‘ਪੰਜਾਬ ਕੇਸਰੀ ਦੀ ਆਵਾਜ਼’ ਬੰਦ ਕਰਨ ਦੀ ਕੋਸ਼ਿਸ਼ ਕਾਮਯਾਬ ਤਾਂ ਨਹੀਂ ਹੋਵੇਗੀ!
Saturday, Jan 17, 2026 - 07:35 AM (IST)
ਭਾਰਤ ਵਰਗੇ ਮਹਾਨ ਲੋਕਤੰਤਰਿਕ ਦੇਸ਼ ’ਚ ਮੀਡੀਆ ਨੂੰ ਚੌਥੇ ਥੰਮ੍ਹ ਦਾ ਦਰਜਾ ਹਾਸਲ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਮੀਡੀਆ ’ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਨਿਰਪੱਖ ਆਵਾਜ਼ ਨੂੰ ਸੱਤਾ ਦੇ ਹੰਕਾਰ ਨੇ ਦਬਾਉਣ ਦਾ ਕੋਝਾ ਯਤਨ ਕੀਤਾ, ਲੋਕਤੰਤਰ ਅਤੇ ਉਸ ਦੇ ਰੱਖਿਅਕ ਜੇਤੂ ਬਣ ਕੇ ਅਤੇ ਹੋਰ ਨਿਖਰ ਕੇ ਸਾਹਮਣੇ ਆਏ। ਜ਼ਿਆਦਾਤਰ ਸਿਆਸੀ ਦਲ ਬੇਸ਼ੱਕ ਇਤਿਹਾਸ ਨੂੰ ਜਾਣਨ ਦਾ ਦਾਅਵਾ ਕਰਨ, ਪਰ ਜ਼ਿਆਦਾਤਰ ਉਸ ਤੋਂ ਸਿੱਖਿਆ ਨਹੀਂ ਲੈ ਪਾਉਂਦੇ। ਇਹੀ ਹਾਲ ‘ਆਮ ਆਦਮੀ ਪਾਰਟੀ’ ਦਾ ਹੈ। ਇਸ ਪਾਰਟੀ ਨੇ ਹੁਣ ਮੀਡੀਆ ਨੂੰ ਦਬਾਉਣ ’ਚ ਕੋਈ ਕਸਰ ਨਹੀਂ ਛੱਡੀ ਹੈ।
ਪੰਜਾਬ ’ਚ ‘ਆਮ ਆਦਮੀ ਪਾਰਟੀ’ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ‘ਪੰਜਾਬ ਕੇਸਰੀ ਪੱਤਰ ਸਮੂਹ’ ਦੀ ਆਵਾਜ਼ ਦਬਾਉਣ ਲਈ ਇਸ ਦੀਆਂ ਤਮਾਮ ਪ੍ਰੈੱਸਾਂ ਅਤੇ ਹੋਰਨਾਂ ਸੰਸਥਾਨਾਂ ’ਤੇ ਧਾਵਾ ਬੋਲਿਆ। ਇਸ ਦੇ ਪਿੱਛੇ ਕਾਰਨ ਕੁਝ ਵੀ ਨਹੀਂ ਸੀ। ਅਸੀਂ ਅਜਿਹਾ ਕੁਝ ਵੀ ਨਹੀਂ ਪ੍ਰਕਾਸ਼ਿਤ ਕੀਤਾ ਜਿਸ ਨਾਲ ਇਸ ਪਾਰਟੀ ਜਾਂ ਇਸ ਦੇ ਮੁਖੀ ਦੀ ਸਾਖ ਨੂੰ ਕਿਸੇ ਤਰ੍ਹਾਂ ਦਾ ਕੋਈ ਧੱਕਾ ਲੱਗਦਾ।
ਅਸੀਂ ਤਾਂ ਸਿਰਫ ਵਿਰੋਧੀ ਪਾਰਟੀ ਦਾ ਬਿਆਨ ਛਾਪਿਆ ਸੀ ਅਤੇ ਇਸ ਖਬਰ ਤੋਂ ਬਾਅਦ ਪਾਰਟੀ ਦੇ ਨੇਤਾ ਗੁੱਸੇ ’ਚ ਆ ਗਏ। ਇਸ ਤੋਂ ਬਾਅਦ ਇਸ਼ਤਿਹਾਰ ਬੰਦ ਕਰਨ ਦਾ ਰਟਿਆ-ਰਟਾਇਆ ਫਾਰਮੂਲਾ ਅਪਣਾਇਆ ਗਿਆ। ਅਸੀਂ ਨਹੀਂ ਝੁਕੇ ਤਾਂ ਉਸ ਤੋਂ ਬਾਅਦ ਹੋਰ ਤੰਗ-ਪ੍ਰੇਸ਼ਾਨ ਕਰਨ ਦਾ ਕੰਮ ਸ਼ੁਰੂ ਕੀਤਾ ਿਗਆ।
ਬੀਤੀ 15 ਜਨਵਰੀ ਨੂੰ ਸਾਡੇ ਬਠਿੰਡਾ ਸਥਿਤ ਪ੍ਰਿੰਟਿੰਗ ਪ੍ਰੈੱਸ ਕੰਪਲੈਕਸ ’ਤੇ ਛਾਪਾ ਮਾਰ ਕੇ ਪੁਲਸ ਨੇ ਕੁਝ ਕਰਮਚਾਰੀਆਂ ਨੂੰ ਹਿਰਾਸਤ ’ਚ ਲੈਣ ਤੋਂ ਇਲਾਵਾ ਕੁਝ ਕਰਮਚਾਰੀਆਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਵੀ ਕਰ ਦਿੱਤਾ।
ਇਸੇ ਦਿਨ ਸਾਡੇ ਸੂਰਾਨੁੱਸੀ, ਜਲੰਧਰ ਸਥਿਤ ਪ੍ਰਿੰਟਿੰਗ ਪ੍ਰੈੱਸ ’ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਨੋਟਿਸ ਅਤੇ ਅਗਾਊਂ ਸੂਚਨਾ ਦੇ ਪੁਲਸ ਫੋਰਸ ਨਾਲ ਜ਼ਬਰਦਸਤੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਅਤੇ ਇਕ ਕਰਮਚਾਰੀ ਨੂੰ ਥਾਣੇ ’ਚ ਲਿਜਾ ਕੇ ਝੂਠੀ ਐੱਫ. ਆਈ. ਆਰ. ਦਰਜ ਕਰਨ ਦੀ ਸਾਜ਼ਿਸ਼ ਰਚੀ।
ਚਰਚਾ ਹੈ ਕਿ ਸਭ ਕੁਝ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸ਼ਹਿ ’ਤੇ ਕੀਤਾ ਜਾ ਰਿਹਾ ਹੈ।
ਉਂਝ ਤਾਂ ਅਰਵਿੰਦ ਕੇਜਰੀਵਾਲ ਨੇ ਆਪਣਾ ਜਨਤਕ ਜੀਵਨ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਨਾਲ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਸ਼ੁਰੂ ਕੀਤਾ ਸੀ। ਇਸ ’ਚ ਉਨ੍ਹਾਂ ਦੇ ਨਾਲ ਸ਼ਾਂਤੀ ਭੂਸ਼ਣ, ਐੱਨ. ਸੰਤੋਸ਼ ਹੇਗੜੇ, ਕਪਿਲ ਮਿਸ਼ਰਾ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਕਿਰਨ ਬੇਦੀ, ਸ਼ਾਜ਼ੀਆ ਇਲਮੀ, ਕੁਮਾਰ ਵਿਸ਼ਵਾਸ, ਮਨੀਸ਼ ਸਿਸੋਦੀਆ ਅਤੇ ਆਸ਼ੂਤੋਸ਼ ਆਦਿ ਸ਼ਾਮਲ ਸਨ, ਪਰ ਬਾਅਦ ’ਚ ਕੀ ਹੋਇਆ ਇਹ ਅਸੀਂ ਸਭ ਜਾਣਦੇ ਹਾਂ।
ਅੰਨਾ ਹਜ਼ਾਰੇ ਨੇ ਵਾਰ-ਵਾਰ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ’ਚ ਸ਼ਾਮਲ ਹੋਣ ਦੀ ਬਜਾਏ ਅਾਜ਼ਾਦਾਨਾ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਦੇਸ਼ ’ਚ ਪਾਈਆਂ ਜਾ ਰਹੀਆਂ ਹੋਰਨਾਂ ਸਮੱਸਿਆਵਾਂ ਲਈ ਸੰਘਰਸ਼ ਕਰਨ ਦੀ ਸਲਾਹ ਦਿੱਤੀ ਸੀ, ਪਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਸਲਾਹ ਨਹੀਂ ਮੰਨੀ।
ਇਸੇ ਪਿਛੋਕੜ ’ਚ ‘ਪੰਜਾਬ ਕੇਸਰੀ ਪੱਤਰ ਸਮੂਹ’ ਅਤੇ ਇਸ ਨਾਲ ਜੁੜੇ ਅਦਾਰੇ ’ਤੇ ਕੀਤੀ ਗਈ ਕਾਰਵਾਈ ਦੇ ਤੁਕ ’ਤੇ ਸ਼ੱਕ ਪੈਦਾ ਹੋਣਾ ਸੁਭਾਵਿਕ ਹੀ ਹੈ। ਇਸੇ ਕਾਰਨ ਸਾਰੇ ਸਿਆਸੀ ਦਲਾਂ ਅਤੇ ਸਮਾਜਿਕ ਸੰਗਠਨਾਂ ਵਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ।
ਸਾਰੇ ਮੰਨਦੇ ਹਨ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਬਿਨਾਂ ਕਿਸੇ ਅਗਾਊਂ ਸੂਚਨਾ ਜਾਂ ਨੋਟਿਸ ਦੇ ਕੀਤੀ ਗਈ ਕਾਰਵਾਈ ਨੂੰ ਕਿਸੇ ਵੀ ਨਜ਼ਰੀਏ ਨਾਲ ਉਚਿਤ ਨਹੀਂ ਕਿਹਾ ਜਾ ਸਕਦਾ। ਕਾਰਵਾਈ ’ਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਹੀ ਇਹ ਕਾਰਵਾਈ ਕੀਤੀ ਹੈ।
ਅਸੀਂ ਇਹ ਮੰਨਦੇ ਹਾਂ ਕਿ ਦੇਸ਼ ’ਚ ਮੀਡੀਆ ਨੇ ਹਮੇਸ਼ਾ ਸੱਤਾ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਜਦੋਂ ਵੀ ਕਦੇ ਸੱਤਾ ਨੇ ਆਪਣੇ ਹੰਕਾਰ ਅਤੇ ਸ਼ਕਤੀ ਦੇ ਨਸ਼ੇ ’ਚ ਆ ਕੇ ਮੀਡੀਆ ਨੂੰ ਚੁੱਪ ਕਰਾਉਣ ਅਤੇ ਨਿਰਪੱਖਤਾ ਨੂੰ ਖੁੰਡਾ ਕਰਨ ਜਾਂ ਜਨਤਾ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਮਹੂਰੀ ਕਦਰਾਂ-ਕੀਮਤਾਂ ਨੇ ਹਰ ਵਾਰ ਉਸ ਨੂੰ ਜ਼ਬਰਦਸਤ ਅਤੇ ਜ਼ਰੂਰੀ ਸਬਕ ਸਿਖਾਇਆ ਹੈ। ‘ਪੰਜਾਬ ਕੇਸਰੀ ਪੱਤਰ ਸਮੂਹ’ ਪਹਿਲਾਂ ਵੀ ਕਈ ਵਾਰ ਸੱਤਾਧਾਰੀਆਂ ਦੇ ਹੰਕਾਰ ਦਾ ਡਟ ਕੇ ਸਾਹਮਣਾ ਕਰ ਚੁੱਕਾ ਹੈ।
ਅਸੀਂ ਨਾ ਪਹਿਲਾਂ ਝੁਕੇ ਸੀ, ਨਾ ਹੀ ਭਵਿੱਖ ’ਚ ਝੁਕਾਂਗੇ। ਰਾਜ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੁੱਧ ਰਾਜ ਹੀ ਨਹੀਂ ਦੇਸ਼ ਭਰ ਤੋਂ ਸਾਡੇ ਸਮਰਥਨ ’ਚ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਇਹ ਤੈਅ ਹੈ ਕਿ ਅਸੀਂ ਇਸ ਵਾਰ ਵੀ ਆਪਣੇ ਰਾਹ ਤੋਂ ਨਹੀਂ ਹਟਾਂਗੇ, ਨਾ ਝੁਕਾਂਗੇ ਅਤੇ ਨਾ ਡਰਾਂਗੇ। ਲੱਖਾਂ ਆਜ਼ਾਦੀ ਪ੍ਰੇਮੀ, ਕਿਸਾਨ, ਨੌਜਵਾਨ ਅਤੇ ਮਹਿਲਾਵਾਂ ਸਾਡੇ ਨਾਲ ਹਨ। ਨਿਰਪੱਖਤਾ ਦੇ ਸੰਕਲਪ ਨਾਲ ‘ਪੰਜਾਬ ਕੇਸਰੀ’ ਹਮੇਸ਼ਾ ਸੱਚਾਈ ਅਤੇ ਜਨਤਾ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।
–ਵਿਜੇ ਕੁਮਾਰ
