ਮਹਾਰਾਸ਼ਟਰ ’ਚ ਹੁਣ ‘ਟ੍ਰਿਪਲ-ਇੰਜਣ’ ਦੀ ਸਰਕਾਰ!
Friday, Jan 23, 2026 - 05:46 PM (IST)
ਅਸੀਂ ਕੈਥੋਲਿਕ ਇਕ ਇਤਾਲਵੀ ਸ਼ਬਦ, ‘ਪੈਪਾਬਿਲੀ’ ਦੀ ਵਰਤੋਂ ਉਨ੍ਹਾਂ ਕਾਰਡੀਨਲਾਂ ਦੀ ਪਛਾਣ ਕਰਨ ਲਈ ਕਰਦੇ ਹਾਂ, ਜਿਨ੍ਹਾਂ ’ਚ ਭਵਿੱਖ ਦਾ ਪੋਪ ਬਣਨ ਦੇ ਜ਼ਰੂਰੀ ਗੁਣ ਹੁੰਦੇ ਹਨ। ਰਾਜਨੀਤੀ ਦੇ ਸ਼ਬਦਕੋਸ਼ ’ਚ ਇਸ ਦੇ ਬਰਾਬਰ ਕੋਈ ਸ਼ਬਦ ਨਹੀਂ, ਪਰ ਜੇਕਰ ਹੁੰਦਾ, ਤਾਂ ਯਕੀਨੀ ਤੌਰ ’ਤੇ ਇਸ ਦੀ ਵਰਤੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਛਾਣ ਕਰਨ ਲਈ ਕੀਤੀ ਜਾਂਦੀ, ਜਿਨ੍ਹਾਂ ਨੇ ਇਕੱਲੇ ਦਮ ’ਤੇ ਆਪਣੇ ਰਾਜ ਨੂੰ ਭਾਜਪਾ ਦੀ ਝੋਲੀ ’ਚ ਪਾ ਦਿੱਤਾ। ਮਹਾਰਾਸ਼ਟਰ ’ਤੇ ਹੁਣ ਘੱਟੋ-ਘੱਟ ਅਗਲੇ 2 ਦਹਾਕਿਆਂ ਤੱਕ ਉਨ੍ਹਾਂ ਦੀ ਪਾਰਟੀ ਦਾ ਸ਼ਾਸਨ ਰਹੇਗਾ।
ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਹ ਦੋ ਨਾਂ ਹਨ, ਜਿਨ੍ਹਾਂ ਨੂੰ ਅਕਸਰ 2034 ’ਚ ਮੋਦੀ ਦੇ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਦੇ ਉੱਤਰਾਧਿਕਾਰੀ ਦੇ ਰੂਪ ’ਚ ਸੁਣਦੇ ਹਾਂ। ਉਸ ਸੂਚੀ ’ਚ ਹੁਣ ਸਾਡੇ ਰਾਜ ਦੇ ਮੁੱਖ ਮੰਤਰੀ ਦਾ ਨਾਂ ਵੀ ਜੋੜਿਆ ਜਾਣਾ ਚਾਹੀਦਾ ਹੈ, ਉਨ੍ਹਾਂ ਨੇ ਬਾਲ ਠਾਕਰੇ ਦੀ ਸ਼ਿਵ ਸੈਨਾ ਅਤੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ ਵੰਡਿਆ ਅਤੇ ਕਮਜ਼ੋਰ ਕਰ ਦਿੱਤਾ-ਸ਼ਰਦ ਪਵਾਰ, ਜਿਨ੍ਹਾਂ ਨੂੰ ਕਦੇ ‘ਮਰਾਠਾ ਸਟ੍ਰਾਂਗ ਮੈਨ’ ਦੇ ਰੂਪ ’ਚ ਸਲਾਹਿਆ ਜਾਂਦਾ ਸੀ, ਹੁਣ ਆਪਣੇ ਪੁਰਾਣੇ ਸਵਰੂਪ ਵਾਂਗ ਇਕ ਛਾ ਬਣ ਕੇ ਰਹਿ ਗਏ ਹਨ।
ਆਪਣੇ ਸਿਆਸੀ ਵਿਰੋਧੀਆਂ ਦੀਆਂ ਇੱਛਾਵਾਂ ਅਤੇ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹੋਏ, ਫੜਨਵੀਸ ਨੇ ਪਹਿਲਾਂ ਸ਼ਰਦ ਪਵਾਰ ਦੇ ਭਤੀਜੇ ਅਜੀਤ ਨੂੰ ਪਾਲਾ ਬਦਲਣ ਲਈ ਉਕਸਾਇਆ ਅਤੇ ਫਿਰ ਇਹੀ ਪ੍ਰਯੋਗ ਮੁੰਬਈ ਦੇ ਗੁਆਂਢੀ ਜ਼ਿਲੇ ਠਾਣੇ ਦੇ ਇਕ ਸ਼ਿਵ ਸੈਨਿਕ ਏਕਨਾਥ ਸ਼ਿੰਦੇ ਨਾਲ ਦੁਹਰਾਇਆ, ਜੋ ਪਾਰਟੀ ’ਚ ਜ਼ਮੀਨ ਪੱਧਰ ਤੋਂ ਉੱਠ ਕੇ ਪ੍ਰਮੁੱਖਤਾ ਤੱਕ ਪਹੁੰਚੇ ਸਨ। ਸ਼ਿੰਦੇ ਇਸ ਗੱਲ ਤੋਂ ਦੁਖੀ ਸਨ ਕਿ ਵੰਸ਼ਵਾਦੀ ਸ਼ਾਸਨ ਦੀਆਂ ਮਜਬੂਰੀਆਂ ਦੇ ਕਾਰਨ ਸੈਨਾ ’ਚ ਉਨ੍ਹਾਂ ਦੀ ਤਰੱਕੀ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਉਹ ਸਥਾਈ ਤੌਰ ’ਤੇ ਦੂਜੀ ਸ਼੍ਰੇਣੀ ’ਚ ਹੀ ਬਣੇ ਰਹਿਣਗੇ।
ਫੜਨਵੀਸ ਨੇ ਬਹੁਤ ਚਲਾਕੀ ਨਾਲ ਉਸ ਕਾਰਕ ਨੂੰ ਫੜਿਆ ਅਤੇ ਉਨ੍ਹਾਂ ਨੂੰ ਪ੍ਰਸਤਾਵ ਦਿੱਤਾ ਕਿ ਜੇਕਰ ਸ਼ਿੰਦੇ ਵਰਗੀ ਸਿੱਧ ਲੀਡਰਸ਼ਿਪ ਕੌਸ਼ਲ ਵਾਲਾ ਵਿਅਕਤੀ ਹਿੰਦੂ ਬ੍ਰਿਗੇਡ ਨਾਲ ਹੱਥ ਮਿਲਾਉਂਦਾ ਹੈ, ਤਾਂ ਮਹਿਮਾ ਦੇ ਸਿਖਰ ਉਨ੍ਹਾਂ ਦੇ ਨੇੜੇ ਹੋਣਗੇ। ਸ਼ਿੰਦੇ ਨੂੰ ਕਾਹਲੀ-ਕਾਹਲੀ ’ਚ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ’ਚੋਂ ਇਕ ਦਾ ਮੁੱਖ ਮੰਤਰੀ ਬਣਾ ਦਿੱਤਾ ਗਿਆ, ਜਿਸ ਨਾਲ ‘ਮਰਾਠੀ ਮਾਨੁਸ’ ਦੇ ਰੈਂਕਾਂ ’ਚ ਵੰਡ ’ਤੇ ਮੋਹਰ ਲੱਗ ਗਈ।
ਸ਼ਿਵ ਸੈਨਾ ਦੇ ਮਰਹੂਮ ਸਰਪ੍ਰਸਤ ਬਾਲ ਠਾਕਰੇ ਨੇ ਮੁੰਬਈ ਸ਼ਹਿਰ ਦੇ ਮਰਾਠੀ ਭਾਸ਼ੀ ਨਿਵਾਸੀਆਂ ਦੀਆਂ ਭਾਵਨਾਵਾਂ ਦੇ ਨਾਲ ਇਹ ਸਮਝ ਕੇ ਖੇਡ ਖੇਡੀ ਕਿ ‘ਬਾਹਰੀ’ (ਜੋ ਘਰ ’ਚ ਗੁਜਰਾਤੀ ਬੋਲਦੇ ਹਨ) ਉਨ੍ਹਾਂ ਦੀ ਵਿਰਾਸਤ ਖੋਹ ਰਹੇ ਹਨ ਅਤੇ ਤਾਮਿਲ ਅਤੇ ਦੱਖਣੀ ਭਾਰਤੀ ਉਹ ਸਫੈਦਪੋਸ਼ ਨੌਕਰੀਆਂ ਖੋਹ ਹਨ, ਜੋ ਉਨ੍ਹਾਂ ਨੂੰ ਬਿਹਤਰ ਜੀਵਨ ਪੱਧਰ ਦਾ ਭਰੋਸਾ ਦੇ ਸਕਦੀਆਂ ਸਨ। ਬਾਲਾ ਸਾਹਿਬ, ਜਿਵੇਂ ਕਿ ਉਨ੍ਹਾਂ ਨੂੰ ਕਿਹਾ ਜਾਂਦਾ ਸੀ, ਇਕ ਚੰਗੇ ਬੁਲਾਰੇ ਸਨ, ਨਰਿੰਦਰ ਮੋਦੀ ਤੋਂ ਵੀ ਇਕ ਪਾਇਦਾਨ ਉਪਰ, ਜਿਨ੍ਹਾਂ ਨੂੰ ਅਸੀਂ ਟੈਲੀਵਿਜ਼ਨ ’ਤੇ ਸੁਣਦੇ ਹਾਂ। ਸਾਡੇ ਪ੍ਰਧਾਨ ਮੰਤਰੀ ਵਾਂਗ, ਬਾਲ ਠਾਕਰੇ ਵੀ ਆਪਣੇ ਦਰਸ਼ਕਾਂ ਨੂੰ ਇਹ ਵਿਸ਼ਵਾਸ ਦੁਆ ਸਕਦੇ ਸਨ ਕਿ ਕਾਲਾ ਅਸਲੀਅਤ ’ਚ ਸਫੈਦ ਹੈ ਜਾਂ ਸਫੈਦ ਕਾਲਾ।
ਮੁੰਬਈ ’ਚ ਰਹਿਣ ਵਾਲੇ ਮਰਾਠੀ ਭਾਸ਼ੀ ਮੁੱਖ ਤੌਰ ’ਤੇ ਕੋਂਕਣ ਦੇ ਨਾਂ ਨਾਲ ਜਾਣੇ ਜਾਣ ਵਾਲੇ ਰਾਜ ਦੇ ਕੰਢੇ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਤੋਂ ਸਨ। ਉਹ ਵੱਡੀ ਗਿਣਤੀ ’ਚ ਸ਼ਿਵ ਸੈਨਾ ’ਚ ਸ਼ਾਮਲ ਹੋਏ। ਜਦੋਂ ਉਨ੍ਹਾਂ ਨੂੰ ਆਪਣੀ ਗੱਲ ਸਾਬਤ ਕਰਨ ਲਈ ਤਾਕਤ ਦਾ ਵਰਤੋਂ ਕਰਨ ਲਈ ਕਿਹਾ ਗਿਆ, ਤਾਂ ਉਨ੍ਹਾਂ ਨੇ ਉਤਸ਼ਾਹ ਨਾਲ ਅਜਿਹਾ ਕੀਤਾ। ਪੁਲਸ ਉਨ੍ਹਾਂ ਨੂੰ ਰੋਕਣ ਲਈ ਓਨੀ ਉਤਸ਼ਾਹੀ ਨਹੀਂ ਸੀ ਿਕਉਂਕਿ ਉਸ ਸਮੇਂ ਸੱਤਾ ’ਚ ਮੌਜੂਦ ਕਾਂਗਰਸ ਪਾਰਟੀ ਕਮਿਊਨਿਸਟਾਂ ਅਤੇ ਹੋਰ ਖੱਬੇਪੱਖੀ ਦਲਾਂ ਨੂੰ ਬੇਅਸਰ ਕਰਨ ਲਈ ਸ਼ਿਵ ਸੈਨਾ ਦੀ ਵਰਤੋਂ ਕਰ ਰਹੀ ਸੀ, ਜੋ ਉਸ ਦੇ ਸ਼ਾਸਨ ਦੇ ਮੁੱਖ ਵਿਰੋਧੀ ਸਨ। ਸਰਕਾਰ ਦੀ ਕਾਇਰਤਾ ਨੇ ਸੈਨਾ ਨੂੰ ਉਤਸ਼ਾਹਿਤ ਕੀਤਾ ਜੋ ਜਲਦੀ ਹੀ ਸ਼ਹਿਰ ’ਚ ਇਕ ਵੱਡੀ ਤਾਕਤ ਬਣ ਗਈ।
ਹੁਣ ਫੜਨਵੀਸ ਨੇ ਮੁੰਬਈ ਨਗਰ ਨਿਗਮ (ਬੀ. ਐੱਮ. ਸੀ.) ’ਤੇ ਆਪਣੀਆਂ ਨਜ਼ਰਾਂ ਜਮਾ ਲਈਆਂ, ਜਿਸਦਾ ਸਾਲਾਨਾ ਬਜਟ ਸੰਘ ਦੇ ਕੁਝ ਛੋਟੇ ਰਾਜਾਂ ਤੋਂ ਵੀ ਜ਼ਿਆਦਾ ਹੈ। ਸ਼ਿਵ ਸੈਨਾ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਨਗਰ ਨਿਗਮ ’ਤੇ ਆਪਣਾ ਦਬਦਬਾ ਬਣਾਈ ਰੱਖਿਆ ਸੀ, ਇਹ ਵਿਆਪਕ ਤੌਰ ’ਤੇ ਅਫਵਾਹ ਸੀ ਕਿ ਕਾਰਪੋਰੇਟਰ ਨਿਯਮਿਤ ਤੌਰ ’ਤੇ ਆਪਣੇ ਅਧਿਕਾਰ ਖੇਤਰ ’ਚ ਹਸਤਾਖਰਸ਼ੁਦਾ ਸਮਝੌਤਿਆਂ ਦਾ 10 ਫੀਸਦੀ ਹਿੱਸਾ ਲੈਂਦੇ ਸਨ। ਸ਼ਹਿਰ ’ਚ ਇਹ ਆਮ ਸਮਝ ਸੀ ਕਿ ਸ਼ਿਵ ਸੈਨਾ ਇਕ ਸੰਗਠਿਤ ਸਿਆਸੀ ਦਲ ਦੇ ਰੂਪ ’ਚ ਇਸ ਲਈ ਜਿਊਂਦੀ ਰਹਿ ਸਕੀ, ਕਿਉਂਕ ਨਗਰ ਨਿਗਮ ਤੋਂ ਹੋਣ ਵਾਲੀ ਕਮਾਈ ਹੀ ਧਨ ਦਾ ਇਕੋ-ਇਕ ਸਰੋਤ ਸੀ ਜਦੋਂ ਉਹ ਕੇਂਦਰ ਜਾਂ ਸੂਬਾਈ ਸਰਕਾਰਾਂ ਦਾ ਹਿੱਸਾ ਨਹੀਂ ਸੀ।
ਇਹ ਤੈਅ ਹੈ ਕਿ ਏਕਨਾਥ ਸ਼ਿੰਦੇ ਦੇ ਗੁੱਟ ’ਚ ਸ਼ਾਮਲ ਹੋਣ ਵਾਲੇ ਸੈਨਾ ਦੇ ਕਈ ਸਰਗਰਮ ਮੈਂਬਰ ਅਤੇ ਕਾਰਪੋਰੇਟਰ ਇਸ ਲਈ ਉਥੇ ਗਈ ਕਿਉਂਕਿ ਉਹ ਆਪਣੀ ‘ਜੀਵਿਕਾ’ ਤੋਂ ਵਾਂਝੇ ਹੋ ਗਏ ਸਨ। ਸਥਾਨਕ ਲੋਕਲ ਬਾਡੀ ਚੋਣਾਂ ’ਚ 3 ਸਾਲ ਜਾਂ ਉਸ ਤੋਂ ਵੱਧ ਦੀ ਦੇਰੀ ਕੀਤੀ ਗਈ, ਤਾਂ ਕਿ ਸ਼ਿੰਦੇ ਉਨ੍ਹਾਂ ਸ਼ਿਵ ਸੈਨਾ ਕਾਰਪੋਰੇਟਰਾਂ ਨੂੰ ਲੁਭਾ ਸਕਣ ਜੋ ਰਾਜ ਵਲੋਂ ਨਿਗਮ ਦੇ ਮਾਮਲਿਆਂ ਦੇ ਪ੍ਰਬੰਧਨ ਲਈ ਆਪਣੇ ਖੁਦ ਦੇ ਅਧਿਕਾਰੀਆਂ ਨੂੰ ਨਿਯੁਕਤ ਕੀਤੇ ਜਾਣ ਦੇ ਬਾਅਦ ਖੁਦ ਨੂੰ ਸ਼ਕਤੀਹੀਣ ਪਾ ਰਹੇ ਸਨ।
ਅੱਜ ਭਾਜਪਾ ਆਰਥਿਕ ਤੌਰ ’ਤੇ ਆਸਾਨੀ ਨਾਲ ਸਭ ਤੋਂ ਖੁਸ਼ਹਾਲ ਪਾਰਟੀ ਹੈ। ਵਿਰੋਧੀਆਂ ਵਲੋਂ ਅੰਤਿਮ ਸਮੇਂ ’ਚ ਨਾਂ ਵਾਪਸ ਲੈਣ ਦੇ ਕਾਰਨ ਚੁਣੇ ਗਏ ਭਾਜਪਾ ਕਾਰਪੋਰੇਟਰਾਂ ਦੀ ਗਿਣਤੀ ਜਾਂਚ ਦੀ ਮੰਗ ਕਰਦੀ ਹੈ। ਭਾਜਪਾ ਅਾਪੋਜ਼ੀਸ਼ਨ ਮੁਕਤ ਸਰਕਾਰ ਦੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਉਚਿਤ ਜਾਂ ਅਣਉਚਿਤ, ਸਾਰੇ ਸਾਧਨਾਂ ਦੀ ਵਰਤੋਂ ਕਰਨ ਲਈ ਮੰਨੀ ਜਾਂਦੀ ਹੈ। ਉਨ੍ਹਾਂ ਦੇ ਉਮੀਦਵਾਰਾਂ ਦੀ ਇਹ ਨਿਰਵਿਰੋਧ ਜਿੱਤ ਇਕ ਨਵੀਂ ਰਣਨੀਤੀ ਹੈ ਜੋ ਸਿਰਫ ਮੁਦਰਾ ਲਾਲਚਾਂ ਰਾਹੀਂ ਸੰਭਵ ਹੈ।
ਪੁਣੇ ਨਗਰ ਨਿਗਮ ਚੋਣ ਆਪਣੇ ਵੱਖ ਹੋਏ ਭਤੀਜੇ ਦੇ ਨਾਲ ਮਿਲ ਕੇ ਲੜਨ ਦੇ ਬਾਵਜੂਦ ਊਧਵ ਠਾਕਰੇ ਗੁੱਟ ਅਤੇ ਸ਼ਰਦ ਪਵਾਰ ਦੇ ਗੁੱਟ ਦੀ ਹਾਰ ਨੂੰ ਇਨ੍ਹਾਂ ਦੋਵਾਂ ਨੇਤਾਵਾਂ ਦੇ ਅੰਤ ਦੇ ਰੂਪ ’ਚ ਪ੍ਰਚਾਰਿਤ ਕੀਤਾ ਗਿਆ ਹੈ। ਸ਼ਰਦ ਪਵਾਰ ਨੂੰ ਉਮਰ ਸੰਬੰਧੀ ਕਮਜ਼ੋਰੀਆਂ ਦੇ ਕਾਰਨ ਆਪਣੀ ਪਾਰਟੀ ਦੀ ਕਮਾਨ ਆਪਣੇ ਭਤੀਜੇ ਨੂੰ ਸੌਂਪ ਦੇਣੀ ਚਾਹੀਦੀ ਸੀ, ਉਹ ਹੁਣ ਖੁਦ ਨੂੰ ਅਲੱਗ-ਥਲੱਗ ਪਾਉਣਗੇ। ਪਰ ਜਿੱਥੋਂ ਤੱਕ ਊਧਵ ਦਾ ਸਵਾਲ ਹੈ, ਮੈਂ ਉਨ੍ਹਾਂ ਨੂੰ ਖਾਰਿਜ ਕਰਨ ਦੇ ਵਿਚਾਰ ਨਾਲ ਸਹਿਮਤ ਨਹੀਂ ਹਾਂ। ਏਕਨਾਥ ਸ਼ਿੰਦੇ ਨੇ ਮੁੰਬਈ ’ਚ ਊਧਵ ਦੇ ਖੇਤਰ ’ਚ ਸੰਨ੍ਹ ਲਗਾਈ ਹੈ ਪਰ ਊਧਵ ਦੇ ਗੁੱਟ ਨੇ ਦਿਖਾਇਆ ਹੈ ਕਿ ਉਹ ਅਜੇ ਵੀ ਸਰਗਰਮ ਹਨ। ਮਰਾਠੀ ਭਾਸ਼ੀ ਇਲਾਕਿਆਂ ’ਚ ਇਸ ਨੇ ਸ਼ਿੰਦੇ ਦੇ ਉਮੀਦਵਾਰਾਂ ਨੂੰ ਉਨ੍ਹਾਂ ਜ਼ਿਆਦਾਤਰ ਸੀਟਾਂ ’ਤੇ ਮਾਤ ਦਿੱਤੀ ਜਿੱਥੇ ਇਸ ਨੇ ਚੋਣ ਲੜੀ ਸੀ।
ਨਗਰ ਨਿਗਮ ’ਚ ਸ਼ਿੰਦੇ ਗੁੱਟ ਕੋਲ 29 ਸੀਟਾਂ ਹਨ ਜਦਕਿ ਊਧਵ ਦੇ ਗੁੱਟ ਅਤੇ ਉਨ੍ਹਾਂ ਦੇ ਚਚੇਰੇ ਭਰਾ ਰਾਜ ਦੀ ਮਨਸੇ ਕੋਲ ਕੁਲ ਮਿਲਾ ਕੇ 79 ਸੀਟਾਂ ਹਨ। 89 ਸੀਟਾਂ ਵਾਲੀ ਭਾਜਪਾ ਨੂੰ 114 ਦੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰਨ ਲਈ ਸ਼ਿੰਦੇ ਗੁੱਟ ਦੇ ਸਮਰਥਨ ਦੀ ਲੋੜ ਹੈ। ਏਕਨਾਥ ਸ਼ਿੰਦੇ ਇਸ ਦੀ ਵਰਤੋਂ ਇਸ ਮੰਗ ਲਈ ਕਰ ਰਹੇ ਹਨ ਕਿ ਉਨ੍ਹਾਂ ਦੇ ਉਮੀਦਵਾਰ ਨੂੰ ਘੱਟੋ-ਘੱਟ ਸ਼ੁਰੂਆਤੀ ਢਾਈ ਸਾਲ ਦੇ ਮੁੰਬਈ ਦਾ ਮੇਅਰ ਬਣਾਇਆ ਜਾਵੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਸਵਾਲ ਕਿਵੇਂ ਸੁਲਝਦਾ ਹੈ।
ਦੋ ਸਹਿਯੋਗੀ ਸਿਆਸੀ ਦਲਾਂ ਵਲੋਂ ਆਪਣੀ ਜਾਇਦਾਦ ਨੂੰ ਦੂਜੇ ਵਲੋਂ ਚੋਰੀ ਕੀਤੇ ਜਾਣ ਤੋਂ ਬਚਾਉਣ ਦਾ ਦ੍ਰਿਸ਼ ਘੱਟੋ-ਘੱਟ ਹਾਸੋਹੀਣਾ ਤਾਂ ਹੈ ਹੀ। ਏਕਨਾਥ ਸ਼ਿੰਦੇ ਨੇ ਆਪਣੇ 29 ਚੁਣੇ ਹੋਏ ਕਾਰਪੋਰੇਟਰਾਂ ਨੂੰ ਸ਼ਹਿਰ ਦੇ ਇਕ ਫਾਈਵ ਸਟਾਰ ਹੋਟਲ ’ਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਆਪਣੇ ਮਿੱਤਰ ਦੇਵੇਂਦਰ ਫੜਨਵੀਸ ’ਤੇ ਸ਼ੱਕ ਹੈ ਕਿ ਉਹ ਉਨ੍ਹਾਂ 29 ’ਚੋਂ ਘੱਟੋ-ਘੱਟ ਕੁਝ, ਜੇਕਰ ਸਾਰੇ ਨਹੀਂ, ਨੂੰ ਸਰਵ-ਜੇਤੂ ਭਾਜਪਾ ’ਚ ਸ਼ਾਮਲ ਕਰਨ ਦਾ ਯਤਨ ਕਰਨਗੇ।
‘ਇਕ ਪਾਰਟੀ, ਇਕ ਨਿਰਵਿਵਾਦ ਨੇਤਾ’ ਦੇ ਆਪਣੇ ਉਦੇਸ਼ ਵੱਲ ਭਾਜਪਾ ਦਾ ਲਗਾਤਾਰ ਮਾਰਚ, ਜੋ ਇਕ ਹਿੰਦੂ ਰਾਸ਼ਟਰ ਸਥਾਪਤ ਕਰਨ ਦੀ ਮੰਗ ਕਰ ਰਿਹਾ ਹੈ, ਉਸ ਨੂੰ ਪੱਛਮੀ ਬੰਗਾਲ, ਪੰਜਾਬ ਅਤੇ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਅਤੇ ਤੇਲੰਗਾਨਾ ਵਰਗੇ ਦੱਖਣੀ ਸੂਬਿਆਂ ’ਚ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਧਰਮ-ਆਧਾਰਿਤ ਸ਼ਾਸਨ ਗੁਆਂਢੀ ਪਾਕਿਸਤਾਨ ’ਚ ਵਿਵਹਾਰਿਕ ਸਾਬਤ ਨਹੀਂ ਹੋਇਆ ਹੈ। ਆਸ ਕਰੀਏ ਕਿ ਅਸੀਂ ਉਨ੍ਹਾਂ ਕਦਮਾਂ ’ਤੇ ਨਾ ਚੱਲੀਏ।
–ਜੂਲੀਓ ਰਿਬੈਰੋ
