ਨੂੰ ਉਹ ਸੰਗਠਨ ਦੀ ਵਿਚਾਰਕ ਰੀੜ੍ਹ ਦੱਸਦੇ ਹਨ, ਜੋ ਔਖੀਆਂ ਹਾਲਤਾਂ ’ਚ ਵੀ ਪਾਰਟੀ ਨੂੰ ਸਥਿਰ ਰੱਖਦੀ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਦੋਸਤੀ 1990 ਦੇ ਦਹਾਕੇ ਦੀ ਸ਼ੁਰੂਆਤ ਤੋਂ ਹੈ, ਜਦੋਂ ਦੋਵੇਂ ਹਿਮਾਚਲ ਪ੍ਰਦੇਸ਼ ’ਚ ਪਾਰਟੀ ਦੇ ਕੰਮਾਂ ਲਈ ਲੰਬ੍ਰੇਟਾ ਸਕੂਟਰ ’ਤੇ ਇਕੱਠੇ ਸਫਰ ਕਰਦੇ ਸਨ।
ਪ੍ਰਚਾਰਕ ਤੋਂ ਸੰਸਦ ਮੈਂਬਰ ਤੱਕ : ਆਰ. ਐੱਸ. ਐੱਸ. ਪ੍ਰਚਾਰਕ ਤੋਂ ਰਾਜ ਸਭਾ ’ਚ ਸਦਨ ਦੇ ਨੇਤਾ ਤੱਕ ਨੱਡਾ ਦਾ ਸਫਰ ਭਾਜਪਾ ਦੀ ਆਦਰਸ਼ ਸਫਲਤਾ ਦੀ ਕਥਾ ਹੈ। ਅਨੁਸ਼ਾਸਿਤ ਕਾਰਜਸ਼ੈਲੀ, ਰਣਨੀਤਿਕ ਨਜ਼ਰੀਆ ਅਤੇ ਵਿਚਾਰਕ ਦ੍ਰਿੜ੍ਹਤਾ ਉਨ੍ਹਾਂ ਦੇ ਉਦੈ ਦੀ ਪਛਾਣ ਰਹੀ ਹੈ। ਉਨ੍ਹਾਂ ਦੇ ਠਰ੍ਹਮੇ ਵਾਲੇ ਵਿਹਾਰ ਅਤੇ ਸਹਿਜ ਸ਼ਖਸੀਅਤ ਨੇ ਪਾਰਟੀ ਦੀ ਅਪੀਲ ਨੂੰ ਵਿਆਪਕ ਬਣਾਇਆ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਮਿਲੀਆਂ ਸ਼ਾਨਦਾਰ ਜਿੱਤਾਂ ਉਨ੍ਹਾਂ ਦੇ ਸੰਗਠਨਾਤਮਕ ਹੁਨਰ ਦਾ ਸਬੂਤ ਹਨ। 2024 ’ਚ ਮੁਕੰਮਲ ਬਹੁਮਤ ਨਾ ਮਿਲਣ ਦੇ ਬਾਵਜੂਦ ਐੱਨ. ਡੀ. ਏ. ਦੀ ਸੱਤਾ ’ਚ ਵਾਪਸੀ, ਉਨ੍ਹਾਂ ਦੇ ਕਾਰਜਕਾਲ ’ਚ ਰੱਖੀ ਮਜ਼ਬੂਤ ਨੀਂਹ ਨੂੰ ਦਰਸਾਉਂਦੀ ਹੈ।
ਹਿਮਾਚਲ ਦੀ ਪ੍ਰੀਖਿਆ ਅਤੇ ਲਗਨ ਦੀ ਉਦਾਹਰਣ : 2017 ’ਚ ਹਿਮਾਚਲ ਪ੍ਰਦੇਸ਼ ’ਚ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਅੱਗੇ ਹੋਣ ਦੇ ਬਾਵਜੂਦ ਨੱਡਾ ਨੇ ਕੋਈ ਲਾਬਿੰਗ ਨਹੀਂ ਕੀਤੀ। ਪ੍ਰੇਮ ਕੁਮਾਰ ਧੂਮਲ ਦੀ ਹਾਰ ਦੇ ਬਾਅਦ ਵੀ ਉਨ੍ਹਾਂ ਦੀ ਅਗਵਾਈ ’ਤੇ ਪੂਰਾ ਭਰੋਸਾ ਦਿਖਾਇਆ। ਨੱਡਾ ਨੂੰ 2019 ’ਚ ਕਾਰਜਕਾਰੀ ਪ੍ਰਧਾਨ ਅਤੇ 2020 ’ਚ ਪੂਰੇ ਸਮੇਂ ਦੇ ਰਾਸ਼ਟਰੀ ਪ੍ਰਧਾਨ ਵਰਗੀ ਕਿਤੇ ਵੱਧ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਗਈ।
ਫੁੱਟਪਾਊ ਰਣਨੀਤੀ ਅਤੇ ਉੱਤਰ-ਦੱਖਣ ਵਿਚਾਰ-ਵਟਾਂਦਰੇ ਦਾ ਖੰਡਨ : ਨੱਡਾ ਉੱਤਰ-ਦੱਖਣੀ ਫੁੱਟ ਦੀਆਂ ਕੋਸ਼ਿਸ਼ਾਂ ਦੀ ਤਿੱਖੀ ਆਲੋਚਨਾ ਕਰਦੇ ਹਨ। ਉਨ੍ਹਾਂ ਅਨੁਸਾਰ, ਦੱਖਣੀ ਭਾਰਤ ’ਚ ਭਾਜਪਾ ਦੀ ਵਧਦੀ ਹਾਜ਼ਰੀ ਨੇ ਇਸ ਤਰ੍ਹਾਂ ਦੀ ਸਿਆਸਤ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹਾਰਨ ਦਾ ਦਰਦ ਜ਼ਰੂਰ ਰਿਹਾ ਪਰ ਲੋਕ ਸਭਾ ਦੀਆਂ ਚਾਰਾਂ ਸੀਟਾਂ ’ਤੇ ਭਾਜਪਾ ਦੀ ਜਿੱਤ ਨੇ ਉਨ੍ਹਾਂ ਦੇ ਵੱਕਾਰ ਨੂੰ ਬਹਾਲ ਕਰ ਦਿੱਤਾ।
ਜੇ. ਪੀ. ਅੰਦੋਲਨ ਅਤੇ ਏ. ਬੀ. ਵੀ. ਪੀ. ਤੋਂ ਮਿਲੀ ਵਿਚਾਰਕ ਦਿਸ਼ਾ : ਨੱਡਾ ਦੀ ਸਿਆਸੀ ਯਾਤਰਾ 1970 ਦੇ ਦਹਾਕੇ ’ਚ ਪਟਨਾ ਕਾਲਜ ’ਚ ਜੇ. ਪੀ. ਅੰਦੋਲਨ ਤੋਂ ਸ਼ੁਰੂ ਹੋਈ, ਜਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਰਾਸ਼ਟਰੀ ਚੇਤਨਾ ਜਗਾਈ ਅਤੇ ਇੰਦਰਾ ਗਾਂਧੀ ਦੀ ਹਾਰ ਦਾ ਰਾਹ ਬਣਾਇਆ। ਸੰਘ ਦੇ ਪਿਛੋਕੜ ਅਤੇ 1990-91 ’ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਦੇ ਰਾਸ਼ਟਰੀ ਪ੍ਰਧਾਨ ਵਜੋਂ ਕਾਰਜ ਨੇ ਉਨ੍ਹਾਂ ਦੀ ਸੰਗਠਨਾਤਮਕ ਸਮਰੱਥਾ ਨੂੰ ਨਿਖਾਰਿਆ। ਅਟਲ ਬਿਹਾਰੀ ਵਾਜਪਾਈ, ਭੈਰੋਂ ਸਿੰਘ ਸ਼ੇਖਾਵਤ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਨੇਤਾਵਾਂ ਦੀ ਸੰਗਤ ’ਚ ਉਨ੍ਹਾਂ ਦਾ ਸਿਆਸੀ ਵਿਕਾਸ ਹੋਇਆ।
ਰਾਜ ਮੰਤਰੀ ਤੋਂ ਕੇਂਦਰੀ ਸਿਹਤ ਸੁਧਾਰਕ ਤੱਕ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ 3 ਵਾਰ ਚੁਣੇ ਗਏ ਨੱਡਾ ਲਈ 2012 ’ਚ ਰਾਜ ਸਭਾ ਮੈਂਬਰ ਬਣਨ ਅਤੇ 2014-19 ’ਚ ਕੇਂਦਰੀ ਸਿਹਤ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ’ਚ ਕਈ ਅਹਿਮ ਜਨਤਕ ਸਿਹਤ ਸੁਧਾਰ ਅਤੇ ਯੋਜਨਾਵਾਂ ਲਾਗੂ ਹੋਈਆਂ। 2020 ’ਚ ਭਾਜਪਾ ਪ੍ਰਧਾਨ ਬਣਨ ਦੇ ਸਮੇਂ ਪਾਰਟੀ ਆਪਣੇ ਸਿਖਰ ’ਤੇ ਸੀ। ਇਸ ਬੁਲੰਦੀ ਨੂੰ ਬਣਾਈ ਰੱਖਣਾ ਵੱਡੀ ਚੁਣੌਤੀ ਸੀ, ਜਿਸ ਨੂੰ ਨੱਡਾ ਨੇ ਸੰਗਠਨਾਤਮਕ ਮਜ਼ਬੂਤੀ, ਲੀਡਰਸ਼ਿਪ ਤਬਦੀਲੀ ਅਤੇ ਵਿਚਾਰਕ ਸਪੱਸ਼ਟਤਾ ਨਾਲ ਨਿਭਾਇਆ।
ਪ੍ਰਧਾਨ ਦੇ ਅਹੁਦੇ ਤੋਂ ਅੱਗੇ ਵੀ ਜਾਰੀ ਸਫਰ : ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਵਿਦਾ ਹੁੰਦੇ ਹੋਏ ਵੀ ਨੱਡਾ ਦੀ ਸਿਆਸੀ ਯਾਤਰਾ ਖਤਮ ਨਹੀਂ ਹੋਈ ਹੈ। ਰਾਜ ਸਭਾ ’ਚ ਸਦਨ ਦੇ ਆਗੂ ਵਜੋਂ ਉਹ ਆਪਣੇ ਤਜਰਬੇ, ਵਿਚਾਰਕ ਲਗਨ ਅਤੇ ਸ਼ਾਂਤ ਦ੍ਰਿੜ੍ਹਤਾ ਨਾਲ ਪਾਰਟੀ ਨੂੰ ਦਿਸ਼ਾ ਦਿੰਦੇ ਰਹਿਣਗੇ, ਇਕ ਅਜਿਹੀ ਵਿਰਾਸਤ, ਜੋ ਦਿਖਾਵੇ ਨਾਲ ਨਹੀਂ, ਸਗੋਂ ਪ੍ਰਤੀਬੱਧਤਾ ਨਾਲ ਬਣੀ ਹੈ।
