ਬਜ਼ੁਰਗ ਡਰਾਈਵਰ ਤੇ ਉਸਦੇ ਸਾਥੀ ਨਾਲ ਥਾਣੇ ''ਚ ਹੋਈ ਕੁੱਟਮਾਰ

01/23/2018 7:43:51 AM

ਪੰਚਕੂਲਾ, (ਚੰਦਨ)- ਸੈਕਟਰ-4 ਸਥਿਤ ਐੱਮ. ਡੀ. ਸੀ. ਵਿਚ ਦੇਰ ਰਾਤ ਪੀ. ਸੀ. ਆਰ. ਵਿਚ ਤਾਇਨਾਤ ਪੁਲਸ ਕਰਮੀਆਂ ਵੱਲੋਂ ਦੋ ਲੋਕਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੋਨਾਂ ਨੂੰ ਇੰਨੀ ਬੁਰੀ ਤਰ੍ਹਾਂ ਨਾਲ ਕੁੱਟਿਆ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਇਕ ਜ਼ਖਮੀ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।  ਉਥੇ ਹੀ ਪੁਲਸ ਕਰਮੀਆਂ ਦੀ ਇਸ ਕਰਤੂਤ ਤੋਂ ਭੜਕੇ ਜ਼ਖ਼ਮੀ ਲੋਕਾਂ ਦੇ ਵਾਰਸਾਂ ਨੇ ਸੋਮਵਾਰ ਨੂੰ ਪੁਲਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਐੱਮ. ਡੀ. ਸੀ. ਵਿਚ ਜਾਮ ਲਾ ਦਿੱਤਾ। ਹਾਲਾਤ ਵਿਗੜਦੇ ਵੇਖ ਪੁਲਸ ਦੇ ਆਲ੍ਹਾ ਅਧਿਕਾਰੀ ਮੌਕੇ 'ਤੇ ਪੁੱਜੇ। ਘਟਨਾ ਦੀ ਡੀ. ਡੀ. ਆਰ. ਦਰਜ ਕਰਕੇ ਪੁਲਸ ਕਰਮੀ ਕਰਨੈਲ ਸਿੰਘ ਅਤੇ ਜਗਜੀਤ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਪੁਲਸ ਕਰਮਚਾਰੀਆਂ 'ਤੇ ਕਾਰਵਾਈ ਤੋਂ ਬਾਅਦ ਲੋਕਾਂ ਨੇ ਜਾਮ ਖੋਲ੍ਹਿਆ।  
ਗੱਡੀ ਦੇ ਕਾਗਜ਼ ਚੈੱਕ ਕਰਨ ਲਈ ਰੋਕਿਆ ਸੀ 
ਸਕੇਤੜੀ ਵਾਸੀ ਪੀੜਤ ਰਮਜ਼ਾਨ ਮੁਹੰਮਦ (62) ਦੇ ਵਾਰਸਾਂ ਨੇ ਦੱਸਿਆ ਕਿ ਪੀੜਤ ਰਾਕੇਸ਼ ਗੋਇਲ ਨਾਮਕ ਵਿਅਕਤੀ ਕੋਲ ਡਰਾਈਵਰ ਦੀ ਨੌਕਰੀ ਕਰਦਾ ਹੈ। ਐਤਵਾਰ ਦੇਰ ਰਾਤ ਉਹ ਆਪਣੇ ਸਾਥੀ ਭੇਂਸਾ ਟਿੱਬਾ ਵਾਸੀ ਤਿਵਾੜੀ ਨਾਲ ਮਨੀਮਾਜਰਾ ਗੱਡੀ ਠੀਕ ਕਰਵਾ ਕੇ ਘਰ ਜਾ ਰਿਹਾ ਸੀ, ਜਦੋਂ ਉਹ ਮਨੀਮਾਜਰਾ ਅਤੇ ਪੰਚਕੂਲਾ ਦੇ ਬਾਰਡਰ 'ਤੇ ਪੁੱਜੇ ਤਾਂ ਪੀ. ਸੀ. ਆਰ. ਵਿਚ ਤਾਇਨਾਤ 2 ਪੁਲਸ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗੱਡੀ ਦੇ ਕਾਗਜ਼ ਚੈੱਕ ਕਰਵਾਉਣ ਲਈ ਕਿਹਾ। ਰਮਜ਼ਾਨ ਅਤੇ ਤਿਵਾੜੀ ਗੱਡੀ 'ਚੋਂ ਉਤਰ ਕੇ ਕਾਗਜ਼ ਚੈੱਕ ਕਰਵਾਉਣ ਲੱਗੇ। ਗੱਡੀ ਕੁਝ ਹੀ ਸਮਾਂ ਪਹਿਲਾਂ ਖਰੀਦੀ ਸੀ, ਇਸ ਕਾਰਨ ਇਸ 'ਤੇ ਟੈਂਪਰੇਰੀ ਨੰਬਰ ਸੀ। 
ਪੁਲਸ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਦੇ ਕਾਗਜ਼ ਪੂਰੇ ਨਹੀਂ ਹਨ, ਗੱਡੀ ਇੰਪਾਊਂਡ ਕਰਨਗੇ। ਇਸ 'ਤੇ ਰਮਜ਼ਾਨ ਨੇ ਕਿਹਾ ਕਿ ਹਾਲੇ ਪਰਮਾਨੈਂਟ ਨੰਬਰ ਨਹੀਂ ਮਿਲਿਆ ਹੈ। ਟੈਂਪਰੇਰੀ ਨੰਬਰ ਦੇ ਕਾਗਜ਼ ਮੇਰੇ ਕੋਲ ਹਨ। ਇਸ ਤੋਂ ਬਾਅਦ ਪੁਲਸ ਕਰਮੀਆਂ ਨੇ ਦੋਨਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋਨਾਂ ਨੂੰ ਐੱਮ. ਡੀ. ਸੀ. ਥਾਣੇ ਲੈ ਗਏ। ਉਨ੍ਹਾਂ ਨੇ ਦੋਨਾਂ ਦੇ ਕੱਪੜੇ ਉਤਾਰ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ। ਬਜ਼ੁਰਗ ਰਮਜ਼ਾਨ ਦੀ ਹਾਲਤ ਵਿਗੜਦੀ ਵੇਖ ਦੋਨਾਂ ਨੂੰ ਥਾਣੇ ਤੋਂ ਜਾਣ ਨੂੰ ਕਿਹਾ। ਰਮਜ਼ਾਨ ਦੇ ਸਾਥੀ ਨੇ ਇਸਦੀ ਸੂਚਨਾ ਗੱਡੀ ਦੇ ਮਾਲਕ ਰਾਕੇਸ਼ ਗੋਇਲ ਨੂੰ ਦਿੱਤੀ। ਰਮਜ਼ਾਨ ਨੂੰ ਜਨਰਲ ਹਸਪਤਾਲ ਵਿਚ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸਨੂੰ ਚੰਡੀਗੜ੍ਹ ਦੇ ਸੈਕਟਰ-32 ਰੈਫਰ ਕਰ ਦਿੱਤਾ। ਰਮਜ਼ਾਨ ਦਾ ਇਲਾਜ ਚੱਲ ਰਿਹਾ ਹੈ ਅਤੇ ਤਿਵਾੜੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਰਮਜ਼ਾਨ ਦੇ ਵਾਰਸਾਂ ਨੇ ਪੁਲਸ ਕਰਮੀਆਂ 'ਤੇ ਦੋਸ਼ ਲਾਇਆ ਕਿ ਰਮਜ਼ਾਨ ਕੋਲ 3600 ਰੁਪਏ ਸਨ, ਜੋ ਪੁਲਸ ਵਾਲਿਆਂ ਨੇ ਖੋਹ ਲਏ।  


Related News