ਪੰਜਾਬ ਦੇ 35 ਪਿੰਡਾਂ ''ਚ ਜ਼ਮੀਨਾਂ ਦੇ ਰੇਟ ਡਿੱਗਣ ਦਾ ਖ਼ਦਸ਼ਾ! ਚਿੰਤਾ ''ਚ ਡੁੱਬੇ ਲੋਕ, ਪੜ੍ਹੋ ਪੂਰੀ ਖ਼ਬਰ
Wednesday, Nov 19, 2025 - 11:55 AM (IST)
ਖਰੜ (ਗਗਨਦੀਪ, ਅਮਰਦੀਪ) : ਮੋਹਾਲੀ ਜ਼ਿਲ੍ਹੇ ਅਧੀਨ ਪੈਂਦੇ 35 ਪਿੰਡਾਂ ਨੂੰ ਸਰਕਾਰ ਵਲੋਂ ਰੂਪਨਗਰ ਜ਼ਿਲ੍ਹੇ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਲੋਕਾਂ ਨੂੰ ਡਰ ਹੈ ਕਿ ਰੂਪਨਗਰ ਜ਼ਿਲ੍ਹੇ 'ਚ ਸ਼ਾਮਲ ਹੋਣ ਮਗਰੋਂ ਇਨ੍ਹਾਂ ਪਿੰਡਾਂ 'ਚ ਜ਼ਮੀਨਾਂ ਦੇ ਰੇਟ ਡਿੱਗ ਜਾਣਗੇ। ਲੋਕਾਂ ਨੇ ਦੱਸਿਆ ਕਿ ਇਹ ਪਿੰਡ ਖਰੜ ਅਤੇ ਮੋਹਾਲੀ ਦੇ ਬਿਲਕੁਲ ਨਜ਼ਦੀਕ ਹਨ, ਜਦੋਂ ਕਿ ਰੂਪਨਗਰ ਸ਼ਹਿਰ ਇਨ੍ਹਾਂ ਪਿੰਡਾਂ ਨੂੰ ਕਰੀਬ 50 ਕਿਲੋਮੀਟਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਜ਼ਿਲ੍ਹੇ ਦੇ ਪਿੰਡ ਰੂਪਨਗਰ ਜ਼ਿਲ੍ਹੇ ਨਾਲ ਜੋੜੇ ਜਾਣ 'ਤੇ ਇੱਥੋਂ ਦੇ ਪਿੰਡਾਂ ਦੀ ਜ਼ਮੀਨ ਦੇ ਰੇਟ ਡਿੱਗ ਜਾਣਗੇ ਅਤੇ ਜੋ ਪ੍ਰਾਪਰਟੀ ਦਾ ਕਾਰੋਬਾਰ ਚੱਲ ਰਿਹਾ ਹੈ, ਉਹ ਵੀ ਹੇਠਲੇ ਪੱਧਰ ’ਤੇ ਆ ਜਾਵੇਗਾ। ਇਲਾਕਾ ਵਾਸੀਆਂ ਨੂੰ ਕੁੱਝ ਕਿੱਲੋਮੀਟਰ ਜਾਣ ਦੀ ਜਗ੍ਹਾ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ। ਕੁੱਝ ਘੰਟੇ ’ਚ ਹੋਣ ਵਾਲੇ ਕੰਮਾਂ ਲਈ ਸਾਰੀ ਦਿਹਾੜੀ ਖ਼ਰਾਬ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਪੈਨਸ਼ਨ ਧਾਰਕਾਂ ਲਈ ਰਾਹਤ ਭਰੀ ਖ਼ਬਰ, ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ
ਜਾਣੋ ਕਿਉਂ ਕੀਤਾ ਜਾ ਰਿਹਾ ਅਜਿਹਾ
ਦਰਅਸਲ ਪੰਜਾਬ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਰੂਪਨਗਰ ਜ਼ਿਲ੍ਹੇ ਦੇ ਕਈ ਦਰਜਨ ਪਿੰਡ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ’ਚ ਪਾਏ ਜਾ ਰਹੇ ਹਨ ਅਤੇ ਰੂਪਨਗਰ ਜ਼ਿਲ੍ਹੇ ਨੂੰ ਬਣਾਈ ਰੱਖਣ ਲਈ ਖਰੜ ਤਹਿਸੀਲ ਦੇ ਕੁੱਝ ਪਿੰਡ ਰੂਪਨਗਰ ਜ਼ਿਲ੍ਹੇ ਨਾਲ ਜੋੜੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਦੇ ਵਿਰੋਧ 'ਚ ਬੀਤੇ ਦਿਨ ਇਲਾਕਾ ਵਾਸੀਆਂ ਵਲੋਂ ਖਰੜ ਵਿਖੇ ਚੱਕਾ ਜਾਮ ਵੀ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਘੜੂੰਆਂ ਕਾਨੂੰਗੋਈ ਦੇ 35 ਪਿੰਡਾਂ ਦੇ ਰੂਪਨਗਰ ਜ਼ਿਲ੍ਹੇ ’ਚ ਪਾਏ ਜਾਣ ਦੀ ਸੰਭਾਵਨਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਸਬੰਧਿਤਪਿੰਡਾਂ ਦੇ ਲੋਕਾਂ ਨਾਲ ਕੋਈ ਗੱਲਬਾਤ ਕੀਤੀ ਗਈ ਅਤੇ ਨਾ ਉਨ੍ਹਾਂ ਤੋਂ ਰਾਏ ਲਈ ਗਈ, ਜੋ ਕਿ ਇਨ੍ਹਾਂ ਲੋਕਾਂ ਨਾਲ ਸ਼ਰੇਆਮ ਧੱਕਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
