ਅਕਾਲੀ ਦਲ ’ਚ ਪਈ ਜਾਨ, ਕਾਂਗਰਸ ਨੂੰ ਲੈ ਡੁੱਬੇ ਕਸੂਤੇ ਬਿਆਨ

Saturday, Nov 15, 2025 - 09:18 AM (IST)

ਅਕਾਲੀ ਦਲ ’ਚ ਪਈ ਜਾਨ, ਕਾਂਗਰਸ ਨੂੰ ਲੈ ਡੁੱਬੇ ਕਸੂਤੇ ਬਿਆਨ

ਚੰਡੀਗੜ੍ਹ (ਅੰਕੁਰ ਤਾਂਗੜੀ): ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜਿੱਤ ਦਰਜ ਕਰ ਕੇ ਹਲਕੇ ’ਚ ਆਪਣੀ ਪਕੜ ਇਕ ਵਾਰ ਫਿਰ ਮਜ਼ਬੂਤ ਕੀਤੀ ਹੈ। ਇਸ ਜਿੱਤ ਨੇ ਨਾ ਸਿਰਫ਼ ‘ਆਪ’ ਵਰਕਰਾਂ ’ਚ ਉਤਸ਼ਾਹ ਭਰਿਆ ਹੈ ਸਗੋਂ ਤਰਨਤਾਰਨ ਦੀ ਰਾਜਨੀਤਕ ਧਰਾਤਲ ’ਤੇ ਵੀ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਨਤੀਜੇ ਮਿਲੇ-ਜੁਲੇ ਸੁਨੇਹੇ ਲੈ ਕੇ ਆਏ ਹਨ। ਭਾਵੇਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਸ਼ੁਰੂਆਤੀ ਰਾਊਂਡਾਂ ਵਿੱਚ ਲੀਡ ਬਣਾਈ ਰੱਖੀ ਪਰ ਚੌਥੇ ਰਾਊਂਡ ਤੋਂ ‘ਆਪ’ ਉਮੀਦਵਾਰ ਨੇ ਜੋ ਲੀਡ ਰੱਖੀ, ਉਹ ਅੰਤ ਤੱਕ ਕਾਇਮ ਰਹੀ। ਇਸ ਹਾਰ ਮਗਰੋਂ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਉਮੀਦਵਾਰ ਮਨਦੀਪ ਸਿੰਘ ’ਤੇ ਵੱਡੇ ਇਲਜ਼ਾਮ ਵੀ ਲਾਏ ਹਨ, ਜਿਨ੍ਹਾਂ ਨੇ ਇਹ ਨਤੀਜੇ ਹੋਰ ਵੀ ਗਰਮਾਹਟ ਭਰੇ ਬਣਾ ਦਿੱਤੇ ਹਨ।

ਹਰਮੀਤ ਸੰਧੂ ਨੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇੱਥੋਂ ਦੀ ਰਾਜਨੀਤੀ ਕਿੰਨੀ ਤਿੱਖੀ ਤੇ ਬਦਲਦੇ ਹਾਲਾਤਾਂ ਵਾਲੀ ਹੈ। ਉਨ੍ਹਾਂ ਨੇ ਨਾ ਸਿਰਫ਼ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ ਸਗੋਂ ਚੌਥੀ ਵਾਰ ਤਰਨਤਾਰਨ ਤੋਂ ਵਿਧਾਇਕ ਬਣ ਕੇ ਰਾਜਨੀਤਕ ਤਜਰਬੇ ਤੇ ਜ਼ਮੀਨੀ ਪਕੜ ਵੀ ਹਾਸਲ ਕੀਤੀ ਹੈ। ਭਾਜਪਾ ਦਾ ਪ੍ਰਦਰਸ਼ਨ ਏਨਾ ਕਮਜ਼ੋਰ ਰਿਹਾ ਕਿ ਉਹ 10 ਹਜ਼ਾਰ ਵੋਟਾਂ ਦਾ ਅੰਕੜਾ ਵੀ ਪਾਰ ਨਾ ਕਰ ਸਕੀ।

ਵੜਿੰਗ ਦੇ ਬਿਆਨਾਂ ਨੇ ਕਾਂਗਰਸੀ ਉਮੀਦਵਾਰ ਲਈ ਬੀਜੇ ਕੰਡੇ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇਕ ਤੋਂ ਬਾਅਦ ਇਕ ਵਿਵਾਦਤ ਬਿਆਨਾਂ ਨੇ ਪਾਰਟੀ ਉਮੀਦਵਾਰ ਦੀ ਜਿੱਤ ਦੀ ਰਾਹ ’ਚ ਮੁਸ਼ਕਲਾਂ ਖੜ੍ਹੀਆਂ ਕੀਤੀਆਂ। ਕਦੇ ਹਿੰਦੁਸਤਾਨ ਜਾਂ ਖ਼ਾਲਿਸਤਾਨ, ਕਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ , ਸਿੱਖ ਬੱਚਿਆਂ ਦੇ ਜੂੜਿਆਂ ਬਾਰੇ ਉਨ੍ਹਾਂ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ, ਜਿਨ੍ਹਾਂ ਕਰਕੇ ਉਹ ਸਿਆਸੀ ਵਿਰੋਧੀਆਂ ਦੇ ਨਾਲ-ਨਾਲ ਆਮ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ। ਖ਼ਾਸ ਕਰਕੇ ਦਲਿਤ ਤੇ ਸਿੱਖ ਵੋਟਰ ਉਨ੍ਹਾਂ ਤੋਂ ਕਿਨਾਰਾ ਕਰਦੇ ਨਜ਼ਰ ਆਏ। 2022 ਦੀਆਂ ਚੋਣਾਂ ’ਚ ਕਾਂਗਰਸ ਨੂੰ ਇਸੇ ਹਲਕੇ ’ਚ 26535 ਵੋਟਾਂ ਮਿਲੀਆਂ ਸਨ ਤੇ ਵੋਟ ਫ਼ੀਸਦੀ 2017 ਦੇ 45.11 ਦੇ ਮੁਕਾਬਲੇ 20.28 ਫ਼ੀਸਦੀ ਰਹਿ ਗਿਆ। ਜ਼ਿਮਨੀ ਚੋਣ ਜਿੱਤਣਾ ਤਾਂ ਦੂਰ ਸਗੋਂ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕਿਆ।

ਹੜ੍ਹਾਂ ਦੌਰਾਨ ਜ਼ਮੀਨੀ ਪੱਧਰ ’ਤੇ ਕੰਮ ਦਾ ਅਕਾਲੀ ਦਲ ਨੂੰ ਮਿਲਿਆ ਲਾਹਾ

ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਚੌਥੇ ਸਥਾਨ ’ਤੇ ਰਿਹਾ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ’ਚ ਦੂਜਾ ਸਥਾਨ ਹਾਸਲ ਕਰਨ ’ਚ ਕਾਮਯਾਬ ਰਿਹਾ। ਇਸ ਨਤੀਜੇ ਨੂੰ ਪਾਰਟੀ ਲਈ ਕਾਫ਼ੀ ਉਤਸ਼ਾਹਜਨਕ ਮੰਨਿਆ ਜਾ ਸਕਦਾ ਹੈ। ਤਨਖ਼ਾਹੀਆ ਕਰਾਰ ਹੋਣ ਪਿੱਛੋਂ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਪ੍ਰਤੀ ਕਈ ਤਰ੍ਹਾਂ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ। ਹੜ੍ਹਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਤਰ੍ਹਾਂ ਜ਼ਮੀਨੀ ਪੱਧਰ ’ਤੇ ਮੋਰਚਾ ਸੰਭਾਲਦਿਆਂ ਲੋਕਾਂ ਦੀ ਸਹਾਇਤਾ ਕੀਤੀ, ਉਸ ਦਾ ਵੀ ਹਲਕੇ ਦੇ ਵੋਟਰਾਂ ’ਤੇ ਕਾਫ਼ੀ ਪ੍ਰਭਾਵ ਪਿਆ। ਇਸ ਨਾਲ ਕਾਂਗਰਸ ਦੀਆਂ ਵੋਟਾਂ ਟੁੱਟ ਕੇ ਅਕਾਲੀ ਉਮੀਦਵਾਰ ਦੇ ਹਿੱਸੇ ਆਈਆਂ। ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣਾ ਵੱਖਰਾ ਉਮੀਦਵਾਰ ਖੜ੍ਹਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਮਨਦੀਪ ਸਿੰਘ ਦੀ ਹਮਾਇਤ ਵੀ ਕਾਰਗਰ ਸਾਬਤ ਨਾ ਹੋਈ।

2027 ਦੀਆਂ ਚੋਣਾਂ ਲਈ ਅਹਿਮ ਇਸ਼ਾਰੇ

ਤਰਨਤਾਰਨ ਦੀ ਇਹ ਜਿੱਤ ਆਮ ਆਦਮੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਮਨੋਬਲ ਦੇ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਲਈ ਇਹ ਸੋਚਣ ਜ਼ਰੂਰੀ ਹੈ ਕਿ ਕਿਉਂ ਚੋਣ ਦੇ ਸ਼ੁਰੂਆਤੀ ਰਾਊਂਡਾਂ ਦੀ ਲੀਡ ਅੰਤ ਤੱਕ ਕਾਇਮ ਨਾ ਰਹਿ ਸਕੀ। ਕਾਂਗਰਸ ਤੇ ਭਾਜਪਾ ਦਾ ਪ੍ਰਦਰਸ਼ਨ ਵੀ ਚਰਚਾ ਦੇ ਕੇਂਦਰ ’ਚ ਹੈ। ਤਰਨਤਾਰਨ ਵਰਗੇ ਪੰਥਕ ਹਲਕੇ ’ਚ ‘ਆਪ’ ਦੀ ਜਿੱਤ ਸੂਬੇ ਦੀ ਸਿਆਸਤ ਦਾ ਨਵਾਂ ਰੁਝਾਨ ਵੀ ਦਰਸਾ ਰਹੀ ਹੈ, ਜੋ ਆਉਣ ਵਾਲੇ ਸਮੇਂ ’ਚ ਪੰਜਾਬ ਦੇ ਵੱਡੇ ਸਿਆਸੀ ਗਠਜੋੜਾਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰ ਸਕਦੀ ਹੈ।

ਅਕਾਲੀ ਦਲ ਨੂੰ ਹਰਾਉਣ ਲਈ ਏਜੰਸੀਆਂ ਨੇ ਖੜ੍ਹਾਇਆ ਮਨਦੀਪ ਸਿੰਘ : ਕਲੇਰ

ਨਤੀਜੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਤਿੱਖੇ ਬਿਆਨ ਆਉਣ ਸ਼ੁਰੂ ਹੋ ਗਏ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਨੂੰ ਏਜੰਸੀਆਂ ਦੇ ਇਸ਼ਾਰੇ 'ਤੇ ਅਕਾਲੀ ਦਲ ਨੂੰ ਹਰਾਉਣ ਲਈ ਖੜ੍ਹਾ ਕੀਤਾ ਗਿਆ। ਕਲੇਰ ਦੇ ਬਿਆਨ ਨੇ ਰਾਜਨੀਤਕ ਮਾਹੌਲ ’ਚ ਹੋਰ ਤਿੱਖਾਪਣ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਥਕ ਕੇਂਦਰ ਹੋਣ ਕਰਕੇ ਤਰਨਤਾਰਨ ਦੀ ਚੋਣ ਦਾ ਵੱਖਰਾ ਮਹੱਤਵ ਹੈ ਤੇ ਲੋਕਾਂ ਨੇ ਸਪੱਸ਼ਟ ਕੀਤਾ ਹੈ ਕਿ ਪੰਥਕ ਸਿਆਸਤ ਦੀ ਅਸਲ ਪਸੰਦ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨ੍ਹਾਂ ਕਿਹਾ ਕਿ ਮਨਦੀਪ ਸਿੰਘ ਨੇ ਖ਼ੁਦ ਕਿਹਾ ਕਿ ਜੇ ਮੈਂ ਚੋਣ ਨਾ ਲੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ, ਜਿਸ ਤੋਂ ਸਾਜ਼ਿਸ਼ ਸਾਬਤ ਹੁੰਦੀ ਹੈ। ਉਨ੍ਹਾਂ ਨੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਬਰਨਾਲਾ ਦੀਆਂ ਜ਼ਿਮਨੀ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇਜਾਜ਼ਤ ਨਾ ਮਿਲਣ ਕਾਰਨ ਅਕਾਲੀ ਦਲ ਨੇ ਇਨ੍ਹਾਂ ਹਲਕਿਆਂ ਤੋਂ ਉਮੀਦਵਾਰ ਨਹੀਂ ਖੜ੍ਹੇ ਕੀਤੇ ਤਾਂ ਉਹ ਧਿਰਾਂ ਜੋ ਤਰਨਤਾਰਨ ’ਚ ਖੜ੍ਹੀਆਂ ਹੋਈਆਂ, ਉੱਥੇ ਵੀ ਚੋਣ ਨਹੀਂ ਲੜੀਆਂ। ਇਹ ਸਾਰੀਆਂ ਗੱਲਾਂ ਤਰਨਤਾਰਨ ਦੇ ਨਤੀਜਿਆਂ ਤੋਂ ਬਾਅਦ ਨਵੇਂ ਸਿਆਸੀ ਸਵਾਲ ਖੜ੍ਹੇ ਕਰ ਰਹੀਆਂ ਹਨ।


author

Anmol Tagra

Content Editor

Related News