ਬੁਲੇਟ ਸਵਾਰਾਂ ਨੇ ਔਰਤ ਤੇ ਪੁੱਤਰ ਦੀ ਕੀਤੀ ਕੁੱਟਮਾਰ

Monday, Apr 22, 2024 - 05:27 PM (IST)

ਬੁਲੇਟ ਸਵਾਰਾਂ ਨੇ ਔਰਤ ਤੇ ਪੁੱਤਰ ਦੀ ਕੀਤੀ ਕੁੱਟਮਾਰ

ਲੁਧਿਆਣਾ (ਰਾਮ) : ਬੁਲੇਟ ਸਵਾਰ 2 ਨੌਜਵਾਨਾਂ ਵਲੋਂ ਐਕਟਿਵਾ ਸਵਾਰ ਔਰਤ ਅਤੇ ਉਸ ਦੇ 14 ਸਾਲਾ ਪੁੱਤਰ ਦੀ ਕੁੱਟਮਾਰ ਕੀਤੀ ਗਈ। ਜਦੋਂ ਔਰਤ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਤਾਂ ਨੌਜਵਾਨਾਂ ਨੇ ਆਪਣੇ ਦੋਸਤਾਂ ਨੂੰ ਵੀ ਬੁਲਾ ਕੇ ਹੰਗਾਮਾ ਕਰ ਦਿੱਤਾ। ਮਾਮਲਾ ਸਮਰਾਲਾ ਚੌਂਕ ਦਾ ਹੈ। ਜਾਣਕਾਰੀ ਮੁਤਾਬਕ ਔਰਤ ਅਰਵਿੰਦਰ ਕੌਰ ਆਪਣੇ ਪੁੱਤਰ ਨਾਲ ਐਕਟਿਵਾ 'ਤੇ ਕਿਸੇ ਕੰਮ ਲਈ ਜਾ ਰਹੀ ਸੀ। ਫਿਰ ਗੁਰੂ ਅਰਜਨ ਦੇਵ ਨਗਰ ਨੇੜੇ ਬੁਲੇਟ 'ਤੇ ਸਵਾਰ ਦੋ ਵਿਅਕਤੀਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਔਰਤ ਦਾ ਦੋਸ਼ ਹੈ ਕਿ ਨੌਜਵਾਨ ਉਸ ਨੂੰ ਕੁੱਟਣ ਤੋਂ ਬਾਅਦ ਭੱਜਣ ਵਾਲੇ ਸਨ। ਫਿਰ ਜਦੋਂ ਉਸ ਨੇ ਬੁਲੇਟ ਦੀ ਚਾਬੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ। ਔਰਤ ਦਾ ਕਹਿਣਾ ਹੈ ਕਿ ਨੌਜਵਾਨਾਂ ਨੇ ਉਸ ਦੇ ਬੇਟੇ ਦੀ ਵੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ।

ਦੂਜੇ ਪਾਸੇ ਰਾਹੁਲ ਕੁਮਾਰ ਨੇ ਦੱਸਿਆ ਕਿ ਔਰਤ ਉਸ 'ਤੇ ਝੂਠੇ ਦੋਸ਼ ਲਗਾ ਰਹੀ ਹੈ। ਉਹ ਆਪਣੇ ਪਿਤਾ ਨਾਲ ਸੜਕ ਪਾਰ ਕਰ ਰਿਹਾ ਸੀ। ਥਾਣਾ ਡਵੀਜ਼ਨ ਨੰਬਰ-7 ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਡਵੀਜ਼ਨ ਨੰਬਰ-7 ਦੀ ਪੁਲਸ ਮੌਕੇ ’ਤੇ ਪੁੱਜਣ ’ਤੇ ਮਾਮਲਾ ਸ਼ਾਂਤ ਹੋਇਆ। ਦੋਹਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਿਰਫ ਇਕ ਧਿਰ ਨੇ ਹੀ ਆਪਣਾ ਬਿਆਨ ਦਰਜ ਕਰਵਾਇਆ ਹੈ।
 


author

Babita

Content Editor

Related News