ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੈ ਮਾਨਸਿਕ ਤਣਾਅ

Sunday, Aug 11, 2024 - 11:15 AM (IST)

ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੈ ਮਾਨਸਿਕ ਤਣਾਅ

ਮਾਨਸਿਕ ਤਣਾਅ ਸਾਨੂੰ ਬਿਮਾਰ ਕਰਦਾ ਹੈ ਅਤੇ ਇਹ ਸਾਡੀਆਂ ਅੰਤੜੀਆਂ ’ਚ ਮੌਜੂਦ ਬੈਕਟੀਰੀਆ ਕਾਰਨ ਹੁੰਦਾ ਹੈ। ਚੂਹਿਆਂ ’ਤੇ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਤਣਾਅ ਵਾਲਾ ਦਿਮਾਗ ਸਾਡੀਆਂ ਅੰਤੜੀਆਂ ਵਿਚ ਮੌਜੂਦ ਕੁਝ ਗ੍ਰੰਥੀਆਂ ਨੂੰ ਕੰਮ ਕਰਨ ਤੋਂ ਰੋਕਦਾ ਹੈ। ਇਹ ਅੰਤੜੀਆਂ ਦੇ ਬੈਕਟੀਰੀਆ ਨੂੰ ਪ੍ਰਭਾਵਤ ਕਰਦਾ ਹੈ, ਜਿਸ ਦਾ ਸਰੀਰ ਦੇ ਇਮਿਊਨ ਸਿਸਟਮ ’ਤੇ ਵਿਆਪਕ ਪ੍ਰਭਾਵ ਹੁੰਦਾ ਹੈ।

ਸਾਇੰਸ ਮੈਗਜ਼ੀਨ ‘ਸੇਲ’ ’ਚ ਪ੍ਰਕਾਸ਼ਿਤ ਖੋਜ ਮੁਤਾਬਕ ਦਿਮਾਗ ਅਤੇ ਅੰਤੜੀਆਂ ਦਾ ਸਿੱਧਾ ਸਬੰਧ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਦਿਮਾਗ ਕੁਝ ਹਾਰਮੋਨਾਂ ਰਾਹੀਂ ਅੰਤੜੀਆਂ ਨਾਲ ਸਿੱਧੀ ‘ਗੱਲਬਾਤ’ ਕਰਦਾ ਹੈ। ਜੇਕਰ ਦਿਮਾਗ ਤਣਾਅ ’ਚ ਹੈ ਤਾਂ ਇਹ ਅਜਿਹੇ ਹਾਰਮੋਨ ਛੱਡ ਸਕਦਾ ਹੈ, ਜੋ ਅੰਤੜੀਆਂ ਦੀਆਂ ਸਥਿਤੀਆਂ ਨੂੰ ਬਦਲ ਦਿੰਦੇ ਹਨ। ਇਸ ਨਾਲ ਪੇਟ ’ਚ ਸੋਜ ਹੋ ਸਕਦੀ ਹੈ। ਇਸੇ ਤਰ੍ਹਾਂ ਅੰਤੜੀਆਂ ’ਚ ਅਜਿਹੇ ਬੈਕਟੀਰੀਆ ਹੁੰਦੇ ਹਨ, ਜੋ ਦਿਮਾਗ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਰਸਾਇਣਾਂ ਨੂੰ ਛੱਡ ਸਕਦੇ ਹਨ।

ਬਰਨਰ ਗ੍ਰੰਥੀ ਦੀ ਭੂਮਿਕਾ

ਜਰਮਨੀ ਦੇ ਟੂਬਿੰਗੇਨ ’ਚ ਮੈਕਸ ਪਲੈਂਕ ਇੰਸਟੀਚਿਊਟ ਫਾਰ ਬਾਇਓਲਾਜੀਕਲ ਸਾਈਬਰਨੇਟਿਕਸ ’ਚ ਨਿਊਰੋਸਾਇੰਟਿਸਟ ਇਵਾਨ ਡੀ ਅਰਾਜੋ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਛੋਟੀ ਅੰਤੜੀ ਦੀਆਂ ‘ਕੰਧਾਂ’ ’ਚ ਮੌਜੂਦ ਬਰਨਰ ਗ੍ਰੰਥੀ ਨਾਲ ਦਿਮਾਗ ਦੇ ਵਿਵਹਾਰ ਦੇ ਸਬੰਧ ਦਾ ਅਧਿਐਨ ਕੀਤਾ। ਬਰਨਰ ਗ੍ਰੰਥੀ ਇਕ ਅਲਕਲੀਨ (ਰਸਾਇਣਕ ਪਦਾਰਥ) ਛੱਡਦੀ ਹੈ। ਇਸ ’ਚ ਕਈ ਨਿਊਰੋਨਸ ਵੀ ਰਹਿੰਦੇ ਹਨ। ਖੋਜ ਟੀਮ ਨੇ ਦੇਖਿਆ ਕਿ ਜਦੋਂ ਚੂਹਿਆਂ ’ਚ ਬਰਨਰ ਗ੍ਰੰਥੀ ਨੂੰ ਨਕਾਰਾ ਕਰ ਦਿੱਤਾ ਗਿਆ ਤਾਂ ਉਹ ਜਲਦੀ ਹੀ ਇਨਫੈਕਸ਼ਨ ਦਾ ਸ਼ਿਕਾਰ ਹੋ ਗਏ। ਬਰਨਰ ਗ੍ਰੰਥੀ ਦੇ ਨਕਾਰਾ ਹੋਣ ਕਾਰਨ ਛੋਟੀ ਅੰਤੜੀ ’ਚ ਰਹਿਣ ਵਾਲੇ ਲੈਕਟੋਬਾਸਿਲੀ ਜੀਨ ਦੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ।

ਅਸਲ ’ਚ ਲੈਕਟੋਬਾਸਿਲੀ ਹੀ ਪ੍ਰੋਟੀਨ ਬਣਾਉਣ ਨੂੰ ਪ੍ਰੇਰਿਤ ਕਰਦਾ ਹੈ, ਜੋ ਸਿਰਫ ਚੁਣੇ ਹੋਏ ਪੌਸ਼ਟਿਕ ਤੱਤਾਂ ਨੂੰ ਸਾਡੀ ਅੰਤੜੀਆਂ ਦੀਆਂ ‘ਕੰਧਾਂ’ ਅਤੇ ਸਾਡੇ ਖੂਨ ਦੇ ਪ੍ਰਵਾਹ ’ਚ ਲੰਘਣ ਦੀ ਆਗਿਆ ਦਿੰਦਾ ਹੈ। ਜੇਕਰ ਅੰਤੜੀਆਂ ਵਿਚ ਲੈਕਟੋਬੈਸਿਲੀ ਬੈਕਟੀਰੀਆ ਨਾ ਹੋਵੇ ਤਾਂ ਅੰਤੜੀਆਂ ਦੀਆਂ ਕੰਧਾਂ ਮੀਂਹ ਵਿਚ ਲੀਕ ਹੋਣ ਵਾਲੀ ਛੱਤ ਵਾਂਗ ਬਣ ਜਾਣਗੀਆਂ ਅਤੇ ਇਨ੍ਹਾਂ ਜ਼ਰੀਏ ਉਹ ਨੁਕਸਾਨਦੇਹ ਤੱਤ ਵੀ ਖੂਨ ਵਿਚ ਆਉਣ ਲੱਗ ਜਾਣਗੇ, ਜੋ ਸਾਨੂੰ ਬਿਮਾਰ ਕਰ ਸਕਦੇ ਹਨ। ਸਾਡਾ ਇਮਿਊਨ ਸਿਸਟਮ ਇਨ੍ਹਾਂ ਹਾਨੀਕਾਰਕ ਪਦਾਰਥਾਂ ’ਤੇ ਹਮਲਾ ਕਰਦਾ ਹੈ, ਜਿਸ ਨਾਲ ਸੋਜ ਅਤੇ ਇਨਫੈਕਸ਼ਨ ਹੁੰਦੀ ਹੈ ਅਤੇ ਅਸੀਂ ਬਿਮਾਰ ਹੋ ਜਾਂਦੇ ਹਾਂ।

ਬਰਨਰ ਗ੍ਰੰਥੀ ਦੇ ਨਿਊਰੋਨਸ

ਐਮੀਗਡਾਲਾ ਛੋਟੀ ਅੰਤੜੀ ’ਚ ਮੌਜੂਦ ਬਰਨਰ ਗ੍ਰੰਥੀ ਨੂੰ ਕਰ ਦਿੰਦਾ ਹੈ ਬੰਦ

ਜਦੋਂ ਖੋਜਕਰਤਾਵਾਂ ਨੇ ਬਰਨਰ ਗ੍ਰੰਥੀ ਦੇ ਨਿਊਰੋਨਸ ਦਾ ਅਧਿਐਨ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਇਹ ਦਿਮਾਗ ਅਤੇ ਛੋਟੀ ਅੰਤੜੀ ਵਿਚਕਾਰ ਸਿੱਧੇ ਸੰਚਾਰ ਲਈ ਇਕ ਫਾਈਬਰ ਪ੍ਰਣਾਲੀ ਦਾ ਹਿੱਸਾ ਹਨ। ਛੋਟੀ ਅੰਤੜੀ ਦਾ ਦਿਮਾਗ ਦੇ ਐਮੀਗਡਾਲਾ ਹਿੱਸੇ ਨਾਲ ਸਿੱਧਾ ਸਬੰਧ ਹੁੰਦਾ ਹੈ। ਐਮੀਗਡਾਲਾ ਦਿਮਾਗ ਦਾ ਉਹ ਹਿੱਸਾ ਹੈ, ਜੋ ਭਾਵਨਾਵਾਂ ਅਤੇ ਤਣਾਅ ਦਾ ਜਵਾਬ ਦਿੰਦਾ ਹੈ। ਜਦੋਂ ਤਣਾਅ ਹੁੰਦਾ ਹੈ ਤਾਂ ਐਮੀਗਡਾਲਾ ਬਰਨਰ ਗ੍ਰੰਥੀ ਨੂੰ ਬੰਦ ਕਰ ਦਿੰਦਾ ਹੈ। ਇਸ ਕਾਰਨ ਲੈਕਟੋਬੈਕਸੀਲੀ ਬੈਕਟੀਰੀਆ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਅਸੀਂ ਬੀਮਾਰ ਹੋ ਜਾਂਦੇ ਹਾਂ।

ਅਮਿਤ ਚੋਪੜਾ
 


author

Tanu

Content Editor

Related News