ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ ਰੁਪਏ

Thursday, Jan 21, 2021 - 11:18 PM (IST)

ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ ਰੁਪਏ

ਜਲੰਧਰ (ਸੁਧੀਰ)– ਕੋਰੋਨਾਕਾਲ ਦੌਰਾਨ ਪੰਜਾਬ ਦੇ ਟਰੈਵਲ ਕਾਰੋਬਾਰੀਆਂ ਨੇ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਪ੍ਰਾਈਵੇਟ ਕਾਲਜਾਂ ਵਿਚ ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁਬੋ ਦਿੱਤੇ। ਇੰਨਾ ਹੀ ਨਹੀਂ, ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲਾ ਦਿਵਾਉਣ ਦੇ ਨਾਂ ’ਤੇ ਵਿਦਿਆਰਥੀਆਂ ਤੋਂ ਐਡਵਾਂਸ ਵਿਚ ਲੱਖਾਂ ਰੁਪਏ ਦੀ ਫੀਸ ਲੈ ਲਈ ਗਈ ਪਰ ਫੀਸ ਅਦਾ ਕਰਨ ਤੋਂ ਬਾਅਦ ਨਾ ਤਾਂ ਵਿਦਿਆਰਥੀਆਂ ਦਾ ਕੈਨੇਡਾ ਦਾ ਵੀਜ਼ਾ ਲੱਗਾ ਅਤੇ ਨਾ ਹੀ ਵਿਦਿਆਰਥੀ ਕਿਸੇ ਤਰ੍ਹਾਂ ਕੈਨੇਡਾ ਵਿਚ ਪਹੁੰਚ ਸਕੇ ਜਦਕਿ ਕੈਨੇਡਾ ਦੇ ਕੁਝ ਪ੍ਰਾਈਵੇਟ ਕਾਲਜਾਂ ਵਿਚ ਫੀਸ ਜਮ੍ਹਾ ਕਰਵਾਉਣ ਦੇ ਨਾਂ ’ਤੇ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀ ਖੂਨ-ਪਸੀਨੇ ਦੀ ਲੱਖਾਂ-ਕਰੋੜਾਂ ਰੁਪਏ ਦੀ ਕਮਾਈ ਡੁੱਬ ਗਈ।

ਵਿਦਿਆਰਥੀਆਂ ਦੇ ਪ੍ਰਾਈਵੇਟ ਕਾਲਜਾਂ ਵਿਚ ਕਰੋੜਾਂ ਰੁਪਏ ਡੁੱਬਣ ਤੋਂ ਬਾਅਦ ਕਾਲਜਾਂ ਤੋਂ ਪੰਜਾਬ ਦੇ ਟਰੈਵਲ ਏਜੰਟਾਂ ਨੇ ਵੀ ਕਰੋੜਾਂ ਰੁਪਏ ਦੀ ਕਮੀਸ਼ਨ ਡਕਾਰ ਲਈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਪੜ੍ਹਾਈ ਦੇ ਤੌਰ ’ਤੇ ਕੈਨੇਡਾ ਜਾਣ ਦਾ ਭਾਰਤੀ ਵਿਦਿਆਰਥੀਆਂ ਵਿਚ ਕਾਫ਼ੀ ਕ੍ਰੇਜ਼ ਹੈ, ਜਿਸ ਕਾਰਨ ਪੰਜਾਬ ਤੋਂ ਭਾਰੀ ਗਿਣਤੀ ਵਿਚ ਹਰ ਸਾਲ ਕੈਨੇਡਾ ਪੜ੍ਹਨ ਲਈ ਭਾਰਤੀ ਵਿਦਿਆਰਥੀ ਅਪਲਾਈ ਕਰਦੇ ਹਨ। ਪੰਜਾਬ ਦੇ ਟਰੈਵਲ ਕਾਰੋਬਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦੀ ਕਮਾਈ ਕਰਨ ਕਾਰਣ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਹੋਰ ਸੂਬਿਆਂ ਵਿਚ ਐਜੂਕੇਸ਼ਨ ਸੈਮੀਨਾਰ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਪੜ੍ਹਾਈ ਤੋਂ ਬਾਅਦ ਪੀ. ਆਰ. ਲੈਣ ਸਬੰਧੀ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਉਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ 2020 ਵਿਚ ਕੋਰੋਨਾਕਾਲ ਦੌਰਾਨ ਜਿਥੇ ਪੂਰੇ ਵਿਸ਼ਵ ਵਿਚ ਹੀ ਲਾਕਡਾਊਨ ਲੱਗ ਗਿਆ ਅਤੇ ਲੋਕਾਂ ਦੇ ਕਾਰੋਬਾਰ ਤੱਕ ਠੱਪ ਹੋ ਗਏ ਅਤੇ ਲੋਕਾਂ ਨੂੰ ਰੋਜ਼ੀ-ਰੋਟੀ ਕਮਾਉਣੀ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਗਿਆ, ਉਥੇ ਵਿਦੇਸ਼ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋਣ ਕਾਰਣ ਅਰਬਾਂ ਰੁਪਏ ਦਾ ਕਾਰੋਬਾਰ ਕਰਨ ਵਾਲੀ ਟਰੈਵਲ ਇੰਡਸਟਰੀ ਵੀ ਮੰਦੀ ਦਾ ਸ਼ਿਕਾਰ ਹੋ ਗਈ। ਕਈ ਟਰੈਵਲ ਕਾਰੋਬਾਰੀਆਂ ਨੇ ਆਨਲਾਈਨ ਐਜੂਕੇਸ਼ਨ ਦੇ ਨਾਂ ’ਤੇ ਪੰਜਾਬ ਦੇ ਕਈ ਵਿਦਿਆਰਥੀਆਂ ਦੀ ਲੱਖਾਂ-ਕਰੋੜਾਂ ਰੁਪਏ ਦੀ ਫੀਸ ਹੀ ਪ੍ਰਾਈਵੇਟ ਕਾਲਜਾਂ ਵਿਚ ਫਸਾ ਦਿੱਤੀ।

ਇਹ ਵੀ ਪੜ੍ਹੋ : ਪਿਓ ਦੀ ਜਾਨ ਬਚਾਉਣ ਲਈ ਇਕਲੌਤੀ ਧੀ ਨੇ ਦਾਅ ’ਤੇ ਲਾਈ ਆਪਣੀ ਜਾਨ, ਹਰ ਕੋਈ ਕਰ ਰਿਹੈ ਤਾਰੀਫ਼

ਹੁਣ ਅਗਲਾ ਇਨਟੇਕ ਅਪਲਾਈ ਕਰਨ ਲਈ ਕੈਨੇਡਾ ਦੇ ਬਿਨੈ-ਪੱਤਰ ਦੇ ਨਾਲ ਵਿਦਿਆਰਥੀਆਂ ਨੂੰ ਫਿਰ ਤੋਂ ਲੱਖਾਂ ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ। ਇਸ ਦੌਰਾਨ ਆਨਲਾਈਨ ਐਜੂਕੇਸ਼ਨ ਦੇ ਨਾਂ ’ਤੇ ਪਹਿਲਾਂ ਤੋਂ ਹੀ ਲੱਖਾਂ-ਕਰੋੜਾਂ ਰੁਪਏ ਫ਼ੀਸ ਅਦਾ ਕਰ ਚੁੱਕੇ ਵਿਦਿਆਰਥੀ ਹੁਣ ਹੋਰ ਪੈਸੇ ਦੇਣ ਤੋਂ ਗੁਰੇਜ਼ ਕਰਨ ਲੱਗੇ ਹਨ, ਜਿਸ ਕਾਰਨ ਪੰਜਾਬ ਦੇ ਕਥਿਤ ਟਰੈਵਲ ਕਾਰੋਬਾਰੀਆਂ ਦੇ ਹੱਥ ਚੜ੍ਹ ਕੇ ਪਹਿਲਾਂ ਹੀ ਪ੍ਰਾਈਵੇਟ ਕਾਲਜਾਂ ਵਿਚ ਆਪਣੇ ਪਰਿਵਾਰਕ ਮੈਂਬਰਾਂ ਦੀ ਮਿਹਨਤ ਦੀ ਕਮਾਈ ਫਸਦੇ ਦੇਖ ਉਨ੍ਹਾਂ ਦਾ ਭਵਿੱਖ ਹਨੇਰੇ ਵਿਚ ਦਿਸ ਰਿਹਾ ਹੈ।
ਸੂਤਰਾਂ ਅਨੁਸਾਰ ਕਈ ਗਰੀਬ ਵਰਗ ਦੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਐਜੂਕੇਸ਼ਨ ਲੋਨ ਲੈ ਰੱਖੇ ਸਨ, ਜਦਕਿ ਕਈਆਂ ਨੇ ਆਪਣੀਆਂ ਜ਼ਮੀਨਾਂ ਗਿਰਵੀ ਰੱਖ ਕੇ ਬੱਚਿਆਂ ਦੀ ਫੀਸ ਅਦਾ ਕੀਤੀ ਸੀ। ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਉਨ੍ਹਾਂ ਦੇ ਬੱਚੇ ਦੀ ਇਕ ਸਾਲ ਦੀ ਫ਼ੀਸ ਅਦਾ ਕਰਨ ਤੋਂ ਬਾਅਦ ਬੱਚਾ ਕੈਨੇਡਾ ਪਹੁੰਚ ਕੇ ਪੜ੍ਹਾਈ ਦੇ ਨਾਲ ਪਾਰਟ ਟਾਈਮ ਕੰਮ ਕਰ ਕੇ ਅਗਲੇ ਸਾਲ ਦੀ ਫੀਸ ਅਤੇ ਆਪਣੇ ਖਾਣ-ਪੀਣ ਦਾ ਖਰਚ ਵੀ ਕੱਢਣ ਲੱਗੇਗਾ ਅਤੇ ਫਿਰ ਲੋਨ ਦੀਆਂ ਕਿਸ਼ਤਾਂ ਅਦਾ ਕਰਵਾਉਣ ਵਿਚ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਕਰੇਗਾ ਪਰ ਕੋਰੋਨਾਕਾਲ ਦੌਰਾਨ ਸਭ ਕੁਝ ਉਲਟਾ ਹੋਇਆ, ਜਿਸ ਕਾਰਨ ਕਈ ਮਾਪਿਆਂ ਦੇ ਸੁਪਨਿਆਂ ’ਤੇ ਪਾਣੀ ਫਿਰ ਗਿਆ।

ਇਹ ਵੀ ਪੜ੍ਹੋ : ਪੇਂਡੂ ਵਿਕਾਸ ਫੰਡ ’ਚ ਕਟੌਤੀ ਕਰਕੇ ਪੰਜਾਬੀਆਂ ਨਾਲ ਧੱਕਾ ਕਰ ਰਹੀ ਹੈ ਮੋਦੀ ਸਰਕਾਰ : ਭਗਵੰਤ ਮਾਨ

ਕੈਨੇਡਾ ਦੇ 2 ਸਟੈੱਪ ਵੀਜ਼ਾ ਦੇ ਨਾਂ ’ਤੇ ਪ੍ਰਾਈਵੇਟ ਕਾਲਜਾਂ ਨਾਲ ਗੰਢਤੁੱਪ ਕਰਕੇ ਕਈ ਟਰੈਵਲ ਏਜੰਟਾਂ ਨੇ ਕੀਤੀ ਮੋਟੀ ਕਮਾਈ
ਕੋਰੋਨਾਕਾਲ ਦੌਰਾਨ ਕੈਨੇਡਾ ਸਰਕਾਰ ਨੇ ਕੁਝ ਸਮੇਂ ਲਈ ਵੀਜ਼ਾ ਨਿਯਮਾਂ ਵਿਚ ਬਦਲਾਅ ਕਰਦੇ ਹੋਏ 2 ਸਟੈੱਪ ਵੀਜ਼ਾ ਨਿਯਮਾਂ ਦੀ ਸ਼ੁਰੂਆਤ ਕੀਤੀ, ਜਿਸ ਦਾ ਪੰਜਾਬ ਦੇ ਟਰੈਵਲ ਕਾਰੋਬਾਰੀਆਂ ਨੇ ਖੂਬ ਫਾਇਦਾ ਉਠਾਇਆ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਅਤੇ ਹੋਰ ਸੂਬਿਆਂ ਦੇ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਕੈਨੇਡਾ ਦੇ ਕਾਲਜਾਂ ਵਿਚ ਫਸਾ ਕੇ ਖੁਦ ਮੋਟੀ ਕਮਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 2 ਸਟੈੱਪ ਵੀਜ਼ਾ ਨਿਯਮਾਂ ਦੇ ਅਨੁਸਾਰ ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਨਲਾਈਨ ਆਪਣਾ ਬਿਨੈ-ਪੱਤਰ ਅਪਲਾਈ ਕਰਨਾ ਹੁੰਦਾ ਸੀ, ਜਿਸ ਤੋਂ ਬਾਅਦ ਅੰਬੈਸੀ ਵੱਲੋਂ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਆਨਲਾਈਨ ਅਪਰੂਵਲ (ਏ. ਆਈ. ਪੀ.) ਦਿੱਤੀ ਜਾਂਦੀ ਸੀ। ਏ. ਆਈ. ਪੀ. ਆਉਣ ਦੇ ਨਾਲ ਹੀ ਟਰੈਵਲ ਕਾਰੋਬਾਰੀਆਂ ਵੱਲੋਂ ਵਿਦੇਸ਼ੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੇ ਦਾਖਲੇ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਆਨਲਾਈਨ ਕਲਾਸਾਂ ਲਗਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਜਿਸ ਕਾਰਨ ਕਈ ਵਿਦਿਆਰਥੀਆਂ ਨੇ ਪਹਿਲਾਂ ਹੀ ਕਈ ਟਰੈਵਲ ਕਾਰੋਬਾਰੀਆਂ ਦੇ ਝਾਂਸੇ ਵਿਚ ਆ ਕੇ ਲੱਖਾਂ-ਕਰੋੜਾਂ ਰੁਪਏ ਆਪਣੀ ਫੀਸ ਐਡਵਾਂਸ ਵਿਚ ਜਮ੍ਹਾ ਕਰਵਾ ਦਿੱਤੀ ਹੈ। ਪਹਿਲੇ ਸਟੈੱਪ ਵਿਚ ਏ. ਆਈ. ਪੀ. ਅਤੇ ਦੂਜੇ ਸਟੈੱਪ ਵਿਚ ਵਿਦਿਆਰਥੀਆਂ ਦੇ ਫਿੰਗਰ ਪ੍ਰਿੰਟਜ਼, ਮੈਡੀਕਲ ਅਤੇ ਹੋਰ ਦਸਤਾਵੇਜ਼ਾਂ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਅੰਬੈਸੀ ਖੁੱਲ੍ਹਣ ’ਤੇ ਪਾਸਪੋਰਟ ’ਤੇ ਵੀਜ਼ਾ ਲੱਗਣ ਦੇ ਨਿਯਮ ਲਾਗੂ ਕੀਤੇ ਸਨ ਪਰ ਇੰਨਾ ਸਮਾਂ ਹੋਣ ਦੇ ਬਾਅਦ ਵੀ ਦੱਸਿਆ ਜਾ ਰਿਹਾ ਹੈ ਕਿ ਅੰਬੈਸੀ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦੇ ਬਿਨੈ-ਪੱਤਰ ਪੈਂਡਿੰਗ ਪਏ ਹਨ, ਜਿਸ ਕਾਰਣ ਵਿਦਿਆਰਥੀਆਂ ਦੇ ਨਾ ਤਾਂ ਵੀਜ਼ੇ ਲੱਗੇ ਅਤੇ ਨਾ ਹੀ ਵਿਦਿਆਰਥੀ ਇਕ ਸਾਲ ਤੋਂ ਕੈਨੇਡਾ ਪਹੁੰਚੇ, ਜਦਕਿ ਪੰਜਾਬ ਦੇ ਟਰੈਵਲ ਕਾਰੋਬਾਰੀਆਂ ਨੇ ਐਡਵਾਂਸ ਵਿਚ ਵਿਦਿਆਰਥੀਆਂ ਦੀ ਫੀਸ ਜਮ੍ਹਾ ਕਰਵਾ ਕੇ ਪ੍ਰਾਈਵੇਟ ਕਾਲਜਾਂ ਨਾਲ ਗੰਢਤੁੱਪ ਕਰ ਕੇ ਕਰੋੜਾਂ ਰੁਪਏ ਦੀ ਕਮੀਸ਼ਨ ਡਕਾਰ ਲਈ। ਉਥੇ ਹੀ ਹੁਣ ਕੁਝ ਵਿਦਿਆਰਥੀ ਜਦੋਂ ਪ੍ਰਾਈਵੇਟ ਕਾਲਜਾਂ ਜਾਂ ਟਰੈਵਲ ਕਾਰੋਬਾਰੀਆਂ ਦੇ ਦਫ਼ਤਰ ਵਿਚ ਵੀਜ਼ਾ ਨਾ ਆਉਣ ’ਤੇ ਆਪਣੀ ਫ਼ੀਸ ਵਾਪਸ ਮੰਗਦੇ ਹਨ ਤਾਂ ਉਨ੍ਹਾਂ ਨੂੰ ਸਾਫ਼ ਕਿਹਾ ਜਾ ਰਿਹਾ ਹੈ ਕਿ ਇਹ ਕਾਲਜ ਦਾ ਕੰਮ ਹੈ ਤੁਹਾਨੂੰ ਪੜ੍ਹਾਉਣਾ ਅਤੇ ਤੁਸੀਂ ਆਨਲਾਈਨ ਕਲਾਸਾਂ ਲਗਾ ਕੇ ਆਪਣੀ ਐਜੂਕੇਸ਼ਨ ਦੀ ਜਾਣਕਾਰੀ ਹਾਸਲ ਕੀਤੀ ਹੈ, ਜਿਸ ਕਾਰਣ ਤੁਹਾਡੀ ਫ਼ੀਸ ਰਿਫੰਡ ਨਹੀਂ ਹੋ ਸਕਦੀ।

ਇਹ ਵੀ ਪੜ੍ਹੋ : ਰੇਲ ਪਟੜੀ ਤੋਂ ਮਿਲੀ ਨੌਜਵਾਨ ਦੀ ਲਾਸ਼ ਦੇ ਮਾਮਲੇ ਵਿਚ ਆਇਆ ਨਵਾਂ ਮੋੜ, ਨੇਪਾਲੀ ਵਿਆਹੁਤਾ ਨਾਲ ਸਨ ਸੰਬੰਧ

ਟਰੈਵਲ ਕਾਰੋਬਾਰੀ ਨੇ ਵਿਦੇਸ਼ੀ ਟੀ-ਸ਼ਰਟਸ ਪੜਵਾ ਕੇ ਬਣਵਾਏ ਮਾਸਕ, ਟੇਲਰ ਵੀ ਹੋਇਆ ਹੈਰਾਨ
ਆਪਣੇ-ਆਪ ਨੂੰ ਸਮਝਦਾਰ, ਸ਼ਾਤਿਰ ਅਤੇ ਦੂਜਿਆਂ ਨੂੰ ਬੇਵਕੂਫ ਸਮਝਣ ਵਾਲੇ ਪੰਜਾਬ ਦੇ ਵੱਡੇ ਟਰੈਵਲ ਕਾਰੋਬਾਰੀ ਨੇ ਵੀ ਇਸ ਕਾਰੋਬਾਰ ਤੋਂ ਕਰੋੜਾਂ ਰੁਪਏ ਕਮਾਏ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਟਰੈਵਲ ਕਾਰੋਬਾਰੀ ਨੇ ਵੀ ਕੋਰੋਨਾ ਕਾਲ ਦੌਰਾਨ ਪ੍ਰਾਈਵੇਟ ਕਾਲਜਾਂ ਤੋਂ ਮੋਟੀ ਕਮੀਸ਼ਨ ਕਮਾਉਣ ਤੋਂ ਬਾਅਦ ਇੰਨੀ ਖੁਸ਼ੀ ਜ਼ਾਹਰ ਕੀਤੀ ਕਿ ਖੁਸ਼ੀ ਦੇ ਮਾਰੇ ਉਸ ਨੇ ਹਜ਼ਾਰਾਂ ਰੁਪਏ ਦੀਆਂ ਵਿਦੇਸ਼ੀ ਟੀ-ਸ਼ਰਟਸ ਨੂੰ ਪੜਵਾ ਕੇ ਉਸਦੇ ਮਾਸਕ ਬਣਵਾ ਦਿੱਤੇ। ਸੂਤਰਾਂ ਨੇ ਦੱਸਿਆ ਕਿ ਉਕਤ ਕਾਰੋਬਾਰੀ ਦਾ ਇਕ ਦੋਸਤ ਵਿਦੇਸ਼ ਵਿਚੋਂ ਹਜ਼ਾਰਾਂ ਰੁਪਏ ਦੀ ਕੀਮਤ ਦੀਆਂ ਟੀ-ਸ਼ਰਟਸ ਗਿਫਟ ਲੈ ਕੇ ਆਇਆ ਸੀ। ਕੋਰੋਨਾਕਾਲ ਦੌਰਾਨ ਜਿੱਥੇ ਹਰ ਕਿਸੇ ਦਾ ਕਾਰੋਬਾਰ ਬੰਦ ਸੀ ਪਰ ਉਥੇ ਹੀ ਇਹ ਫੈਸ਼ਨੇਬਲ ਟਰੈਵਲ ਕਾਰੋਬਾਰੀ ਆਪਣੀਆਂ ਹਜ਼ਾਰਾਂ ਰੁਪਏ ਦੀਆਂ ਕੀਮਤੀ ਟੀ-ਸ਼ਰਟਸ ਪੜਵਾਉਣ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਇਕ ਟੇਲਰ ਦੀ ਦੁਕਾਨ ’ਤੇ ਪਹੁੰਚਿਆ, ਜਿੱਥੇ ਇੰਨੀਆਂ ਮਹਿੰਗੀਆਂ ਟੀ-ਸ਼ਰਟਸ ਪਾੜਨ ਨੂੰ ਲੈ ਕੇ ਉਕਤ ਟੇਲਰ ਵੀ ਹੈਰਾਨ ਹੋ ਗਿਆ। ਟੇਲਰ ਨੇ ਟਰੈਵਲ ਕਾਰੋਬਾਰੀ ਦਾ ਕਾਰਨਾਮਾ ਵੇਖ ਕੇ ਉਸ ਨੂੰ ਸਾਫ਼ ਕਿਹਾ ਕਿ ਬੰਦਾ ਇੰਨਾ ਵੀ ਨਹੀਂ ਸ਼ੌਕੀਨ ਹੋਣਾ ਚਾਹੀਦਾ ਕਿ ਕੀਮਤੀ ਟੀ-ਸ਼ਰਟਸ ਪਾੜ ਕੇ ਮਾਸਕ ਬਣਵਾ ਦੇਵੇ ਪਰ ਫੈਸ਼ਨੇਬਲ ਟਰੈਵਲ ਕਾਰੋਬਾਰੀ ਨੇ ਇਕ ਨਾ ਸੁਣੀ। ਖੁਸ਼ੀ ਦੇ ਮਾਰੇ ਉਸ ਨੇ ਟੇਲਰ ਨੂੰ ਕਿਹਾ ਕਿ ਕੋਈ ਨਹੀਂ ਭਾਅਜੀ ਤੁਸੀਂ ਦੁਆ ਕਰੋ ਕੈਨੇਡਾ ਅਤੇ ਯੂ. ਕੇ. ਚੱਲਦਾ ਰਹੇ ਅਤੇ ਅਸੀਂ ਤੁਹਾਡੇ ਕੋਲ ਆਉਂਦੇ ਰਹੀਏ। ਅਜਿਹੀਆਂ ਦਰਜਨਾਂ ਟੀ-ਸ਼ਰਟਸ ਲੈਣਾ ਤਾਂ ਸਾਡੇ ਲਈ ਆਮ ਗੱਲ ਹੈ। ਟਰੈਵਲ ਕਾਰੋਬਾਰੀ ਦਾ ਇਹ ਅੰਦਾਜ਼ ਸੁਣ ਕੇ ਆਖਿਰਕਾਰ ਟੇਲਰ ਨੇ ਹਜ਼ਾਰਾਂ ਰੁਪਏ ਦੀਆਂ ਕੀਮਤੀ ਟੀ-ਸ਼ਰਟਸ ਪਾੜ ਕੇ ਉਨ੍ਹਾਂ ਦੇ ਮਾਸਕ ਬਣਾ ਦਿੱਤੇ।

ਇਹ ਵੀ ਪੜ੍ਹੋ : ਜਲੰਧਰ: ਭਾਰਗਵ ਕੈਂਪ ’ਚ ਅੱਧ ਸੜੀ ਹਾਲਤ ’ਚ ਮਿਲਿਆ 1 ਮਹੀਨਾ ਪਹਿਲਾਂ ਵਿਆਹਿਆ ਨੌਜਵਾਨ

ਕਾਲਜਾਂ ਨਾਲ ਸੌਦੇਬਾਜ਼ੀ ਕਰਕੇ ਵਿਦਿਆਰਥੀਆਂ ਨੂੰ ਭੇਜਿਆ ਜਾਂਦਾ ਹੈ ਵਿਦੇਸ਼
ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਦਿਆਰਥੀਆਂ ਵਿਚ ਵਿਦੇਸ਼ ਵਿਚ ਪੜ੍ਹਾਈ ਕਰਨ ਦਾ ਰੁਝਾਨ ਜ਼ਿਆਦਾ ਹੈ, ਜਿਸ ਕਾਰਨ ਕਈ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿਚ ਸੈਟਲ ਹੋਣ ਅਤੇ ਬੁਢਾਪੇ ਵਿਚ ਆਪਣਾ ਸਹਾਰਾ ਬਣਨ ਲਈ ਪੜ੍ਹਾਈ ਦੇ ਤੌਰ ’ਤੇ ਵਿਦੇਸ਼ ਭੇਜਦੇ ਹਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹਰ ਵਿਦਿਆਰਥੀ ਵਿਦੇਸ਼ ਜਾਣ ਲਈ ਜਾਂ ਤਾਂ ਇੰਟਰਨੈੱਟ ਜਾਂ ਟਰੈਵਲ ਕਾਰੋਬਾਰੀ ਦੇ ਦਫ਼ਤਰ ’ਚ ਆਪਣੇ ਐਜੂਕੇਸ਼ਨ ਦਸਤਾਵੇਜ਼ ਲੈ ਕੇ ਚੱਕਰ ਲਗਾਉਂਦਾ ਹੈ। ਦੂਜੇ ਪਾਸੇ ਕਈ ਟਰੈਵਲ ਕਾਰੋਬਾਰੀ ਆਪਣੀਆਂ ਜੇਬਾਂ ਗਰਮ ਕਰਨ ਲਈ ਵਿਦੇਸ਼ ਦੇ ਕਾਲਜਾਂ ਤੋਂ ਮੋਟੀ ਕਮੀਸ਼ਨ ਕਮਾਉਣ ਦੇ ਚੱਕਰ ਵਿਚ ਉਨ੍ਹਾਂ ਨਾਲ ਸੌਦੇਬਾਜ਼ੀ ਕਰਦੇ ਹਨ। ਵਿਦੇਸ਼ ਦੀ ਧਰਤੀ ’ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਨਾਲ ਕਰੋੜਾਂ ਰੁਪਏ ਦੀ ਡੀਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ਼ਤਿਹਾਰਬਾਜ਼ੀ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਸੂਤਰਾਂ ਨੇ ਦੱਸਿਆ ਕਿ ਹਰ ਕਿਸੇ ਟਰੈਵਲ ਕਾਰੋਬਾਰੀ ਦੀ ਵੱਖ-ਵੱਖ ਕਾਲਜ ਨਾਲ ਸੈਟਿੰਗ ਹੈ। ਉਥੋਂ ਟਰੈਵਲ ਕਾਰੋਬਾਰੀ ਮੋਟੀ ਕਮੀਸ਼ਨ ਲੈ ਕੇ ਵਿਦਿਆਰਥੀਆਂ ਨੂੰ ਭੇਜਦਾ ਹੈ। ਇਹ ਕਮੀਸ਼ਨ ਵਸੂਲੀ 15 ਤੋਂ 35 ਫ਼ੀਸਦੀ ਤੱਕ ਹੁੰਦੀ ਹੈ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News