ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਛੋਟੀ ਉਮਰ ਦੇ ਨੌਜਵਾਨ ਗ੍ਰਿਫ਼ਤਾਰ
Tuesday, Nov 25, 2025 - 04:57 PM (IST)
ਫਾਜ਼ਿਲਕਾ (ਸੁਖਵਿੰਦਰ ਥਿੰਦ) : 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਫਾਜ਼ਿਲਕਾ ਪੁਲਸ ਅਤੇ ਬੀ. ਐੱਸ. ਐਫ. ਦੇ ਸਾਂਝੇ ਆਪਰੇਸ਼ਨ ਦੌਰਾਨ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਵਿਸ਼ੇਸ਼ ਮੁਹਿੰਮ ਦੌਰਾਨ ਫ਼ਾਜ਼ਿਲਕਾ ਪੁਲਸ ਵੱਲੋਂ ਬੀ. ਐੱਸ. ਐੱਫ. ਨਾਲ ਮਿਲ ਕੇ ਚਲਾਏ ਜਾ ਰਹੇ ਸਾਂਝੇ ਆਪਰੇਸ਼ਨ ਦੌਰਾਨ ਮਿਤੀ 23.11.2025 ਨੂੰ ਦੇਰ ਰਾਤ ਮੁਖਬਰੀ ਹੋਈ ਕਿ ਪਿੰਡ ਟਾਹਲੀ ਵਾਲਾ ਦੇ ਨਜ਼ਦੀਕ ਕੁੱਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ।
ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਤੁਰੰਤ ਮੌਕੇ 'ਤੇ ਪੁੱਜ ਕੇ ਕਰਨੈਲ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਚੱਕ ਬਜੀਦਾ ਅਤੇ ਗੁਰਪ੍ਰੀਤ ਸਿੰਘ ਉਰਫ਼ ਲਵਪ੍ਰੀਤ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਟਾਹਲੀਵਾਲਾ ਨੂੰ ਸ਼ੱਕੀ ਹਾਲਾਤ 'ਚ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਹੈ, ਜਿਸ 'ਚੇ ਉਕਤ ਮੁਕੱਦਮਾ ਦਰਜ ਕੀਤਾ ਗਿਆ। ਦੌਰਾਨੇ ਤਫਤੀਸ਼ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਨੇ ਉਪ ਕਪਤਾਨ ਪੁਲਸ ਜਲਾਲਾਬਾਦ ਦੀ ਹਾਜ਼ੀਰੀ ਵਿੱਚ ਦੋਸ਼ੀਆਂ ਵੱਲੋਂ ਦੱਸਣ ਮੁਤਾਬਕ ਬਲਵਿੰਦਰ ਸਿੰਘ ਉਰਫ਼ ਸੋਨੂੰ ਸਰਕਾਰ ਪੁੱਤਰ ਖਾਨ ਸਿੰਘ ਵਾਸੀ ਚੱਕ ਟਾਹਲੀ ਵਾਲਾ ਦੇ ਘਰ ਵਿੱਚੋਂ ਭਾਰੀ ਮਾਤਰਾ ਵਿੱਚ ਹੈਰਇਨ ਸਮੇਤ ਇੱਕ ਪਿਸਤੌਲ ਅਤੇ ਕੁੱਝ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁਕੱਦਮੇ ਵਿੱਚ ਸੋਨੂੰ ਸਰਦਾਰ ਨੂੰ ਦੋਸ਼ੀ ਨਾਮਜ਼ਦ ਕੀਤਾ ਜਾ ਚੁੱਕਾ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
