ਚੱਲਦੀ ਬੱਸ ਤੋਂ ਹੇਠਾਂ ਡਿੱਗੀ ਔਰਤ ਦੀ ਹੋਈ ਦਰਦਨਾਕ ਮੌਤ, ਡਰਾਈਵਰ 'ਤੇ ਲੱਗੇ ਅਣਗਹਿਲੀ ਦੇ ਇਲਜ਼ਾਮ
Thursday, May 02, 2024 - 10:18 AM (IST)
 
            
            ਗੁਰਾਇਆ (ਮੁਨੀਸ਼)- ਨੇੜਲੇ ਪਿੰਡ ਢੇਸੀਆਂ ਕਾਹਨਾਂ ’ਚ ਤੇਜ਼ ਰਫ਼ਤਾਰ ਮਿੰਨੀ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਇਕ ਬਜ਼ੁਰਗ ਔਰਤ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ 68 ਸਾਲਾ ਮ੍ਰਿਤਕ ਬਲਵੀਰ ਕੌਰ ਦੇ ਪੁੱਤਰ ਲਖਵਿੰਦਰ ਮਹੇ ਨੇ ਦੱਸਿਆ ਉਨ੍ਹਾਂ ਦੀ ਮਾਤਾ ਪਿੰਡ ਢੇਸੀਆਂ ਕਾਹਨਾਂ ਤੋਂ ਦਵਾਈ ਲੈਣ ਲਈ ਬੰਡਾਲਾ ਦੇ ਸਰਕਾਰੀ ਹਸਪਤਾਲ ’ਚ ਗਈ ਸੀ, ਜਦੋਂ ਦਵਾਈ ਲੈਣ ਤੋਂ ਬਾਅਦ ਉਹ ਬੰਡਾਲਾ ਤੋ ਵਾਪਸ ਮਿਨੀ ਬੱਸ ’ਚ ਪਿੰਡ ਨੂੰ ਆ ਰਹੀ ਸੀ ਤਾਂ ਬੱਸ ਡਰਾਈਵਰ ਬੰਟੀ ਵਾਸੀ ਢੇਸੀਆਂ ਕਾਹਨਾਂ ਵੱਲੋਂ ਤੇਜ਼ ਰਫਤਾਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਕਰ ਕੇ ਇਕ ਮੋੜ ਤੋਂ ਉਸ ਦੀ ਮਾਤਾ ਚੱਲਦੀ ਬੱਸ ਤੋਂ ਦਰਵਾਜ਼ੇ ’ਚੋਂ ਹੇਠਾਂ ਸੜਕ ’ਤੇ ਡਿੱਗ ਗਈ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ; ਕਾਰਵਾਈ ਮਗਰੋਂ ਬੋਲੇ ਬਲਕੌਰ ਸਿੰਘ- 'ਹੁਣ ਮਿਲਿਆ ਕੁਝ ਸਕੂਨ'
ਸਵਾਰੀਆਂ ਨੇ ਬੱਸ ਡਰਾਈਵਰ ਨੂੰ ਦੱਸਿਆ ਪਰ ਡਰਾਈਵਰ ਨੇ ਬੱਸ ਨਹੀਂ ਰੋਕੀ। ਜਦ ਉਸ ਨੇ ਕਾਫ਼ੀ ਦੂਰ ਜਾ ਕੇ ਬੱਸ ਰੋਕੀ ਤੇ ਬੱਸ ’ਚੋਂ ਇਕ ਵਿਅਕਤੀ ਉੱਤਰ ਕੇ ਆਇਆ, ਜਿਸ ਨੇ ਦੇਖਿਆ ਕਿ ਔਰਤ ਦੇ ਸਿਰ ’ਚ ਸੱਟ ਲੱਗੀ ਹੈ। ਇਸ ਤੋਂ ਬਾਅਦ ਇਕ ਆਟੋ ਵਾਲਾ ਉਨ੍ਹਾਂ ਨੂੰ ਹਸਪਤਾਲ ’ਚ ਲੈ ਕੇ ਗਿਆ, ਜਿੱਥੋਂ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ, ਜਿੱਥੇ ਦੇਰ ਰਾਤ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਬੱਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਮਾਤਾ ਦੀ ਮੌਤ ਹੋਈ ਹੈ, ਜਿਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ - ਦਲਵੀਰ ਗੋਲਡੀ ਦੇ ਕਾਂਗਰਸ ਛੱਡ 'ਆਪ' 'ਚ ਜਾਣ ਮਗਰੋਂ ਸੁਨੀਲ ਜਾਖੜ ਦਾ ਵੱਡਾ ਬਿਆਨ
ਉਨ੍ਹਾਂ ਇਹ ਵੀ ਕਿਹਾ ਕਿ ਬੱਸ ਦੇ ਕਾਗਜ਼ਾਤ ਤੇ ਪਰਮਟ ਰੂਟ ਚੈੱਕ ਕੀਤਾ ਜਾਵੇ। ਬੱਸ ਡਰਾਈਵਰ ਕੋਲ ਲਾਇਸੈਂਸ ਤੱਕ ਨਹੀਂ ਹੈ। ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਸੁੱਤਾ ਪਿਆ ਹੈ। ਇਸ ਸਬੰਧੀ ਚੌਕੀ ਇੰਚਾਰਜ ਰੁੜਕਾ ਕਲਾਂ ਏ. ਐੱਸ. ਆਈ. ਚਰਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਬਲਵੀਰ ਕੌਰ ਦੇ ਪੁੱਤਰ ਲਖਵਿੰਦਰ ਦੇ ਬਿਆਨਾਂ ’ਤੇ ਡਰਾਈਵਰ ਬੰਟੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਬੱਸ ਨੂੰ ਵੀ ਕਬਜ਼ੇ ’ਚ ਲੈ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            