ਨਵੀਨਤਾ, ਸਮਾਵੇਸ਼ ਅਤੇ ਭਾਰਤ ਦੀ ਤਰੱਕੀ ਨੂੰ ਰਫਤਾਰ ਦਿੰਦੇ ਹਨ ‘ਸਟਾਰਟਅਪ’
Friday, Jan 16, 2026 - 04:29 PM (IST)
ਸਟਾਰਟਅਪ ਇੰਡੀਆ ਪਹਿਲ ਪੂਰੇ ਦੇਸ਼ ’ਚ ਇਕ ਸਮੁੱਚੀ ਅਤੇ ਨਵੀਂ ਸੋਚ ਵਾਲੇ ਈਕੋ-ਸਿਸਟਮ ਦੇ ਰੂਪ ’ਚ ਵਿਕਸਤ ਹੋਈ ਹੈ। ਇਹ ਨੌਜਵਾਨਾਂ ਦੀ ਉੱਦਮਸ਼ੀਲ ਊਰਜਾ ਨੂੰ ਰੋਜ਼ਗਾਰ ਸਿਰਜਨ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੀ ਦਿਸ਼ਾ ’ਚ ਲਗਾ ਕੇ, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ 2047 ਦੇ ਮਿਸ਼ਨ ਨੂੰ ਸਾਕਾਰ ਕਰਨ ਦਾ ਰਸਤਾ ਤਿਆਰ ਕਰ ਰਹੀ ਹੈ।
ਭਾਰਤ ’ਚ ਅੱਜ ਦੁਨੀਆ ਦੇ ਸਭ ਤੋਂ ਵੱਡੇ ਸਟਾਰਟਅਪ ਈਕੋ-ਸਿਸਟਮ ’ਚੋਂ ਇਕ ਮੌਜੂਦ ਹੈ। ਅੱਜ ਉੱਦਮਿਤਾ ਇਕ ਰਾਸ਼ਟਰਵਿਆਪੀ ਅੰਦੋਲਨ ਬਣ ਚੁੱਕੀ ਹੈ, ਜੋ ਭਾਰਤ ਦੇ ਆਰਥਿਕ ਦ੍ਰਿਸ਼ ਨੂੰ ਨਵਾਂ ਆਕਾਰ ਦੇ ਰਹੀ ਹੈ ਅਤੇ ਵਿਕਾਸ ਅਤੇ ਰੋਜ਼ਗਾਰ ਸਿਰਜਨ ਦਾ ਨਵਾਂ ਇੰਜਣ ਬਣ ਰਹੀ ਹੈ।
ਇਹ ਤਬਦੀਲੀ ਰਾਤੋ-ਰਾਤ ਨਹੀਂ ਹੋਈ। ਜਦੋਂ ਪ੍ਰਧਾਨ ਮੰਤਰੀ ਨੇ 2015 ’ਚ ਆਜ਼ਾਦੀ ਦਿਵਸ ਦੇ ਮੌਕੇ ’ਤੇ ਲਾਲ ਕਿਲੇ ਦੀ ਫਸੀਲ ਤੋਂ ‘ਸਟਾਰਟਅਪ ਇੰਡੀਆ’ ਦਾ ਐਲਾਨ ਕੀਤਾ, ਉਦੋਂ ਉਨ੍ਹਾਂ ਨੇ ਇਕ ਸਪੱਸ਼ਟ ਅਤੇ ਖਾਹਿਸ਼ੀ ਦ੍ਰਿਸ਼ਟੀ ਰੱਖੀ ਕਿ ਉੱਦਮਿਤਾ ਦੇਸ਼ ਦੇ ਹਰ ਜ਼ਿਲੇ ਅਤੇ ਬਲਾਕ ਤੱਕ ਪਹੁੰਚੇ।
16 ਜਨਵਰੀ, 2016 ਨੂੰ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਵਲੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ ਸਟਾਰਟਅਪ ਦੇਸ਼ ਦੀ ਅਰਥਵਿਵਸਥਾ ਦੇ ਕਈ ਮਹੱਤਵਪੂਰਨ ਖੇਤਰਾਂ ’ਚ ਨਵੀਂ ਊਰਜਾ ਭਰ ਰਹੇ ਹਨ। ਆਈ. ਟੀ. ਸੇਵਾਵਾਂ, ਸਿਹਤ ਅਤੇ ਜੀਵਨ ਵਿਗਿਆਨ, ਸਿੱਖਿਆ, ਖੇਤੀ ਅਤੇ ਨਿਰਮਾਣ ਵਰਗੇ ਖੇਤਰਾਂ ’ਚ ਸਭ ਤੋਂ ਜ਼ਿਆਦਾ ਸਟਾਰਟਅਪ ਸਰਗਰਮ ਹਨ। ਇਸ ਤੋਂ ਇਲਾਵਾ ਜਲਵਾਯੂ ਤਕਨੀਕ ਅਤੇ ਬੁਨਿਆਦੀ ਢਾਂਚੇ ਸਮੇਤ 50 ਤੋਂ ਵੱਧ ਹੋਰ ਉਦਯੋਗਾਂ ’ਚ ਵੀ ਨਵੇਂ ਉੱਦਮ ਸਾਹਮਣੇ ਆਏ ਹਨ।
ਨਵੀਨਤਾ ਅਤੇ ਏ. ਆਈ. ਪਿਛਲੇ ਇਕ ਦਹਾਕੇ ’ਚ ਇਕ ਵੱਡਾ ਬਦਲਾਅ ਨਵੀਨਤਾ ਅਤੇ ਡੂੰਘੀ ਟੈਕਨਾਲੋਜੀ ’ਤੇ ਵਧਦੇ ਧਿਆਨ ਦੇ ਰੂਪ ’ਚ ਦੇਖਿਆ ਗਿਆ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ ਦਾ ਰੈਂਕ 2015 ’ਚ 81ਵੇਂ ਸਥਾਨ ਤੋਂ ਵਧ ਕੇ ਪਿਛਲੇ ਸਾਲ 38ਵੇਂ ਸਥਾਨ ’ਤੇ ਪਹੁੰਚ ਗਿਆ ਅਤੇ ਡੂੰਘੀ ਤਕਨੀਕ ਨਾਲ ਜੁੜੇ ਸਟਾਰਟਅਪ ਨੂੰ ਸਰਕਾਰ ਦਾ ਸਮਰਥਨ ਇਸ ਨੂੰ ਅੱਗੇ ਹੋਰ ਬਿਹਤਰ ਕਰੇਗਾ।
ਡੂੰਘੀ ਤਕਨੀਕ ਵਾਲਾ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਦ੍ਰਿਸ਼ਟੀਕੋਣ ਤਹਿਤ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਅਤੇ ਇੰਡੀਆ ਏ. ਆਈ. ਮਿਸ਼ਨ ਅਤੇ ਰਿਸਰਚ ਡਿਵੈਲਪਮੈਂਟ ਐਂਡ ਇਨੋਵੇਸ਼ਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ ਦੇ ਸਟਾਰਟਅਪ ਏਅਰੋਨਾਟਿਕਸ, ਏਅਰੋਸਪੇਸ ਅਤੇ ਰੱਖਿਆ, ਰੋਬੋਟਿਕਸ, ਹਰਿਤ ਤਕਨੀਕ, ਇੰਟਰਨੈੱਟ ਆਫ ਥਿੰਗਸ ਅਤੇ ਸੈਮੀਕੰਡਕਟਰ ਵਰਗੇ ਖੇਤਰਾਂ ’ਚ ਵੀ ਨਵੀਨਤਾ ਕਰ ਰਹੇ ਹਨ। ਬੌਧਿਕ ਸੰਪਦਾ ਦੇ ਨਿਰਮਾਣ ’ਚ ਤੇਜ਼ ਵਾਧਾ ਇਸ ਰੁਝਾਨ ਨੂੰ ਹੋਰ ਮਜ਼ਬੂਤ ਕਰਦਾ ਹੈ। ਭਾਰਤੀ ਸਟਾਰਟਅਪਸ ਨੇ 16,400 ਤੋਂ ਵੱਧ ਨਵੀਆਂ ਪੇਟੈਂਟ ਅਰਜ਼ੀਆਂ ਦਾਖਲ ਕੀਤੀਆਂ ਹਨ, ਜੋ ਮੌਲਿਕ ਨਵੀਨਤਾ, ਲੰਬੇ ਸਮੇਂ ਦੇ ਮੁੱਲ ਸਿਰਜਨ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ’ਤੇ ਵਧੇ ਹੋਏ ਧਿਆਨ ਨੂੰ ਦਰਸਾਉਂਦੀਆਂ ਹਨ।
ਸਮੁੱਚਾ ਭਾਰਤੀ ਵਿਕਾਸ : ਸਾਲ 2016 ’ਚ ਸਿਰਫ 4 ਸੂਬਿਆਂ ’ਚ ਸਟਾਰਟਅਪ ਨੀਤੀਆਂ ਸਨ, ਜਦਕਿ ਅੱਜ ਭਾਰਤ ਦੇ 30 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵਿਸ਼ੇਸ਼ ਸਟਾਰਟਅਪ ਢਾਂਚੇ ਮੌਜੂਦ ਹਨ। ਹੁਣ ਹਰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਡੀ. ਪੀ. ਆਈ. ਆਈ. ਟੀ. ਤੋਂ ਮਾਨਤਾ ਪ੍ਰਾਪਤ ਸਟਾਰਟਅਪਸ ਹਨ, ਜੋ ਸੰਸਥਾਗਤ ਸਮਰਥਨ ਦੀ ਮਜ਼ਬੂਤੀ ਅਤੇ ਜ਼ਮੀਨੀ ਪੱਧਰ ਦੀ ਹਿੱਸੇਦਾਰੀ ਨੂੰ ਦਰਸਾਉਂਦਾ ਹੈ।
ਹੁਣ ਤੱਕ 2 ਲੱਖ ਤੋਂ ਵੱਧ ਸਟਾਰਟਅਪਸ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ, ਜੋ ਨੀਤੀ-ਆਧਾਰਿਤ ਈਕੋ-ਸਿਸਟਮ ’ਚ ਇਕ ਦਹਾਕੇ ਦੇ ਲਗਾਤਾਰ ਵਿਕਾਸ ਨੂੰ ਦਰਸਾਉਂਦਾ ਹੈ। ਸਿਰਫ 2025 ’ਚ ਹੀ 49,400 ਤੋਂ ਵੱਧ ਸਟਾਰਟਅਪਸ ਨੂੰ ਮਾਨਤਾ ਮਿਲੀ, ਜੋ ਸਟਾਰਟਅਪਸ ਇੰਡੀਆ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਸਾਲਾਨਾ ਵਾਧਾ ਹੈ।
ਸਮਾਵੇਸ਼ ਇਸ ਪੂਰੀ ਯਾਤਰਾ ਦੀ ਇਕ ਮਜ਼ਬੂਤ ਆਧਾਰਸ਼ਿਲਾ ਰਿਹਾ ਹੈ। ਮਹਿਲਾ ਲੀਡਰਸ਼ਿਪ ਵਾਲੇ ਉੱਦਮ ਇਕ ਵੱਡੀ ਤਾਕਤ ਬਣ ਕੇ ਉੱਭਰੇ ਹਨ, ਜਿੱਥੇ 45 ਫੀਸਦੀ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪਸ ’ਚ ਘੱਟ ਤੋਂ ਘੱਟ 1 ਮਹਿਲਾ ਡਾਇਰੈਕਟਰ ਹੈ। ਇਸ ਤੋਂ ਇਲਾਵਾ, ਲਗਭਗ ਅੱਧੇ ਸਟਾਰਟਅਪਸ ਗੈਰ-ਮੈਟਰੋ ਸ਼ਹਿਰਾਂ ’ਚ ਸਥਿਤ ਹਨ, ਜੋ ਨਵੀਨਤਾ ਅਤੇ ਰੋਜ਼ਗਾਰ ਦੇ ਨਵੇਂ ਕੇਂਦਰ ਦੇ ਰੂਪ ’ਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਲੋਕਲ ਤੋਂ ਗਲੋਬਲ : ਜਿਵੇਂ-ਜਿਵੇਂ ਭਾਰਤੀ ਸਟਾਰਟਅਪਸ ਦਾ ਵਿਸਥਾਰ ਹੋ ਰਿਹਾ ਹੈ, ਪੂਰੀ ਦੁਨੀਆ ਉਨ੍ਹਾਂ ਲਈ ਬਾਜ਼ਾਰ ਬਣਦੀ ਜਾ ਰਹੀ ਹੈ। ਹੁਣ 21 ਕੌਮਾਂਤਰੀ ਬ੍ਰਿਜ ਅਤੇ 2 ਰਣਨੀਤਿਕ ਗੱਠਜੋੜ ਮੌਜੂਦ ਹਨ, ਜੋ ਯੂ. ਕੇ, ਜਾਪਾਨ, ਦੱਖਣੀ ਕੋਰੀਆ, ਸਵੀਡਨ ਅਤੇ ਇਜ਼ਰਾਈਲ ਸਮੇਤ ਪ੍ਰਮੁੱਖ ਅਰਥਵਿਵਸਥਾਵਾਂ ’ਚ ਬਾਜ਼ਾਰ ’ਚ ਪਹੁੰਚ, ਸਹਿਯੋਗ ਅਤੇ ਵਿਸਥਾਰ ਨੂੰ ਆਸਾਨ ਬਣਾਉਂਦੇ ਹਨ। ਇਨ੍ਹਾਂ ਪਹਿਲਾਂ ਨਾਲ ਹੁਣ ਤੱਕ 850 ਤੋਂ ਵੱਧ ਸਟਾਰਟਅਪਸ ਲਾਭ ਹਾਸਲ ਕਰ ਚੁੱਕੇ ਹਨ।
ਸੁਧਾਰ ਅਤੇ ਬਾਜ਼ਾਰ ਤੱਕ ਪਹੁੰਚ : ਇਸ ਵਿਕਾਸ ਨੂੰ ਸੰਭਵ ਬਣਾਉਣ ’ਚ ਕਾਰੋਬਾਰ ਕਰਨ ’ਚ ਆਸਾਨੀ ’ਚ ਸੁਧਾਰ ਇਕ ਮੁੱਖ ਆਧਾਰ ਰਿਹਾ ਹੈ। ਪਾਤਰ ਸਟਾਰਟਅਪਸ ਆਪਣੇ ਪਹਿਲੇ 10 ਸਾਲਾਂ ’ਚੋਂ 3 ਲਗਾਤਾਰ ਸਾਲਾਂ ਲਈ ਇਕ ਛੁੱਟੀ ਦਾ ਲਾਭ ਲੈ ਸਕਦੇ ਹਨ। ਹੁਣ ਤੱਕ 4,100 ਤੋਂ ਵੱਧ ਸਟਾਰਟਅਪਸ ਨੂੰ ਇਸ ਦੇ ਲਈ ਪਾਤਰਤਾ ਪ੍ਰਮਾਣ ਪੱਤਰ ਮਿਲ ਚੁੱਕੇ ਹਨ।
60 ਤੋਂ ਵੱਧ ਰੈਗੂਲੇਟਰੀ ਸੁਧਾਰਾਂ ਰਾਹੀਂ ਪਾਲਣਾ ਦਾ ਬੋਝ ਘੱਟ ਕੀਤਾ ਗਿਆ ਹੈ, ਪੂੰਜੀ ਜੁਟਾਉਣ ਨੂੰ ਆਸਾਨ ਬਣਾਇਆ ਗਿਆ ਹੈ ਅਤੇ ਘਰੇਲੂ ਸੰਸਥਾਗਤ ਨਿਵੇਸ਼ ਨੂੰ ਮਜ਼ਬੂਤ ਕੀਤਾ ਗਿਆ ਹੈ। ਏਂਜੇਲ ਟੈਕਸ ਨੂੰ ਖਤਮ ਕਰਨ ਅਤੇ ਬਦਲਵੇਂ ਨਿਵੇਸ਼ ਫੰਡਾਂ (ਏ. ਟੀ. ਐੱਫ.) ਲਈ ਲੰਬੇ ਸਮੇਂ ਦੀ ਪੂੰਜੀ ਦੇ ਰਸਤੇ ਖੋਲ੍ਹਣ ਨਾਲ ਸਟਾਰਟਅਪ ਫੰਡਿੰਗ ਦਾ ਈਕੋ-ਸਿਸਟਮ ਹੋਰ ਮਜ਼ਬੂਤ ਹੋਇਆ ਹੈ। ਬਾਜ਼ਾਰ ਤੱਕ ਪਹੁੰਚ ਨੂੰ ਪਹਿਲ ਦਿੱਤੀ ਗਈ ਹੈ। ਸਰਕਾਰੀ ਈ-ਮਾਰਕੀਟਪਲੇਸ (ਜੈਮ) ਰਾਹੀਂ 35,700 ਤੋਂ ਵੱਧ ਸਟਾਰਟਅਪਸ ਨੂੰ ਜੋੜਿਆ ਗਿਆ ਹੈ, ਜਿਨ੍ਹਾਂ ਨੂੰ 51,200 ਕਰੋੜ ਤੋਂ ਵੱਧ ਮੁੱਲ ਦੇ 5 ਲੱਖ ਤੋਂ ਵੱਧ ਆਰਡਰ ਮਿਲੇ ਹਨ। ਸਟਾਰਟਅਪਸ ਲਈ ਫੰਡ ਆਫ ਫੰਡਸ ਯੋਜਨਾ ਤਹਿਤ ਬਦਲਵੇਂ ਨਿਵੇਸ਼ ਫੰਡਾਂ ਦੇ ਜ਼ਰੀਏ 25,500 ਕਰੋੜ ਤੋਂ ਵੱਧ ਦਾ ਨਿਵੇਸ਼ ਕੀਤਾ ਿਗਆ, ਜਿਸ ਨਾਲ 1,300 ਤੋਂ ਵੱਧ ਉੱਦਮਾਂ ਨੂੰ ਲਾਭ ਮਿਲਿਆ ਹੈ। ਇਸ ਤੋਂ ਇਲਾਵਾ ਸਟਾਰਟਅਪਸ ਲਈ ਕ੍ਰੈਡਿਟ ਗਾਰੰਟੀ ਯੋਜਨਾ ਅਧੀਨ 800 ਕਰੋੜ ਤੋਂ ਵੱਧ ਦੇ ਬਿਨਾਂ ਜ਼ਮਾਨਤ ਕਰਜ਼ੇ ਦੀ ਗਾਰੰਟੀ ਦਿੱਤੀ ਗਈ ਹੈ।
ਸੱਭਿਆਚਾਰਕ ਬਦਲਾਅ : ਭਾਰਤੀ ਸਟਾਰਟਅਪਸ ਦੇਸ਼ ’ਚ ਇਕ ਵੱਡੀ ਸੱਭਿਆਚਾਰਕ ਤਬਦੀਲੀ ਲਿਆਏ ਹਨ। ਪਹਿਲਾਂ ਬੱਚਿਆਂ ਨੂੰ ਮੁੱਖ ਤੌਰ ’ਤੇ ਸਰਕਾਰੀ ਨੌਕਰੀ, ਇੰਜੀਨੀਅਰਿੰਗ ਜਾਂ ਡਾਕਟਰੀ ਵਰਗੇ ਕੁਝ ਹੀ ਖੇਤਰਾਂ ’ਚ ਜਾਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਅੱਜ ਕਈ ਨੌਜਵਾਨ ਨੌਕਰੀ ਦੀ ਤਲਾਸ਼ ਕਰਨ ਵਾਲੇ ਨਹੀਂ, ਸਗੋਂ ਨੌਕਰੀ ਦੇਣ ਵਾਲੇ ਬਣਨ ਦਾ ਸੁਪਨਾ ਦੇਖ ਰਹੇ ਹਨ।
ਪੀਯੂਸ਼ ਗੋਇਲ (ਕੇਂਦਰੀ ਵਣਜ ਅਤੇ ਉਦਯੋਗ ਮੰਤਰੀ)
