ਕੁੱਟਮਾਰ ਕਰਨ ਦੇ ਦੋਸ਼ ’ਚ 22 ਲੋਕਾਂ ਖਿਲਾਫ ਮਾਮਲਾ ਦਰਜ, ਇਕ ਨਾਬਾਲਿਗ ਸਮੇਤ 3 ਗ੍ਰਿਫਤਾਰ
Thursday, Apr 04, 2024 - 05:53 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਜਗ੍ਹਾ ਨੂੰ ਲੈ ਕੇ ਹੋਏ ਲੜਾਈ ਝਗੜੇ ਸਬੰਧੀ ਥਾਣਾ ਮਖੂ ਦੀ ਪੁਲਸ ਨੇ ਕਰੀਬ 22 ਲੋਕਾਂ ਦੇ ਖ਼ਿਲਾਫ 3 ਵਿਅਕਤੀਆਂ ਨੂੰ ਸੱਟਾਂ ਮਾਰਨ ਅਤੇ ਘਰ ਦੀ ਭੰਨਤੋੜ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਪੁਲਸ ਨੇ ਇਕ ਨਾਬਾਲਿਗ ਦੋਸ਼ੀ ਸਮੇਤ 3 ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਸਬ ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਮੁੱਦਈ ਸੋਨਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੁੰਡੀ ਛੁਰੀ ਮਾਰਾਂ ਜੋ ਸਿਵਲ ਹਸਪਤਾਲ ਜ਼ੀਰਾ ਤੇ ਫਿਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਹੈ, ਪੁਲਸ ਨੇ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬਲਵਿੰਦਰ ਕੌਰ ਮੇਰੀ ਸੱਕੀ ਭੂਆ ਹੈ, ਜੋ ਕੁਝ ਸਮਾਂ ਪਹਿਲਾਂ ਸਮੇਤ ਪਰਿਵਾਰ ਸਾਡੇ ਘਰ ਵਿਚ ਰਹਿ ਰਹੀ ਸੀ।
ਇਨ੍ਹਾਂ ਨੂੰ ਇਹ ਜਗ੍ਹਾ ਰਹਿਣ ਲਈ ਦਿੱਤੀ ਸੀ ਪਰ ਹੁਣ ਇਹ ਜਗ੍ਹਾ ’ਤੇ ਕਬਜ਼ਾ ਕਰ ਕੇ ਵੇਚਣਾ ਚਾਹੁੰਦੇ ਹਨ, ਜਿਸ ਕਾਰਨ ਦੋਸ਼ੀਆਂ ਬਲਕਾਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਹਰਬੰਸ ਸਿੰਘ, ਨਿੰਦਰ ਸਿੰਘ, ਤਜਿੰਦਰ ਸਿੰਘ, ਹਰਸ਼ ਸਿੰਘ, ਲਵਿਸ਼, ਬਲਵਿੰਦਰ ਕੌਰ, ਅਮਰੀਕ ਸਿੰਘ ਅਤੇ 10-12 ਨਾਮਲੂਮ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਮੁੱਦਈ ਦੇ ਘਰ ਦਾਖਲ ਹੋ ਕੇ ਮੁੱਦਈ ਦੀ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ। ਇਸ ਦੌਰਾਨ ਮੁੱਦਈ ਨੂੰ ਛੁਡਾਉਣ ਲਈ ਆਏ ਦੋਸਤ ਹਰਦਿਆਲ ਸਿੰਘ ਤੇ ਸੁਬੇਗ ਸਿੰਘ ਦੇ ਵੀ ਸੱਟਾਂ ਮਾਰੀਆਂ ਅਤੇ ਘਰ ਦੀ ਭੰਨ ਤੋੜ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਦੋਸ਼ੀ ਜੋਗਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਨਾਬਾਲਿਗ ਲਵਿਸ਼ਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ, ਅਮਰੀਕ ਸਿੰਘ ਪੁੱਤਰ ਬਗੀਚਾ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।